ਖਾਹਿਸ਼ - ਰਣਜੀਤ ਕੌਰ ਗੁੱਡੀ ਤਰਨ ਤਾਰਨ

ਸਾਦਾ ਦਿਲ ਤਾਲੀਮ ਯਾਫਤਾ ਸਧਾਰਣ ਮੱਧ ਵਰਗੀ ਪਰਿਵਾਰ ਵਿੱਚ ਪੈਦਾ ਹੋਈ ਮੀਨਾ ਨੇ ਥੋੜੀ ਜਿਹੀ ਹੋਸ਼ ਸੰਭਾਲਦੇ ਹੀ ਉੱਚ ਵਰਗ ਦੇ ਅਵੱਲੇ ਸ਼ੋਕ ਪਾਲ ਲਏ ਤੇ  ਸ਼ੋਕ ਸ਼ੋਕ ਵਿੱਚ ਵੱਡੀਆਂ ਖਾਹਿਸ਼ਾਂ ਦੇ ਅੰਬਾਰ ਉਸਦਾ ਤਕੀਆ ਬਣ ਗਏ।ਰੱਬ ਨੇ ਸ਼ਕਲ ਸੂਰਤ ਵੀ ਮੀਨਾ ਨੂੰ ਅੱਛੀ ਖਾਸੀ ਦਿੱਤੀ ਤੇ ਇਸ ਦਾ  ਉਹ ਭਰਪੂਰ ਨਜ਼ਾਇਜ਼ ਫਾਇਦਾ ਉਠਾਉਂਦੀ।ਅਧੁਨਿਕ ਨਿਜੀ ਸਕੂਲ ਵਿੱਚ ਦਾਖਲਾ ਲਿਆ।ਪੜ੍ਹਾਈ ਲਿਖਾਈ ਚ ਉਸਦਾ ਮਨ ਨੀਂ ਸੀ ਲਗਦਾ ਅਮੀਰ ਘਰਾਂ ਦੇ ਜਮਾਤੀਆਂ ਨਾਲ ਦੋਸਤੀ ਪਾਲ ਲਈ ਜਿਹੜੇ ਜਿਆਦਾ ਵਕਤ ਸਕੂਲ਼ ਕਲਾਸ ਤੋਂ ਬਾਹਰ ਗੁਜਾਰਦੇ ਇਕਲੌਤੀ ਹੋਣ ਕਰਕੇ ਮਾਂ ਬਾਪ ਉਸਦੀ ਹਰ ਖਾਹਿਸ਼ ਹਰ ਸ਼ੋਕ ਪੂਰਾ ਕਰਨ ਲਈ ਹਰ ਸੰਭਵ ਯਤਨ ਕਰਦੇ।ਨਾਸ਼ਤਾ ਸਕੂਲ ਕੰਟੀਨ ਤੇ ਕਰਨਾ ਦੂਜਿਆਂ ਜਿਨੇ ਪੈਸੇ ਖਰਚ ਕਰਨੇ ਸਿਨੇਮਾ ਜਾਣ ਦੀ ਲੱਤ ਵੀ ਲਾ ਲਈ।ਜਰਬਾਂ ਤਕਸੀਮਾਂ ਲਾ ਕੇ ਤੇਤੀ ਨੰਬਰ ਲੈ ਕੇ ਦਸਵੀਂ ਪਾਸ ਕਰ ਲਈ ।ਉਹ ਅੱਗੇ ਪੜ੍ਹਨਾ ਹੀ ਨਹੀਂ ਚਾਹੁੰਦੀ ਸੀ ਉਹਨੂੰ ਮਲਾਲ ਸੀ ਕਿ ਉਹ ਅਮੀਰ ਘਰ ਪੈਦਾ ਕਿਉਂ ਨਾਂ ਹੋਈ,ਤੇ ਉਹ ਕੁਝ ਵੀ ਕਰਕੇ ਰਾਤੋ ਰਾਤ ਅਮੀਰ ਹੋਣਾ ਚਾਹੁੰਦੀ ਸੀ।