ਤਿੰਨ ਸਾਲ ਤੋਂ ਜੇਲ੍ਹ ਵਿਚ ਕੈਦ ਨਿਧੜਕ ਪੱਤਰਕਾਰ ਰੂਪੇਸ਼ ਕੁਮਾਰ ਸਿੰਘ - ਅਨੁਵਾਦ: ਬੂਟਾ ਸਿੰਘ ਮਹਿਮੂਦਪੁਰ
[ਝਾਰਖੰਡ ਤੋਂ ਲੋਕਪੱਖੀ ਪੱਤਰਕਾਰ ਰੂਪੇਸ਼ ਕੁਮਾਰ ਸਿੰਘ ਸੱਚੀ ਪੱਤਰਕਾਰੀ ਦੀ ਮਿਸਾਲ ਹਨ ਅਤੇ ਇਸੇ ਦਾ ਖ਼ਮਿਆਜ਼ਾ ਉਨ੍ਹਾਂ ਨੂੰ ਭੁਗਤਣਾ ਪਿਆ ਹੈ। ਉਨ੍ਹਾਂ ਦੀ ਜੀਵਨ-ਸਾਥਣ ਇਪਸਾ ਸਤਾਖਸ਼ੀ ਵੱਲੋਂ ਉਸਦੀ ਜੇਲ੍ਹਬੰਦੀ ਦੇ ਤਿੰਨ ਸਾਲ ਪੂਰੇ ਹੋਣ ‘ਤੇ ਲਿਖੇ ਭਾਵਪੂਰਨ ਸ਼ਬ਼ਦ ਹਕੂਮਤੀ ਦਹਿਸ਼ਤਵਾਦ ਵਿਰੁੱਧ ਅਤੇ ਪ੍ਰੈੱਸ ਦੀ ਆਜ਼ਾਦੀ ਲਈ ਖੜ੍ਹਨ ਵਾਲਿਆਂ ਨੂੰ ਪ੍ਰੇਰਣਾ ਦਿੰਦੇ ਹਨ। ਅਨੁਵਾਦਕ]
ਅੱਜ 17 ਜੁਲਾਈ 2025 ਹੈ, ਅੱਜ ਲੋਕਪੱਖੀ, ਨਿਰਭੈ, ਬਹਾਦਰ ਪੱਤਰਕਾਰ ਰੂਪੇਸ਼ ਕੁਮਾਰ ਸਿੰਘ ਦੀ ਜੇਲ੍ਹ ਜ਼ਿੰਦਗੀ ਦੇ ਤਿੰਨ ਸਾਲ ਪੂਰੇ ਹੋ ਗਏ ਹਨ।
ਅੱਜ ਦੇ ਹੀ ਦਿਨ, ਯਾਨੀ 17 ਜੁਲਾਈ 2022 ਨੂੰ, ਰੂਪੇਸ਼ ਕੁਮਾਰ ਸਿੰਘ ਨੂੰ ਝਾਰਖੰਡ ਦੇ ਸਰਾਇਕੇਲਾ-ਖਰਸਾਂਵਾ ਦੇ ਇਕ 9 ਮਹੀਨੇ ਪੁਰਾਣੇ ਕੇਸ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ ਸੀ, ਜਿਸਦੀ ਐੱਫਆਈਆਰ ਵਿਚ ਰੂਪੇਸ਼ ਦਾ ਨਾਮ ਨਹੀਂ ਹੈ। ਗ੍ਰਿਫ਼ਤਾਰੀ ਤਾਂ ਇਕ ਕੇਸ ਵਿਚ ਕੀਤੀ ਗਈ ਸੀ, ਪਰ ਇਸਦੇ ਬਾਅਦ ਲਗਾਤਾਰ 3 ਹੋਰ ਕੇਸ ਉਨ੍ਹਾਂ ਉੱਪਰ ਪਾ ਦਿੱਤੇ ਗਏ।
ਰੂਪੇਸ਼ ਕੁਮਾਰ ਸਿੰਘ 'ਤੇ ਹੁਣ ਕੁਲ 5 ਕੇਸ ਹਨ, ਜਿਨ੍ਹਾਂ ਵਿੱਚੋਂ 3 ਕੇਸਾਂ ਵਿਚ ਉਨ੍ਹਾਂ ਦਾ ਨਾਮ ਐੱਫਆਈਆਰ ਵਿਚ ਨਹੀਂ ਹੈ। ਇਨ੍ਹਾਂ 5 ਕੇਸਾਂ ਵਿੱਚੋਂ 2 ਬਿਹਾਰ ਦੇ ਅਤੇ 3 ਝਾਰਖੰਡ ਦੇ।
