ਫੱਟੇ- ਚੁੱਕ ਕਾਰੋਬਾਰ - ਨਿਰਮਲ ਸਿੰਘ ਕੰਧਾਲਵੀ

ਮੇਰੀ ਜਾਣ-ਪਛਾਣ ਵਾਲਾ ਇਕ ਸੱਜਣ ਕਈ ਦੇਰ ਬਾਅਦ ਮੈਨੂੰ ਮਿਲਿਆ। ਪੁੱਛਣ ‘ਤੇ ਉਸ ਨੇ ਦੱਸਿਆ ਕਿ ਉਹ ਛੇ ਮਹੀਨੇ ਪੰਜਾਬ ਰਹਿ ਕੇ ਆਇਆ ਹੈ। ਛੇ ਮਹੀਨੇ ਉੱਥੇ ਰਹਿਣ ਦਾ ਕਾਰਨ ਪੁੱਛਿਆ ਤਾਂ ਮੈਨੂੰ ਇਉਂ ਜਾਪਿਆ ਕਿ ਜਿਵੇਂ ਉਹ ਕੁਝ ਲੁਕਾ ਰਿਹਾ ਹੋਵੇ। ਮੈਂ ਜਦੋਂ ਕੁਰੇਦਿਆ ਤਾਂ ਅਖ਼ੀਰ ਉਹ ਬੋਲ ਹੀ ਪਿਆ ਤੇ ਕਹਿਣ ਲੱਗਾ, “ ਯਾਰ ਕੀ ਦੱਸਾਂ, ਮੈਂ ਤਾਂ ਫ਼ਸ ਗਿਆ ਉੱਥੇ ਇਕ ਬੰਦੇ ਦੀਆਂ ਗੱਲਾਂ ‘ਚ। ਉਸ ਨੇ ਮੈਨੂੰ ਪੰਜਾਬ ਵਿਚ ਕਾਰੋਬਾਰ ਕਰਨ ਦੇ ਅਜਿਹੇ ਸਬਜ਼ਬਾਗ਼ ਦਿਖਾਏ ਕਿ ਮੈਨੂੰ ਉਸ ਕਾਰੋਬਾਰ ‘ਚ ਨੋਟਾਂ ਦੀਆਂ ਢੇਰੀਆਂ ਦਿਸਣ ਲੱਗੀਆਂ। ਵੱਡੇ ਵੱਡੇ ਅਫ਼ਸਰਾਂ ਅਤੇ ਸਿਆਸਤਦਾਨਾਂ ਨਾਲ ਉਸ ਦੀਆਂ ਗੱਲਾਂ ਮੈਨੂੰ ਪੂਰੀ ਤਸੱਲੀ ਕਰਵਾਉਂਦੀਆਂ ਕਿ ਸਭ ਠੀਕ-ਠਾਕ ਹੀ ਹੋਵੇਗਾ, ਕਿਸੇ ਕਿਸਮ ਦੀ ਖ਼ਤਰੇ ਦੀ ਗੁਜਾਇੰਸ਼ ਨਹੀਂ ਸੀ ਲਗਦੀ। ਹਰ ਵੇਲੇ ਉਸ ਦਾ ਇਕੋ ਹੀ ਤਕੀਆ-ਕਲਾਮ ਹੁੰਦਾ ਸੀ ਕਿ “ ਇਹ ਤਾਂ ਫੱਟੇ-ਚੁੱਕ ਕਾਰੋਬਾਰ ਐ।” ਮੈਂ ਕਿਸ਼ਤਾਂ ‘ਚ ਉਸ ਨੂੰ ਪੈਸੇ ਦੇਣੇ ਸ਼ੁਰੂ ਕਰ ਦਿਤੇ। ਕਿਉਂਕਿ ਮੈਨੂੰ ਤਾਂ ਉੱਥੋਂ ਦੇ ਸਿਸਟਮ ਬਾਰੇ ਕੋਈ ਜਾਣਕਾਰੀ ਨਹੀਂ ਸੀ, ਮੈਂ ਜਦੋਂ ਵੀ ਉਸ ਨੂੰ ਪੁੱਛਦਾ ਕਿ ਦਫ਼ਤਰੀ ਕਾਰਵਾਈ ਕਿੱਥੇ ਕੁ ਤੱਕ ਪਹੁੰਚੀ ਹੈ ਤਾਂ ਉਹ ਇਸ ਢੰਗ ਨਾਲ ਜਵਾਬ ਦਿੰਦਾ ਕਿ ਮੈਨੂੰ ਲਗਦਾ ਕਿ ਵਾਕਿਆ ਹੀ ਇਨ੍ਹਾਂ ਕੰਮਾਂ ਨੂੰ ਇੰਨਾ ਚਿਰ ਲੱਗ ਜਾਂਦਾ ਹੈ। ਕਈ ਵਾਰ ਮੇਰਾ ਦਿਲ ਕਰਦਾ ਮੈਂ ਉਸ ਨੂੰ ਪੁੱਛਾਂ ਕਿ ਜਿਨ੍ਹਾਂ ਅਫ਼ਸਰਾਂ ਤੇ ਸਿਆਸੀ ਬੰਦਿਆਂ ਦੇ ਸੋਹਿਲੇ ਉਹ ਗਾਉਂਦਾ ਸੀ ਹੁਣ ਉਹਦੇ ਕੰਮ ਕਿਉਂ ਨਹੀਂ ਆਉਂਦੇ? ਫਿਰ ਮੈਂ ਸੋਚਦਾ ਕਿ ਕਿਤੇ ਉਹ ਮੇਰੀ ਗੱਲ ਦਾ ਗੁੱਸਾ ਹੀ ਨਾ ਕਰ ਜਾਵੇ।
ਚਾਰ ਪੰਜ ਮਹੀਨੇ ਉਹ ਮੈਨੂੰ ਇਹੀ ਕਹਿੰਦਾ ਰਿਹਾ ਕਿ ਅੱਜ ਆਪਣੀ ਫ਼ਾਈਲ ਫ਼ਲਾਣੇ ਮਹਿਕਮੇ ਕੋਲ ਐ, ਅੱਜ ਫ਼ਲਾਣੇ ਮਹਿਕਮੇ ਕੋਲ ਐ। ਉੱਧਰੋਂ ਮੇਰੀ ਵਾਪਸੀ ਦੀ ਤਰੀਕ ਨੇੜੇ ਆ ਰਹੀ ਸੀ। ਮੇਰੀ ਵਾਪਸੀ ਦੀ ਤਰੀਕ ਤੱਕ ਵੀ ਸਾਡੇ ਪ੍ਰਾਜੈਕਟ ਦੀ ਫ਼ਾਈਲ ਅਜੇ ਦਫ਼ਤਰਾਂ ਦੇ ਗੇੜੇ ਕੱਢ ਰਹੀ ਸੀ ਜਾਂ ਕਿਸੇ ਬਾਬੂ ਦੇ ਦਫ਼ਤਰ ‘ਚ ਧੂੜ ਚੱਟ ਰਹੀ ਸੀ।
ਹੁਣ ਮੈਨੂੰ ਵਾਪਸ ਆਏ ਨੂੰ ਵੀ ਛੇ ਮਹੀਨੇ ਹੋ ਗਏ ਹਨ। ਉਹ ਸੱਜਣ ਹੁਣ ਫ਼ੂਨ ‘ਤੇ ਵੀ ਘੱਟ ਵੱਧ ਹੀ ਮਿਲਦਾ ਹੈ, ਜੇ ਕਦੇ ਗੱਲ ਹੋ ਵੀ ਜਾਵੇ ਤਾਂ ਉਸ ਦਾ ਇਕੋ ਹੀ ਜਵਾਬ ਹੁੰਦਾ ਹੈ ਕਿ ਬੱਸ ਆਪਣਾ ਕੰਮ ਹੋਣ ਵਾਲ਼ਾ ਹੀ ਹੈ। ਸੱਚ ਪੁੱਛੋ ਤਾਂ ਮੈਂ ਹੁਣ ਉਮੀਦ ਹੀ ਛੱਡ ਦਿੱਤੀ ਹੈ। ਸਮਝ ਲਿਆ ਹੈ ਕਿ ਮੈਂ ਰਕਮ ਖੂਹ-ਖਾਤੇ ਸੁੱਟ ਦਿਤੀ ਹੈ। ਹੁਣ ਮੈਂ ਦੋਸਤਾਂ ਮਿੱਤਰਾਂ ਤੋਂ ਪੈਸਾ ਵਾਪਸ ਲੈਣ ਦੇ ਢੰਗ ਤਰੀਕੇ ਪੁੱਛਦਾ ਫਿਰਦਾ ਹਾਂ। ਸੋਚਦਾ ਹਾਂ ਕਿ ਜੇ ਇਹੀ ਪੈਸਾ ਮੈਂ ਕਿਸੇ ਭਲੇ ਕੰਮ ਲਈ ਉੱਥੇ ਦਿਤਾ ਹੁੰਦਾ ਤਾਂ ਮੇਰੇ ਮਨ ਨੂੰ ਵੀ ਸਕੂਨ ਹੁੰਦਾ। ਪੈਸਾ ਵੀ ਖ਼ਰਾਬ ਕੀਤਾ ਤੇ ਮਨ ਦਾ ਸਕੂਨ ਵੀ ਗੁਆਇਆ, ਤੂੰ ਵੀ ਕੋਈ ਸਲਾਹ ਦੇਹ ਮੈਨੂੰ।”
ਮੇਰੇ ਦਿਲ ਵਿਚ ਭਾਵੇਂ ਉਸ ਲਈ ਹਮਦਰਦੀ ਸੀ ਪਰ ਮੈਂ ਗੁੱਝੀ ਜਿਹੀ ਮਸ਼ਕਰੀ ਕਰਨੋਂ ਰਹਿ ਨਾ ਸਕਿਆ ਤੇ ਪੁੱਛ ਲਿਆ, “ ਹੁਣ ਕਦੋਂ ਵਿਚਾਰ ਹੈ ਜਾ ਕੇ ਆਪਣਾ ਪ੍ਰਾਜੈਕਟ ਦੇਖਣ ਦਾ?
ਉਹ ਥੋੜ੍ਹਾ ਮੁਸਕਰਾਇਆ ਤੇ ਬੋਲਿਆ, “ ਕੁਝ ਪੈਸੇ ਜੋੜ ਲਵਾਂ, ਫੇਰ ਹੀ ਜਾਵਾਂਗਾ।”
ਉਸ ਦੇ ਬੋਲਾਂ ‘ਚ ਵਿਅੰਗ ਸੀ, ਪਰ ਚਿਹਰਾ ਬਹੁਤ ਉਦਾਸ ਸੀ। ਮੈਂ ਉਸ ਨੂੰ ਦਿਲਾਸਾ ਦਿਤਾ ਤੇ ਕਿਹਾ, “ ਲੈ ਸੁਣ, ਤੈਨੂੰ ਮੈਂ ਇਕ ਏਦਾਂ ਦੀ ਹੀ ਕਹਾਣੀ ਸੁਣਾਉਂਦਾ ਹਾਂ।”
ਪੁਰਾਣੇ ਸਮੇਂ ਦੀ ਗੱਲ ਐ ਜਦੋਂ ਚਾਂਦੀ ਦੇ ਰੁਪਏ ਚਲਦੇ ਹੁੰਦੇ ਸੀ। ਇਕ ਜੱਟ ਖੇਤੋਂ ਮੁੜ ਰਿਹਾ ਸੀ ਕਿ ਰਾਹ ਦੇ ਕਿਨਾਰੇ ਝਾੜੀਆਂ ‘ਚੋਂ ਖਣਖਣ ਦੀ ਆਵਾਜ਼ ਆਈ। ਉਸ ਨੇ ਪੋਲੇ ਪੋਲੇ ਪੈਰੀਂ ਜਾ ਕੇ ਦੇਖਿਆ ਕਿ ਇਕ ਸਾਧ ਚਾਂਦੀ ਦੇ ਰੁਪਏ ਗਿਣ ਰਿਹਾ ਸੀ। ਗਿਣ ਕੇ ਪੂਰੇ ਦਸ ਰੁਪਏ ਉਸ ਨੇ ਧੋਤੀ ਦੇ ਲੜ ਬੰਨ੍ਹ ਲਏ ਉੱਠ ਖੜ੍ਹਾ ਹੋਇਆ। ਜੱਟ ਫੇਰ ਰਾਹ ਵਿਚ ਆ ਖੜ੍ਹਾ ਹੋਇਆ ਤੇ ਸਾਧ ਨੂੰ ਘਰ ਲਿਜਾ ਕੇ ਪਰਸ਼ਾਦਾ ਛਕਾਉਣ ਦੀ ਬੇਨਤੀ ਕੀਤੀ। ਸਾਧ ਨੂੰ ਤਾਂ ਪਹਿਲਾਂ ਹੀ ਭੁੱਖ ਲੱਗੀ ਹੋਈ ਸੀ। ਸਾਧ ਖੁਸ਼ੀ ਖੁਸ਼ੀ ਨਾਲ ਤੁਰ ਪਿਆ। ਪਰਸ਼ਾਦਾ ਛਕਾ ਕੇ ਜੱਟ ਘਰ ਵਾਲ਼ੀ ਨੂੰ ਕਹਿੰਦਾ,” ਭਾਗਵਾਨੇ, ਆਲ਼ੇ ਵਿੱਚ ਪਏ ਪੈਸਿਆਂ ‘ਚੋਂ ਇਕ ਰੁਪਇਆ ਤਾਂ ਲਿਆ ਬਾਬਾ ਜੀ ਨੂੰ ਦੰਦ ਘਸਾਈ ਵੀ ਦੇਈਏ।”
ਘਰ ਵਾਲੀ ਆਲ਼ੇ ‘ਚ ਹੱਥ ਮਾਰ ਕੇ ਕਹਿੰਦੀ ਕਿ ਉੱਥੇ ਤਾਂ ਕੋਈ ਪੈਸਾ ਨਹੀਂ ਪਿਆ। ਜੱਟ ਕਹਿੰਦਾ ਮੈਂ ਤਾਂ ਅਜੇ ਕੱਲ੍ਹ ਸ਼ਾਮੀਂ ਉੱਥੇ ਪੈਸੇ ਰੱਖੇ ਸੀ। ਜੱਟ ਘਰ ਵਾਲੀ ਨੂੰ ਉੱਚਾ-ਨੀਵਾਂ ਬੋਲਣ ਲੱਗ ਪਿਆ। ਰੌਲਾ-ਰੱਪਾ ਸੁਣ ਕੇ ਆਂਢ-ਗੁਆਂਢ ਦੇ ਦੋ ਚਾਰ ਬੰਦੇ ਆ ਗਏ ਕਿ ਕੀ ਮਾਜਰਾ ਹੋ ਗਿਆ। ਜੱਟ ਨੇ ਪੈਸੇ ਗੁਆਚਣ ਬਾਰੇ ਦੱਸਿਆ ਤਾਂ ਇਕ ਬੰਦਾ ਪੁੱਛਣ ਲੱਗਾ, “ ਤੁਹਾਡੇ ਘਰ ਕੌਣ ਕੌਣ ਆਇਆ ਸੀ?”