ਇਥੋਂ ਤੱਕ ਕੇ ਉਹ ਚਾਹੁਣ ਲਗੀ ਕਿ ਹੁਣੇ ਹੀ ਕੋਈ ਰਈਸਜ਼ਾਦਾ ਉਹਦੀ ਸ਼ਕਲ ਤੇ ਮਰ ਮਿਟੇ ਤੇ ਉਹਦੇ ਨਾਲ ਵਿਆਹ ਕਰ ਲਵੇ ਤੇ ਉਹ ਰਾਤੋ ਰਾਤ ਅਮੀਰ ਹੋ ਜਾਏ,ਉਸ ਕੋਲ ਇੰਨੇ ਪੈਸੇ ਹੋ ਜਾਣ ਕਿ ਬੱਸ ਲੰਬੀ ਕਾਰ ਉਹਦੇ ਥੱਲੇ ਤੇ ਡਰਾਈਵਰ ਉਸਨੂੰ ਬਜ਼ਾਰਾਂ ਵਿੱਚ ਲ਼ਈ ਫਿਰੇ।
ਇਕ ਤੋਂ ਬਾਦ ਇਕ ਰੋਜ਼ ਨਵੀਂ ਇੱਛਾ ਨਵੀਂ ਖਾਹਿਸ਼-ਖਾਹਿਸ਼ਾਂ ਦਾ ਜਲਵਾ ਤਾਂ ਸਾਹਮਣੇ ਵਾਲੇ ਦਾ ਲਾਲ ਮੂ੍ਹੰਹ ਵੇਖ ਕੇ ਆਪਣਾ ਮੂੰਹ ਚਪੇੜਾਂ ਮਾਰ ਕੇ ਲਾਲ ਕਰਨ ਦਾ ਦਮ ਦੇ ਦੇਂਦਾ ਹੈ ਤੇ ਇਹੋ ਮੀਨਾ ਨਾਲ ਹੋਇਆ ਤੇ ਹੋ ਰਿਹਾ ਸੀ।
ਮਾਂ ਬਾਪ ਉਸਨੂੰ ਸਮਝਾਉਂਦੇ ਉੱਚ ਵਿਦਿਆ ਹਾਸਲ ਕਰਨ ਲਈ ਪ੍ਰੇਰਦੇ ।ਮਾਂ ਇਹ ਵੀ ਦਸਦੀ ਕਿ ਜੇ ਤੂੰ ਪੜ੍ਹ ਜਾਵੇਂਗੀ ਤੇ ਸੋਨੇ ਤੇ ਸੁਹਾਗੇ ਵਾਲੀ ਗਲ ਹੋਵੇਗੀ ਤੇ ਤੈਨੂੰ ਅੱਛਾ ਵਰ ਘਰ ਮਿਲੇਗਾ।ਜੇ ਤੂੰ ਮਾਇਕ ਤੌਰ ਤੇ ਆਤਮ ਨਿਰਭਰ ਹੋਵੇਂਗੀ ਤਾਂ ਖੁਲ੍ਹ ਕੇ ਜੀ ਸਕੇਂਗੀ ਹਰ ਖਾਹਿਸ਼ ਪੂਰੀ ਕਰਨ ਦਾ ਦਮ ਹੋਵੇਗਾ।