ਇਨ੍ਹਾਂ 5 ਕੇਸਾਂ ਵਿੱਚੋਂ ਇਕ ਕੇਸ 4 ਜੂਨ 2019 ਦਾ ਹੈ, ਜਦੋਂ ਬਦਨੀਅਤ ਨਾਲ ਉਨ੍ਹਾਂ ਦਾ ਪ੍ਰਸ਼ਾਸਨਿਕ ਅਪਹਰਣ ਕੀਤਾ ਗਿਆ ਸੀ। ਰੂਪੇਸ਼ ਦੇ ਲਾਪਤਾ ਹੋਣ 'ਤੇ ਸੰਬੰਧਤ ਥਾਣੇ ਵਿਚ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਗਈ ਸੀ ਅਤੇ ਸੋਸ਼ਲ ਮੀਡੀਆ 'ਤੇ ਕੇਸ ਨੂੰ ਉਜਾਗਰ ਕੀਤੇ ਜਾਣ 'ਤੇ ਜਲਦਬਾਜ਼ੀ ਵਿਚ ਉਨ੍ਹਾਂ ਦੇ ਨਾਲ ਦੋ ਹੋਰ ਵਿਅਕਤੀਆਂ (ਇਕ ਰੂਪੇਸ਼ ਦੇ ਰਿਸ਼ਤੇਦਾਰ ਅਤੇ ਦੂਜਾ ਉਨ੍ਹਾਂ ਦੇ ਡਰਾਈਵਰ) ਦੇ ਨਾਮ 6 ਜੂਨ ਨੂੰ ਐੱਫਆਈਆਰ ਵਿਚ ਦਰਜ ਕਰਕੇ ਕੇਸ ਬਣਾਇਆ ਗਿਆ ਸੀ। ਪਰ 180 ਦਿਨਾਂ ਦੀ ਤੈਅ ਸੀਮਾ ਵਿਚ ਚਾਰਜਸ਼ੀਟ ਦਾਖਲ ਨਾ ਹੋਣ ਦਾ ਫ਼ਾਇਦਾ ਮਿਲਣ ਕਰਕੇ ਉਨ੍ਹਾਂ ਨੂੰ ‘ਡਿਫੌਲਟ ਬੇਲ’ 'ਤੇ ਰਿਹਾ ਕਰ ਦਿੱਤਾ ਗਿਆ ।
ਫਿਰ 17 ਜੁਲਾਈ 2022 ਨੂੰ ਉਨ੍ਹਾਂ ਨੂੰ ਝਾਰਖੰਡ ਦੇ ਰਾਮਗੜ੍ਹ ਸਥਿਤ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਹੌਲੀ-ਹੌਲੀ ਤਿੰਨ ਹੋਰ ਕੇਸ ਪਾ ਦਿੱਤੇ ਗਏ। ਕਾਰਨ ਦੱਸਿਆ ਗਿਆ – ਮਾਓਵਾਦੀ ਸੰਬੰਧ।
ਇਨ੍ਹਾਂ ਵਿੱਚੋਂ ਦੋ ਕੇਸਾਂ ਵਿਚ ਜ਼ਮਾਨਤ ਮਿਲ ਗਈ ਹੈ, ਅਤੇ ਇਕ ਕੇਸ 27 ਜਨਵਰੀ 2025 ਨੂੰ ਸੁਪਰੀਮ ਕੋਰਟ ਨੇ ਰੱਦ ਕਰ ਦਿੱਤਾ। ਬਾਕੀ ਬਚੇ ਇਕ ਕੇਸ ਵਿਚ, ਜਿਸਨੂੰ ਐਨਆਈਏ ਨੇ ਆਪਣੇ ਕਬਜ਼ੇ ਵਿਚ ਲੈ ਲਿਆ ਹੈ, ਸਾਡੀ ਤਰਫ਼ੋਂ ਜ਼ਮਾਨਤ ਲਈ ਅਰਜ਼ੀ ਨਹੀਂ ਲਗਾਈ ਗਈ ਹੈ।
