ਚੁੰਝਾਂ-ਪ੍ਹੌਂਚੇ  - (ਨਿਰਮਲ ਸਿੰਘ ਕੰਧਾਲਵੀ)

ਸਿੱਖ ਸੰਗਤ ਦੀਆਂ ਭਾਵਨਾਵਾਂ ਅਨੁਸਾਰ ਪਟੀਸ਼ਨ ਵਾਪਸ ਲਈ ਹੈ- ਗਿਆਨੀ ਰਘਬੀਰ ਸਿੰਘ

ਜੇ ਭਾਵਨਾਵਾਂ ਦਾ ਸਤਿਕਾਰ ਹੁੰਦਾ ਤਾਂ ਗਿਆਨੀ ਜੀ ਤੁਸੀਂ ਪਟੀਸ਼ਨ ਪਾਉਂਦੇ ਹੀ ਨਾ।

ਸਮਾਜਕ ਗ਼ੈਰ-ਬਰਾਬਰੀ ਲਈ ਅਰਬਪਤੀ ਜ਼ਿੰਮੇਵਾਰ- ਜ਼ੋਹਰਾਨ ਮਮਦਾਨੀ, ਨੀਊਯਾਰਕ ਲਈ ਮੇਅਰ ਉਮੀਦਵਾਰ

ਚੱਪਾ ਕੁ ਚੰਨ ਮੁੱਠ ਕੁ ਤਾਰੇ, ਸਾਡਾ ਮੱਲ ਬੈਠੇ ਆਸਮਾਨ- ਪ੍ਰੋ. ਮੋਹਨ ਸਿੰਘ ਦੀ ਕਵਿਤਾ ‘ਚੋਂ

‘ਆਪ’ ਪਾਰਟੀ ਬਿਹਾਰ ‘ਚ ਆਪਣੇ ਬਲਬੂਤੇ ‘ਤੇ ਚੋਣਾਂ ਲੜੇਗੀ- ਕੇਜਰੀਵਾਲ

ਘੜਾ ਚੁੱਕ ਲਊਂ ਪੱਟਾਂ ‘ਤੇ ਹੱਥ ਧਰ ਕੇ, ਖ਼ਸਮਾਂ ਨੂੰ ਖਾਣ ਕੁੜੀਆਂ।

ਮੁੱਖ ਮੰਤਰੀ ਦੀ ਦੌੜ ਤੋਂ ਪਾਸੇ ਹੋ ਕੇ ਪਾਰਟੀ ਲਈ ਕੰਮ ਕਰੋ- ਸੁਖਜਿੰਦਰ ਸਿੰਘ ਰੰਧਾਵਾ

ਜਦ ਮੈਂ ਬੈਠਾਂ ਏਸ ਕੰਮ ਲਈ ਤੁਸੀਂ ਕਿਉਂ ਨੱਠ-ਭੱਜ ਕਰਦੇ ਹੋ ਬਈ।

 ਮਹਾਰਾਸ਼ਟਰ ‘ਚ ਤਿੰਨ ਮਹੀਨਿਆਂ ਵਿਚ 767 ਕਿਸਾਨਾਂ ਨੇ ਕੀਤੀ ਖ਼ੁਦਕੁਸ਼ੀ- ਇਕ ਖ਼ਬਰ

ਕੋਈ ਮਰੇ ਕੋਈ ਜੀਵੇ, ਸੁਥਰਾ ਘੋਲ਼ ਪਤਾਸੇ ਪੀਵੇ।

ਪਾਕਿਸਤਾਨ ਦੀ ਹਾਕੀ ਟੀਮ ਨੂੰ ਏਸ਼ੀਆ ਕੱਪ ਲਈ ਭਾਰਤ ਆਉਣ ਤੋਂ ਨਹੀਂ ਰੋਕਾਂਗੇ- ਖੇਡ ਮੰਤਰਾਲਾ

ਵੈਰ ਤਾਂ ਤੁਹਾਡਾ ਪੰਜਾਬੀਆਂ ਨਾਲ ਖ਼ਾਸ ਕਰ ਕੇ ਦਸਤਾਰ ਨਾਲ ਹੀ ਹੈ।

ਓਵੈਸੀ ਦੀ ਪਾਰਟੀ ਨੇ ਬਿਹਾਰ ਗੱਠਜੋੜ ਲਈ ਲਾਲੂ ਨੂੰ ਲਿਖੀ ਚਿੱਠੀ- ਇਕ ਖ਼ਬਰ

ਚਿੱਠੀਆਂ ਸਾਹਿਬਾਂ ਜੱਟੀ ਨੇ ਲਿਖ ਮਿਰਜ਼ੇ ਵਲ ਪਾਈਆਂ।

ਸੁਖਬੀਰ ਬਾਦਲ ਦੀ ਅਗਵਾਈ ‘ਚ ਸ਼੍ਰੋਮਣੀ ਅਕਾਲੀ ਦਲ ਨੇ ਜ਼ਮਾਨਤਾਂ ਜ਼ਬਤ ਕਰਵਾਉਣ ਦਾ ਰਿਕਾਰਡ ਬਣਾਇਆ- ਜਸਟਿਸ ਨਿਰਮਲ ਸਿੰਘ

ਕੀ ਹੋਇਆ ਜ਼ਮਾਨਤ ਜੇ ਜ਼ਬਤ ਹੋ ਗਈ, ਖ਼ਬਰਾਂ ਫੇਰ ਵੀ ਸਾਡੀਆਂ ਛਪਦੀਆਂ ਨੇ।

ਸਾਬਕਾ ਚੀਫ਼ ਜਸਟਿਸ ਚੰਦਰਚੂੜ੍ਹ ਨੂੰ ਸਰਕਾਰੀ ਬੰਗਲਾ ਖ਼ਾਲੀ ਕਰਨ ਲਈ ਕਿਹਾ- ਇਕ ਖ਼ਬਰ

ਚੁੱਕ ਚਰਖ਼ਾ ਪਰ੍ਹਾਂ ਕਰ ਪੀੜ੍ਹੀ, ਛੜਿਆਂ ਨੇ ਬੋਕ ਬੰਨ੍ਹਣਾਂ।

ਅਕਾਲ ਤਖ਼ਤ ਸਾਹਿਬ ਅਤੇ ਪਟਨਾ ਸਾਹਿਬ ਵਿਚਾਲੇ ਵਿਵਾਦ ਹੋਰ ਡੂੰਘਾ ਹੋਇਆ- ਇਕ ਖ਼ਬਰ

ਖਾਲੀ ਪਏ ਮੱਝੀਆਂ ਦੇ ਵਾੜੇ, ਇਕ ਰਾਂਝੇ ਯਾਰ ਦੇ ਬਿਨਾਂ।

ਰਾਜੇਵਾਲ ਨੇ ਲੈਂਡ ਪੂਲਿੰਗ ਸਕੀਮ ਦਾ ਵਿਰੋਧ ਕਰਨ ਦਾ ਕੀਤਾ ਐਲਾਨ- ਇਕ ਖ਼ਬਰ

ਮੁੰਡੇ ਗੱਭਰੂ ਸ਼ੁਕੀਨ ਬਥੇਰੇ, ਤੇਰੇ ਉੱਤੇ ਡੋਰ ਮਿੱਤਰਾ।

ਰੂਸ ਨੇ ਅਫ਼ਗਾਨਿਸਤਾਨ ’ਚ ਤਾਲਿਬਾਨ ਸ਼ਾਸਨ ਨੂੰ ਦਿਤੀ ਰਸਮੀ ਮਾਨਤਾ- ਇਕ ਖ਼ਬਰ

ਤੈਨੂੰ ਚੰਦ ਦੇ ਬਹਾਨੇ ਵੇਖਾਂ, ਕੋਠੇ ਉੱਤੇ ਆ ਜਾ ਮਿੱਤਰਾ।

ਹਰ ਭਾਰਤੀ ਸਿਰ ਕਰਜ਼ੇ ਦੀ ਪੰਡ ਹੋਈ ਹੋਰ ਭਾਰੀ- ਇਕ ਖ਼ਬਰ

ਗੱਲਾਂ ਤੇਰੀਆਂ ਦੇ ਉੱਠਣ ਮਰੋੜੇ, ਢਿੱਡ ਵਿਚ ਦੇਵਾਂ ਮੁੱਕੀਆਂ।

ਅਕਾਲ ਤਖ਼ਤ ਦੇ ਜਥੇਦਾਰ ਦੇ ਸੇਵਾ ਨਿਯਮਾਂ ਸਬੰਧੀ ਗਠਿਤ ਕਮੇਟੀ ‘ਤੇ ਮੁੜ ਵਿਚਾਰ ਦੀ ਲੋੜ-ਸਿੱਖ ਸੰਸਥਾਵਾਂ ਜਰਮਨੀ

ਤੇਰੇ ਖ਼ੁਸ਼ਕ ਮੱਕੀ ਦੇ ਦਾਣੇ, ਮਿੱਤਰਾਂ ਨੇ ਨਹੀਂਉਂ ਚੱਬਣੇ। 

ਮੈਂ ਸਿੱਖਾਂ ਦੇ ਹਿਤਾਂ ਅਤੇ ਯੋਗਦਾਨ ਨੂੰ ਉਜਾਗਰ ਕੀਤਾ- ਰਾਹੁਲ ਗਾਂਧੀ

ਚੌਕੀਦਾਰੀ ਲੈ ਲੈ ਮਿੱਤਰਾ, ਤੇਰੇ ਲਗਦੇ ਨੇ ਬੋਲ ਪਿਆਰੇ।

===================================================