: ਮੰਮੀ ਜੇ ਬਿਨਾਂ ਕੁਝ ਕੀਤੇ ਮੈਨੂੰ ਸੱਭ ਕੁਝ ਮਿਲ ਸਕਦਾ ਹੈ ਤਾਂ ਮੈਂ ਐਂਵੇ......."ਉਹ ਖਰਾ ਜਵਾਬ ਦੇਂਦੀ। ਇਕ ਸਵੇਰ ਉਹਨੇ ਉਠਦਿਆਂ ਐੇਲਾਨ ਕੀਤਾ ਕਿ ਉਹ + 2 ਸਕੂਲ ਵਿੱਚ ਨਹੀਂ ਕਾਲਜ ਵਿੱਚ ਕਰੇਗੀ।ਘਰ ਦੇ ਮੰਨ ਗਏ,ਮਰਦੇ ਕੀ ਨਾਂ ਕਰਦੇ ,ਮਹਿੰਗੇ ਨਿਜੀ ਕਾਲਜ ਵਿੱਚ ਦਾਖਲਾ ਕਰਵਾ ਦਿੱਤਾ।ਵੱਡੇ ਘਰਾਂ ਦੇ ਫੈਸ਼ਨੇਬਲ ਨਿਕੰਮੇ ਮੁੰਡੇ ਕੁੜੀਆਂ ਉਸਦੇ ਜਮਾਤੀ। ਬਾਰਵੀਂ ਜਮਾਤ ਦਾ ਸਲਾਨਾ ਇਮਤਿਹਾਨ ਆਉਂਦੇ ਆਉਂਦੇ ਮੀਨਾ 'ਨੀਰਜ ਮਹਾਜਨ"ਨਾਲ ਦੋਸਤੀ ਵਿੱਚ ਬਹੁਤ ਅੱਗੇ ਨਿਕਲ ਗਈ ਮੀਨਾ ਨੂੰ ਖੁਸ਼ ਫਹਿਮੀ ਸੀ ਕਿ ਨੀਰਜ ਉਸਦੀ ਸੂਰਤ ਤੇ ਮਰਦਾ ਹੈ ਤੇ ਵਿਆਹ ਵੀ ਕਰੇਗਾ।ਨੀਰਜ ਦੇ ਪਿਤਾ ਦਾ ਕਰੋੜਾਂ ਦਾ ਕਾਰੋਬਾਰ ਨੌਕਰ ਚਾਕਰ ਵੱਡੀ ਕੋਠੀ।ਮੀਨਾ ਇੰਨਾ ਲਲਚਾ ਗਈ ਕਿ ਆਪ ਹੀ ਮੂੰਹ ਭਰ ਕੇ ਨੀਰਜ ਨੂੰ ਵਿਆਹ ਲਈ ਆਖ ਦਿੱਤਾ।ਨੀਰਜ ਪਹਿਲਾਂ ਤਾਂ ਚੁੱਪ ਰਿਹਾ ਫਿਰ ਜਦ ਉਹ ਖਹਿੜੇ ਪੈ ਗਈ ਉਸਨੇ ਕਿਹਾ "ਆਪਣੀ ਅਜੇ ਵਿਆਹ ਦੀ ਉਮਰ ਨਹੀਂ ਝਲੀਏ ਚੁੱਪ ਕਰ ਸ਼ੁਦੈਣ ਨਾਂ ਹੋਵੇ ਤੇ"॥ ਸੋਲਾਂ ਦੀ ਉਮਰ ਵਿੱਚ ਹੀ ਵਿਆਹ ਦਾ ਫਾਹਾ ਗਲ ਕੌਣ ਪਾਉਂਦਾ ਹੈ?
ਦੋ ਚਾਰ ਦਿਨਾਂ ਬਾਦ ਮੀਨਾ ਫਿਰ ਉਹੋ ਗਲ.........