ਰੂਪੇਸ਼ ਅਜਿਹੇ ਇਨਸਾਨ ਹਨ ਜੋ ਆਪਣੇ ਘਰ-ਪਰਿਵਾਰ, ਇੱਥੋਂ ਤੱਕ ਕਿ ਆਪਣੇ ਛੋਟੇ ਬੱਚੇ ਦੀ ਪਰਵਾਹ ਕੀਤੇ ਬਿਨਾਂ ਸਮਾਜਕ ਮੁੱਦਿਆਂ 'ਤੇ ਖੁੱਲ੍ਹ ਕੇ ਲਿਖਦੇ ਰਹੇ, ਬੋਲਦੇ ਰਹੇ, ਸੱਚ ਦੇ ਨਾਲ ਖੜ੍ਹੇ ਰਹੇ। ਇਸ ਲਈ ਸੰਘਰਸ਼ ਕਰ ਰਹੇ ਲੋਕਾਂ ਦੇ ਨਾਲ ਖੜ੍ਹੇ ਰਹੇ ਹਨ। ਇੱਥੋਂ ਤੱਕ ਕਿ ਜੇਲ੍ਹ ਵਿਚ ਵੀ ਬੇਨਿਯਮੀਆਂ ਅਤੇ ਅਨਿਆਂ ਦੇ ਖਿਲਾਫ਼ ਆਵਾਜ਼ ਉਠਾਉਂਦੇ ਰਹੇ ਹਨ। ਇਹੀ ਕਾਰਨ ਹੈ ਕਿ ਉਹ ਜੇਲ੍ਹ ਪ੍ਰਸ਼ਾਸਨ ਦੇ ਝੂਠੇ, ਬੇਬੁਨਿਆਦ ਦੋਸ਼ਾਂ ਨਾਲ ਜੇਲ੍ਹਾਂ ਦਾ ਤਬਾਦਲਾ ਝੱਲ ਰਹੇ ਹਨ।
ਉਨ੍ਹਾਂ ਨੂੰ ਝਾਰਖੰਡ-ਬਿਹਾਰ ਦੀਆਂ ਕੁਲ ਚਾਰ ਜੇਲ੍ਹਾਂ ਵਿਚ ਭੇਜਿਆ ਕੀਤਾ ਜਾ ਚੁੱਕਾ ਹੈ, ਜਿਨ੍ਹਾਂ ਵਿਚ ਝਾਰਖੰਡ ਦੀਆਂ ਦੋ ਅਤੇ ਬਿਹਾਰ ਦੀਆਂ ਦੋ ਜੇਲ੍ਹਾਂ ਸ਼ਾਮਲ ਹਨ। ਰੂਪੇਸ਼ ਹੁਣ ਭਾਗਲਪੁਰ ਦੀ ਸ਼ਹੀਦ ਜੁੱਬਾ ਸਾਹਨੀ ਕੇਂਦਰੀ ਜੇਲ੍ਹ ਵਿਚ ਪਿਛਲੇ 22/23 ਜਨਵਰੀ 2024 ਤੋਂ ਬੰਦ ਹਨ। ਉਨ੍ਹਾਂ ਦੇ ਹਰ ਜੇਲ੍ਹ ਤਬਾਦਲੇ ਦਾ ਕਾਰਨ ਜੇਲ੍ਹ ਅੰਦਰ ਹੋ ਰਹੀਆਂ ਬੇਨਿਯਮੀਆਂ 'ਤੇ ਸਵਾਲ ਉਠਾਉਣਾ ਰਿਹਾ ਹੈ। ਪਰ ਹਰ ਵਾਰ ਪ੍ਰਸ਼ਾਸਨ ਵੱਲੋਂ ਕੋਈ ਨਾ ਕੋਈ ਬਹਾਨਾ ਬਣਾ ਕੇ ਉਨ੍ਹਾਂ ਦੀ ਜੇਲ੍ਹ ਬਦਲ ਦਿੱਤੀ ਗਈ ਹੈ।
ਜੇਲ੍ਹ ਜੀਵਨ ਅਤੇ ਪੜ੍ਹਾਈ
ਭਾਗਲਪੁਰ ਜੇਲ੍ਹ ਵਿਚ ਬੰਦ ਰੂਪੇਸ਼ ਕੁਮਾਰ ਸਿੰਘ ਨੇ ਇਨ੍ਹਾਂ 3 ਸਾਲਾਂ ਦੇ ਜੇਲ੍ਹ ਜੀਵਨ ਵਿਚ ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ ਤੋਂ 2 ਕੋਰਸ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਤਿਹਾਸ ਵਿਚ ਮਾਸਟਰ ਡਿਗਰੀ ਪੂਰੀ ਕਰ ਲਈ ਹੈ ਅਤੇ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਦੀ ਪੜ੍ਹਾਈ ਵੀ ਪੂਰੀ ਕਰਨ ਦੀ ਕੋਸ਼ਿਸ਼ ਜਾਰੀ ਹੈ। ਇਸ ਕੋਰਸ ਦੇ ਪ੍ਰੈਕਟੀਕਲ ਅਸਾਈਨਮੈਂਟ ਲਈ ਉਨ੍ਹਾਂ ਨੂੰ ਕੈਮਰਾ, ਮੋਬਾਇਲ ਜਾਂ ਕੰਪਿਊਟਰ ਵਰਗੇ ਸਾਧਨਾਂ ਦੀ ਲੋੜ ਹੈ, ਜਿਸ ਲਈ ਜੇਲ੍ਹ ਪ੍ਰਸ਼ਾਸਨ ਤੋਂ ਅਜੇ ਤੱਕ ਇਜਾਜ਼ਤ ਨਹੀਂ ਮਿਲੀ ਹੈ। ਬਾਕੀ ਸਾਰੀਆਂ ਇਮਤਿਹਾਨ ਰੂਪੇਸ਼ ਪਾਸ ਕਰ ਚੁੱਕੇ ਹਨ।
ਜੁਲਾਈ ਸੈਸ਼ਨ ਲਈ ਰੂਪੇਸ਼ ਨੇ ਹਿੰਦੀ ਸਾਹਿਤ ਵਿਚ ਮਾਸਟਰ ਡਿਗਰੀ ਕਰਨ ਦੀ ਇੱਛਾ ਜਤਾਈ ਸੀ, ਪਰ ਸਾਧਨਾਂ ਦੀ ਕਮੀ ਕਾਰਨ ਮੈਂ ਇਸਨੂੰ ਟਾਲ ਦਿੱਤਾ ਹੈ।
ਰੂਪੇਸ਼ ਯੂਜੀਸੀ-ਨੈੱਟ ਦੀ ਤਿਆਰੀ ਵਿਚ ਉਤਸ਼ਾਹਤ ਹਨ। ਇਸ ਵਾਰ ਫਾਰਮ ਭਰਨਾ ਹੈ। ਉਨ੍ਹਾਂ ਨੂੰ ਇਤਿਹਾਸ (ਮੁੱਖ ਵਿਸ਼ਾ) ਤੋਂ ਪੇਪਰ ਦੇਣਾ ਹੈ। ਪੇਪਰ ਦੋ ਦੀ ਤਿਆਰੀ ਲਈ ਇਤਿਹਾਸ ਦੀ ਕਿਤਾਬ ਦੇ ਦਿੱਤੀ ਗਈ ਹੈ, ਪਰ ਪੇਪਰ ਇਕ ਦੀ ਕਿਤਾਬ ਅਜੇ ਬਾਕੀ ਹੈ। ਰੂਪੇਸ਼ ਨੇ ਇਨ੍ਹਾਂ ਤਿੰਨ ਸਾਲਾਂ ਵਿਚ ਕੁਲ 104 ਕਿਤਾਬਾਂ ਪੜ੍ਹ ਲਈਆਂ ਹਨ। ਹੁਣ ਉਹ ਦੋ ਕਿਤਾਬਾਂ ਪੜ੍ਹ ਰਹੇ ਹਨ: ਦੁਰਯੋਧਨ ਅਭੀ ਮਰਾ ਨਹੀਂ ਹੈ - ਐੱਚ.ਐੱਨ. ਰਾਮ, ਬਿਹਾਰੀ ਪਰੰਪਰਾਵਾਂ ਔਰ ਵਿਗਿਆਨਕ ਖੋਜ
ਵੈਸੇ, ਰੂਪੇਸ਼ ਨੇ 2012 ਵਿਚ ਭਾਗਲਪੁਰ ਯੂਨੀਵਰਸਿਟੀ ਤੋਂ ‘ਗਾਂਧੀ ਦੇ ਵਿਚਾਰ’ ਵਿਚ ਪੋਸਟ ਗ੍ਰੈਜੂਏਸ਼ਨ ਕੀਤੀ ਸੀ। ਜੇਲ੍ਹ ਵਿਚ ਇਤਿਹਾਸ ਵਿਚ ਮਾਸਟਰ ਡਿਗਰੀ ਪੂਰਾ ਕਰਨ ਦੇ ਨਾਲ ਉਨ੍ਹਾਂ ਦੀਆਂ ਦੋ ਮਾਸਟਰ ਡਿਗਰੀਆਂ ਹੋ ਗਈਆਂ ਹਨ।
