ਤਖ਼ਤ ਸ੍ਰੀ ਪਟਨਾ ਸਾਹਿਬ ਤੋ ਹੋ ਰਹੀਆਂ ਗੈਰ ਸਿਧਾਂਤਕ ਕਾਰਵਾਈਆਂ,ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉੱਚਤਾ ਨੂੰ ਚੁਣੌਤੀ - ਬਘੇਲ ਸਿੰਘ ਧਾਲੀਵਾਲ

ਇਹ ਸਚਾਈ ਹੈ ਕਿ ਮੌਜੂਦਾ ਸਮੇ ਵਿੱਚ ਸਿੱਖ ਦੁਨੀਆਂ ਪੱਧਰ ਤੇ ਸਭ ਤੋ ਵੱਧ ਸਤਿਕਾਰੀ ਜਾਣ ਵਾਲੀ ਕੌਂਮ ਹੈ। ਦੁਨੀਆਂ ਦੇ ਸਭ ਤੋ ਸ਼ਕਤੀਸ਼ਾਲੀ ਮੰਨੇ ਜਾਂਦੇ ਅਮਰੀਕਾ ਵਰਗੇ ਦੇਸ਼ ਸਿੱਖਾਂ ਦੀ ਹੋਂਦ ਨੂੰ ਸਵੀਕਾਰਦੇ ਅਤੇ ਸਤਿਕਾਰਦੇ ਹਨ। ਹਰ ਵੱਡੇ ਛੋਟੇ ਮੁਲਕ ਸਿੱਖਾਂ ਨੂੰ ਸ਼ਾਸ਼ਨ ਅਤੇ ਪ੍ਰਸ਼ਾਸ਼ਨਿਕ ਜਿੰਮੇਵਾਰੀਆਂ ਦੇ ਕੇ ਇਹਨਾਂ ਦੀ ਕਾਬਲੀਅਤ ਨੂੰ ਸਿਜਦਾ ਕਰ ਰਹੇ ਹਨ। ਪਰ ਭਾਰਤ ਅੰਦਰ ਮੌਜੂਦਾ ਸਮੇ ਸਿੱਖਾਂ ਦੀ ਹਾਲਤ ਤਕੜੇ ਹੋਣ ਦੇ ਬਾਵਜੂਦ ਵੀ ਕੋਈ ਬਹੁਤ ਵਧੀਆ ਅਤੇ ਤਾਕਤਵਰ ਨਹੀ ਮੰਨੀ ਜਾ ਸਕਦੀ। ਸਿੱਖਾਂ ਦੀ ਧਾਰਮਿਕ ਰਾਜਨੀਤਕ ਅਤੇ ਰੁਹਾਨੀ ਸਕਤੀ ਦੇ ਸੋਮੇ ਸ੍ਰੀ ਅਕਾਲ ਤਖਤ ਸਾਹਿਬ ਸਮੇਤ ਪੰਜ ਤਖਤਾਂ ਦੀ ਰੁਹਾਨੀ ਸਿਧਾਂਤਕ ਇੱਕਜੁੱਟਤਾ ਨੂੰ ਤੋੜਨ ਦੇ ਯਤਨ ਹੋ ਰਹੇ ਹਨ। ਤਖਤ ਸ੍ਰੀ ਪਟਨਾ ਸਾਹਿਬ ਤੋ ਜਾਰੀ ਹੋ ਰਹੇ  ਹੁਕਮਨਾਮੇ ਸਿੱਖਾਂ ਦੇ ਆਪਸੀ ਟਕਰਾਅ ਅਤੇ ਸਿਧਾਂਤਕ ਨਿਘਾਰ ਦੀ ਉੱਘੜਵੀਂ ਤਸਵੀਰ ਪੇਸ ਕਰਦੇ ਹਨ। ਹਰ ਮੋੜ ਤੇ ਖਤਰਨਾਕ ਅਤੇ ਗੁੰਝਲਦਾਰ ਚਣੌਤੀਆਂ ਸਿੱਖਾਂ ਦਾ ਰੋਹ ਰੋਕੀ ਖੜੀਆਂ ਪਰਤੀਤ ਹੁੰਦੀਆਂ ਹਨ। ਨਸਲੀ ਭੇਦ ਭਾਵ ਸਿੱਖਾਂ ਦੀ ਤਰੱਕੀ ਦੇ ਰਸਤੇ ਵਿੱਚ ਸਭ ਤੋ ਵੱਡੀ ਚਣੌਤੀ ਬਣ ਕੇ ਖੜਾ ਹੈ। ਸਿੱਖਾਂ ਦੀ ਵੱਖਰੀ ਪਛਾਣ ਆਪਣੇ ਮੁਲਕ ਵਿੱਚ ਹੀ ਪਰੇਸਾਨੀ ਦਾ ਕਾਰਨ ਬਣੀ ਹੋਈ ਹੈ।