ਸ਼ਲਾਨਾ ਇਮਤਿਹਾਨ ਨੇੜੇ ਆ ਗਏ ,+2 ਤੋਂ ਬਾਦ ਕਿਹਨੇ ਕਿਧਰ ਜਾਣਾ ਮੀਨਾ ਨੂੰ ਤੌਖਲਾ ਹੋਇਆ ਨੀਰਜ ਗਵਾਚ ਹੀ  ਨਾਂ ਜਾਵੇ ਕਿਤੇ!।'ਚਲ ਆਪਾਂ ਮੰਗਣੀ ਕਰ ਲਈਏ ਤੂੰ ਆਪਣੇ ਮਾਂ ਡੈਡੀ ਨੂੰ ਕਹਿ-ਮੀਨਾ ਨੇ ਨੀਰਜ ਨੂੰ ਕਿਹਾ-
ਨੀਰਜ-ਤੂੰ ਪਾਗਲ ਸ਼ੁਦੈਣ ਅੇਂ ॥
ਮੀਨਾ ਦੇ ਦਿਲ ਦੀ ਸਮਝ ਸੀ ਕਿ ਉਹ ਪਾਗਲ ਸ਼ੁਦੈਣ ਉਸਨੂੰ ਡੂੰਘੇ ਪਿਆਰ ਮੁਹੱਬਤ ਨਾਲ ਕਹਿੰਦਾ ਹੈ।ਤਿੰਨ ਚਾਰ ਦਿਨਾਂ ਬਾਦ ਫਿਰ ਉਹਨੇ ਇਹੀ ਗਲ ਨੀਰਜ ਦੇ ਕਜ਼ਨ ਗੌਰਵ ਦੇ ਸਾਹਮਣੇ ਆਖੀ।ਗੌਰਵ ਪਹਿਲਾਂ ਤਾਂ ਖੁੂਬ ਹੱਸਿਆ ਫੇਰ ਉਹਨੂੰ ਫੁਰਨਾ ਫੁਰਿਆ-ਚਲ ਮੀਨਾ ਛੱਡ ਇਹਨੂੰ ਪੜ੍ਹਾਕੂ ਨੂੰ ਮੈਂ ਕਰਦੈਂ ਤੇਰੇ ਨਾਲ ਵਿਆਹ-ਆਪਾਂ ਕੋਰਟ ਮੈਰਿਜ ਕਰ ਲਵਾਂਗੇ-ਗੌਰਵ ਨੇ ਕਿਹਾ।
ਗੌਰਵ ਦੇ ਇਸ ਤੱਤ ਭੜੱਤ ਜੁਮਲੇ ਤੇ ਮੀਨਾ ਨੂੰ ਝੁਣਝੁਣੀ ਆ ਗਈ।ਉਹ ਠਠੰਬਰ ਗਈ ਤੇ ਨੇੜੇ ਪਈ ਇੱਟ ਤੇ ਬੈਠ ਗਈ,ਉਸਨੂੰ ਇੰਤਜ਼ਾਰ ਸੀ ਨੀਰਜ ਦੇ ਕੁਝ ਬੋਲਣ ਦਾ ਪਰ ਉਹ ਖਾਮੋਸ਼ ਟੁਰ ਗਿਆ ਤੇ ਨਾਲ ਹੀ ਗੌਰਵ ਵੀ ਪਿਛੇ ਹੋ ਲਿਆ।।
ਮੀਨਾ ਆਪਣੇ ਜਾਗਦੇ ਸਪਨੇ ਵੇਖਣ ਲਗੀ ਕਿਵੇਂ ਉਹ ਬਰਾਂਡਡ ਲਹਿੰਗੇ ਵਿੱਚ ਵਹੁਟੀ ਬਣ ਕੇ ਵੱਡੀ ਕਾਰ ਵਿੱਚ ਡੋਲੀ ਬੈਠ ਕੇ ਵੱਡੀ ਕੋਠੀ ਫਿਲਮਾਂ ਵਾਂਗ ਫੁਲਾਂ ਨਾਲ ਸਜੇ ਮਹਿਕਦੇ ਕਮਰੇ ਵਿੱਚ ਜਾਏਗੀ।