ਗ੍ਰਿਫ਼ਤਾਰੀ ਦਾ ਕਾਰਨ
ਸਪੱਸ਼ਟ ਹੈ ਕਿ ਰੂਪੇਸ਼ ਦੀ ਗ੍ਰਿਫ਼ਤਾਰੀ ਉਨ੍ਹਾਂ ਦੀ ਲੇਖਣੀ ਕਾਰਨ ਹੋਈ ਹੈ, ਜੋ ਭ੍ਰਿਸ਼ਟ ਸਿਸਟਮ ਦਾ ਪੋਲ ਖੋਲ੍ਹਦੀ ਹੈ ਅਤੇ ਸੱਚੀਆਂ ਖਬਰਾਂ ਪਹੁੰਚਾਉਂਦੀ ਹੈ। ਭਾਵੇਂ ਇਸ ਲਈ ਉਨ੍ਹਾਂ 'ਤੇ ਮਾਓਵਾਦੀ ਸੰਬੰਧਾਂ ਦਾ ਲੇਬਲ ਚਿਪਕਾਇਆ ਜਾ ਰਿਹਾ ਹੈ, ਪਰ ਰੂਪੇਸ਼ ਦੀ ਲੇਖਣੀ ਝਾਰਖੰਡ ਦੀ ਆਦਿਵਾਸੀ ਜਨਤਾ ਦੇ ਮੁੱਦਿਆਂ ਨਾਲ ਜੁੜੀ ਹੈ। ਇਸ ਲਈ ਉਨ੍ਹਾਂ 'ਤੇ ਮਾਓਵਾਦ ਦਾ ਠੱਪਾ ਲਗਾਉਣਾ ਸਭ ਤੋਂ ਸੌਖਾ ਹੈ।
ਇਹ ਕਿਸੇ ਪੱਤਰਕਾਰ ਦੀ ਗ੍ਰਿਫ਼ਤਾਰੀ ਨਹੀਂ, ਸਗੋਂ ਪ੍ਰੈੱਸ ਦੀ ਆਜ਼ਾਦੀ ਨੂੰ ਕੈਦ ਕਰਨ ਦੀ ਸਾਜ਼ਿਸ਼ ਹੈ, ਤਾਂ ਜੋ ਝਾਰਖੰਡ ਦੀ ਆਦਿਵਾਸੀ, ਮੂਲਵਾਸੀ ਅਤੇ ਪੀੜਤ ਜਨਤਾ ਦੇ ਸਵਾਲ ਦਬਾ ਦਿੱਤੇ ਜਾਣ ਅਤੇ ਕਾਰਪੋਰੇਟ ਜਗਤ ਨੂੰ ਜਨਤਾ ਦੀ ਜ਼ਮੀਨ ਲੁੱਟਣ ਦੀ ਖੁੱਲ੍ਹੀ ਛੋਟ ਮਿਲ ਸਕੇ।
ਅੱਜ ਪੂਰੇ ਮੁਲਕ ਵਿਚ ਅਸੀਂ ਦੇਖ ਰਹੇ ਹਾਂ ਕਿ ਜੋ ਵੀ ਸੱਤਾ ਦੀਆਂ ਗ਼ਲਤ ਨੀਤੀਆਂ ਦਾ ਵਿਰੋਧ ਕਰ ਰਿਹਾ ਹੈ ਜਾਂ ਗਰੀਬ ਜਨਤਾ ਦੇ ਨਾਲ ਖੜ੍ਹਾ ਹੈ, ਉਸਨੂੰ ਝੂਠੇ ਕੇਸਾਂ ਵਿਚ ਫਸਾ ਕੇ ਜੇਲ੍ਹ ਵਿਚ ਬੰਦ ਕੀਤਾ ਜਾ ਰਿਹਾ ਹੈ। ਜਨਤਕ ਮੁੱਦਿਆਂ, ਆੰਦੋਲਨਾਂ, ਲੇਖਾਂ ਅਤੇ ਭਾਸ਼ਣਾਂ ਨੂੰ ਜੁਰਮ ਦੀ ਸ਼੍ਰੇਣੀ ਵਿਚ ਰੱਖਿਆ ਜਾ ਰਿਹਾ ਹੈ। ਯੂਏਪੀਏ ਦੇ ਦਾਇਰੇ ਵਿਚ ਲੇਖਕ, ਪੱਤਰਕਾਰ ਅਤੇ ਕਾਰਕੁਨ ਸਾਰੇ ਫਸਾਏ ਜਾ ਰਹੇ ਹਨ। ਪਰ ਕੀ ਇਹ ਭ੍ਰਿਸ਼ਟ ਪ੍ਰਬੰਧ ਸੱਚਮੁੱਚ ਸਾਡੇ ਮੁਲਕ ਨੂੰ ਤਰੱਕੀ ਦੇ ਰਸਤੇ 'ਤੇ ਲੈ ਜਾਵੇਗਾ?
