ਸਭ ਤੋਂ ਵੱਡਾ ਖ਼ਤਰਾ ਇਰਾਨ ਦਾ ‘ਪ੍ਰਮਾਣੂ ਪ੍ਰੋਗਰਾਮ’ ਜਾਂ ਅਮਰੀਕਨ ਸਲਤਨਤ ਦਾ ਪਸਾਰਵਾਦ - ਬੂਟਾ ਸਿੰਘ ਮਹਿਮਦੂਪੁਰ
ਲੰਘੀ 22 ਜੂਨ ਨੂੰ ਸਵੇਰੇ ਅਮਰੀਕਾ ਨੇ ਆਪਣੇ ਸਭ ਤੋਂ ਸ਼ਕਤੀਸ਼ਾਲੀ ਬੰਕਰ ਬਸਟਰ ਬੀ32 ਬੰਬਰਾਂ ਨਾਲ ਇਰਾਨ ਦੇ ਤਿੰਨ ਪ੍ਰਮਾਣੂ ਕੇਂਦਰਾਂ ਉੱਪਰ ਹਮਲਾ ਕਰ ਦਿੱਤਾ। ਹੁਣ ਉਸ ਹਮਲੇ ਵਿਚ ਟਰੰਪ ਸਰਕਾਰ ਦੀ ਡੂੰਘੀ ਸਾਜ਼ਿਸ਼ ਖੁੱਲ੍ਹ ਕੇ ਸਾਹਮਣੇ ਆ ਗਈ ਜਿਸ ਦੀ ਸ਼ੁਰੂਆਤ ਇਜ਼ਰਾਇਲ ਵੱਲੋਂ 13 ਜੂਨ ਨੂੰ ਬਿਨਾਂ ਕਿਸੇ ਭੜਕਾਹਟ ਦੇ ਅਚਾਨਕ ਹਮਲਾ ਕਰਕੇ ਇਰਾਨ ਦੇ ਚੋਟੀ ਦੇ ਫ਼ੌਜੀ ਅਧਿਕਾਰੀਆਂ ਅਤੇ ਪ੍ਰਮਾਣੂ ਵਿਗਿਆਨੀਆਂ ਨੂੰ ਕਤਲ ਕਰਨ ਅਤੇ ਇਰਾਨ ਦੀਆਂ ਦਰਜਨਾਂ ਮਹੱਤਵਪੂਰਨ ਥਾਵਾਂ ਨੂੰ ਨਿਸ਼ਾਨਾ ਬਣਾਉਣ ਨਾਲ ਹੋਈ ਸੀ। ਆਖਿ਼ਰਕਾਰ ਟਰੰਪ ਦੀ ਅਗਵਾਈ ਹੇਠ ਅਮਰੀਕਨ ਸਰਕਾਰ ਮਖੌਟਾ ਲਾਹ ਕੇ ਉਸ ਨਹੱਕੀ ਜੰਗ ਵਿਚ ਸ਼ਾਮਲ ਹੋ ਗਈ ਹੈ ਜੋ ਇਜ਼ਰਾਇਲ ਨੂੰ ਸ਼ਿਸ਼ਕੇਰਕੇ ਇਰਾਨ ਉੱਪਰ ਥੋਪੀ ਗਈ। ਇਸ ਨਾਲ ਅਮਰੀਕਨ ਸਟੇਟ ਦਾ ਮੁਲਕਾਂ ਦੀ ਪ੍ਰਭੂਸੱਤਾ ਵਿਰੋਧੀ ਸਾਮਰਾਜੀ ਧਾੜਵੀ ਚਿਹਰਾ ਇਕ ਵਾਰ ਫਿਰ ਜੱਗ ਜ਼ਾਹਿਰ ਹੋ ਗਿਆ ਹੈ।
ਅਮਰੀਕਾ ਦੀ ਸਾਮਰਾਜੀ ਸਲਤਨਤ ਦੇ ਪਸਾਰੇ ਦੀ ਨੀਤੀ ਬਾਰੇ ਬਦੇਸ਼ ਨੀਤੀ ਮਾਹਰ ਸਟੀਫਨ ਕਿੰਜ਼ਰ ਲਿਖਦੇ ਹਨ, “ਸਭ ਤੋਂ ਪਹਿਲਾਂ, ਸੰਯੁਕਤ ਰਾਜ ਅਮਰੀਕਾ ਨੇ ਉੱਤਰੀ ਅਮਰੀਕਾ ਵਿਚ ਇਕ ਮਹਾਦੀਪੀ ਸਾਮਰਾਜ ਬਣਾਇਆ, ਜਿਸ ਲਈ ਮੂਲਵਾਸੀ ਲੋਕਾਂ ਨੂੰ ਹਟਾ ਕੇ ਅਤੇ ਮੈਕਸੀਕੋ ਦਾ ਵੱਡਾ ਹਿੱਸਾ ਹਥਿਆ ਕੇ ਇਸ ਨੂੰ ਅੰਜਾਮ ਦਿੱਤਾ ਗਿਆ। ਫਿਰ, 1898 ਤੋਂ ਬਾਅਦ ਦੇ ਦੌਰ ਵਿਚ, ਅਸੀਂ ਸਮੁੰਦਰ ਪਾਰ ਸਾਮਰਾਜ ਬਣ ਗਏ। ਅਤੇ ਆਖਿ਼ਰਕਾਰ, ਦੂਜੇ ਵਿਸ਼ਵ ਯੁੱਧ ਤੋਂ ਬਾਅਦ, ਇਕ ਆਲਮੀ ਸਾਮਰਾਜ ਬਣ ਗਏ।”
ਇਜ਼ਰਾਇਲ ਨੂੰ ਅਮਰੀਕਨ ਸਾਮਰਾਜ ਵੱਲੋਂ ਹਰ ਤਰ੍ਹਾਂ ਦੀ ਮੱਦਦ ਅਤੇ ਥਾਪੜੇ ਦਾ ਲੰਮਾ ਇਤਿਹਾਸ ਹੈ। ਅੰਦਾਜ਼ਾ ਇਹ ਹੈ ਕਿ 1970ਵਿਆਂ ਤੋਂ ਲੈ ਕੇ ਅਮਰੀਕਾ ਵੱਲੋਂ ਇਜ਼ਰਾਇਲ ਨੂੰ 34000 ਕਰੋੜ ਡਾਲਰ ਸਹਾਇਤਾ ਦਿੱਤੀ ਗਈ ਹੈ। ਇਸ 'ਸਹਾਇਤਾ' ਦੀ ਜ਼ਿਆਦਾਤਰ ਰਕਮ ਬਦਲਵੇਂ ਰੂਪ ’ਚ ਉਨ੍ਹਾਂ ਅਮਰੀਕਨ ਕੰਪਨੀਆਂ ਦੀਆਂ ਤਿਜੌਰੀਆਂ ਵਿਚ ਵਾਪਸ ਆ ਜਾਂਦੀ ਹੈ ਜੋ ਇਜ਼ਰਾਇਲ ਨੂੰ ਅਮਰੀਕਾ ਦਾ ਵਿਕਸਤ ਜੰਗੀ ਸਾਜ਼ੋ-ਸਮਾਨ ਮੁਹੱਈਆ ਕਰਾਉਂਦੀਆਂ ਹਨ।
21ਵੀਂ ਸਦੀ ਵਿਚ ਇਹ ਨੀਤੀ ਪਹਿਲਾਂ ਨਾਲੋਂ ਵੀ ਜ਼ਿਆਦਾ ਹਮਲਾਵਰ ਹੋ ਗਈ ਹੈ। ਇਨ੍ਹਾਂ ਨੂੰ ਜਚਣਹਾਰ ਬਣਾਉਣ ਲਈ ਝੂਠ ਘੜਨ, ਫਿਰ ਇਸ ਝੂਠ ਨੂੰ ਧਾੜਵੀ ਹਮਲਿਆਂ ਅਤੇ ਇਸ ਜ਼ਰੀਏ ਆਪਣੇ ਘਿਣਾਉਣੇ ਸਾਮਰਾਜੀ ਮਨਸੂਬਿਆਂ ਨੂੰ ਅੰਜਾਮ ਦੇਣ ਦਾ ਅਤਿਅੰਤ ਸਪਸ਼ਟ ਪੈਟਰਨ ਹੈ। ਜਿਸ ਮੁਲਕ ਦੇ ਹੁਕਮਰਾਨ ਅਮਰੀਕਨ ਸਾਮਰਾਜ ਨਾਲੋਂ ਕਿਸੇ ਵੀ ਰੂਪ 'ਚ ਤੋੜ-ਵਿਛੋੜਾ ਕਰਦੇ ਹਨ ਜਾਂ ਕਿਸੇ ਤਰ੍ਹਾਂ ਦਾ ਸੁਤੰਤਰ ਰਸਤਾ ਅਖ਼ਤਿਆਰ ਕਰਨ ਦੀ ਜ਼ੁਅਰਤ ਕਰਦੇ ਹਨ, ਉਨ੍ਹਾਂ ਉੱਪਰ ਅਮਰੀਕਨ ਹੁਕਮਰਾਨ ਜੰਗਾਂ ਥੋਪ ਦਿੰਦੇ ਹਨ। ਜਿਨ੍ਹਾਂ ਹਕੂਮਤਾਂ ਵੱਲੋਂ ਭਵਿੱਖ ਵਿਚ ਚੁਣੌਤੀ ਬਣਨ ਦੀ ਸੰਭਾਵਨਾ ਹੈ, ਉਸ ਸੰਭਾਵਨਾ ਨੂੰ ਖ਼ਤਮ ਕਰਨ ਦੀ ਪੇਸ਼ਬੰਦੀ ਵਜੋਂ ਹਮਲੇ ਅਮਰੀਕਨ ਦਸਤੂਰ ਹੈ।
ਇਹ ਅਮਲ ਬਹੁਤ ਸਿਲਸਿਲੇਵਾਰ ਤਰੀਕੇ ਨਾਲ ਚਲਾਇਆ ਜਾਂਦਾ ਹੈ। ਪਹਿਲਾਂ ਅਮਰੀਕਨ ਹੁਕਮਰਾਨ ਨਿਸ਼ਾਨੇ ਬਣਾਏ ਜਾਣ ਵਾਲੇ ਮੁਲਕ ਦੀ ਸਰਕਾਰ ਅੱਗੇ ਖ਼ਾਸ ਮੰਗਾਂ ਰੱਖਕੇ ਉਨ੍ਹਾਂ ਨੂੰ ਪੂਰਾ ਕਰਨ ਲਈ ਕਹਿੰਦੇ ਹਨ ਅਤੇ ਨਿਸ਼ਚਿਤ ਸਮੇਂ ਲਈ ਉਨ੍ਹਾਂ ਨੂੰ ਗੱਲਬਾਤ ਵਿਚ ਉਲਝਾਈ ਰੱਖਦੇ ਹਨ। ਉਹ ਖ਼ਤਰੇ ਦਾ ਕੋਈ ਝੂਠਾ ਬਿਰਤਾਂਤ ਘੜਦੇ ਹਨ ਜਾਂ ਕਿਸੇ ਮਾਮੂਲੀ ਗੱਲ ਨੂੰ ਵਧਾ-ਚੜ੍ਹਾ ਕੇ ਪੇਸ਼ ਕਰਦੇ ਹਨ। ਗੱਲਬਾਤ ਨੂੰ ਸਿਰਫ਼ ਦਿਖਾਵੇ ਵਾਸਤੇ ਵਰਤਿਆ ਜਾਂਦਾ ਹੈ। ਗੱਲਬਾਤ ਦੌਰਾਨ ਨਵੀਆਂ-ਨਵੀਂਆਂ ਤੇ ਨਵਾਜਬ ਮੰਗਾਂ ਲਗਾਤਾਰ ਜੋੜਦੇ ਰਹਿੰਦੇ ਹਨ। ਜਦ ਸਾਰੇ ਪੱਖ ਵਿਚਾਰਕੇ ਜੰਗ ਦੀ ਤਿਆਰੀ ਮੁਕੰਮਲ ਹੋ ਜਾਂਦੀ ਹੈ ਤਾਂ ਉਸ ਮੁਲਕ ਉੱਪਰ ਅਚਾਨਕ ਹਮਲਾ ਕਰ ਦਿੱਤਾ ਜਾਂਦਾ ਹੈ। ਇਸ ਵਰਤਾਰੇ ਨੂੰ ਸਮਝਣ ਲਈ 21ਵੀਂ ਸਦੀ ਦੀਆਂ ਕੁਝ ਮਿਸਾਲਾਂ ਲਈਆਂ ਜਾ ਸਕਦੀਆਂ ਹਨ।
2003 'ਚ ਅਮਰੀਕਾ ਨੇ ਇਰਾਕ 'ਤੇ ਹਮਲਾ ਕਰਨ ਲਈ ਇਹ ਝੂਠਾ ਦਾਅਵਾ ਕੀਤਾ ਕਿ ਇਰਾਕ ਕੋਲ ਵਿਸ਼ਾਲ ਤਬਾਹੀ ਮਚਾਉਣ ਵਾਲੇ ਹਥਿਆਰ (ਡਬਲਯੂ.ਐੱਮ.ਡੀਜ਼) ਹਨ, ਜਿਨ੍ਹਾਂ ਵਿਚ ਪਰਮਾਣੂ ਹਥਿਆਰ ਵੀ ਸ਼ਾਮਲ ਹਨ। ਇਹ ਦਾਅਵਾ ਸੰਯੁਕਤ ਰਾਸ਼ਟਰ ਵਿਚ ਅਮਰੀਕੀ ਬਦੇਸ਼ ਮੰਤਰੀ ਕੌਲਿਨ ਪਾਵੇਲ ਵੱਲੋਂ ਨਕਸ਼ਿਆਂ ਅਤੇ ਕਥਿਤ ਸਬੂਤਾਂ ਦੇ ਨਾਲ ਕੀਤਾ ਗਿਆ। ਇਸਦਾ ਨਾ ਸੰਯੁਕਤ ਰਾਸ਼ਟਰ ਅਤੇ ਅਮਰੀਕੀ ਜਾਂਚ-ਕਰਤਾਵਾਂ ਨੂੰ ਜੰਗ ਤੋਂ ਪਹਿਲਾਂ ਅਜਿਹਾ ਕੋਈ ਸਬੂਤ ਮਿਲਿਆ ਅਤੇ ਨਾ ਜੰਗ ਤੋਂ ਪਿੱਛੋਂ।