ਜੱਟ ਕਹਿੰਦਾ, “ ਬਸ ਐਹ ਬਾਬਾ ਜੀ ਆਏ ਐ ਥੋੜ੍ਹੀ ਦੇਰ ਹੋਈ, ਹੋਰ ਤਾਂ ਕੋਈ ਨਹੀਂ ਆਇਆ।”
ਇਕ ਹੋਰ ਬੰਦੇ ਨੇ ਪੁੱਛਿਆ ਕਿ ਕਿੰਨੇ ਰੁਪਏ ਗੁਆਚੇ ਹਨ।
ਜੱਟ ਨੇ ਦੱਸਿਆ ਕਿ ਦਸ ਰੁਪਏ ਸਨ।
ਇਕ ਬੰਦਾ ਬੋਲਿਆ, “ ਜਦ ਹੋਰ ਕੋਈ ਨਹੀਂ ਆਇਆ, ਸਿਰਫ਼ ਬਾਬਾ ਜੀ ਹੀ ਆਏ ਐ ਤਾਂ ਬਾਬਾ ਜੀ ਦੀ ਤਲਾਸ਼ੀ ਲਉ।”
ਜੱਟ ਕਹਿੰਦਾ, “ ਨਾ ਜੀ ਨਾ, ਬਾਬਾ ਜੀ ਤਾਂ ਸੰਤ ਪੁਰਸ਼ ਨੇ, ਇਹ ਅਜਿਹਾ ਕੰਮ ਥੋੜ੍ਹੀ ਕਰਨਗੇ।”
ਉਹੀ ਬੰਦਾ ਬੋਲਿਆ, “ ਤੂੰ ਰਹਿਣ ਦੇ, ਸਾਧਾਂ, ਬਾਬਿਆਂ ਦੇ ਰੂਪ ‘ਚ ਅੱਜ ਕਲ ਠੱਗ ਚੋਰ ਵੀ ਘੁੰਮਦੇ ਐ ਤੇ ਇੰਨਾ ਕਹਿ ਕੇ ਉਸ ਨੇ ਬਾਬੇ ਦੀ ਧੋਤੀ ਖਿੱਚ ਦਿਤੀ ਤੇ ਵਿਚੋਂ ਖਣ ਖਣ ਕਰਦੇ ਰੁਪਏ ਆ ਡਿਗੇ ਤੇ ਉਹ ਵੀ ਪੂਰੇ ਦਸ।
ਸਾਧ ਕੋਲ ਕੋਈ ਜਵਾਬ ਨਹੀਂ ਸੀ। ਉਹ ਡੌਰ- ਭੌਰਾ ਹੋ ਗਿਆ, ਉਸ ਨੂੰ ਸਮਝ ਨਹੀਂ ਸੀ ਆ ਰਹੀ ਕਿ ਉਸ ਨਾਲ ਕੀ ਭਾਣਾ ਵਾਪਰ ਗਿਆ ਸੀ। ਲੋਕਾਂ ਨੇ ਉਸ ਨੂੰ ਲਾਹਨਤਾਂ ਪਾਈਆਂ, ਧੱਕਾ-ਮੁੱਕੀ ਵੀ ਕੀਤੀ ਤੇ ਪਿੰਡੋਂ ਨਿਕਲ ਜਾਣ ਦਾ ਹੁਕਮ ਸੁਣਾਇਆ। ਸਾਧ ਜਾਣ ਲੱਗਾ ਤਾਂ ਜੱਟ ਨੇ ਪੁੱਛਿਆ “ ਬਾਬਾ ਜੀ ਫੇਰ ਕਦੋਂ ਦਰਸ਼ਨ ਦਿਉਗੇ?”
ਸਾਧ ਕਹਿੰਦਾ, “ ਜਦੋਂ ਮੇਰੇ ਕੋਲ਼ ਦਸ ਰੁਪਏ ਜਮ੍ਹਾਂ ਹੋ ਜਾਣਗੇ।”
ਮੇਰਾ ਮਿੱਤਰ ਖਿੜ ਖਿੜਾ ਕੇ ਹੱਸਿਆ ਜਿਵੇਂ ਉਹ ਦਿਲ ਦੀ ਪੀੜ ਨੂੰ ਹਾਸੇ ‘ਚ ਉਡਾਉਣੀ ਚਾਹੁੰਦਾ ਹੋਵੇ।
ਨਿਰਮਲ ਸਿੰਘ ਕੰਧਾਲਵੀ