ਸਲਾਨਾ ਇਮਤਿਹਾਨ ਦੀ ਤਿਆਰੀ ਦੇ ਵੇਲੇ ਉਹ ਬਿਨ ਲਾੜੇ ਲਾੜੀ ਤਿਆਰ ਹੋ ਰਹੀ ਸੀ।ਸਚਮੁੱਚ ਹੀ ਉਹ ਰਾਤੋ ਰਾਤ ਅਮੀਰ ਹੋਣ ਦੀ ਆਪਣੀ ਖਾਹਿਸ਼ ਵਿੱਚ ਅੱਧੇ ਨਾਲੋਂ ਵੱਧ ਝੱਲ਼ੀ ਹੋ ਗਈ ਸੀ।ਕਾਲਜ ਤੋਂ ਘਰ ਪੁਜਣ ਤਕ ਉਹ ਗੌਰਵ ਦੇ ਮਜਾਕ ਨੂੰ ਗੰਭੀਰ ਸਮਝ ਕੇ ਨੀਰਜ ਨਾਲ ਬਰੇਕਅੱਪ ਕਰ ਚੁਕੀ ਸੀ।ਕਿਵੇਂ ਨਾਂ ਕਿਵੇਂ ਉਹਨੇ ਰਾਤ ਗੁਜਾਰੀ ਤੇ ਸੁਬਹ ਕਾਲਜ ਮੌਕਾ ਮਿਲਦੇ ਹੀ ਗੌਰਵ ਨੂੰ ਘੇਰ ਲਿਆ।
ਗੌਰਵ ਤੂੰ ਕਲ ਵਾਲੀ ਗਲ ਸੱਚੇ ਸੁੱਚੇ ਮਨ ਨਾਲ ਆਖੀ ਸੀ?-
ਤੇ ਹੋਰ ਝੂਠੇ  ਮੂਠੇ ਮਨ ਨਾਲ ਕਿਵੇਂ ਆਖੀ ਦੀ ਮੈਨੂੰ ਨੀਂ ਪਤਾ-ਗੌਰਵ ਨੇ ਸ਼ਰਾਰਤ ਨਾਲ ਅੱਖਾਂ ਘੁਮਾਂਉਂਦੇ ਆਖਿਆ।ਆਹ ਪੇਪਰਾਂ ਦਾ ਸਿਆਪਾ ਮੁੱਕ ਜੇ ਫਿਰ ਦੋ ਮਹੀਨੇ ਚ ਨਤੀਜਾ ਤੈਨੂੰ ਆ ਜਾਏਗਾ-ਗੌਰਵ ਨੇ ਇਕ ਹੋਰ ਤੀਰ ਛੱਡਿਆ।
ਮੀਨਾ ਕਮਲ਼ੀ ਨੇ ਤਸੱਲੀ ਕਰ ਲਈ ਕਿ ਗੌਰਵ ਸੱਚ ਬੋਲ ਰਿਹੈ," ਆਈ ਲੱਵ ਯੂ ਗੌਰਵ,ਮੀਨਾ ਨੇ ਗੌਰਵ ਦੇ ਮੋਢੇ ਤੇ ਹੱਥ ਰੱਖ ਆਖਿਆ।
ਗੌਰਵ-ਆਈ ਟੂ ਲਵ ਯੂ ਮੀਨਾ -
( ਤੇ ਗੌਰਵ  ਮੀਨਾ ਦਾ ਹੱਥ ਝਟਕ ਕੇ ਝੁੂਮ ਕੇ ਨੀਰਜ ਦਾ ਹੱਥ ਫੜ ਗਾਉਣ ਲਗਾ.....)
" ਨਜ਼ਰ ਨਾਂ ਲਗ ਜਾਏ ਕਿਸੀ ਕੀ ਰਾਹੋਂ ਮੇਂ
ਆ ਛੁਪਾ ਕੇ ਰੱਖ ਲੂੰ ਤੁਝੈ ਨਿਗਾਹੋੰ ਮੇਂ ਤੂੰ ਖੋ ਨਾਂ ਜਾਏ -ਓ ਮਾਈ ਲੱਵ......"
( ਨੀਰਜ ਪੈਰ ਮਾਰ ਕੇ ਹਸ ਕੇ -ਕਾਂਗਰੇਚੁਲੇਸ਼ਨਜ਼ ਬੋਥ ਆਫ ਯੂ,ਆਈ ਸ਼ੁਡ ਲੀਵ ਫਰੌਮ ਹੇਅਰ) ਸਲਾਨਾ ਇਮਤਿਹਾਨ ਖਤਮ ਹੋ ਗਏ ,ਵਿਦਿਆਰਥੀ ਮੁਕਾਬਲੇ ਦੇ ਇਮਤਿਹਾਨਾਂ ਦੀ ਕੋਚਿੰਗ ਚ ਰੁਝ ਗਏ ਮੀਨਾ ਨਾਂ ਪੜ੍ਹਨਾ ਚਾਹੁੰਦੀ ਸੀ ਤੇ ਨਾਂ ਘਰ ਬਹਿਣਾ,ਉਸਨੇ ਜਿਮ ਜਾਣਾ ਸ਼ੁਰੂ ਕਰ ਦਿੱਤਾ ਸੀ।ਜਿਮ ਦਾ ਮਾਲਕ  'ਸਮੀਰ ਮਹਾਜਨ'ਚਾਲੀ ਪੰਤਾਲੀ ਦਾ ਬਹੁਤ ਰਿਸ਼ਟ ਪੁਸ਼ਟ ਲੰਬਾ ਉੱਚਾ ਸੋਹਣਾ ਵਿਅਕਤੀ ਨਾਲ ਦੇ ਕਮਰੇ ਵਿੱਚ ਸ਼ੀਸ਼ੇ ਵਿਚੋਂ ਵਰਜਿਸ਼ ਕਰਦੇ ਜਵਾਨਾਂ ਨੂੰ ਵੇਖਦਾ ਤੇ ਗਲਤੀ ਹੋਣ ਤੇ ਬਾਹਰ ਆ ਕੇ ਕੋਚ ਨੂੰ ਧਿਆਨ ਦੇਣ ਲਈ ਨਸੀਹਤ ਕਰਦਾ।ਉਸਦੀ ਨਜ਼ਰ ਮੀਨਾ ਤੇ ਪੈ ਗਈ ਉਹ ਨਵੀਂ ਭਰਤੀ ਸੀ।ਉਹ ਅੰਦਰੋਂ ਸ਼ੀਸ਼ੇ ਚੋਂ ਉੁਹਨੂੰ ਨਿਹਾਰਦਾ ਰਹਿੰਦਾ ,ਮੀਨਾ ਡਾਂਸ ਦੀ ਤਰਾਂ ਵਰਜਿਸ਼ ਕਰਦੀ ਅਸਲ ਵਿੱਚ ਉਹ ਚਾਹੁੰਦੀ ਕਿ ਕੋਚ ਤੇ ਮਾਲਕ ਦੀ ਤਵੋਜੋ ਉਸੀ ਤੇ ਰਹੇ।ਉਹ ਸ਼ੀਸ਼ੇ ਵਲ ਝਾਕਦੀ ਰਹਿੰਦੀ।
ਮੰਹਾਜਨ ਨੇ ਉਸਨੂੰ  ਬੁਲਾ ਕੇ ਡਾਂਟਿਆ।ਬੱਸ ਫਿਰ ਮੀਨਾ ਰੋਜ਼ ਹੀ ਕੁਝ ਪੁਛਣ ਦੇ ਬਹਾਨੇ ਉਸਦੇ ਕਮਰੇ ਵਿੱਚ ਚਲੀ ਜਾਂਦੀ।ਉਹ ਬਹੁਤ ਨੇੜੇ ਆ ਗਏ ।