90% ਜਨਤਾ ਦੀ ਜ਼ਿੰਦਗੀ, ਉਨ੍ਹਾਂ ਦੇ ਹੱਕਾਂ ਲਈ ਬੋਲਣ ਵਾਲਿਆਂ ਦੀ ਜ਼ਿੰਦਗੀ ਕੋਈ ਮਜ਼ਾਕ ਨਹੀਂ ਹੈ। ਜੇਕਰ ਸੱਤਾ ਅਤੇ ਪ੍ਰਸ਼ਾਸਨ ਸਾਰੇ ਸਿਸਟਮਾਂ ਨੂੰ ਦਰਕਿਨਾਰ ਕਰਕੇ ਜ਼ਿੰਦਗੀਆਂ ਨਾਲ ਖੇਡ ਰਹੇ ਹਨ, ਤਾਂ ਅਸੀਂ ਇਸ ਮਜ਼ਾਕ ਦੇ ਖਿਲਾਫ਼ ਲੜਨ ਲਈ ਤਿਆਰ ਹਾਂ। ਨਾ ਹੀ ਇਕ ਚੰਗੇਰੇ ਸਮਾਜ ਦੀ ਕਲਪਨਾ ਕੋਈ ਜੁਰਮ ਹੈ, ਅਤੇ ਨਾ ਹੀ ਆਲੋਚਨਾਤਮਕ ਰਚਨਾਵਾਂ ਜਾਂ ਸੁਤੰਤਰ ਲੇਖਣੀ ਕੋਈ ਗੁਨਾਹ ਹੈ।
ਰਿਹਾਈ ਦੀ ਆਵਾਜ਼
ਮੈਂ ਉਨ੍ਹਾਂ ਸਾਰੇ ਸਾਥੀਆਂ ਦਾ ਧੰਨਵਾਦੀ ਹਾਂ, ਜਿਨ੍ਹਾਂ ਨੇ ਰੂਪੇਸ਼ ਦੀ ਰਿਹਾਈ ਲਈ ਹਰ ਮੰਚ ਤੋਂ ਆਵਾਜ਼ ਉਠਾਈ ਹੈ। ਗ੍ਰਿਫ਼ਤਾਰੀ ਤੋਂ ਬਾਅਦ ਖੇਤਰੀ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਵਿਅਕਤੀਗਤ ਤੌਰ 'ਤੇ ਜਾਂ ਸੰਸਥਾਵਾਂ ਵੱਲੋਂ ਰੂਪੇਸ਼ ਦੀ ਰਿਹਾਈ ਲਈ ਆਵਾਜ਼ ਉਠਾਈ ਜਾਂਦੀ ਰਹੀ ਹੈ।
ਝਾਰਖੰਡ ਵਿਧਾਨ ਸਭਾ ਤੋਂ ਲੈ ਕੇ ਸੰਯੁਕਤ ਰਾਸ਼ਟਰ ਤੱਕ ਨੇ ਰੂਪੇਸ਼ ਦੀ ਰਿਹਾਈ ਲਈ ਬੋਲਿਆ ਹੈ। 