ਜੰਗ ਵਿੱਢੇ ਜਾਣ ਤੋਂ ਐਨ ਪਹਿਲਾਂ ਇਰਾਕ ਨੇ ਅਮਰੀਕੀ ਮੰਗਾਂ ਮੰਨ ਲਈਆਂ ਸਨ ਅਤੇ ਹਥਿਆਰ ਨਿਰੀਖਕਾਂ ਨੂੰ ਆਪਣੇ ਫ਼ੌਜੀ ਟਿਕਾਣਿਆਂ ਸਮੇਤ ਹਰ ਥਾਂ ਦੀ ਜਾਂਚ ਦੀ ਇਜਾਜ਼ਤ ਦੇਣੀ ਚਾਹੀ। ਪਰ ਅਮਰੀਕਾ ਨੇ ਆਪਣੀਆਂ ਮੰਗਾਂ ਬਦਲ ਦਿੱਤੀਆਂ — ਹੁਣ ਉਨ੍ਹਾਂ ਨੇ ਮੰਗ ਕਰਨੀ ਸ਼ੁਰੂ ਕਰ ਦਿੱਤੀ ਕਿ ਇਰਾਕੀ ਫ਼ੌਜ ਅਮਰੀਕੀ/ਨਾਟੋ ਫੌਜੀ ਕਬਜ਼ੇ ਨੂੰ ਸਵੀਕਾਰ ਕਰੇ। ਦੂਜੇ ਸ਼ਬਦਾਂ 'ਚ, ਇਰਾਕੀ ਫ਼ੌਜ ਬਿਨਾਂ ਸ਼ਰਤ ਅਮਰੀਕੀ ਫ਼ੌਜ ਅੱਗੇ ਗੋਡੇ ਟੇਕ ਦੇਵੇ।
ਤਬਾਹੀ ਦੇ ਹਥਿਆਰ ਤਾਂ ਸਿਰਫ਼ ਬਹਾਨਾ ਸਨ। ਇਰਾਕ ਯੁੱਧ ਕਦੇ ਵੀ ਅਜਿਹੇ ਹਥਿਆਰਾਂ ਬਾਰੇ ਨਹੀਂ ਸੀ। ਇਹ ਸ਼ੁਰੂ ਤੋਂ ਹੀ ਉੱਥੋਂ ਦੀ ਨਾਬਰ ਹਕੂਮਤ ਨੂੰ ਬਦਲਣ ਲਈ ਸੀ — ‘ਸੁਰੱਖਿਆ’ ਦੇ ਝੂਠੇ ਬਹਾਨੇ ਇਕਤਰਫ਼ਾ ਫ਼ੌਜੀ ਹਮਲਾ। ਅਸਲ ਨਿਸ਼ਾਨਾ ਸੀ ਇਰਾਕ ਵਿਚ ਹਕੂਮਤ ਦਾ ਤਖ਼ਤਾ ਪਲਟਣਾ, ਸਦਾਮ ਹੁਸੈਨ ਨੂੰ ਹਟਾਉਣਾ ਅਤੇ ਉਸ ਦੀ ਸਿਆਸੀ ਪਾਰਟੀ ਨੂੰ ਤੋੜਨਾ।
ਜ਼ਰਾ ਦੇਖੋ, ਇਰਾਨ ਦੇ ਮਾਮਲੇ 'ਚ ਕੀ ਕੀਤਾ ਗਿਆ? 2024 ਦੇ ਅਖ਼ੀਰ 'ਚ ਸੀਰੀਆ ਦੀ ਅਸਦ ਹਕੂਮਤ ਖ਼ਤਮ ਹੋ ਜਾਣ ਅਤੇ ਇੱਧਰ ਟਰੰਪ ਦੇ ਮੁੜ ਸੱਤਾ ਵਿਚ ਆਉਣ ਤੋਂ ਬਾਅਦ ਅਮਰੀਕਾ ਨੇ ਇਰਾਨ ਨੂੰ ਇਹ ਵਿਸ਼ਵਾਸ ਦਿਵਾਉਣ ਲਈ ਗੱਲਬਾਤ ਦੀ ਚਾਲ ਖੇਡੀ ਕਿ ਜੰਗ ਨੂੰ ਟਾਲਣ ਲਈ ਸਮਝੌਤਾ ਹੋ ਸਕਦਾ ਹੈ। ਜਦੋਂ ਇਰਾਨ ਨੇ ਇਹ ਮੰਨ ਲਿਆ ਕਿ ਉਸ ਕੋਲ ਕੋਈ ਪ੍ਰਮਾਣੂ ਬੰਬ ਨਹੀਂ ਹੈ ਅਤੇ ਨਾ ਹੀ ਉਹ ਭਵਿੱਖ ਵਿਚ ਅਜਿਹਾ ਕੁਝ ਬਣਾਏਗਾ, ਤਾਂ ਅਮਰੀਕਾ ਨੇ ਗੱਲਬਾਤ ਦੀਆਂ ਨਵੀਂਆਂ ਸ਼ਰਤਾਂ ਥੋਪ ਦਿੱਤੀਆਂ। ਹੁਣ ਮੰਗ ਕਰਨੀ ਸ਼ੁਰੂ ਕਰ ਦਿੱਤੀ ਕਿ ਇਰਾਨ ਆਪਣੇ ਫ਼ੌਜੀ ਟਿਕਾਣੇ ਅਮਰੀਕੀ ਅਤੇ ਇਜ਼ਰਾਈਲੀ ਨਿਰੀਖਣ ਲਈ ਖੋਲ੍ਹੇ ਅਤੇ ਆਪਣਾ ਸਾਰਾ ਯੂਰੇਨੀਅਮ ਭੰਡਾਰ ਉਨ੍ਹਾਂ ਨੂੰ ਸੌਂਪ ਦੇਵੇ।
