ਕੈਨੇਡਾ ਵਿੱਚ ਭਾਰਤੀ ਰੇਡੀਓ ਪ੍ਰਸਾਰਨ ਦੇ ਇਤਿਹਾਸ ਵਿੱਚ ਇਕ ਵਿਲੱਖਣ ਤਜਰਬਾ: ਹਫਤਾਵਾਰੀ ਰੇਡੀਓ ਮੈਗਜ਼ੀਨ "ਸਮੇਂ ਦੀ ਅਵਾਜ਼" - ਸੁਖਵੰਤ ਹੁੰਦਲ
ਅੱਜ ਕੈਨੇਡਾ ਦੇ ਪੰਜਾਬੀ/ਭਾਰਤੀ ਮੀਡੀਏ ਦੇ ਖੇਤਰ ਵਿੱਚ ਰੇਡੀਓ ਦਾ ਬੋਲਬਾਲਾ ਹੈ। ਹਫਤੇ ਦੇ 7 ਦਿਨ 24 ਘੰਟੇ ਪ੍ਰੋਗਰਾਮ ਚਲਦੇ ਹਨ ਅਤੇ ਪੰਜਾਬੀਆਂ/ਭਾਰਤੀਆਂ ਦੀ ਸੰਘਣੀ ਵਸੋਂ ਵਾਲੇ ਸਾਰੇ ਸ਼ਹਿਰਾਂ ਵਿੱਚ ਪੰਜਾਬੀਆਂ/ਭਾਰਤੀਆਂ ਨੂੰ ਸੇਵਾਵਾਂ ਦੇਣ ਵਾਲੇ ਰੇਡੀਓ ਦੇ ਕਈ ਕਈ ਸਟੇਸ਼ਨ ਹਨ। ਪਰ ਕੈਨੇਡਾ ਵਿੱਚ ਪੰਜਾਬੀ/ਭਾਰਤੀ ਰੇਡੀਓ ਦੀ ਅਜਿਹੀ ਸਥਿਤੀ ਹਮੇਸ਼ਾਂ ਨਹੀਂ ਸੀ। ਕੈਨੇਡਾ ਵਿੱਚ ਪੰਜਾਬੀਆਂ/ਭਾਰਤੀਆਂ ਦੇ ਰੇਡੀਓ ਪ੍ਰੋਗਰਾਮ 1970ਵਿਆਂ ਦੇ ਪਹਿਲੇ ਸਾਲਾਂ ਵਿੱਚ ਸ਼ੁਰੂ ਹੋਏ। ਉਸ ਸਮੇਂ ਰੇਡੀਓ ਪ੍ਰੋਗਰਾਮ ਚਲਾਉਣ ਵਾਲੇ ਮੁੱਖ ਧਾਰਾ ਦੇ ਰੇਡੀਓ ਸਟੇਸ਼ਨਾਂ ਤੋਂ ਹਫਤੇ ਦਾ ਘੰਟਾ, ਦੋ ਘੰਟੇ ਜਾਂ ਕੁੱਝ ਘੰਟਿਆਂ ਦਾ ਸਮਾਂ ਕਿਰਾਏ `ਤੇ ਲੈਂਦੇ ਸੀ ਅਤੇ ਉੱਥੋਂ ਰੇਡੀਓ ਪ੍ਰੋਗਰਾਮ ਕਰਦੇ ਸੀ। ਮੁੱਖ ਤੌਰ `ਤੇ ਰੇਡੀਓ ਪ੍ਰੋਗਰਾਮਾਂ ਦਾ ਵਿਸ਼ਾ ਵਸਤੂ ਹੁੰਦਾ ਸੀ: ਪੰਜਾਬੀ-ਹਿੰਦੀ ਦਾ ਗੀਤ ਸੰਗੀਤ ਅਤੇ ਇਸ਼ਤਿਹਾਰਬਾਜ਼ੀ। ਪ੍ਰੋਗਰਾਮ ਕਰਨ ਵਾਲਿਆਂ ਦਾ ਮਕਸਦ ਵੱਧ ਤੋਂ ਵੱਧ ਇਸ਼ਤਿਹਾਰ ਇਕੱਤਰ ਕਰਕੇ ਆਪਣੀ ਰੋਟੀ ਰੋਜ਼ੀ ਕਮਾਉਣਾ ਸੀ। 1990ਵਿਆਂ ਤੱਕ ਕੈਨੇਡਾ ਵਿੱਚ ਪੰਜਾਬੀ/ਭਾਰਤੀ ਰੇਡੀਓ ਦੀ ਸਥਿਤੀ ਤਕਰੀਬਨ ਇਸ ਤਰ੍ਹਾਂ ਦੀ ਹੀ ਰਹੀ।
ਪਰ ਇਸ ਸਮੇਂ ਦੌਰਾਨ (1986-1989 ਵਿਚਕਾਰ) ਵੈਨਕੂਵਰ ਦੇ ਪੰਜਾਬੀ/ਭਾਰਤੀ ਰੇਡੀਓ ਦੇ ਦ੍ਰਿਸ਼ `ਤੇ ਰੇਡੀਓ ਦੇ ਪ੍ਰਸਾਰਨ ਵਿੱਚ ਇਕ ਵਿਲੱਖਣ ਅਤੇ ਵੱਖਰਾ ਪ੍ਰੋਗਰਾਮ ਕਰਨ ਦਾ ਤਜਰਬਾ ਕੀਤਾ ਗਿਆ। ਇਸ ਪ੍ਰੋਗਰਾਮ ਦਾ ਨਾਂ ਸੀ, "ਸਮੇਂ ਦੀ ਅਵਾਜ਼" (ਦੀ ਵੁਆਇਸ ਆਫ ਦੀ ਟਾਈਮਜ਼)। ਇਹ ਪ੍ਰੋਗਰਾਮ ਹਰ ਸਨਿਚਰਵਾਰ ਨੂੰ ਇਕ ਘੰਟੇ ਲਈ ਵੈਨਕੂਵਰ ਕੋਅਪ੍ਰੇਟਿਵ ਰੇਡੀਓ, 102.7 ਐੱਫ ਐੱਮ, `ਤੇ ਪੇਸ਼ ਕੀਤਾ ਜਾਂਦਾ ਸੀ। ਇਸ ਪ੍ਰੋਗਰਾਮ ਦੀ ਰੂਪਰੇਖਾ ਹਫਤਾਵਾਰੀ ਰੇਡੀਓ ਮੈਗਜ਼ੀਨ ਦੇ ਰੂਪ ਵਿੱਚ ਸੀ। ਪੰਜਾਬੀ ਅਤੇ ਅੰਗਰੇਜ਼ੀ ਵਿੱਚ ਪੇਸ਼ ਕੀਤੇ ਜਾਂਦੇ ਇਸ ਪ੍ਰੋਗਰਾਮ ਦਾ ਵਿਸ਼ਾ ਵਸਤੂ ਕਮਿਊਨਿਟੀ ਨੂੰ ਪ੍ਰਭਾਵਿਤ ਕਰਨ ਵਾਲੇ ਸਥਾਨਕ ਅਤੇ ਅੰਤਰਰਾਸ਼ਟਰੀ ਮਸਲੇ ਹੁੰਦੇ ਸਨ। ਇਸ ਵਿੱਚ ਕੋਈ ਵੀ ਇਸ਼ਤਿਹਾਰ ਨਹੀਂ ਦਿੱਤਾ ਜਾਂਦਾ ਸੀ। ਪ੍ਰੋਗਰਾਮ ਦਾ ਮਕਸਦ ਪੈਸਾ ਕਮਾਉਣਾ ਨਹੀਂ ਸਗੋਂ ਕਮਿਊਨਿਟੀ ਨੂੰ ਉਸ ਦੇ ਦਰਪੇਸ਼ ਮਸਲਿਆਂ ਬਾਰੇ ਚੇਤਨ ਕਰਨਾ ਸੀ। ਇਸ ਲੇਖ ਵਿੱਚ ਮੈਂ ਪਾਠਕਾਂ ਨੂੰ 'ਸਮੇਂ ਦੀ ਅਵਾਜ਼' ਰੇਡੀਓ ਪ੍ਰੋਗਰਾਮ ਬਾਰੇ ਸੰਖੇਪ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗਾ।
ਵੈਨਕੂਵਰ ਕੋਅਪ੍ਰੇਟਿਵ ਰੇਡੀਓ ਤੋਂ ਇਸ ਪ੍ਰੋਗਰਾਮ ਲਈ ਸਮਾਂ ਚਰਨਪਾਲ ਗਿੱਲ ਦੇ ਉੱਦਮ ਨਾਲ ਪਿਕਸ ਸੁਸਾਇਟੀ ਦੇ ਨਾਂ `ਤੇ ਲਿਆ ਗਿਆ ਸੀ। ਇਸ ਪ੍ਰੋਗਰਾਮ ਨੂੰ ਸ਼ੁਰੂ ਕਰਨ ਵਾਲੀ ਟੀਮ ਵਿੱਚ ਚਰਨਪਾਲ ਗਿੱਲ, ਸੁਖਵੰਤ ਹੁੰਦਲ, ਨੀਤਾ ਪੰਧੇਰ, ਰਾਣੀ ਗਿੱਲ, ਕੁਲਵਿੰਦਰ ਬੈਂਸ ਅਤੇ ਨਿੱਕ ਸਹੋਤਾ ਸ਼ਾਮਲ ਸਨ। ਉਸ ਤੋਂ ਬਾਅਦ ਰੀਤਾ ਗਿੱਲ, ਸੁਰਜੀਤ ਕਲਸੀ, ਹਰਜੀ ਸਾਂਗਰਾ ਅਤੇ ਮੱਖਣ ਟੁੱਟ ਵੀ ਇਸ ਨਾਲ ਆ ਜੁੜੇ। ਪ੍ਰੋਗਰਾਮ ਪੇਸ਼ ਕਰਨ ਵਾਲੀ ਇਸ ਟੀਮ ਤੋਂ ਬਿਨਾਂ ਕਮਿਊਨਿਟੀ ਵਿੱਚੋਂ ਹੋਰ ਕਈ ਲੋਕ ਵੀ ਸਮੇਂ ਸਮੇਂ `ਤੇ ਇਸ ਪ੍ਰੋਗਰਾਮ ਲਈ ਸਮੱਗਰੀ ਤਿਆਰ ਕਰਨ ਵਿੱਚ ਮਦਦ ਕਰਦੇ ਰਹੇ। ਇਹਨਾਂ ਵਿੱਚ ਅਮਰਜੀਤ ਸੂਫੀ, ਸਾਧੂ ਬਿਨਿੰਗ, ਅਜਮੇਰ ਰੋਡੇ ਅਤੇ ਸਰਵਨ ਬੋਲ ਦੇ ਨਾਮ ਜ਼ਿਕਰਯੋਗ ਹਨ।