80 ਫੀਸਦੀ ਤੋ ਵੱਧ ਕੁਰਬਾਨੀਆਂ ਦੇ ਕੇ ਦੇਸ਼ ਨੂੰ ਅਜਾਦ ਕਰਵਾਉਣ ਵਾਲੀ ਕੌਂਮ ਦੇ ਆਪਣੇ ਭਵਿੱਖ ਉੱਪਰ ਖਤਰੇ ਮੰਡਰਾਉਂਦੇ ਦਿਖਾਈ ਦੇ ਰਹੇ ਹਨ। ਪੰਜਾਬ ਦੀ ਧਰਤੀ,ਪਾਣੀ ਅਤੇ ਹਵਾ ਨੂੰ ਜਾਣਬੁੱਝ ਕੇ ਜਹਿਰੀਲਾ ਬਣਾ ਦਿੱਤਾ ਗਿਆ ਹੈ। ਉਪਜਾਊ ਜਮੀਨਾਂ ਤੇ ਕਬਜੇ ਕਰਨ ਲਈ ਚੱਲਦੇ ਸਰਕਾਰੀ ਸਰਪ੍ਰਸਤੀ ਵਾਲੇ ਬੁਲਡੋਜਰਾਂ ਨੂੰ ਦੇਖ ਕੇ ਪੰਜਾਬ ਦੀ ਸੋਨਾ ਉਗਲਦੀ ਜਰਖੇਜ਼ ਧਰਤੀ ਤੇ ਲਹਿ ਲਹਾਉਂਦੀਆਂ ਫਸਲਾਂ ਕਿਸਾਨੀ ਦੀ ਹੋਣੀ ਤੇ ਕੀਰਨੇ ਪਾਉਂਦੀਆਂ ਜਾਪਦੀਆਂ ਹਨ।ਜਦੋ ਪੰਜਾਬ ਵਿੱਚੋਂ ਖੇਤੀ ਖਤਮ ਤਾਂ ਸਮਝੋ ਪੰਜਾਬ ਖਤਮ,ਪੰਜਾਬ ਦੀ ਹੋਂਦ ਖਤਮ।ਖੇਤੀ, ਸਿੱਖ ਗੁਰੂ ਸਾਹਿਬਾਨ ਵੱਲੋਂ ਵਰੋਸਾਈ ਹੋਈ ਪੰਜਾਬ ਦੀ ਵਿਰਾਸਤੀ ਕਿਰਤ ਹੈ ,ਜਿਹੜੀ ਪੰਜਾਬ ਦੇ ਜਾਇਆਂ ਨੂੰ ਇੱਜਤ,ਗੈਰਤ ਨਾਲ ਰੋਜੀ ਰੋਟੀ ਕਮਾਉਣ ਦੇ ਮੌਕੇ ਪਰਦਾਨ ਕਰਦੀ ਹੈ। ਪੰਜਾਬ ਦੀ ਕਿਰਤ ਤੇ ਹਮਲੇ ਮਹਿਜ ਜਮੀਨ ਹੜੱਪਣ ਤੱਕ ਦਾ ਵਰਤਾਰਾ ਨਹੀ ਹੈ,ਸਗੋ ਇਸ ਤੋ ਅਗਲੇ ਵਿਰਤਾਂਤ ਨੂੰ ਸਮਝਣ ਦੀ ਵੀ ਲੋੜ ਹੈ। ਖਤਰਾ ਪੰਜਾਬ ਦੀ ਦਸਤਾਰ  ਤੋ ਹੈ,ਸਿੱਖ ਸਰੂਪ ਤੋ ਖਤਰਾ ਹੈ,ਅਤੇ ਸਭ ਤੋ ਵੱਧ ਖਤਰਾ ਸਿੱਖ ਸਿਧਾਂਤਾਂ ਤੋ ਹੈ,ਜਿਸ ਨੂੰ ਢਾਹ ਲਾਉਣ ਲਈ ਪੰਜਾਬ ਅੰਦਰ ਨਸ਼ਿਆਂ ਦਾ ਪਸਾਰਾ ਅਤੇ ਲੱਚਰਤਾ ਦੇ ਅੱਡੇ ਖੋਹਲੇ ਜਾ ਰਹੇ ਹਨ। ਧੰਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਅਤੇ ਸਿੱਖ ਗੁਰਦੁਆਰਾ ਪਰਬੰਧ ਵਿੱਚ ਦਖਲਅੰਦਾਜੀ, ਇਹ ਇੱਕੋ ਲੜੀ ਦੇ ਵੱਖੋ  ਵੱਖਰੇ ਨਿਰਧਾਰਤ ਕਾਰਜ ਹਨ,ਜਿੰਨਾਂ ਨੂੰ ਪੂਰੀ ਜਿੰਮੇਵਾਰੀ,ਤਨਦੇਹੀ ਅਤੇ ਸਤੱਰਕਤਾ ਨਾਲ ਪੂਰਾ ਕੀਤਾ ਜਾ ਰਿਹਾ ਹੈ। ਸਿੱਖ ਇਹ ਸਾਰਾ ਕੁੱਝ ਵਾਪਰਦਾ ਦੇਖ ਰਹੇ ਹਨ। ਦੁਸ਼ਮਣ ਜਮਾਤ ਦੇ ਮਨਸੂਬਿਆਂ ਨੂੰ ਸਮਝਣ ਦੀ ਬਜਾਏ ਇੱਕ ਦੂਜੇ ਤੇ ਚਿੱਕੜ ਸੁੱਟਣ ਵਿੱਚ ਸਮਾ ਬਰਬਾਦ ਹੀ ਨਹੀ ਕਰ ਰਹੇ,ਬਲਕਿ ਅੰਦਰੂਨੀ ਖਾਨਾਜੰਗੀ ਵੱਲ ਵੀ ਵਧ ਰਹੇ ਹਨ।ਆਪਸੀ ਪਾਟੋਧਾੜ ਦੇ ਅਸਲ ਕਾਰਨਾਂ ਨੂੰ ਸਮਝਣ ਦੀ ਬਜਾਏ ਆਪਸੀ ਦੂਸ਼ਣਵਾਜੀ ਭਾਰੂ ਹੋ ਰਹੀ ਹੈ।ਆਪਣਿਆਂ ਨਾਲ ਮਤਭੇਦ ਮਿਟਾਉਣ ਦੀ ਬਜਾਏ ਪੰਜਾਬ ਵਿਰੋਧੀ ਤਾਕਤਾਂ ਨਾਲ ਖੜਨ ਵਿੱਚ ਮਾਣ ਮਹਿਸੂਸ ਕੀਤਾ ਜਾ ਰਿਹਾ ਹੈ। ਇੰਜ ਜਾਪਦਾ ਹੈ ਜਿਵੇ ਇਤਿਹਾਸ ਨੂੰ ਪੁੱਠਾ ਗੇੜਾ ਦਿੱਤਾ ਜਾ ਰਿਹਾ ਹੋਵੇ। ਇਹ ਸਮਾ 1839 ਤੋ 1849 ਤੱਕ ਦੇ ਦਹਾਕੇ ਨੂੰ ਦੁਹਰਾਉਂਦਾ ਪਰਤੀਤ ਹੁੰਦਾ ਹੈ,ਜਦੋ ਸਿੱਖਾਂ ਨੇ ਦੁਸ਼ਮਣ ਦੀਆਂ ਸਾਜਿਸ਼ਾਂ ਦਾ ਸ਼ਿਕਾਰ ਹੋਕੇ ਆਪਣਾ ਰਾਜ ਭਾਗ ਗੁਆ ਲਿਆ ਸੀ।