ਮਹਾਜਨ ਮੀਨਾ ਦੇ ਆਈਡਲ ਸਾਬਤ ਹੋ ਗਿਆ,ਉਸਨੂੰ ਸ਼ਾਪਿੰਗ ਕਰਾਉਂਦਾ,ਬਾਰਿਸ਼  ਚ ਵੱਡੀ ਗੱਡੀ ਚ ਲੌਂਗ ਡਰਾਈਵ ਤੇ ਖੁੂਬ ਆਨੰਦ ਕਰਾਉਂਦਾ।ਮੀਨਾ ਦੀ ਹਰ ਇਛਾ ਪੂਰੀ ਹੋ ਰਹੀ ਸੀ ਉਹ ਬਿਨਾਂ ਵਰਜਿਸ਼ ਸਮਾਰਟ ਫਿਟ ਸਜੀਲੀ ਹੋ ਗਈ।ਸਮੀਰ ਮਹਾਜਨ ਨੇ ਜਾਹਰ ਹੀ ਨਾਂ ਹੋਣ ਦਿੱਤਾ ਕਿ ਘ੍ਰਰ ਪਰਿਵਾਰ ਵਾਲਾ ਹੈ,ਮੀਨਾ ਨੇ ਸਮਝ ਲਿਆ ਕਿ ਉਹ ਉਹਨੂੰ ਮੁਹੱਬਤ ਕਰਦਾ ਹੈ ਤੇ ਇਕ ਦਿਨ ਮੀਨਾ ਨੇ ਉਸਨੂੰ ਆਪ ਹੀ ਵਿਆਹ ਲਈ ਸਵਾਲ ਕਰ ਦਿੱਤਾ ਉਹ ਕਈ ਦਿਨਾਂ ਤੱਕ ਲਾਰੇ ਲਾਉਂਦਾ ਰਿਹਾ,ਮੀਨਾ ਸੱਭ ਕਸ਼ਤੀਆਂ ਜਲਾ ਕੇ ਉਸਦੇ ਨੇੜੇ ਆ ਗਈ ਤੇ ਉਸਨੂੰ ਧਮਕੀ ਦਿੱਤੀ ਕਿ ਉਹ ਉਹਦੇ ਨਾਮ ਦੀ ਚਿੱਠੀ ਲਿਖ ਕੇ ਆਤਮਹੱਤਿਆ ਕਰ ਲਵੇਗੀ।ਸਮੀਰ ਮਹਾਜਨ ਨੇ ਹੱਸ ਕੇ ਉਸਨੂੰ ਟਾਲ ਦਿੱਤਾ।ਇਕ ਦਿਨ ਮੀਨਾ ਨੇ ਉਸ ਨਾਲ ਖੁੂਬ ਝਗੜਾ ਕੀਤਾ ਤੇ ਗਲਾਸ ਤੋੜ ਕੇ ਬਾਂਹ ਤੇ ਕੱਚ ਫੇਰ ਲਿਆ ਜਖ਼ਮ ਵੱਡਾ ਨਹੀਂ ਸੀ ਉਹ ਤੇ  ਮੀਨਾ ਨੇ ਸਮੀਰ ਨੂੰ ਕਾਬੂ ਕਰਨਾ ਸੀ ਤੇ ਉਹ ਕਾਬੂ ਆ ਗਿਆ।
ਦੋਨਾਂ ਦਾ ਵਿਆਹ ਹੋ ਗਿਆ ।ਪਹਿਲਾਂ ਇਕ ਹਫ਼ਤਾ ਉਹਨਾਂ ਫਾਈਵ ਸਟਾਰ ਹੋਟਲ ਵਿੱਚ ਐਸ਼ ਕੀਤੀ।ਫਿਰ ਜਿਮ ਰੂਮ ਦੇ ਨਾਲ ਦਾ ਫਲੈਟ ਕਿਰਾਏ ਤੇ ਲੈ ਲਿਆ,ਦੋ ਮਹੀਨੇ ਸੁਮੀਰ ਨੇ ਖੁੂਬ ਪੈਸਾ ਲੁਟਾਇਆ ਸਮੀਰ ਨੇ ਮੀਨਾ ਦੀਆਂ ਖਾਹਿਸ਼ਾਂ ਲਈ,ਉਸਨੂੰ ਆਪਣਾ ਕਾਰਡ ਵੀ ਦੇ ਦਿੱਤਾ।