ਪਹਿਲੀ ਅਤੇ ਦੂਜੀ ਪੀੜ੍ਹੀ ਦੇ ਮੈਂਬਰਾਂ ਵਲੋਂ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਪ੍ਰਸਾਰਿਤ ਕੀਤੇ ਜਾਂਦੇ ਇਸ ਪ੍ਰੋਗਰਾਮ ਵਿੱਚ ਕੈਨੇਡਾ ਦੀ ਪੰਜਾਬੀ/ਭਾਰਤੀ ਕਮਿਊਨਿਟੀ `ਤੇ ਪ੍ਰਭਾਵ ਪਾਉਣ ਵਾਲੇ ਕੈਨੇਡੀਅਨ ਅਤੇ ਅੰਤਰਰਾਸ਼ਟਰੀ ਮਸਲਿਆਂ ਬਾਰੇ ਸਥਾਨਕ ਅਤੇ ਕੈਨੇਡਾ ਦੀਆਂ ਫੇਰੀਆਂ `ਤੇ ਆਏ ਅੰਤਰਰਾਸ਼ਟਰੀ ਵਿਚਾਰਵਾਨਾਂ, ਸਿਆਸੀ ਅਤੇ ਸਮਾਜਕ ਕਾਰਕੁਨਾਂ, ਲੇਖਕਾਂ, ਕਲਾਕਾਰਾਂ, ਔਰਤ ਦੇ ਮਸਲਿਆਂ ਬਾਰੇ ਕੰਮ ਕਰ ਰਹੇ ਵਰਕਰਾਂ, ਸਭਿਆਚਾਰਕ ਕਾਮਿਆਂ ਆਦਿ ਨਾਲ ਗੱਲਬਾਤ ਅਤੇ ਅਗਾਂਹਵਧੂ ਗੀਤ ਸੰਗੀਤ ਪੇਸ਼ ਕੀਤਾ ਜਾਂਦਾ ਸੀ। ਇਸ ਵਿੱਚ ਕੈਨੇਡਾ ਵਿੱਚ ਪੰਜਾਬੀ/ਭਾਰਤੀ ਸਮਾਜ ਨਾਲ ਸੰਬੰਧਿਤ ਵਿਚਾਰੇ ਜਾਂਦੇ ਵਿਸ਼ਿਆਂ/ਪ੍ਰੋਗਰਾਮਾਂ ਦੀਆਂ ਕੁੱਝ ਉਦਾਹਰਨਾਂ ਇਸ ਪ੍ਰਕਾਰ ਹਨ: ਕੈਨੇਡਾ ਵਿੱਚ ਭਾਰਤੀ ਮੂਲ ਦੇ ਮਜ਼ਦੂਰ ਲੋਕਾਂ ਦੀਆਂ ਸਮੱਸਿਆਵਾਂ ਅਤੇ ਜਦੋਜਹਿਦਾਂ, ਨਸਲਵਾਦ, ਪਰਿਵਾਰਕ ਹਿੰਸਾ, ਬਜ਼ੁਰਗਾਂ ਦੀਆਂ ਸਮੱਸਿਆਵਾਂ ਅਤੇ ਬਜ਼ੁਰਗਾਂ ਦੀਆਂ ਸੰਸਥਾਂਵਾਂ ਵਲੋਂ ਉਹਨਾਂ ਨਾਲ ਨਿਪਟਣ ਲਈ ਕੀਤੀਆਂ ਜਾਂਦੀਆਂ ਕੋਸ਼ਿਸ਼ਾਂ, ਸਭਿਆਚਾਰਕ ਵਖਰੇਵੇਂ ਕਾਰਨ ਪਹਿਲੀ ਪੀੜੀ ਦੇ ਮਾਪਿਆਂ ਅਤੇ ਦੂਜੀ ਪੀੜੀ ਦੇ ਬੱਚਿਆਂ ਵਿਚਕਾਰ ਤਣਾਅ, ਕੈਨੇਡਾ ਵਿੱਚ ਪੰਜਾਬੀਆਂ/ਭਾਰਤੀਆਂ ਦਾ ਇਤਿਹਾਸ, ਇੰਮੀਗ੍ਰੇਸ਼ਨ, ਨਵੇਂ ਇੰਮੀਗ੍ਰੈਂਟਾਂ ਨੂੰ ਕੈਨੇਡਾ ਵਿੱਚ ਸੈਟਲ ਆਉਣ ਵਿੱਚ ਆਉਂਦੀਆਂ ਮੁਸ਼ਕਿਲਾਂ ਅਤੇ ਇਹਨਾਂ ਮੁਸ਼ਕਿਲਾਂ ਨਾਲ ਨਿਪਟਣ ਵਿੱਚ ਮਦਦ ਕਰਨ ਵਾਲੀਆਂ ਸੰਸਥਾਂਵਾਂ ਵਲੋਂ ਪੇਸ਼ ਕੀਤੇ ਜਾਂਦੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਆਦਿ। ਇਸ ਦੇ ਨਾਲ ਨਾਲ ਕੈਨੇਡਾ ਵਿੱਚ ਪ੍ਰਫੁੱਲਤ ਹੋ ਰਹੇ ਸਾਹਿਤ, ਨਾਟਕ ਅਤੇ ਹੋਰ ਸਭਿਆਚਾਰਕ ਗਤੀਵਿਧੀਆਂ ਬਾਰੇ ਇੰਟਰਵਿਊਆਂ/ਰਿਪੋਰਟਾਂ ਵੀ ਪੇਸ਼ ਕੀਤੀਆਂ ਜਾਂਦੀਆਂ ਸਨ। ਕਈ ਪ੍ਰੋਗਰਾਮਾਂ ਵਿੱਚ ਕੈਨੇਡਾ ਵਿੱਚ ਪੰਜਾਬੀਆਂ ਦੇ ਜੀਵਨ ਬਾਰੇ ਕੈਨੇਡਾ ਦੇ ਪੰਜਾਬੀ ਨਾਟਕਕਾਰਾਂ ਵਲੋਂ ਲਿਖੇ ਨਾਟਕ ਰੇਡੀਓ ਨਾਟਕਾਂ ਵਜੋਂ ਪ੍ਰਸਾਰਿਤ ਕੀਤੇ ਜਾਂਦੇ ਸਨ। ਇਸ ਤੋਂ ਬਿਨਾਂ ਕੈਨੇਡਾ ਵਿੱਚ ਆਏ ਮੋਢੀ ਪੰਜਾਬੀਆਂ ਨਾਲ ਗੱਲਬਾਤ ਕਰਨ ਦੀ ਖਾਸ ਕੋਸ਼ਿਸ਼ ਕੀਤੀ ਜਾਂਦੀ ਸੀ।
ਬੇਸ਼ੱਕ "ਸਮੇਂ ਦੀ ਅਵਾਜ਼" ਵਿੱਚ ਹਿੰਦੁਸਤਾਨ ਬਾਰੇ ਵੀ ਗੱਲਬਾਤ ਕੀਤੀ ਜਾਂਦੀ ਸੀ, ਪਰ ਇਸ ਵਿੱਚ ਪੇਸ਼ ਕੀਤੇ ਜਾਂਦੇ ਪ੍ਰੋਗਰਾਮਾਂ ਦਾ ਮੁੱਖ ਧਿਆਨ ਕੈਨੇਡਾ `ਤੇ ਕੇਂਦਰਿਤ ਹੁੰਦਾ ਸੀ। ਇਸ ਤਰ੍ਹਾਂ ਕਰਨ ਪਿੱਛੇ ਇਹ ਸੋਚ ਕੰਮ ਕਰਦੀ ਸੀ ਕਿ ਹੁਣ ਅਸੀਂ ਕੈਨੇਡਾ ਵਿੱਚ ਆ ਗਏ ਹਾਂ, ਅਸੀਂ ਇੱਥੇ ਹੀ ਰਹਿਣਾ ਹੈ, ਸਾਡੇ ਬੱਚਿਆਂ ਨੇ ਇੱਥੇ ਵੱਡੇ ਹੋਣਾ ਅਤੇ ਜੀਉਣਾ ਹੈ, ਇਸ ਲਈ ਸਾਨੂੰ ਇੱਥੋਂ ਦੇ ਸਮਾਜ ਬਾਰੇ ਜਾਣਨਾ ਅਤੇ ਸਿੱਖਣਾ ਅਤੇ ਇਸ ਦੀਆਂ ਗਤੀਵਿਧੀਆਂ ਵਿੱਚ ਸਰਗਰਮੀ ਨਾਲ ਹਿੱਸਾ ਲੈਣਾ ਚਾਹੀਦਾ ਹੈ। ਇਕ ਕਮਿਊਨਿਟੀ ਵਜੋਂ ਅਸੀਂ ਅਜਿਹਾ ਤਾਂ ਹੀ ਕਰ ਸਕਾਂਗੇ ਜੇ ਅਸੀਂ ਇਸ ਸਮਾਜ ਬਾਰੇ ਵਿਚਾਰ ਵਟਾਂਦਰਾ ਕਰਾਂਗੇ। ਇਸ ਲਈ "ਸਮੇਂ ਦੀ ਅਵਾਜ਼" ਦੇ ਬਹੁਗਿਣਤੀ ਪ੍ਰੋਗਰਾਮ ਕੈਨੇਡਾ ਵਿੱਚ ਪੰਜਾਬੀਆਂ/ਭਾਰਤੀਆਂ ਦੇ ਜੀਵਨ ਅਤੇ ਸਥਿਤੀਆਂ ਬਾਰੇ ਹੁੰਦੇ ਸਨ। "ਸਮੇਂ ਦੀ ਅਵਾਜ਼" ਵਿੱਚ ਪ੍ਰੋਗਰਾਮ ਤਿਆਰ ਕਰਨ ਵਾਲਿਆਂ ਨੂੰ ਇਸ ਗੱਲ ਦਾ ਵੀ ਅਹਿਸਾਸ ਸੀ ਕਿ ਕਿਉਂਕਿ ਅਸੀਂ ਪੰਜਾਬ/ਭਾਰਤ ਤੋਂ ਆਏ ਹਾਂ ਅਤੇ ਸਾਡੀ ਉਸ ਦੇਸ਼ ਨਾਲ ਇਕ ਜਜ਼ਬਾਤੀ ਸਾਂਝ ਹੈ ਅਤੇ ਉਸ ਦੇਸ਼ ਬਾਰੇ ਵੀ ਜਾਣਨਾ ਚਾਹੁੰਦੇ ਹਾਂ। ਇਸ ਲਈ "ਸਮੇਂ ਦੀ ਅਵਾਜ਼" ਵਿੱਚ ਪੰਜਾਬ/ਹਿੰਦੁਸਤਾਨ ਬਾਰੇ ਵੀ ਪ੍ਰੋਗਰਾਮ ਕੀਤੇ ਜਾਂਦੇ ਸਨ, ਪਰ ਜ਼ਿਆਦਾ ਪ੍ਰੋਗਰਾਮਾਂ ਦਾ ਵਿਸ਼ਾ-ਵਸਤੂ ਕੈਨੇਡਾ ਨਾਲ ਸੰਬੰਧਿਤ ਹੁੰਦਾ ਸੀ।
ਪ੍ਰੋਗਰਾਮ ਵਿੱਚ ਵਿਚਾਰੇ ਜਾਣ ਵਾਲੇ ਵਿਸ਼ਿਆਂ ਦੀ ਚੋਣ ਕਰਨ ਸਮੇਂ ਇਕ ਹੋਰ ਗੱਲ ਦਾ ਧਿਆਨ ਰੱਖਿਆ ਜਾਂਦਾ ਸੀ ਕਿ ਇਸ ਵਿੱਚ ਸਿਰਫ ਪੰਜਾਬੀ/ਭਾਰਤੀ ਕਮਿਊਨਿਟੀ ਬਾਰੇ ਹੀ ਗੱਲਬਾਤ ਨਾ ਹੋਵੇ ਸਗੋਂ ਸਮੁੱਚੇ ਕੈਨੇਡੀਅਨ ਸਮਾਜ ਬਾਰੇ ਗੱਲਬਾਤ ਹੋਵੇ। ਇਸ ਲਈ "ਸਮੇਂ ਦੀ ਅਵਾਜ਼" ਵਿੱਚ ਕੈਨੇਡਾ ਦੀ ਮੁੱਖ ਧਾਰਾ ਦੀ ਵੱਡੀ ਕਮਿਊਨਿਟੀ ਅਤੇ ਕੈਨੇਡਾ ਦੀਆਂ ਹੋਰ ਬਹੁਸਭਿਆਚਾਰਕ ਕਮਿਊਨਿਟੀਆਂ ਬਾਰੇ ਵੀ ਗੱਲਬਾਤ ਕੀਤੀ ਜਾਂਦੀ ਸੀ। ਇਸ ਦੇ ਨਾਲ ਨਾਲ ਅੰਤਰਰਾਸ਼ਟਰੀ ਪੱਧਰ ਉੱਤੇ ਵਾਪਰ ਰਹੀਆਂ ਘਟਨਾਵਾਂ ਅਤੇ ਵਰਤਾਰਿਆਂ ਨਾਲ ਸੰਬੰਧਿਤ ਗੱਲਬਾਤ ਨੂੰ ਵੀ ਪ੍ਰੋਗਰਾਮ ਦਾ ਹਿੱਸਾ ਬਣਾਇਆ ਜਾਂਦਾ ਸੀ। ਅਜਿਹਾ ਕਰਨ ਪਿੱਛੇ ਇਹ ਸੋਚ ਕੰਮ ਕਰਦੀ ਸੀ ਕਿ ਅਸੀਂ ਕੈਨੇਡਾ ਵਿੱਚ ਇਕ "ਗੈਟੋਆਈਜ਼ਡ" ਕਮਿਊਨਿਟੀ ਰਹਿ ਕੇ ਤਰੱਕੀ ਨਹੀਂ ਕਰ ਸਕਦੇ ਸਗੋਂ ਅਸੀਂ ਤਾਂ ਹੀ ਪ੍ਰਫੁੱਲਤ ਹੋਵਾਂਗੇ ਜੇ ਅਸੀਂ ਆਪਣੀ ਕਮਿਊਨਿਟੀ ਤੋਂ ਬਾਹਰਲੇ, ਦੇਸ਼-ਵਿਦੇਸ਼ ਦੇ ਮਸਲਿਆਂ ਤੋਂ ਵੀ ਜਾਣੂ ਹੋਵਾਂਗੇ।