11 ਅਪ੍ਰੈਲ 2025 ਨੂੰ ਜੇਲ੍ਹ ਵਿਚ ਰੂਪੇਸ਼ ਦੇ 1000 ਦਿਨ ਪੂਰੇ ਹੋਣ 'ਤੇ ਮੁਲਕ ਦੇ ਕਈ ਪੱਤਰਕਾਰਾਂ, ਸਮਾਜਿਕ ਕਾਰਕੁਨਾਂ, ਵਕੀਲਾਂ, ਵਿਦਿਆਰਥੀਆਂ ਅਤੇ ਹੋਰ ਪ੍ਰਗਤੀਸ਼ੀਲ ਲੋਕਾਂ ਨੇ ਭਾਰਤ ਦੇ ਚੀਫ਼ ਜਸਟਿਸ ਨੂੰ ਖੁੱਲ੍ਹੀ ਚਿੱਠੀ ਲਿਖ ਕੇ ਰੂਪੇਸ਼ ਦੀ ਰਿਹਾਈ ਦੀ ਮੰਗ ਕੀਤੀ ਹੈ। ਇਸ ਚਿੱਠੀ ਵਿਚ ਕਿਹਾ ਗਿਆ:
"ਰੂਪੇਸ਼ ਦੇ ਕੰਮ ਨੇ ਮਨੁੱਖੀ ਅਧਿਕਾਰਾਂ ਦੇ ਉਲੰਘਣ ਦੇ ਨਾਲ-ਨਾਲ ਕਾਰਪੋਰੇਟ ਵੱਲੋਂ ਜੀਵਨ ਅਤੇ ਵਾਤਾਵਰਣ ਦੇ ਵਿਨਾਸ਼ ਨੂੰ ਉਜਾਗਰ ਕੀਤਾ ਹੈ। ਲੋਕਾਂ ਨਾਲ ਜੁੜੇ ਵੱਖ-ਵੱਖ ਮੁੱਦਿਆਂ 'ਤੇ ਸੱਚਾਈ ਨੂੰ ਸਾਹਮਣੇ ਲਿਆਉਣ ਦੀ ਉਨ੍ਹਾਂ ਦੀ ਵਚਨਬੱਧਤਾ ਕਾਰਨ ਹੀ ਉਨ੍ਹਾਂ ਨੂੰ ਰਾਜ ਵੱਲੋਂ ਨਿਸ਼ਾਨਾ ਬਣਾਇਆ ਗਿਆ ਹੈ।”
ਵੈਸੇ ਤਾਂ ਅਸੀਂ ਸਾਰੇ ਨਿਆਂਪਸੰਦ, ਅਮਨਪਸੰਦ ਲੋਕ ਇੱਕ-ਦੂਜੇ ਦੇ ਨਾਲ ਖੜ੍ਹੇ ਹਾਂ। ਪਰ ਇੱਥੇ ਸਾਨੂੰ ਰੂਪੇਸ਼ ਵਰਗੇ ਲੋਕਾਂ ਦੇ ਨਾਲ ਹੋਰ ਵੀ ਮਜ਼ਬੂਤੀ ਨਾਲ ਖੜ੍ਹੇ ਹੋਣ ਦੀ ਲੋੜ ਹੈ, ਅਤੇ ਅਸੀਂ ਖੜ੍ਹੇ ਰਹਾਂਗੇ। ਕਿਉਂਕਿ ਅਸੀਂ ਵੇਖ ਰਹੇ ਹਾਂ ਕਿ ਮਨੁੱਖੀ ਅਧਿਕਾਰਾਂ ਦੀ ਲੜਾਈ, ਨਿਆਂ ਦੀ ਲੜਾਈ ਲੜ ਰਹੇ ਲੋਕਾਂ ਲਈ ਸਮਾਂ ਹੋਰ ਵੀ ਮੁਸ਼ਕਲ ਹੁੰਦਾ ਜਾ ਰਿਹਾ ਹੈ। ਅਜਿਹੇ ਹਾਲਾਤ ਵਿਚ ਅਸੀਂ ਸਾਰੇ ਇਕ-ਦੂਜੇ ਦੀ ਤਾਕਤ ਹਾਂ, ਇਕ-ਦੂਜੇ ਦਾ ਭਰੋਸਾ ਹਾਂ। ਅਸੀਂ ਇਹ ਹਰ ਕਦਮ ਬਣਾਈ ਰੱਖਾਂਗੇ।