
ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
04.08.2025
ਸਵਿਸ ਬੈਂਕਾਂ ‘ਚ ਭਾਰਤੀ ਦੌਲਤ ਸੰਨ 2024 ‘ਚ ਤਿੰਨ ਗੁਣਾ ਵਧੀ- ਇਕ ਖ਼ਬਰ
ਬਾਹਲ਼ੀਆਂ ਜਗੀਰਾਂ ਵਾਲ਼ੇ, ਖਾਲੀ ਹੱਥ ਜਾਂਦੇ ਦੇਖ ਲੈ।
ਪੰਜਾਬ ਦੀ ਲੈਂਡ ਪੂਲਿੰਗ ਸਕੀਮ ਨੂੰ ਹਾਈਕੋਰਟ ‘ਚ ਚੁਣੌਤੀ-ਇਕ ਖ਼ਬਰ
ਅੱਖੀਂ ਖੋਲ੍ਹ ਗੁਲਾਮ ਰਸੂਲਾ, ਸੱਸੀ ਕੂਕੇ ਮੈਂ ਲੁੱਟੀ ਲੁੱਟੀ।
ਸੰਯੁਕਤ ਕਿਸਾਨ ਮੋਰਚੇ ਵਲੋਂ ਟਰੈਕਟਰ ਮਾਰਚ ਕੀਤਾ ਗਿਆ- ਇਕ ਖ਼ਬਰ
ਜਿਊਣਾ ਮੌੜ ਵੱਢਿਆ ਨਾ ਜਾਵੇ, ਛਵ੍ਹੀਆਂ ਦੇ ਘੁੰਡ ਮੁੜ ਗਏ।
ਅਮਰੀਕਾ ਨੇ ਛੇ ਭਾਰਤੀ ਕੰਪਨੀਆਂ ‘ਤੇ ਲਾਈ ਪਾਬੰਦੀ- ਇਕ ਖ਼ਬਰ
ਬਾਂਹ ਮਾਰ ਕੇ ਘੋਟਣਾ ਭੰਨਤੀ, ਜੇਠ ਦੀ ਮੈਂ ਗੱਲ ਨਾ ਮੰਨੀ।
ਚੋਣ ਕਮਿਸ਼ਨ ਪ੍ਰਧਾਨ ਮੰਤਰੀ ਦੀ ਕਠਪੁਤਲੀ ਬਣ ਗਿਐ- ਖੜਗੇ
ਕੀ ਘੋਲ ਕੇ ਤਵੀਤ ਪਿਲ਼ਾਏ, ਪਿੱਛੇ ਪਿੱਛੇ ਲਾਈ ਫਿਰਦਾ।
ਦੇਸ਼ ਵਿਚ ਚੋਣ ਪ੍ਰਣਾਲੀ ਪਹਿਲਾਂ ਹੀ ਮਰ ਚੁੱਕੀ ਹੈ- ਰਾਹੁਲ ਗਾਂਧੀ
ਇਨ੍ਹਾਂ ਸੁਹਣਿਆਂ ਮੂੰਹਾਂ ‘ਤੇ ਖਾਕ ਪੈਣੀ, ਕੁੰਡੇ ਲੱਗਣੇ ਅੰਤ ਹਵੇਲੀਆਂ ਨੂੰ।
ਰਾਜਨਾਥ ਨੇ ਰਾਹੁਲ ਗਾਂਧੀ ਨੂੰ ਚੋਣ ਕਮਿਸ਼ਨ ਵਿਰੁੱਧ ‘ਸਬੂਤਾਂ ਦੇ ਐਟਮ ਬੰਬ’ ਦਾ ਧਮਾਕਾ ਕਰਨ ਦੀ ਦਿਤੀ ਚੁਨੌਤੀ- ਇਕ ਖ਼ਬਰ
ਜੇ ਤੈਨੂੰ ਮਾਣ ਜਵਾਨੀ ਦਾ, ਦੋ ਦੋ ਹੱਥ ਕਰ ਮੁੰਡਿਆ।
ਕਾਂਗਰਸ ਭਾਜਪਾ ਨੂੰ ਪੰਜਾਬ ਦੀਆਂ ਵੋਟਾਂ ਨਾਲ ਛੇੜਛਾੜ ਨਹੀਂ ਕਰਨ ਦੇਵੇਗੀ- ਪ੍ਰਗਟ ਸਿੰਘ
ਪਰੇ ਹਟ ਜਾ ਬਲ਼ਦ ਸਿੰਙ ਮਾਰੂ, ਨੀ ਸੋਨੇ ਦੇ ਤਵੀਤ ਵਾਲ਼ੀਏ।
ਸ਼੍ਰੋਮਣੀ ਕਮੇਟੀ ਨੇ ਧਰਮ ਪ੍ਰਚਾਰ ਛੱਡ ਕੇ ਬਾਦਲ ਪ੍ਰਚਾਰ ਕੀਤਾ ਸ਼ੁਰੂ- ਜਸਟਿਸ ਨਿਰਮਲ ਸਿੰਘ
ਗੋਰੇ ਰੰਗ ‘ਤੇ ਝਰੀਟਾਂ ਆਈਆਂ, ਬੇਰੀਆਂ ਦੇ ਬੇਰ ਖਾਣੀਏਂ।
ਕੈਪਟਨ ਸਾਹਿਬ ਤੁਹਾਡੇ ਦੋਗਲੇ ਚਿਹਰੇ ਹੁਣ ਸਾਹਮਣੇ ਆ ਰਹੇ ਹਨ-ਭਗਵੰਤ ਮਾਨ
ਕਿੱਥੋਂ ਭਾਲ਼ਦੈਂ ਬਿਜੌਰੀ ਦਾਖਾਂ, ਕਿੱਕਰਾਂ ਦੇ ਬੀ ਬੀਜ ਕੇ।
ਲੈਂਡ ਪੂਲਿੰਗ ਨੀਤੀ ਵਾਹੀਯੋਗ ਜ਼ਮੀਨਾਂ ਅਤੇ ਕਿਸਾਨੀ ਦੀ ਤਬਾਹੀ ਦਾ ਸਬੱਬ ਬਣੇਗੀ- ਜਤਿੰਦਰ ਸਿੰਘ ਲਾਲੀ ਬਾਜਵਾ
ਲੈਂਡ ਪੂਲਿੰਗ ਨਹੀਂ, ਲੈਂਡ ਲੂਟਿੰਗ ਪਾਲਿਸੀ ਕਹੋ ਇਸ ਨੂੰ।
ਕੰਗਨਾ ਰਣੌਤ ਨੂੰ ਵੱਡਾ ਝਟਕਾ: ਹਾਈਕੋਰਟ ਨੇ ਹੱਤਕ ਪਟੀਸ਼ਨ ਕੀਤੀ ਰੱਦ- ਇਕ ਖ਼ਬਰ
ਨਰਮ ਸਰੀਰਾਂ ਨੂੰ, ਪੈ ਗਏ ਮਾਮਲੇ ਭਾਰੀ।
ਸਿੱਖ ਪੰਥ ਨੂੰ ਮਿਸ਼ਨਰੀ ਅਤੇ ਮਜਬੂਤ ਚਰਿੱਤਰ ਵਾਲੀ ਪੰਥਕ ਲੀਡਰਸ਼ਿੱਪ ਹੀ ਸਮੇਂ ਦਾ ਹਾਣੀ ਬਣਾ ਸਕਦੀ ਹੈ- ਸਿੱਖ ਚਿੰਤਕ
ਕਿੱਥੋਂ ਲਿਆਈਏ ਲੱਭ ਕੇ ਅੱਜ ਵਾਰਸ ਸ਼ਾਹ ਇਕ ਹੋਰ।
ਸਰਕਾਰ ਨੂੰ ਇਕ ਇੰਚ ਜ਼ਮੀਨ ਵੀ ਐਕਵਾਇਰ ਨਹੀਂ ਕਰਨ ਦਿਤੀ ਜਾਵੇਗੀ- ਕਿਸਾਨ ਨੇਤਾ
ਜੇ ਤੂੰ ਖਾਣੀਆਂ ਸੇਵੀਆਂ ਤਾਂ ਮੁੱਛਾਂ ਮੁਨਾ ਕੇ ਆ।
ਬੇਅਦਬੀ ਅਤੇ ਨਸ਼ੇ ਵਿਚ ਕੈਪਟਨ ਦੀ ਬਾਦਲਾਂ ਨਾਲ਼ ਮਿਲੀਭੁਗਤ ਸੀ- ਸੁਖਜਿੰਦਰ ਸਿੰਘ ਰੰਧਾਵਾ
ਨੱਥਾ ਸਿੰਘ ਪ੍ਰੇਮ ਸਿੰਘ, ਵੰਨ ਐਂਡ ਦੀ ਸੇਮ ਥਿੰਗ।
=================================================================================