ਇੱਥੇ ਇਹ ਗੱਲ ਵੀ ਨੋਟ ਕਰਨ ਵਾਲੀ ਹੈ ਕਿ "ਸਮੇਂ ਦੀ ਅਵਾਜ਼" ਦੇ ਬਹੁਤੇ ਪ੍ਰੋਗਰਾਮਾਂ ਵਿੱਚ ਦੋ ਹੋਸਟ ਹੁੰਦੇ ਸਨ। ਇਕ ਪਹਿਲੀ ਪੀੜ੍ਹੀ ਵਿੱਚੋਂ ਪੰਜਾਬੀ ਬੋਲਣ ਵਾਲਾ ਅਤੇ ਦੂਸਰਾ ਦੂਜੀ ਪੀੜ੍ਹੀ ਵਿੱਚੋਂ ਅੰਗਰੇਜ਼ੀ ਬੋਲਣ ਵਾਲਾ। ਪ੍ਰੋਗਰਾਮ ਵਿੱਚ ਇਸ ਤਰ੍ਹਾਂ ਦਾ ਪ੍ਰਬੰਧ ਕਰਨ ਦਾ ਮਕਸਦ ਇਹ ਸੀ ਕਿ ਪ੍ਰੋਗਰਾਮ ਪਹਿਲੀ ਅਤੇ ਦੂਜੀ ਪੀੜ੍ਹੀ ਵਿਚਕਾਰ ਵਿਚਾਰ ਵਟਾਂਦਰੇ ਦਾ ਮੰਚ ਬਣ ਸਕੇ। ਪ੍ਰੋਗਰਾਮ ਵਿੱਚ ਦੋਹਾਂ ਪੀੜ੍ਹੀਆਂ ਨਾਲ ਸੰਬੰਧਿਤ ਸਰੋਕਾਰਾਂ ਬਾਰੇ ਗੱਲ ਹੋ ਸਕੇ ਅਤੇ ਕਮਿਊਨਿਟੀ ਦੇ ਮਸਲਿਆਂ ਬਾਰੇ ਦੋਹਾਂ ਪੀੜ੍ਹੀਆਂ ਦੇ ਨਜ਼ਰੀਏ ਦੀ ਨੁਮਾਇੰਦਗੀ ਹੋ ਸਕੇ।
"ਸਮੇਂ ਦੀ ਅਵਾਜ਼" ਪ੍ਰੋਗਰਾਮ ਦੀ ਇਕ ਹੋਰ ਵਿਸ਼ੇਸ਼ਤਾ-ਫੀਲਡ ਵਰਕ- ਵੀ ਜ਼ਿਕਰਯੋਗ ਹੈ। "ਸਮੇਂ ਦੀ ਅਵਾਜ਼" ਵਿੱਚ ਪੇਸ਼ ਕੀਤੇ ਜਾਂਦੇ ਪ੍ਰੋਗਰਾਮ ਸਿਰਫ ਸਟੂਡੀਓ ਵਿੱਚ ਬਹਿ ਕੇ ਹੀ ਤਿਆਰ ਨਹੀਂ ਕੀਤੇ ਜਾਂਦੇ ਸਨ ਸਗੋਂ "ਸਮੇਂ ਦੀ ਅਵਾਜ਼" ਨਾਲ ਕੰਮ ਕਰਨ ਵਾਲੇ ਵਾਲੰਟੀਅਰ ਕਮਿਊਨਿਟੀ ਵਿੱਚ ਹੋ ਰਹੀਆਂ ਮੀਟਿੰਗਾਂ, ਸਮਾਗਮਾਂ, ਮੁਜ਼ਾਹਰਿਆਂ, ਜਲਸੇ ਅਤੇ ਜਲੂਸਾਂ ਵਿੱਚ ਜਾਂਦੇ ਸਨ ਅਤੇ ਉੱਥੋਂ ਜੋ ਕੁੱਝ ਹੁੰਦਾ ਸੀ ਉਸ ਨੂੰ ਰਿਕਾਰਡ ਕਰ ਕੇ ਲਿਆਉਂਦੇ ਸਨ। ਫਿਰ ਉਹਨਾਂ ਰਿਕਾਰਡਿੰਗਾਂ ਨੂੰ ਐਡਿਟ ਕਰਕੇ ਪ੍ਰੋਗਰਾਮ ਲਈ ਰਿਪੋਰਟਾਂ ਤਿਆਰ ਕਰਦੇ ਸਨ। ਇਸ ਨਾਲ ਇਹਨਾਂ ਮੀਟਿੰਗਾਂ/ਸਮਾਗਮਾਂ ਆਦਿ ਦੀ ਰਿਪੋਰਟਿੰਗ ਦੀ ਪ੍ਰਮਾਣਿਕਤਾ ਵਿੱਚ ਵਾਧਾ ਹੁੰਦਾ ਸੀ। ਅਜਿਹਾ ਕਰਨ ਦਾ ਕਾਰਜ ਬੜਾ ਦਿਲਚਸਪ ਹੁੰਦਾ ਸੀ। "ਸਮੇਂ ਦੀ ਅਵਾਜ਼" ਦੇ ਵਾਲੰਟੀਅਰਾਂ ਕੋਲ ਨਾ ਤਾਂ ਕੈਸਿਟਾਂ ਨੂੰ ਐਡਿਟ ਕਰਨ ਦੀਆਂ ਸਹੂਲਤਾਂ ਸਨ ਅਤੇ ਨਾ ਹੀ ਇੰਨੀ ਜ਼ਿਆਦਾ ਜਾਚ। ਉਹ ਇਹ ਕੰਮ ਕੈਸਿਟ ਟੇਪਾਂ ਚਲਾਉਣ ਵਾਲੀਆਂ ਡਬਲ ਡੈੱਕ ਵਾਲੀਆਂ ਮਸ਼ੀਨਾਂ ਦੀ ਵਰਤੋਂ ਨਾਲ ਕਰਦੇ ਸਨ। ਇਕ ਡੈਕ ਵਿੱਚ ਮੀਟਿੰਗ/ਸਮਾਗਮ ਆਦਿ ਦੀ ਅਸਲੀ ਰਿਕਾਰਡਿੰਗ ਵਾਲੀ ਕੈਸਟ ਪਾ ਦੇਣੀ ਅਤੇ ਦੂਜੇ ਡੈੱਕ ਵਿੱਚ ਉਹ ਟੇਪ ਪਾ ਦੇਣੀ ਜਿਸ ਵਿੱਚ ਐਡਿਟ ਕੀਤੀ ਸਮੱਗਰੀ ਰਿਕਾਰਡ ਕਰਨੀ ਹੁੰਦੀ ਸੀ ਅਤੇ ਉਸ ਉੱਤੇ ਲੋੜੀਂਦੀ ਸਮੱਗਰੀ ਰਿਕਾਰਡ ਕਰੀ ਜਾਣੀ। ਇਸ ਲਈ ਹੋ ਸਕਦਾ ਹੈ ਕਿ ਅੱਜ ਜਦੋਂ ਕੋਈ ਸ੍ਰੋਤਾ ਇਸ ਪ੍ਰੋਗਰਾਮ ਦੀਆਂ ਫੀਲਡ ਵਿੱਚ ਜਾ ਕੇ ਰਿਕਾਰਡ ਕੀਤੀਆਂ ਟੇਪਾਂ ਤੋਂ ਤਿਆਰ ਕੀਤੀਆਂ ਰਿਪੋਰਟਾਂ ਨੂੰ ਸੁਣੇ ਤਾਂ ਉਸ ਨੂੰ ਇਹ ਰਿਪੋਰਟਾਂ ਥੋੜ੍ਹੀਆਂ ਜਿਹੀਆਂ ਅਣਘੜਤ ਲੱਗਣ। ਪਰ ਇਸ ਬਾਰੇ ਕੀ ਕੀਤਾ ਜਾ ਸਕਦਾ ਸੀ। ਉਸ ਵੇਲੇ ਦੀਆਂ ਹਾਲਤਾਂ ਵਿੱਚ "ਸਮੇਂ ਦੀ ਅਵਾਜ਼" ਦੇ ਵਾਲੰਟੀਅਰ ਇਹ ਹੀ ਕਰ ਸਕਦੇ ਸਨ।
"ਸਮੇਂ ਦੀ ਅਵਾਜ਼" ਨੂੰ ਪੇਸ਼ ਕਰਨ ਵਾਲੇ ਲੋਕਾਂ ਬਾਰੇ ਇਕ ਹੋਰ ਦਿਲਚਸਪ ਗੱਲ ਇਹ ਸੀ ਕਿ ਉਹਨਾਂ ਵਿੱਚੋਂ ਬਹੁਤੇ ਕਮਿਊਨਿਟੀ ਦੀ ਬਿਹਤਰੀ ਲਈ ਕੰਮ ਕਰਨ ਵਾਲੀਆਂ ਸੰਸਥਾਂਵਾਂ ਅਤੇ ਸਭਿਆਚਾਰਕ ਅਤੇ ਸਾਹਿਤਕ ਸੰਸਥਾਂਵ ਨਾਲ ਮੁੱਖ ਕਾਰਕੁੰਨਾਂ ਜਾਂ ਹਮਦਰਦੀ ਰੱਖਣ ਵਾਲੇ ਕਾਰਕੁੰਨਾਂ ਵਜੋਂ ਜੁੜੇ ਹੋਏ ਸਨ। ਇਸ ਲਈ ਉਹ ਬਹੁਤੀ ਵਾਰ ਆਪਣੀ ਪਛਾਣ ਰੇਡੀਓ ਬ੍ਰਾਡਕਾਸਟਰਾਂ ਵਜੋਂ ਘੱਟ ਅਤੇ ਸਮਾਜਕ ਕਾਰਕੁੰਨਾਂ ਵਜੋਂ ਜ਼ਿਆਦਾ ਕਰਦੇ ਸਨ ਅਤੇ ਰੇਡੀਓ ਬ੍ਰਾਡਕਸਟਿੰਗ ਨੂੰ ਕਮਿਊਨਿਟੀ ਵਿੱਚ ਵੱਖ ਵੱਖ ਮਸਲਿਆਂ ਬਾਰੇ ਜਾਗਰਿਤੀ ਲਿਆਉਣ ਦਾ ਵਸੀਲਾ ਸਮਝਦੇ ਸਨ। "ਸਮੇਂ ਦੀ ਅਵਾਜ਼" ਦੇ ਬਹੁਤੇ ਪ੍ਰੋਗਰਾਮਾਂ `ਤੇ ਉਹਨਾਂ ਦੇ ਇਸ ਨਜ਼ਰੀਏ ਦਾ ਪ੍ਰਭਾਵ ਸਪਸ਼ਟ ਰੂਪ ਵਿੱਚ ਦਿਖਾਈ ਦਿੰਦਾ ਹੈ।
