'ਵਧ ਰਿਹਾ ਵੀਡਿਓ ਵਾਇਰਲ ਕਲਚਰ' - ਅਵਤਾਰ ਸਿੰਘ ਸੌਜਾ

ਇੰਟਰਨੈੱਟ ਦਾ ਯੁੱਗ ਸਿੱਖਰ ਛੁਹ ਰਿਹਾ ਹੈ।ਪੂਰੀ ਦੁਨੀਆਂ ਇੱਕ ਪਰਿਵਾਰ ਬਣ ਚੁੱਕੀ ਹੈ। ਅੱਜ ਤੋਂ ਕਈ ਸਾਲ ਪਹਿਲਾਂ ਜਿੱਥੇ ਇੱਕ ਪਿੰਡ ਤੋਂ ਦੂਜੇ ਪਿੰਡ ਚਿੱਠੀ ਪਹੁੰਚਦਿਆਂ ਸਾਲਾਂ ਦਾ ਸਮਾਂ ਲੱਗ ਜਾਂਦਾ ਸੀ, ਅੱਜ ਸਕਿੰਟਾਂ ਵਿੱਚ ਗੱਲ ਪਹੁੰਚ ਵੀ ਜਾਂਦੀ ਹੈ ,ਸੁਣੀ ਵੀ ਜਾਂਦੀ ਹੈ ਅਤੇ ਦੇਖੀ ਵੀ ਜਾ ਸਕਦੀ ਹੈ।ਜਿਵੇਂ ਜਿਵੇਂ ਸੋਸਲ ਮੀਡੀਆ ਦਾ ਦਾਇਰਾ ਵਧ ਰਿਹਾ ਹੈ, ਇੱਕ ਆਧੁਨਿਕ ਵਰਤਾਰਾ ਦਿਨੋਂ ਦਿਨ ਵਧਦਾ ਜਾ ਰਿਹਾ ਹੈ, ਵੀਡਿਓ ਵਾਈਰਲ ਕਲਚਰ। ਕਿਸੇ ਬਿਮਾਰੀ ਵਾਂਗ ਜਾਂ ਵਾਇਰਸ ਵਾਂਗ ਲੋਕਾਂ ਦੀਆਂ ਤਰ੍ਹਾਂ ਤਰ੍ਹਾਂ ਦੀਆਂ ਵੀਡਿਓ ਬਣਾ ਕੇ ਉਹਨਾਂ ਦੁਆਰਾ ਆਪ ਜਾਂ ਹੋਰਨਾਂ ਦੁਆਰਾ ਸੋਸਲ ਮੀਡੀਆ 'ਤੇ ਵਾਈੲਲ ਕੀਤੀਆਂ ਜਾਂ ਰਹੀਆਂ ਹਨ। ਰੋਜਾਨਾ ਅਜਿਹੀਆਂ ਵਾਇਰਲ ਹੁੰਦੀਆਂ ਵੀਡਿਓਜ ਦੀ ਗਿਣਤੀ ਲੱਖਾਂ -ਕਰੋੜਾਂ ਵਿੱਚ ਹੈ। ਬਿਨਾਂ ਸੋਚੇ ਸਮਝੇ ਕਿ ਉਸ ਭੇਜੀ ਜਾ ਰਹੀ ਵੀਡਿਓ ਵਾਲੇ ਇਨਸਾਨਾਂ ਜਾਂ ਉਸਨੂੰ ਦੇਖਣ ,ਸੁਨਣ ਵਾਲੇ ਇਨਸਾਨਾਂ ਉਪਰ ਉਸਦਾ ਕੀ ਪ੍ਰਭਾਵ ਪਏਗਾ,ਇਹੋ ਜਿਹੀਆਂ ਵੀਡਿਓਜ ਵਾਰ ਵਾਰ ਸੋਸਲ ਮੀਡੀਆ 'ਤੇ ਘੁੰਮਦੀਆਂ ਰਹਿੰਦੀਆਂ ਹਨ।