ਆਪਸੀ ਖਾਨਾਜੰਗੀ ਦੇ ਕਰਕੇ ਦੱਰਰਾ ਖੈਬਰ ਤੋ ਲੇਹ ਲਦਾਖ ਤੱਕ ਫੈਲਿਆ ਮਹਾਂਨ ਖਾਲਸਾ ਰਾਜ ਮਹਿਜ 10 ਸਾਲਾਂ ਵਿੱਚ ਦੁਨੀਆਂ ਦੇ ਨਕਸੇ ਤੋ ਗਾਇਬ ਹੋ ਗਿਆ ਸੀ। ਅੱਜ ਸਿੱਖਾਂ ਕੋਲ ਆਪਣਾ ਰਾਜ ਭਾਗ ਨਹੀ ਹੈ,ਪਰੰਤੂ ਰਾਜ ਭਾਗ ਦੀ ਤਾਂਘ ਹੋਣ ਦੇ ਬਾਵਜੂਦ ਚਲਾਕ ਦੁਸ਼ਮਣ ਤਾਕਤਾਂ ਨੇ ਸਿੱਖਾਂ ਦੀ ਆਪਸੀ ਧੜੇਬੰਦੀ ਨੂੰ ਐਨੀ ਕੁ ਗਹਿਰੀ ਕਰ ਦਿੱਤੀ ਹੈ ਕਿ ਉਹਨਾਂ ਦੀ ਤਾਂਘ ਅਤੇ ਉਹਨਾਂ ਦੇ ਮਨੋਰਥ, ਹੋਰ ਪਾਸੇ ਵੱਲ ਮੋੜਾ ਕੱਟ ਜਾਂਦੇ ਹਨ।1849 ਵਿੱਚ ਅੰਗਰੇਜ ਹਕੂਮਤ ਨੇ ਸਿੱਖਾਂ ਤੋ  ਰਾਜ ਭਾਗ ਖੋਹ ਲੈਣ ਤੋ ਬਾਅਦ ਸਭ ਤੋ ਪਹਿਲਾਂ ਗੁਰਦੁਆਰਾ ਪ੍ਰਬੰਧ ਤੇ ਕਬਜਾ ਕੀਤਾ ਸੀ।ਹੁਣ ਵੀ ਹਾਲਾਤ ਉਸ ਸਮੇ ਤੋ ਵੱਖ ਨਹੀ ਹਨ। ਹੁਣ ਵੀ ਲੱਗਭੱਗ ਸਮੁੱਚੇ ਗੁਰਦੁਆਰਾ ਪਰਬੰਧ ਤੇ ਕੇਂਦਰੀ ਤਾਕਤਾਂ ਸਿੱਧੇ ਅਤੇ ਅਸਿੱਧੇ ਰੂਪ ਵਿੱਚ ਕਬਜਾ ਕਰ ਚੁੱਕੀਆਂ ਹਨ।ਖਾਲਸੇ ਦੇ ਮਹਾਨ ਪੰਜ ਤਖਤ ਸਾਹਿਬਾਨ ਵਿੱਚੋਂ ਦੋ ਦਾ ਪਰਬੰਧ ਮੁਕੰਮਲ ਰੂਪ ਵਿੱਚ ਸਿੱਖ ਵਿਰੋਧੀ ਤਾਕਤਾਂ ਦੇ ਹੱਥ ਵਿੱਚ ਹੈ।ਤਖਤ ਸ੍ਰੀ ਪਟਨਾ ਸਾਹਿਬ ਦਾ ਘਟਨਾਕ੍ਰਮ ਉਸ ਸਾਜਿਸ਼ ਦਾ ਹਿੱਸਾ ਹੈ,ਜਿਸ ਦਾ ਉੱਪਰ ਜਿਕਰ ਕੀਤਾ ਜਾ ਚੁੱਕਾ ਹੈ। ਇਹ  ਸਿੱਖਾਂ ਦੀ ਆਪਸੀ ਫੁੱਟ ਦੀ ਸ਼ਿਖਰ ਦਾ ਦੌਰ ਹੈ,ਜਦੋ ਤਖਤ ਸਾਹਿਬ ਇੱਕ ਦੂਜੇ ਦੇ ਸਾਹਮਣੇ ਖੜੇ ਹੋ ਗਏ ਹਨ। ਤਖਤ ਸ੍ਰੀ ਪਟਨਾ ਸਾਹਿਬ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਚਣੌਤੀ ਇੱਕ ਅਜਿਹੀ ਸਾਜਿਸ਼ ਹੈ,ਜਿਸਨੂੰ ਸਿੱਖਾਂ ਨੇ ਗੰਭੀਰਤਾ ਨਾਲ ਲਿਆ ਹੀ ਨਹੀ।