ਫੱਟਾ ਕੁੱਟਣਾ - ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ

ਅੱਜ ਤੱਕ ਫਫਾ ਕੁੱਟਣੀ ਕੋਈ,
ਟਾਂਵੀਂ ਟਾਂਵੀਂ ਹੁੰਦੀ ਸੀ।
ਜਿਸ ਦੀ ਚਰਚਾ ਫੇਰ ਵੀ ਹਰ ਘਰ,
ਥਾਂਉਂ ਥਾਂਈਂ ਹੁੰਦੀ ਸੀ।

ਲੂਤੀਆਂ ਲਾਉਣਾ ਪੁਆੜੇ ਪਾਉਣਾ,
ਮੁੱਖ ਓਸ ਦਾ ਕਿੱਤਾ ਸੀ।
ਕਾਰਿਆਂ ਦੀ ਸੂਚੀ ਨਾਲ ਭਰਿਆ,
ਰਹਿੰਦਾ ਉਸਦਾ ਚਿੱਠਾ ਸੀ।

ਬਿਨਾ ਚੁਗਲੀ ਕੀਤਿਆਂ ਉਸ ਦੀ,
ਰੋਟੀ ਹਜ਼ਮ ਨਾ ਹੁੰਦੀ ਸੀ।
ਬਹਿ ਨਾ ਸਕਦੀ ਟਿਕ ਕੇ ਜਦ ਤੱਕ,
ਮੁੱਠੀ ਗਰਮ ਨਾ ਹੁੰਦੀ ਸੀ।

ਹਰ ਘਰ ਦੇ ਵਿੱਚ ਉੱਚੀ ਨੀਂਵੀਂ ਦਾ,
ਭੇਦ ਓਸ ਨੂੰ ਹੁੰਦਾ ਸੀ।
ਹਰ ਇੱਕ ਦੀ ਬਦਖੋਈ ਕਰਨਾ,
ਧਰਮ ਉਸ ਦਾ ਹੁੰਦਾ ਸੀ।

ਪਰ ਸਮੇਂ ਨੇ ਪਲਟਾ ਮਾਰਿਆ,
ਕੁੱਟਣੀ ਤੋਂ ਕੁੱਟਣਾ ਬਣ ਬੈਠਾ।
ਕਰਤੂਤਾਂ ਦੇ ਤੌਰ ਤਰੀਕਾ ਦਾ,
ਨਵਾਂ ਤਾਣਾ ਬਾਣਾ ਬੁਣ ਬੈਠਾ।

ਲਾ ਰਿਹਾ ਹੈ ਨਵੀਆਂ ਲੂਤੀਆਂ,
ਅੰਤਰਰਾਸ਼ਟਰੀ ਪੱਧਰ 'ਤੇ।
ਫੇਰ ਰਿਹਾ ਨਿੱਤ ਨਵਾਂ ਹੀ ਪਾਣੀ,
ਹਰ ਇੱਕ ਦੇਸ਼ ਦੀ ਸੱਧਰ 'ਤੇ।

ਆਪਣਾ ਉੱਲੂ ਸਿੱਧਾ ਰਖਣਾ,
ਉਸ ਦਾ ਮੁੱਖ ਉਦੇਸ਼ ਬਣ ਗਿਆ।
ਉਸ ਦੀ ਧੌਂਸ ਦੇ ਅੱਗੇ ਦੇਖੋ,
ਕੌਣ ਝੁੱਕ ਗਿਆ ਕੌਣ ਤਣ ਗਿਆ।

ਅਸਮਾਨਾਂ ਨੂੰ ਟਾਕੀ ਦੀ ਥਾਂ ਤੇ,
ਅੱਗ ਲਾਉਣ ਦਾ ਚਾਅ ਹੈ ਇਸਨੂੰ।
ਪਤਾਲਾਂ ਵਿੱਚ ਵੜ ਕੇ ਪਤਾ ਨਹੀਂ,
ਲੱਭ ਲਵੇਗਾ ਕਿਸ 'ਤੇ ਕਿਸ ਨੂੰ।

ਜਿਸ ਨਾਲ ਇਹ ਅੱਖ ਮਟਕਾਵੇ,
ਦੂਜੇ ਪਲ ਉਸਨੂੰ ਅੱਖ ਦਿਖਾਵੇ।
ਗੌਂ ਨਿਕਲਣ ਤੇ ਝੱਟ ਹੀ ਆਪਣੇ,
ਭੁੱਲ ਜਾਵੇ ਸਭ ਕੀਤੇ ਵਾਅਦੇ।

ਹਰ ਗਲ਼ੀ ਵਿੱਚ ਭਾਗੋ ਦੇ ਵਾਂਗੂੰ,
ਜਾ ਖੜ੍ਹਦਾ ਹੈ ਬਿਨਾ ਬੁਲਾਏ।
ਵਿਚੋਲਗਿਰੀ ਦਾ ਐਨਾ ਚਾਅ ਹੈ,
ਹਰ ਰਿਸ਼ਤੇ ਚੋਂ ਮੁੰਦੀ ਘੜਵਾਏ।

ਦਫ਼ਾ ਪੁੱਟਣਾ ਲੋਕਾਂ ਦੀ ਹੈ,
ਫਫਾ ਕੁੱਟਣੇ ਦਾ ਅੱਜ ਵਿਉਪਾਰ।
ਜਿਹਨੂੰ ਇੱਕ ਦਿਨ ਗਾਲ਼ਾਂ ਕੱਢੇ,
ਦੂਜੇ ਦਿਨ ਉਸ ਦਾ ਸਤਿਕਾਰ।

ਇਸ ਸਦੀ ਦਾ ਸੰਤਾਪ ਇਹ ਦੇਖੋ,
ਐਸੇ ਐਸੇ ਭੜੂਏ ਜੰਮ ਪਏ।
ਕਰ ਕਰ ਨਿਸ ਦਿਨ ਪੁੱਠੇ ਕਾਰੇ,
ਬੇਸ਼ਰਮੀ ਦੀਆਂ ਹੱਦਾਂ ਲੰਘ ਗਏ।

ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