ਇਹ ਬੜੀ ਖੁਸ਼ੀ ਵਾਲੀ ਗੱਲ ਹੈ ਕਿ 1986-1989 ਵਿਚਕਾਰ "ਸਮੇਂ ਦੀ ਅਵਾਜ਼" ਵਿੱਚ ਪ੍ਰਸਾਰਿਤ ਕੀਤੇ ਗਏ ਪ੍ਰੋਗਰਾਮਾਂ ਵਿੱਚੋਂ 70 ਦੇ ਕਰੀਬ ਪ੍ਰੋਗਰਾਮਾਂ ਦੀ ਆਰਕਾਈਵ ਤਿਆਰ ਹੋ ਚੁੱਕੀ ਹੈ। ਭਾਵ ਇਹਨਾਂ ਪ੍ਰੋਗਰਾਮਾਂ ਨੂੰ ਆਨਲਾਈਨ ਪਾਉਣ ਲਈ ਡਿਜੀਟਾਈਜ਼ ਕਰ ਲਿਆ ਗਿਆ ਹੈ। "ਸਮੇਂ ਦੀ ਅਵਾਜ਼" ਦੇ ਪੁਰਾਣੇ ਪ੍ਰੋਗਰਾਮਾਂ ਦੀ ਇਸ ਆਰਕਾਈਵ ਵਿੱਚ ਉਸ ਸਮੇਂ ਦੀ ਕੈਨੇਡਾ ਦੀ ਪੰਜਾਬੀ/ਭਾਰਤੀ/ਸਾਊਥ ਏਸ਼ੀਅਨ ਕਮਿਊਨਿਟੀ ਦੇ ਸਭਿਆਚਰਕ ਜੀਵਨ ਅਤੇ ਸਮਾਜਕ ਇਤਿਹਾਸ ਬਾਰੇ ਮਹੱਤਵਪੂਰਨ ਜਾਣਕਾਰੀ ਮੌਜੂਦ ਹੈ। ਸਾਨੂੰ ਆਸ ਹੈ ਕਿ ਇਹ ਆਰਕਾਈਵ ਲੋਕਾਂ ਦੀ ਇਹ ਸਮਝਣ ਵਿੱਚ ਮਦਦ ਕਰੇਗੀ ਕਿ 1980ਵਿਆਂ ਦੇ ਸਮੇਂ ਵਿੱਚ ਕੈਨੇਡਾ ਦੀ ਪੰਜਾਬੀ/ਭਾਰਤੀ ਕਮਿਊਨਿਟੀ ਕਿਸ ਤਰ੍ਹਾਂ ਦੀ ਸੀ? ਇਸ ਦੇ ਸਾਹਮਣੇ ਕੀ ਮਸਲੇ ਸਨ? ਇਹ ਉਹਨਾਂ ਨਾਲ ਨਿਪਟਣ ਲਈ ਕੀ ਕਰ ਰਹੀ ਸੀ? ਇਹ ਆਰਕਾਈਵ ਆਮ ਲੋਕਾਂ, ਕਮਿਊਨਿਟੀ ਦੇ ਇਤਿਹਾਸ ਦੇ ਵਿਦਿਆਰਥੀਆਂ ਅਤੇ ਖੋਜੀਆਂ ਲਈ ਇਕ ਪ੍ਰਮਾਣਕ ਅਤੇ ਕੀਮਤੀ ਜਾਣਕਾਰੀ ਦਾ ਸ੍ਰੋਤ ਬਣੇਗੀ। ਇਹ ਆਰਕਾਈਵ 17 ਅਗਸਤ ਨੂੰ ਆਨਲਾਈਨ ਰੂਪ ਵਿੱਚ ਲਾਂਚ ਕਰ ਦਿੱਤੀ ਜਾਵੇਗੀ। ਉਸ ਤੋਂ ਬਾਅਦ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਰਹਿਣ ਵਾਲਾ ਵਿਅਕਤੀ ਇਸ ਦੇ ਸਾਈਟ `ਤੇ ਆਨਲਾਈਨ ਜਾ ਕੇ ਇਹਨਾਂ ਪ੍ਰੋਗਰਾਮਾਂ ਨੂੰ ਬਿਨਾਂ ਕੋਈ ਫੀਸ ਦਿੱਤਿਆਂ ਸੁਣ ਸਕੇਗਾ। ਇਸ ਆਰਕਾਈਵ ਨੂੰ ਲਾਂਚ ਕਰਨ ਦਾ ਸਮਾਗਮ 17 ਅਗਸਤ ਨੂੰ ਦੁਪਹਿਰ ਦੇ 1:15 ਵਜੇ ਸਰੀ ਦੀ ਪਬਲਿਕ ਲਾਇਬ੍ਰੇਰੀ ਦੀ ਸੈਂਟਰਲ ਬ੍ਰਾਂਚ ਵਿੱਚ ਕੀਤਾ ਜਾ ਰਿਹਾ ਹੈ। ਸਾਰੇ ਲੋਕਾਂ ਨੂੰ ਇਸ ਵਿੱਚ ਆਉਣ ਦਾ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ।***