ਤਾਜੇ ਘਟਨਾਕਰਮ ਦੌਰਾਨ ਬਹੁਤ ਸਾਰੇ ਸਿੱਖ ਇਸ ਗੱਲ ਤੇ ਖੁਸ਼ ਹੋ ਰਹੇ ਹਨ ਕਿ ਤਖਤ ਸ੍ਰੀ ਪਟਨਾ ਸਾਹਿਬ ਦੇ ਸਿੰਘ ਸਾਹਿਬਾਨ ਨੇ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦੇ ਦਿੱਤਾ ਹੈ।ਉਹ ਇਹ ਸਮਝਣ ਦਾ  ਯਤਨ ਹੀ ਨਹੀ ਕਰ ਰਹੇ ਕਿ ਇਹ ਸਿੱਖ ਸਿਧਾਂਤਾਂ ਤੇ ਹੁਣ ਤੱਕ ਦੇ ਹਮਲਿਆਂ ਵਿੱਚੋਂ ਸਭ ਤੋ ਤਕੜਾ ਹਮਲਾ ਹੈ,ਜਿਸ ਨੇ ਸਿੱਖਾਂ ਦੀ ਪਹਿਲਾਂ ਹੀ ਵੰਡੀ ਹੋਈ ਤਾਕਤ ਨੂੰ ਇੱਕਦਮ ਅੱਧਾ ਕਰ ਦਿੱਤਾ ਹੈ ਅਤੇ ਅੰਦਰੂਨੀ  ਖਾਂਨਾਜੰਗੀ ਦਾ ਰਾਹ ਪੱਧਰਾ ਕਰ ਦਿੱਤਾ ਹੈ। ਜੇਕਰ  ਸਿੱਖ ਅਜੇ ਵੀ ਆਪਸੀ ਈਰਖਾਵਾਜੀਆਂ,ਧੜੇਬੰਦੀਆਂ ਲੜਾਈਆਂ ਵਿੱਚ ਸਮਾ ਬਰਬਾਦ ਕਰਦੇ ਰਹੇ ਤਾਂ ਉਹ ਦਿਨ ਦੂਰ ਨਹੀ ਜਦੋ ਤਖਤ ਸ੍ਰੀ ਪਟਨਾ ਸਾਹਿਬ ਵਰਗੇ ਸਿੱਖਾਂ ਦੇ ਪਵਿੱਤਰ ਅਸਥਾਨ ਸਿੱਖ ਰਹਿਤ ਮਰਯਾਦਾ  ਤੋ ਸੱਖਣੇ ਮੂਰਤੀ ਪੂਜਾ ਦੇ ਮੰਦਰ ਹੋਣਗੇ ਅਤੇ  ਗੈਰ ਸਿੱਖ ਗਤੀਵਿਧੀਆਂ ਦੇ ਵੱਡੇ ਕੇਂਦਰ ਬਣ ਜਾਣਗੇ। ਇਸ ਨਾਜੁਕ ਸਮੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਵੱਡੀ ਜਿੰਮੇਵਾਰੀ ਨਿਭਾਉਣੀ ਪਵੇਗੀ।ਬਗੈਰ ਕਿਸੇ ਵੀ ਧੜੇ ਦੀ ਪ੍ਰਵਾਹ ਕੀਤਿਆਂ ਤਖਤ ਸਾਹਿਬਾਨ ਦੇ ਆਪਸੀ ਟਕਰਾਅ ਨੂੰ ਖਤਮ ਕਰਨ ਲਈ ਪਹਿਲ ਕਰਨੀ ਪਵੇਗੀ।