ਇਰਾਨ ਨੇ ਆਪਣੇ ਸਿਵਲ ਪ੍ਰਮਾਣੂ ਬਿਜਲੀ ਉਤਪਾਦਨ ਨੂੰ ਚਲਾਉਣ ਲਈ ਜ਼ਰੂਰੀ ਯੂਰੇਨੀਅਮ ਨੂੰ ਛੱਡਕੇ ਬਾਕੀ ਸਾਰਾ ਰੂਸ ਦੇ ਜ਼ਰੀਏ ਅੰਤਰਰਾਸ਼ਟਰੀ ਕੰਟਰੋਲ ਦੇ ਹਵਾਲੇ ਕਰਨ ਦੀ ਪੇਸ਼ਕਸ਼ ਕੀਤੀ, ਪਰ ਅਮਰੀਕਾ ਨੇ ਜ਼ਿੱਦ ਕੀਤੀ ਕਿ ਸਾਰਾ ਯੂਰੇਨੀਅਮ ਉਨ੍ਹਾਂ ਦੇ ਹਵਾਲੇ ਕੀਤਾ ਜਾਵੇ, ਜਿਸਦਾ ਭਾਵ ਸੀ ਕਿ ਇਰਾਨ ਆਪਣੇ ਪਰਮਾਣੂ ਬਿਜਲੀ ਘਰ ਬੰਦ ਕਰੇ। ਇਹ ਨੋਟ ਕਰਨਾ ਜ਼ਰੂਰੀ ਹੈ ਕਿ ਟਰੰਪ ਨੇ ਜਨਤਕ ਤੌਰ 'ਤੇ ਕਿਹਾ ਕਿ 15 ਜੂਨ ਨੂੰ ਹੋਣ ਵਾਲੀ ਗੱਲਬਾਤ ਵਿਚ ਸਮਝੌਤਾ ਲੱਗਭੱਗ ਤੈਅ ਹੈ, ਉਸ ਤੋਂ 48 ਘੰਟੇ ਦੇ ਅੰਦਰ ਹੀ 13 ਜੂਨ ਨੂੰ ਇਜ਼ਰਾਇਲ ਨੇ ਅਚਾਨਕ ਹਮਲਾ ਕਰ ਦਿੱਤਾ। ਇਸਦਾ ਸਪਸ਼ਟ ਉਦੇਸ਼ ਗੱਲਬਾਤ ਦਾ ਭੋਗ ਪਾਉਣਾ ਸੀ। ਇਰਾਨ ਦੀ ਹਵਾਈ ਰੱਖਿਆ ਪ੍ਰਣਾਲੀ ਨੂੰ ਭਾਰੀ ਨੁਕਸਾਨ ਪਹੁੰਚਾਇਆ ਗਿਆ ਅਤੇ ਫ਼ੌਜੀ ਟਿਕਾਣਿਆਂ, ਬਿਜਲੀਘਰਾਂ, ਇੱਥੋਂ ਤੱਕ ਕਿ ਪ੍ਰਮਾਣੂ ਥਾਵਾਂ ਉੱਤੇ ਵੀ ਹਮਲੇ ਕੀਤੇ ਗਏ। ਇਸ ਨਾਲ ਰੇਡੀਏਸ਼ਨ ਦਾ ਰਿਸਾਅ ਹੋਇਆ ਜੋ ਕਿ ਅੰਤਰਰਾਸ਼ਟਰੀ ਕਾਨੂੰਨ ਦੇ ਤਹਿਤ ਜੰਗੀ ਜੁਰਮ ਹੈ। ਇਸਦੇ ਨਾਲ ਹੀ ਗਿਣ-ਮਿੱਥਕੇ ਆਹਲਾ ਫ਼ੌਜੀ ਅਧਿਕਾਰੀਆਂ, ਸਿਵਲ ਵਿਗਿਆਨੀਆਂ ਅਤੇ ਸਰਕਾਰੀ ਨੁਮਾਇੰਦਿਆਂ ਨੂੰ ਕਤਲ ਕੀਤਾ ਗਿਆ। ਪਹਿਲਾਂ ਗਾਜ਼ਾ ਅਤੇ ਲਿਬਨਾਨ ਵਿਚ ਵੀ ਇਹੀ 'ਡਿਕੈਪੀਟੇਸ਼ਨ ਸਟ੍ਰੈਟਜੀ' ਵਰਤੀ ਗਈ ਸੀ। 'ਦੁਸ਼ਮਣ' ਫ਼ੌਜੀ ਤਾਕਤ ਉੱਪਰ ਸਿੱਧਾ ਹਮਲਾ ਕਰਨ ਦੀ ਬਜਾਏ ਧੋਖੇ ਨਾਲ ਉਨ੍ਹਾਂ ਦੀ ਲੀਡਰਸ਼ਿੱਪ ਅਤੇ ਫ਼ੌਜੀ ਕਮਾਨ ਨੂੰ ਖ਼ਤਮ ਦਿਓ।
ਇਹ ਸਭ ਇਰਾਕ ਯੁੱਧ (2003) ਵਾਲੀ ਯੁੱਧਨੀਤੀ ਦਾ ਦੁਹਰਾਓ ਹੀ ਸੀ — ਪਹਿਲਾਂ ਝੂਠੇ ਬਹਾਨੇ ਘੜਕੇ ਜੰਗ ਦਾ ਮਾਹੌਲ ਬਣਾਉਣਾ,ਫਿਰ ਗੱਲਬਾਤ ਵਿਚ ਨਵੀਂਆਂ-ਨਵੀਂਆਂ ਸ਼ਰਤਾਂ ਸ਼ਾਮਲ ਕਰਦੇ ਜਾਣਾ ਅਤੇ ਆਖਿ਼ਰਕਾਰ ਤਬਾਹੀ ਮਚਾਉਣ ਵਾਲਾ ਹਵਾਈ ਹਮਲਾ ਕਰਕੇ ਮੁਲਕ ਦੀ ਆਰਥਿਕਤਾ ਨੂੰ ਅਪਾਹਜ ਕਰ ਦੇਣਾ; ਰਾਜਨੀਤਕ ਅਸਥਿਰਤਾ ਫੈਲਾਕੇ ਸਰਕਾਰ ਬਦਲਣਾ। ਅਮਰੀਕਾ ਵੱਲੋਂ 'ਗੱਲਬਾਤ ਦਾ ਉਦੇਸ਼' ਕਦੇ ਵੀ ਸਮਝੌਤਾ ਕਰਨਾ ਨਹੀਂ ਹੁੰਦਾ- ਇਹ ਜੰਗੀ ਤਿਆਰੀ ਲਈ ਸਮਾਂ ਲੈਣ ਲਈ ਹੁੰਦਾ ਹੈ। ਜਦੋਂ ਜੰਗ ਥੋਪਣ 'ਤੇ ਤੁਲੇ ਅਮਰੀਕਨ ਹੁਕਮਰਾਨਾਂ ਨੂੰ ਝੂਠੇ ਬਹਾਨੇ ਕਾਫ਼ੀ ਨਹੀਂ ਜਾਪਦੇ ਤਾਂ "ਝੂਠੇ ਹਮਲੇ" (ਫਾਲਸ ਫਲੈਗ ਓਪਰੇਸ਼ਨ) ਕਰਵਾਏ ਜਾਂਦੇ ਹਨ। ਵੀਅਤਨਾਮ, ਗਰੇਨਾਡਾ, ਪਨਾਮਾ, ਇਰਾਕ ਅਤੇ ਸੀਰੀਆ ਬਾਰੇ ਝੂਠੇ ਇਲਜ਼ਾਮ ਘੜੇ ਗਏ ਤਾਂ ਜੋ ਪੜ੍ਹਨ-ਸੁਣਨ ਵਾਲੇ ਨੂੰ ਲੱਗੇ ਕਿ ਅਮਰੀਕਾ ਨੇ ਹਮਲਾ ਕਰਕੇ ਸਹੀ ਕੰਮ ਕੀਤਾ ਹੈ।