ਗਲ ਜਦ ਨਿਕਲੀ ਬਹੁਤ ਦੂਰ ਤੱਕ ਗਈ ।ਸਮੀਰ ਤਾਂ ਨੀਰਜ ਤੇ ਗੌਰਵ ਦਾ ਚਾਚਾ ਸੀ ਤੇ ਉਹ ਇਕੋ ਘਰ ਵਿੱਚ ਰਹਿੰਦੇ ਸੀ।ਸੱਭ ਕੁਸ਼ ੱਇਛਾ ਅਨੁਸਾਰ ਮੀਨਾ ਨੇ ਪਾ ਕੇ ਸੱਭ ਕੁਝ ਗਵਾ ਲਿਆ ਸੀ,ਪਰ ਉਸਨੂੰ ਰਾਤੋ ਰਾਤ ਅਮੀਰ ਹੋ ਜਾਣ ਦਾ ਚਾਅ  ਇਸ ਸੱਭ ਤੌਂ ਵੱਧ ਸੀ ।ਸੇਠਾਣੀ ਬਣਨਾ ਚਾਹੁੰਦੀ ਸੀ ਤੇ ਬਣ ਵੀ ਗਈ ਸੀ ਭਾਂਵੇ ............।
ਇਸ ਕੁੜਿਕੀ ਵਿਚੋਂ ਕਿਵੇਂ ਬਾਹਰ ਨਿਕਲੇ ਸਮੀਰ ਇਸ ਜਦੋਜਹਿਦ ਵਿੱਚ  ਮਾਨਸਿਕ  ਸੰਤੁਲਨ ਖੋਣ ਲਗਾ।ਏ ਟੀ ਅੇਮ ਮੀਨਾ ਦੇ ਹੱਥ ਦੇ ਕੇ ਉਸਨੇ ਸਿਗਰਟ ਜਲਾਈ ਤੇ ਉਸ ਕਾਗਜ਼ੀ ਵਿਆਹ ਦੇ ਕਾਗਜ਼ੀ ਸਬੂਤਾਂ ਦੀ ਰਾਖ ਫਲੱਸ਼ ਕਰ ਦਿੱਤੀ।
ਇਸ ਤੋਂ ਪਹਿਲਾਂ ਕਿ ਕੋਈ ਹੋਰ ਹੰਗਾਮਾ ਖੜਾ ਹੋਵੇ ਸਮੀਰ ਆਪਣੀ ਪਤਨੀ 'ਕੋਮਲ' ਨੂੰ ਲੈ ਕੇ ਵਲਾਇਤ ਚਲਾ ਗਿਆ।
ਖੂਸ਼ੀਆਂ ਖੇੜੈ ਬਾਝ ਵਕਤ ਦੇ
ਬਣ ਪੰਛੀ ਆਲ੍ਹਣਿਓਂ  ਉਡ ਗਏ ਨੇ
ਅਜੇ ਸਿਵਾ ਬੁਝਿਆ ਨਹੀਂ ਆਰਮਾਨਾਂ ਦਾ
ਕਿਉਂ ਅਹਿਸਾਸ ਗਮਾਂ ਦੇ ਜੁੜ ਗਏ ਨੇ॥
ਵਕਤ ਆਨੇ ਪਰ ਖੁਲਤੇ ਹੈਂ ਕਿਰਦਾਰ ਕਭੀ ਕਭੀ
ਵਕਤ ਸੇ ਪਹਿਲੇ ਤੋ ਸਭੀ ਵਫਾਦਾਰ ਹੋਤੇ ਹੈਂ॥
ਰਣਜੀਤ ਕੌਰ ਗੁੱਡੀ ਤਰਨ ਤਾਰਨ