ਸ੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤ ਨੂੰ ਮਜਬੂਤ ਕਰਨ ਲਈ ਸਖਤ ਕਦਮ ਚੁੱਕਣੇ ਪੈਣਗੇ। ਆਪੋ ਆਪਣੀਆਂ ਡਫਲੀਆਂ ਵਜਾ ਰਹੇ ਸਮੁੱਚੇ ਸਿੱਖ ਧੜਿਆਂ,ਅਕਾਲੀ ਦਲਾਂ ਨੂੰ ਬਗੈਰ ਕਿਸੇ ਤੋਹਮਤ ਤੋ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਰਬ ਉੱਚ ਮੰਨਣਾ ਹੋਵੇਗਾ। ਸ੍ਰੀ ਅਕਾਲ ਤਖਤ ਸਾਹਿਬ ਦੀ ਰੁਹਾਨੀ ਅਧਿਕਾਰਿਤ ਤਾਕਤ ਨੂੰ ਕਬੂਲ ਕਰਕੇ ਆਪਸੀ ਦੁਬਿਧਾ ਦੂਰ ਕਰਨ ਲਈ ਸਫਾਂ ਵਸਾ ਕੇ ਬੈਠਣਾ ਹੀ ਇੱਕ ਮਾਤਰ  ਚਾਰਾ ਹੈ। ਸਿੱਖ ਵਿਰੋਧੀ ਵੱਡੀਆਂ ਤਾਕਤਾਂ ਦਾ ਮੁਕਾਬਲਾ ਕਰਨ ਲਈ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਤੋ ਬਿਨਾ ਸਿੱਖਾਂ ਕੋਲ ਨਾ ਪਹਿਲਾਂ ਕਦੇ ਕੋਈ ਅਜਿਹਾ ਕੇਂਦਰ ਰਿਹਾ ਹੈ,ਜਿਹੜਾ ਸਿੱਖਾਂ ਨੂੰ ਇੱਕ ਲੜੀ ਵਿੱਚ ਪਰੋਣ ਦੇ ਸਮਰੱਥ ਹੋਵੇ ਅਤੇ ਨਾ ਹੀ ਭਵਿੱਖ ਵਿੱਚ ਕੋਈ ਹੋਰ ਕੇਂਦਰ ਸਿੱਖਾਂ ਨੂੰ ਧਾਰਮਿਕ ਅਤੇ ਰਾਜਨੀਤਕ ਤੌਰ ਤੇ ਬਲਵਾਨ ਅਤੇ ਸੂਝਵਾਨ ਬਣਾ ਸਕਦਾ ਹੈ।ਸੋ ਸਿੱਖ ਵਿਰੋਧੀ ਤਾਕਤਾਂ ਦੇ ਮਨਸੂਬਿਆਂ ਨੂੰ ਨਾ-ਕਾਮਯਾਬ ਕਰਨ ਲਈ ਆਪਸੀ ਮਤਭੇਦਾਂ ਨੂੰ ਪਿੱਛੇ ਛੱਡਕੇ,ਅਜਾਦ ਸਿੱਖ ਪ੍ਰਭੁਤਾ ਦੇ ਪਰਤੀਕ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਵਿੱਚ ਇਕੱਠੇ ਹੋਣਾ ਹੀ ਇੱਕ ਮਾਤਰ ਰਸਤਾ ਹੈ। ਮੀਰੀ ਪੀਰੀ ਦੇ ਪਵਿੱਤਰ ਅਸਥਾਨ ਦੀ ਰੁਹਾਨੀ ਤਾਕਤ ਹੀ ਕੁਰਸੀ ਦੀ ਲੋਭ ਲਾਲਸਾ ਖਾਤਰ ਸਿੱਖ ਵਿਰੋਧੀ ਤਾਕਤਾਂ ਦੀ ਝੋਲ਼ੀ ਪੈਣ ਵਾਲੀ ਮਨੋ ਬਿਰਤੀ ਨੂੰ ਖਤਮ ਕਰ ਸਕਦੀ ਹੈ।
ਬਘੇਲ ਸਿੰਘ ਧਾਲੀਵਾਲ
99142-58142