ਯੂਕਰੇਨ ਸੰਕਟ ਵਿਚ ਵੀ ਅਮਰੀਕਨ ਯੁੱਧਨੀਤੀ ਵਰਤੀ ਗਈ ਪਰ ਵੱਖਰੇ ਤਰੀਕੇ ਨਾਲ। 2014 ’ਚ ਅਮਰੀਕਾ ਦੀ ਮੱਦਦ ਨਾਲ ਯੂਕਰੇਨ ਵਿਚ ਤਖ਼ਤਾ ਪਲਟ ਹੋਇਆ, ਜਿਸ ਤੋਂ ਬਾਅਦ ਰੂਸ ਨੇ ਕ੍ਰਾਈਮੀਆ 'ਤੇ ਕਬਜ਼ਾ ਕਰ ਲਿਆ ਤਾਂ ਜੋ ਨਾਟੋ ਨੂੰ ਕਾਲੇ ਸਮੁੰਦਰ 'ਤੇ ਕਬਜ਼ਾ ਕਰਨ ਤੋਂ ਰੋਕਿਆ ਜਾ ਸਕੇ। 2015 ਦੇ ਮਿੰਸਕ ਸਮਝੌਤੇ ਬਾਰੇ, ਜਿਸ ਦੀ ਜ਼ਾਮਨੀ ਜਰਮਨੀ ਅਤੇ ਫਰਾਂਸ ਨੇ ਦਿੱਤੀ ਸੀ, ਬਾਅਦ ਵਿਚ ਮਰਕਲ ਅਤੇ ਹੋਲੈਂਡੇ ਨੇ ਖੁਦ ਕਬੂਲਿਆ ਕਿ ਇਹ ਰੂਸ ਨੂੰ ਠੱਗਣ ਦੀ ਚਾਲ ਸੀ, ਤਾਂ ਜੋ ਯੂਕਰੇਨ ਨੂੰ ਜੰਗ ਲਈ ਤਿਆਰ ਕੀਤਾ ਜਾ ਸਕੇ। ਅਮਰੀਕਾ ਨੇ 2015 ’ਚ ਹੀ ਯੂਕਰੇਨ ਰਾਹੀਂ ਰੂਸ ਨਾਲ ਜੰਗ ਦੀ ਯੋਜਨਾ ਬਣਾ ਲਈ ਸੀ, ਪਰ ਟਰੰਪ ਦੇ ਸੱਤਾ ਵਿਚ ਆਉਣ ਤੋਂ ਬਾਅਦ ਇਹ ਯੋਜਨਾ ਰੋਕ ਲਈ ਗਈ। ਜਦੋਂ 2021 ਚ ਬਾਇਡਨ ਰਾਸ਼ਟਰਪਤੀ ਬਣਿਆ ਤਾਂ ਇਹ ਯੋਜਨਾ ਅਮਲ ’ਚ ਲਿਆਉਣੀ ਸ਼ੁਰੂ ਕਰ ਦਿੱਤੀ ਗਈ। ਯੂਕਰੇਨ ਨੂੰ ਹਥਿਆਰ ਅਤੇ ਫ਼ੌਜੀ ਸਿਖਲਾਈ ਦਿੱਤੀ ਜਾਣ ਲੱਗੀ। ਫਰਵਰੀ 2022 ’ਚ ਰੂਸ ਨੇ ਯੂਕਰੇਨ ਦੇ ਸੰਭਾਵਿਤ ਹਮਲੇ ਤੋਂ ਪਹਿਲਾਂ ਖੁਦ ਹੀ ਹਮਲਾ ਕਰ ਦਿੱਤਾ, ਜਿਸ ਤੋਂ ਬਾਅਦ ਇਸਤਾਂਬੁਲ ਵਿਚ ਮੁੱਢਲਾ ਸ਼ਾਂਤੀ ਸਮਝੌਤਾ ਹੋਇਆ, ਪਰ ਨਾਟੋ ਗੱਠਜੋੜ ਨੇ ਯੂਕਰੇਨ ਨੂੰ ਉਸਨੂੰ ਰੱਦ ਕਰਨ ਅਤੇ ਜੰਗ ਜਾਰੀ ਰੱਖਣ ਲਈ ਮਨਾ ਲਿਆ।
ਇਰਾਕ ਅਤੇ ਇਰਾਨ ਵਾਂਗ, ਇੱਥੇ ਵੀ ਗੱਲਬਾਤ ਦਾ ਮਕਸਦ ਕਦੇ ਵੀ ਸੱਚਮੁੱਚ ਸਮਝੌਤਾ ਕਰਨਾ ਨਹੀਂ ਸੀ, ਸਗੋਂ ਰੂਸ ਨੂੰ ਧੋਖੇ ਵਿਚ ਰੱਖਕੇ ਯੂਕਰੇਨ ਨੂੰ ਜੰਗ ਲਈ ਤਿਆਰ ਕਰਨਾ ਸੀ। ਅਮਰੀਕਾ ਦਾ ਅਸਲ ਉਦੇਸ਼ ਤਾਂ ਰੂਸ ਵਿਚ ਹਕੂਮਤ ਬਦਲਣਾ ਸੀ — ਆਰਥਕ ਪਾਬੰਦੀਆਂ ਅਤੇ ਜੰਗ ਰਾਹੀਂ ਪੁਤਿਨ ਨੂੰ ਪਾਸੇ ਕਰਨਾ। 