ਕੁੱਝ ਹਾਲਤਾਂ ਵਿੱਚ ਜਿਵੇਂ ਕਿ ਕਿਸੇ ਲੋੜਵੰਦ ਦੀ ਸਹਾਇਤਾ ਲਈ ਜਾਂ ਕਿਸੇ ਦੁਆਰਾ ਕੀਤੇ ਵਧੀਆ ਕੰਮ ਲਈ ਦੂਜੇ ਨੂੰ ਪ੍ਰੇਰਿਤ ਕਰਨ ਲਈ ਭੇਜੀਆਂ ਜਾਂਦੀਆਂ ਵੀਡਿਓਜ ਦੀ ਸਾਰਥਿਕਤਾ ਮੰਨਣਯੋਗ ਹੈ ਪਰ ਹਰ ਚੀਜ ਦੀ, ਹਰ ਘਟਨਾ ਦੀ ਵੀਡਿਓ ਬਣਾ ਕੇ ਭੇਜੀ ਜਾਣਾ ਜਿੱਥੇ ਵੀਡਿਓ ਬਨਾਉਣ ਵਾਲੇ ਦਾ ਖੁਦ ਦਾ ਸਮਾਂ ਬਰਬਾਦ ਹੁੰਦਾ ਹੈ,ਨਾਲ ਹੀ ਉਸਨੂੰ ਦੇਖਣ ਵਾਲੇ ਲੋਕਾਂ ਦਾ ਵੀ ਸਮਾਂ ਖਰਾਬ ਹੁੰਦਾ ਹੈ। ਇਹ ਇੱਕ ਗਲਤ ਵਰਤਾਰਾ ਹੈ। ਇੱਕ ਉਦਾਹਰਨ ਲੈਂਦੇ ਹਾਂ ,ਕਈ ਵਾਰ ਅਸੀਂ ਸੜਕ ਤੇ ਕੋਈ ਦੁਰਘਟਨਾ ਘਟੀ ਦੇਖਦੇ ਹਾਂ, ਕੋਈ ਦੁਰਘਟਨਾ ਦਾ ਸ਼ਿਕਾਰ ਸੜਕ 'ਤੇ ਪਿਆ ਕੁਰਲਾ ਰਿਹਾ ਹੋਵੇ ,ਆਪਣੀ ਜਾਨ ਬਚਾਉਣ ਲਈ ਸੰਘਰਸ਼ ਕਰ ਰਿਹਾ ਹੋਵੇ ਤਾਂ ਬਜਾਏ ਇਸਦੇ ਕਿ ਉੱਥੇ ਇਕੱਠੇ ਹੋਏ ਲੋਕ ਉਸਦੀ ਸਹਾਇਤਾ ਕਰਨ,ਡਾਕਟਰ ਨੂੰ ਸੂਚਿਤ ਕਰਨ ਜਾਂ ਆਪ ਹਿੰਮਤ ਕਰਕੇ ਦਰਘਟਨਾਂ ਦੇ ਸ਼ਿਕਾਰ ਨੂੰ ਹਸਪਤਾਲ ਲੈ ਕੇ ਜਾਣ, ਉਹ ਆਪਣੀਆਂ ਜੇਬਾਂ 'ਚੋਂ ਮੋਬਾਇਲ ਕੱਢਦੇ ਹਨ ਕਿਸੇ ਨੂੰ ਸੂਚਿਤ ਕਰਨ ਲਈ ਨਹੀਂ ਪਰ ਕੇਵਲ ਉਸਦੀਆਂ ਫੋਟੋਜ ਲੈਣ ਲਈ ਜਾਂ ਵੀਡਿਓਜ ਬਨਾਉਣ ਲਈ। ਜਦੋਂ ਕਿ ਹੋਣਾ ਤਾਂ ਇਹ ਚਾਹੀਦਾ ਸੀ ਕਿ ਜਲਦ ਤੋਂ ਜਲਦ ਉਸਨੂੰ ਡਾਕਟਰੀ ਸਹਾਇਤਾ ਲਈ ਲੈ ਜਾ ਕੇ ਉਸਦੀ ਜਾਨ ਬਚਾਈ ਜਾ ਸਕੇ। ਕੁਦਰਤੀ ਹੈ ਜਦੋਂ ਅਸੀਂ ਫੋਨ ਵਿੱਚ ਰੁਝੇ ਹੁੰਦੇ ਹਾਂ ਤਾਂ ਸਾਡਾ ਦਿਮਾਗ ਸਿੱਧਾ ਇਸਦੀਆਂ ਤਰੰਗਾਂ ਦੇ ਸੰਪਰਕ ਵਿੱਚ ਹੁੰਦਾ ਹੈ ਅਤੇ ਇਸ ਕਰਕੇ ਸਾਡੀ ਸੋਚ ਸ਼ਕਤੀ ਵੀ ਸੀਮਤ ਹੂੰਦੀ ਹੈ।ਜੇਕਰ ਅਸੀਂ ਅਜਿਹੇ ਸਮੇਂ ਸਮਝ ਤੋਂ ਕੰਮ ਲੈਂਦੇ ਹੋਏ ਫੋਨ ਦੀ ਵਰਤੋਂ ਛੱਡ ਆਪਣੀ ਸੋਚ ਤੋਂ ਕੰਮ ਲਈਏ ਤਾਂ ਕਿੰਨੇ ਹੀ ਅਜਿਹੇ ਦੁਰਘਟਨਾਵਾਂ ਦੇ ਮਾਮਲਿਆਂ ਵਿੱਚ ਆਪਣੀ ਸੂਜ ਬੂਝ ਰਾਹੀਂ ਲੋੜਵੰਦਾਂ ਦੀ ਸਹਾਇਤਾ ਕਰਕੇ ਉਹਨਾਂ ਦੀ ਜਾਨ ਬਚਾ ਸਕਦੇ ਹਾਂ।
ਆਪਣੀ ਨਿੱਜੀ ਜਿੰਦਗੀ ਜਿਉਣ ਦਾ ਅਧਿਕਾਰ ਹਰ ਮਨੁੱਖ ਨੂੰ ਸਾਡੇ ਸੰਵਿਧਾਨ ਰਾਹੀਂ ਮਿਲਿਆ ਹੈ ਪ੍ਰੰਤੂ ਇਹ ਵੀਡਿਓ ਵਾਇਰਲ ਕਲਚਰ ਹਰ ਇੱਕ ਦੀ ਨਿੱਜਤਾ ਵਿੱਚ ਹੱਦੋਂ ਵੱਧ ਬੇਲੋੜੀ ਦਖਲਅੰਦਾਜੀ ਕਰ ਰਿਹਾ ਹੈ। ਸਵੇਰ ਤੋਂ ਲੈ ਕੇ ਰਾਤ ਹੁੰਦਿਆਂ ਜਿੰਨੀਆਂ ਰੋਜਾਨਾਂ ਦੀਆਂ ਤਰਾਂ੍ਹ ਤਰ੍ਹਾਂ ਦੀਆਂ ਵਾਇਰਲ ਵੀਡਿਓਜ ਸੋਸਲ ਮੀਡੀਆ 'ਤੇ ਆ ਰਹੀਆਂ ਹਨ ਉਸਨੂੰ ਦੇਖ ਕੇ ਤਾਂ ਇੰਝ ਲਗਦਾ ਹੈ ਜਿਵੇਂ ਲੋਕ ਵਿਹਲੇ ਹੀ ਹਨ  ਅਤੇ ਸਾਰਾ ਦਿਨ ਕੈਮਰਾ ਲੈ ਹੀ ਘੁੰਮ ਰਹੇ ਹੋਣ। ਹੁਣ ਤਾਂ ਅਜਿਹਾ ਭਿਆਨਕ ਸਮਾਂ ਆ ਗਿਆ ਜਾਪਦਾ ਹੈ ਹੈ ਕਿ ਜੇਕਰ ਤੁਸੀਂ ਆਪਣੇ ਪਰਿਵਾਰ ਨਾਲ ਕਿਤੇ ਬਾਹਰ ਘੁੰਮਣ ਜਾਂਦੇ ਹੋ ਉਦੋਂ ਵੀ ਡਰ ਲਗਦਾ ਹੈ ਪਤਾ ਨਹੀਂ ਕੌਣ ਤੁਹਾਡੀ ਕਿਸ ਤਰ੍ਹਾਂ ਦੀ ਵੀਡਿਓ ਬਣਾ ਕੇ ਅੱਗੇ ਭੇਜ ਦੇਵੇ, ਬੇਮਤਲਬੀ ਇਹ ਸੋਚੇ ਬਿਨਾਂ ਕਿ ਹਰ ਵਿਅਕਤੀ ਦੀ ਸਮਾਜ ਵਿੱਚ ਆਪਣੀ ਨਿੱਜੀ ਜਿੰਦਗੀ ਹੈ ਅਤੇ ਹਰ ਵਿਅਕਤੀ ਦੀ ਸਮਾਜ ਵਿੱਚ ਇੱਕ ਪਛਾਣ ਜਾਂ ਰੁਤਬਾ ਬਣਿਆ ਹੂੰਦਾ ਹੈ। ਵੀਡਿਓ ਵਾਈਰਲ ਕਰਨ ਵਾਲੇ ਦੀ ਛੋਟੀ ਜਿਹੀ ਨਾ ਸਮਝੀ ਉਸ ਵਿਅਕਤੀ ਦੀ ਇੱਜਤ ਮਾਣ ਨੂੰ ਪਲਾਂ ਵਿੱਚ ਤਬਾਹ ਕਰ ਸਕਦਾ ਹੀ। ਜਰੂਰੀ ਨਹੀਂ ਹੁੰਦਾ ਹਰ ਰਿਸ਼ਤਾ ਗਲਤ ਹੋਵੇ ਪਰ ਇਹੋ ਜਿਹੇ ਲੋਕ ਕਿਸੇ ਦੀ ਵੀ ਨਿੱਜੀ ਜਿੰਦਗੀ ਜਾਂ ਰਿਸਤੇ ਨੂੰ ਗਲਤ ਢੰਗ ਨਾਲ ਪੇਸ਼ ਕਰਕੇ, ਉਹਨਾਂ ਦੀ ਪੂਰੀ ਜਿੰਦਗੀ ਨਾਲ ਖਿਲਵਾੜ ਕਰ ਦਿੰਦੇ ਹਨ।
ਲੋਕਾਂ ਨੂੰ ਡਰਾੁੳਣ ਲਈ ਮਾਰਕਾਟ ,ਵਹਿਮਾਂ ਭਰਮਾਂ ਵਾਲੀਆਂ ਵੀਡਿਓਜ, ਗਲਤ ਕੰਮਾਂ ਵੱਲ ਪ੍ਰੇਰਦੀਆਂ ਵੀਡਿਓਜ ਆਦਿ ਵੀ ਇੱਕ ਭਿਆਨਕ ਬਿਮਾਰੀ ਵਾਂਗ ਹਨ ਜਿਹਨਾਂ ਦਾ ਇਲਾਜ ਜੇਕਰ ਸਮੇਂ ਸਿਰ ਨਾ ਕੀਤਾ ਗਿਆ ਤਾਂ ਇਹ ਪੂਰੇ ਸਮਾਜ ਲਈ ਘਾਤਕ ਸਿੱਧ ਹੋ ਸਕਦੀਆਂ ਹਨ।ਪੰਜੇ ਉਗਲ਼ਾਂ ਬਰਾਬਰ ਨਹੀਂ ਹੁੰਦੀਆਂ ।ਬਹੁਤ ਸਾਰੀਆਂ ਵੀਡਿਓਜ ਅਜਿਹੀਆਂ ਵੀ ਹੁੰਦੀਆਂ ਹਨ ਜੋ ਸਮਾਜ ਨੂੰ ਚੰਗਾ ਸੁਨੇਹਾ ਦਿੰਦੀਆਂ ਹਨ ਜਾਂ ਕਿਸੇ ਗਲਤ ਰਸਤੇ 'ਤੇ ਚੱਲ ਰਹੇ ਇਨਸਾਨ ਦੇ ਜੀਵਨ ਨੂੰ ਸਹੀ ਸੇਧ ਦਿੰਦੀਆਂ ਹਨ। ਬਸ ਲੋੜ ਇਹ ਹੈ ਕਿ ਅਸੀਂ ਕੋਈ ਵੀ ਅਜਿਹੀ ਵੀਡਿਓ ਅੱਗੇ ਭੇਜਣ ਤੋਂ ਪਹਿਲਾਂ ਉਸਦੀ ਪ੍ਰਮਾਣਿਕਤਾ ,ਉਸਦਾ ਮਨੋਰਥ ,ਉਸਦਾ ਦੂਜਿਆਂ ਉੱਪਰ ਚੰਗਾ ਜਾਂ ਮਾੜਾ ਪ੍ਰਭਾਵ ਜਰੂਰ ਸੋਚੀਏ ਤਾਂ ਕਿ ਉਸਦਾ ਲੋਕ ਮਨਾਂ ਉਪਰ ਸਕਾਰਾਤਮਕ ਪ੍ਰਭਾਵ ਜਾਵੇ। ਕਿਸੇ ਵੀ ਮੁਸ਼ਕਿਲ ਨਾਲ ਘਿਰੇ ਇਨਸਾਨ ਖਾਸ਼ ਕਰਕੇ ਕਿਸੇ ਮਾੜੀ ਘਟਨਾ ਦੇ ਸ਼ਿਕਾਰ ਇਨਸਾਨ ਦੀ ਵੀਡਿਓ ਬਨਾਉਣ ਦੀ ਥਾਂ ਉਸਦੀ ਸਮੇਂ ਸਿਰ ਮਦਦ ਕਰੋ। ਕੋਈ ਵੀ ਅਜਿਹੀ ਵੀਡਿਓ ਨਾ ਫੈਲਾਈ ਜਾਵੇ ਜੋ ਕਿਸੇ ਦੀ ਨਿੱਜਤਾ, ਮਾਣ ਸਤਿਕਾਰ ਨੂੰ ਠੇਸ ਪਹੁੰਚਾਵੇ ਜਾਂ ਲੋਕ ਮਨਾਂ ਵਿੱਚ ਆਪਸੀ ਵੈਰ ਵਿਰੋਧ ,ਨਫਰਤ ਨੂੰ ਵਧਾਵੇ।
ਤੁਹਾਡੀ ਥੋੜੀ੍ਹ ਜਿਹੀ ਸਾਵਧਾਨੀ ਕਿਸੇ ਦੀ ਜਿੰਦਗੀ ਸੰਵਾਰ ਸਕਦੀ ਹੈ। ਤੈਕਨਾਲੌਜੀ ਦਾ ਵਿਕਾਸ ਵਰਦਾਨ ਵੀ ਹੈ,ਪਰ ਜੇਕਰ ਇਸਨੂੰ ਸੋਚ ਸਮਝ ਕੇ ਨਹੀਂ ਵਰਤਾਂਗੇ ਤਾਂ ਇਹ ਸ਼ਰਾਪ ਵੀ ਬਣ ਸਕਦਾ ਹੈ।ਇਹ ਸਾਡੀ ਸੋਚ ਅਤੇ ਵਰਤੋਂ ਉੱਤੇ ਨਿਰਭਰ ਕਰਦਾ ਹੈ । ਸੋ ਅਗਲੀ ਵਾਰ ਕੋਈ ਵੀ ਵੀਡਿਓ ਅੱਗੇ ਭੇਜਣ ਤੋਂ ਪਹਿਲਾਂ ਸੋਚਿਓ ਜਰੂਰ......ਧੰਨਵਾਦ।

ਅਵਤਾਰ ਸਿੰਘ ਸੌਜਾ ,
ਪਿੰਡ-ਸੌਜਾ, ਡਾਕਖਾਨਾ-ਕਲੇਹਮਾਜਰਾ,
 ਤਹਿਸੀਲ ਨਾਭਾ, ਜਿਲ੍ਹਾ-ਪਟਿਆਲਾ
ਮੋਬਾਇਲ ਨੰ 98784 29005