2015 ਅਤੇ 2022 ਦੀਆਂ ਗੱਲਬਾਤ ਸਿਰਫ਼ ਸਮਾਂ ਲੈਣ ਦੀ ਚਾਲ ਸੀ। ਰੂਸੀ ਸਾਮਰਾਜੀ ਹੁਕਮਰਾਨ ਵੀ ਇਹ ਚਾਲਾਂ ਬਖ਼ੂਬੀ ਸਮਝਦੇ ਹਨ ਅਤੇ ਉਹ ਯੂਕਰੇਨ ਨੂੰ ਅਮਰੀਕਾ ਦਾ ਸਥਾਨਕ ਫ਼ੌਜੀ ਅੱਡਾ ਬਣਨ ਤੋਂ ਰੋਕਣ ਦੀ ਕੋਸ਼ਿਸ਼ ’ਚ ਹਨ। ਜਿੱਥੋਂ ਤੱਕ ਯੂਕਰੇਨ ਦਾ ਸਵਾਲ ਹੈ, ਉਸ ਨੂੰ ਯੁੱਧ ਰਾਹੀਂ ਤਬਾਹ ਕਰਕੇ ਆਰਥਕ ਤੌਰ ’ਤੇ ਬੁਰੀ ਤਰ੍ਹਾਂ ਆਪਣਾ ਮੁਹਤਾਜ ਬਣਾ ਲਿਆ ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਕਰਜ਼ੇ ਦੇ ਬਹਾਨੇ ਉਸਦੇ ਵਡਮੁੱਲੇ ਖਣਿਜ ਭੰਡਾਰ ਹਥਿਆ ਲਏ ਗਏ।
ਲਿਹਾਜ਼ਾ, ਇਰਾਨ ਉੱਪਰ ਹਮਲੇ ਦੀ ਕੋਈ ਵੀ ਵਾਜਬੀਅਤ ਨਹੀਂ ਬਣਦੀ। ਇਰਾਨ ਦੀ ਆਜ਼ਾਦੀ ਅਤੇ ਪ੍ਰਭੂਸੱਤਾ ਵਿਰੁੱਧ ਟਰੰਪ ਸਰਕਾਰ ਦਾ ਇਹ ਹਮਲਾ ਅੰਤਰਰਾਸ਼ਟਰੀ ਕਾਇਦੇ-ਕਾਨੂੰਨਾਂ ਦੀ ਖੁੱਲ੍ਹੀ ਉਲੰਘਣਾ ਹੈ। ਇਰਾਨ ਦੀ ਹਕੂਮਤ ਨੇ ਸਪਸ਼ਟ ਕਿਹਾ ਹੈ ਕਿ ਉਹ ਇਸ ਹਮਲੇ ਅੱਗੇ ਨਹੀਂ ਝੁਕਣਗੇ। ਪੈਰ-ਪੈਰ 'ਤੇ ਬਿਆਨ ਬਦਲਣ ਵਾਲੇ ਸਾਮਰਾਜੀ ਠੱਗ ਟਰੰਪ ਲਈ ਇਹ ਬੇਸ਼ਰਮੀਂ ਕੋਈ ਖ਼ਾਸ ਗੱਲ ਨਹੀਂ ਹੈ। 2024 ਦੀਆਂ ਚੋਣਾਂ ਦੌਰਾਨ 21ਵੀਂ ਸਦੀ ਵਿਚ ਅਮਰੀਕਾ ਦੀਆਂ 'ਅਮੁੱਕ ਜੰਗਾਂ' ਨੂੰ ਬੰਦ ਕਰਨ ਦੇ ਵਾਅਦੇ ਕਰਨ ਵਾਲੇ ਨੇ ਸੱਤਾ ਵਿਚ ਆ ਕੇ ਛੇ ਮਹੀਨਿਆਂ ਦੇ ਅੰਦਰ ਹੀ ਇਰਾਨ ਵਿਰੁੱਧ ਇਕ ਹੋਰ 'ਅਮੁੱਕ' ਜੰਗ ਛੇੜ ਦਿੱਤੀ ਹੈ। ਜੰਗਾਂ ਦੇ ਇਤਿਹਾਸ ਤੋਂ ਵਾਕਫ਼ ਜਾਗਰੂਕ ਲੋਕ ਜਾਣਦੇ ਹਨ ਕਿ ਦੂਜੀ ਸੰਸਾਰ ਜੰਗ ਤੋਂ ਬਾਅਦ ਅਮਰੀਕਾ ਕਿਸ ਤਰ੍ਹਾਂ ਦੁਨੀਆ ਦੇ ਵੱਖ-ਵੱਖ ਮੁਲਕਾਂ ਵਿਰੁੱਧ ਲਗਾਤਾਰ ਧਾੜਵੀ ਹਮਲੇ ਅਤੇ ਨਹੱਕੀਆਂ ਜੰਗਾਂ ਚਲਾ ਰਿਹਾ ਹੈ।
ਇਸ ਗੱਠਜੋੜ ਨੇ ਫ਼ਲਸਤੀਨੀਂ ਲੋਕਾਂ ਦੀ ਨਸਲਕੁਸ਼ੀ ਕਰਨ ਦੇ ਪਸਾਰਵਾਦੀ ਇਰਾਦੇ ਨਾਲ ਅਕਤੂਬਰ 2023 ਤੋਂ ਲੈ ਕੇ ਗਾਜ਼ਾ ਅਤੇ ਹੋਰ ਸੰਘਣੀ ਵਸੋਂ ਵਾਲੇ ਖੇਤਰਾਂ ਉੱਪਰ ਲਗਾਤਾਰ ਬਾਰੂਦ ਦੀ ਵਾਛੜ ਕਰਕੇ ਪੂਰੇ ਖੇਤਰ ਹੀ ਮਲਬੇ ਦੇ ਢੇਰ ਬਣਾ ਦਿੱਤੇ ਹਨ ਅਤੇ ਨਾਕਾਬੰਦੀ ਰਾਹੀਂ ਬਣਾਏ ਭੁੱਖਮਰੀ ਦੇ ਹਾਲਾਤ ਹੋਰ ਵੀ ਭਿਆਨਕਤਾ ਨਾਲ ਫ਼ਲਸਤੀਨੀਂਆਂ ਨੂੰ ਮੌਤ ਦੇ ਮੂੰਹ ਵਿਚ ਧੱਕ ਰਹੇ ਹਨ। ਇਸ ਨਸਲਕੁਸ਼ੀ ਵਿਚ ਅਮਰੀਕਨ ਸਟੇਟ ਦੀ ਸੂਤਰਧਾਰ ਵਾਲੀ ਭੂਮਿਕਾ ਜੱਗ ਜ਼ਾਹਿਰ ਹੈ। ਹੁਣ ਇਸਦਾ ਵਿਸਤਾਰ ਕਰਕੇ ਇਰਾਨ ਨੂੰ ਅਮੁੱਕ ਜੰਗ ਵਿਚ ਲਪੇਟ ਲਿਆ ਗਿਆ ਹੈ। ਪਿਛਲੇ ਦੋ ਹਫ਼ਤਿਆਂ ਤੋਂ ਅਮਰੀਕੀ-ਇਜ਼ਰਾਇਲੀ ਗੱਠਜੋੜ ਨੇ ਪੂਰੇ ਮੱਧ ਪੂਰਬ ਨੂੰ ਯੁੱਧ ਦਾ ਮੈਦਾਨ ਬਣਾਇਆ ਹੋਇਆ ਹੈ। ਟਰੰਪ ਸਰਕਾਰ ਨੇ ਗਿਣੀ-ਮਿੱਥੀ ਯੋਜਨਾ ਤਹਿਤ ਇਰਾਨ ਨਾਲ ਪ੍ਰਮਾਣੂ ਸਮਝੌਤੇ ਬਾਰੇ ਗੱਲਬਾਤ ਕਰਨ ਦਾ ਜਾਲ ਵਿਛਾਇਆ ਅਤੇ ਇਰਾਨ ਦੀ ਫ਼ੌਜੀ ਲੀਡਰਸ਼ਿੱਪ ਤੇ ਪ੍ਰਮਾਣੂ ਵਿਗਿਆਨੀਆਂ ਦੀ ਲੋਕੇਸ਼ਨ ਦੀ ਸੂਹ ਦੇ ਕੇ ਨੇਤਨਯਾਹੂ ਦਹਿਸ਼ਤਗਰਦ ਗੈਂਗ ਨੂੰ ਉਨ੍ਹਾਂ ਦਾ ਸਫ਼ਾਇਆ ਕਰਨ ਦੀ ਹਰੀ ਝੰਡੀ ਦੇ ਦਿੱਤੀ। ਅਮਰੀਕਨ ਸਾਮਰਾਜੀਏ ਇਜ਼ਰਾਇਲੀ ਦਹਿਸ਼ਤਗਰਦ ਸਟੇਟ ਦੀ ਇਰਾਨ ਉੱਪਰ ਹਮਲਾ ਕਰਨ ਦੀ ਜਿਸ ਮੰਗ ਨੂੰ ਵੱਖ-ਵੱਖ ਕਾਰਨਾਂ ਕਰਕੇ ਟਾਲ ਰਹੇ ਸਨ, ਉਸ ਨੂੰ ਹੁਣ ਅੰਜਾਮ ਦੇ ਦਿੱਤਾ ਗਿਆ।
ਪੱਛਮੀ ਮੀਡੀਆ ਅਤੇ ਪੱਛਮ ਦੇ ਆਗੂ ਇਸ ਨੂੰ ਇਜ਼ਰਾਇਲ ਦੀ "ਸਵੈਰੱਖਿਆ" ਲਈ ਸ਼ੁਰੂ ਕੀਤੀ ਜੰਗ ਦੱਸ ਕੇ ਇਸ ਦੀ ਹਮਾਇਤ ਕਰ ਰਹੇ ਹਨ। ਪ੍ਰਮਾਣੂ ਖ਼ਤਰਾ ਇਰਾਨ ਤੋਂ ਹੈ ਜਿਸਨੇ ਪ੍ਰਮਾਣੂ ਅਪ੍ਰਸਾਰ ਸਮਝੌਤੇ ’ਤੇ ਦਸਖ਼ਤ ਕੀਤੇ ਹੋਏ ਹਨ ਜਾਂ ਅਮਰੀਕਾ ਦੇ ਲਠੈਤ ਇਜ਼ਰਾਇਲ ਤੋਂ, ਜਿਸਨੇ ਇਸ ਸਮਝੌਤੇ ਉੱਪਰ ਦਸਖ਼ਤ ਨਹੀਂ ਕੀਤੇ ਹੋਏ? ਦਰਅਸਲ, ਅਜਿਹੀ ਕੋਈ ਭੜਕਾਹਟ ਬਿਲਕੁਲ ਨਹੀਂ ਸੀ ਜਿਸ ਕਾਰਨ ਇਜ਼ਰਾਇਲ ਨੂੰ ਹਮਲਾ ਕਰਨਾ ਪੈਂਦਾ। ਉਨ੍ਹਾਂ ਕੋਲ ਹਮਲੇ ਦਾ ਕਾਰਨ ਗਿਣਾਉਣ ਲਈ ਸਿਰਫ਼ ਇਰਾਨ ਦੇ ਪਰਮਾਣੂ ਪ੍ਰੋਗਰਾਮ ਬਾਰੇ ਬੇਬੁਨਿਆਦ ਦਾਅਵੇ ਸਨ, ਜਿਨ੍ਹਾਂ ਨੂੰ ਖ਼ੁਦ ਅਮਰੀਕੀ ਖੁਫੀਆ ਏਜੰਸੀਆਂ ਅਤੇ ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ (IAEA) ਵਾਰ-ਵਾਰ ਖਾਰਜ ਕਰ ਚੁੱਕੀਆਂ ਹਨ। ਹਮਲੇ ਦੇ ਸਮੇਂ, ਇਰਾਨ ਅਮਰੀਕਾ ਨਾਲ ਕੂਟਨੀਤਕ ਗੱਲਬਾਤ ਕਰ ਰਿਹਾ ਸੀ, ਇਹ ਤੱਥ ਵੀ ਇਜ਼ਰਾਈਲ ਦੇ ਹਮਲੇ ਦੀ ਦਲੀਲ ਨੂੰ ਝੂਠ ਸਾਬਤ ਕਰਦਾ ਹੈ।
ਇਜ਼ਰਾਈਲ ਦੀਆਂ ਹਮਲਾਵਰ ਕਾਰਵਾਈਆਂ ਦਾ ਅਸਲ ਮਕਸਦ ਸਪਸ਼ਟ ਹੈ: ਮੱਧ ਪੂਰਬ ਵਿੱਚ ਪਰਮਾਣੂ ਹਥਿਆਰਾਂ 'ਤੇ ਆਪਣੀ ਅਜਾਰੇਦਾਰੀ ਬਣਾਈ ਰੱਖਣਾ ਅਤੇ ਇਰਾਨ ਨੂੰ ਕਿਸੇ ਵੀ ਕਿਸਮ ਦੀ ਰੱਖਿਆਤਮਕ ਸਮਰੱਥਾ ਹਾਸਲ ਕਰਨ ਤੋਂ ਰੋਕਣਾ। ਅਮਰੀਕਾ-ਇਜ਼ਰਾਇਲ ਦਹਿਸ਼ਤਵਾਦੀ ਧੁਰੇ ਵੱਲੋਂ ਅੰਤਰਰਾਸ਼ਟਰੀ ਕਾਨੂੰਨ ਦੀ ਇਹ ਉਲੰਘਣਾ ਉਸੇ ਤਰਜ਼ ਦੀ ਹੈ ਜਿਵੇਂ 2003 ਵਿਚ ਅਮਰੀਕਾ ਦੀ ਅਗਵਾਈ 'ਚ ਨਾਟੋ ਤਾਕਤਾਂ ਵੱਲੋਂ ਇਰਾਕ ਵਿਰੁੱਧ ਹਮਲਾ ਕਰਨ ਲਈ ਉਸ ਕੋਲ 'ਵਿਆਪਕ ਤਬਾਹੀ ਦੇ ਹਥਿਆਰ' ਹੋਣ ਦਾ ਝੂਠ ਘੜਿਆ ਗਿਆ ਸੀ। ਪੱਛਮੀ ਤਾਕਤਾਂ ਦੀ ਹਮੇਸ਼ਾ ਇਹ ਖਸਲਤ ਰਹੀ ਹੈ ਕਿ ਜਿਨ੍ਹਾਂ ਅੰਤਰਰਾਸ਼ਟਰੀ ਕਾਇਦੇ-ਕਾਨੂੰਨਾਂ ਦੇ ਇਹ ਦਾਅਵੇ ਕਰਦੀਆਂ ਹਨ, ਆਪਣੇ ਹੀ ਬਣਾਏ ਇਨ੍ਹਾਂ ਕਾਇਦੇ-ਕਾਨੂੰਨਾਂ ਨੂੰ ਤਿਲਾਂਜਲੀ ਦੇ ਕੇ ਅਮਰੀਕਨ-ਇਜ਼ਰਾਈਲੀ ਹਮਲਾਵਰ ਜੰਗਾਂ ਦਾ ਝੂਠੀਆਂ ਦਲੀਲਾਂ ਘੜਕੇ ਸਾਥ ਦਿੰਦੀਆਂ ਹਨ।
ਤਤਕਾਲੀ ਫ਼ੌਜੀ ਟੀਚਿਆਂ ਤੋਂ ਪਾਰ, ਇਹ ਹਮਲਾ ਇਕ ਵਿਆਪਕ ਭੂ-ਰਾਜਨੀਤਕ ਏਜੰਡੇ ਨਾਲ ਜੁੜਿਆ ਹੋਇਆ ਹੈ। ਅਮਰੀਕਨ ਸਾਮਰਾਜੀਏ ਅਤੇ ਨੇਤਨਯਾਹੂ ਦੀ ਅਗਵਾਈ ਹੇਠਲੀ ਉਨ੍ਹਾਂ ਦੀ ਜੋਟੀਦਾਰ ਦਹਿਸ਼ਤਵਾਦੀ ਇਜ਼ਰਾਇਲੀ ਹੁਕਮਰਾਨ ਜੁੰਡਲੀ, ਲੰਬੇ ਸਮੇਂ ਤੋਂ ਇਰਾਨ ਵਿਚ ਸੱਤਾ ਬਦਲਣਾ ਚਾਹੁੰਦੇ ਸਨ। ਉਹ ਚਾਹੁੰਦੇ ਹਨ ਕਿ ਕਿਸੇ ਤਰੀਕੇ ਨਾਲ ਉਸ ਮੁਲਕ ਵਿਚ ਅਫਰਾ-ਤਫ਼ਰੀ ਅਤੇ ਤਬਾਹੀ ਮਚਾ ਕੇ ਮੌਜੂਦਾ ਹਕੂਮਤ ਦਾ ਤਖ਼ਤਾ ਪਲਟਕੇ ਈਰਾਨੀ ਲੋਕਾਂ ਉੱਪਰ ਆਪਣੀ ਪਿੱਠੂ ਸਰਕਾਰ ਥੋਪ ਦਿੱਤੀ ਜਾਵੇ। ਉਨ੍ਹਾਂ ਦਾ ਟੀਚਾ "ਟਾਕਰੇ ਦੇ ਧੁਰੇ" (ਇਰਾਨ, ਹਿਜ਼ਬੁੱਲਾ, ਸੀਰੀਆ, ਅਤੇ ਹੋਰਾਂ) ਨੂੰ ਤੋੜਨਾ ਹੈ, ਜੋ ਖੇਤਰ ਵਿੱਚ ਅਮਰੀਕੀ ਅਤੇ ਇਜ਼ਰਾਈਲੀ ਦਬਦਬੇ ਦਾ ਵਿਰੋਧ ਕਰਦੇ ਹਨ।
ਕੁਲ-ਮਿਲਾ ਕੇ, ਇਹ ਨਹੱਕੀ ਜੰਗ ਸਵੈਰੱਖਿਆ ਲਈ ਨਹੀਂ ਹੈ, ਦਰਅਸਲ ਇਹ ਅਮਰੀਕਾ ਅਤੇ ਉਸ ਦੇ ਜੋਟੀਦਾਰਾਂ ਦੀ ਅਗਵਾਈ ਵਾਲਾ ਇਕ-ਧਰੁਵੀ ਵਿਸ਼ਵ ਪ੍ਰਬੰਧ ਥੋਪਣ ਲਈ ਹੈ। ਜਿਵੇਂ ਕਿ ਇਰਾਕ, ਲਿਬਨਾਨ ਅਤੇ ਗਾਜ਼ਾ ਵਿਚ ਹੋਇਆ, ਜੰਗ ਸਾਮਰਾਜਵਾਦੀ ਹਿੱਤਾਂ ਅਨੁਸਾਰ ਮੱਧ ਪੂਰਬ ਨੂੰ ਅਮਰੀਕੀ ਭੂ-ਯੁੱਧਨੀਤਕ ਜ਼ਰੂਰਤਾਂ ਅਨੁਸਾਰ ਨਵੇਂ ਸਾਂਚੇ ਵਿਚ ਢਾਲਣ ਦਾ ਮਨਭਾਉਂਦਾ ਹਥਿਆਰ ਹੈ। ਅੱਜ ਅਸੀਂ ਜੋ ਮੱਧ-ਪੂਰਬ ਵਿਚ ਦੇਖ ਰਹੇ ਹਾਂ, ਇਹ ਕੋਈ ਰੱਖਿਆਤਮਕ ਕਾਰਵਾਈ ਨਹੀਂ, ਸਗੋਂ ਘਟਦੇ ਵਿਸ਼ਵ ਪ੍ਰਭਾਵ ਵਾਲੀਆਂ ਤਾਕਤਾਂ ਦੁਆਰਾ ਮੱਧ ਪੂਰਬ ਦੀ ਆਪਣੇ ਸਾਮਰਾਜੀ ਹਿਤਾਂ ਲਈ ਭੰਨ-ਘੜ ਦਾ ਇਕ ਹੋਰ ਹਿੰਸਕ ਅਧਿਆਇ ਹੈ। ਰੂਸ ਅਤੇ ਚੀਨ ਇਸ ਸਥਿਤੀ ਨੂੰ ਆਪਣੇ ਲਾਹੇ ਲਈ ਵਰਤਣਗੇ। ਇਸ ਸਾਮਰਾਜੀ ਹੋੜ ਦਾ ਮੁੱਲ ਭਾਰਤ ਸਮੇਤ ਬਹੁਤ ਸਾਰੇ ਮੁਲਕਾਂ ਦੇ ਲੋਕਾਂ ਨੂੰ ਤੇਲ ਦੇ ਭਾਅ ਵਧਣ ਦੇ ਰੂਪ ’ਚ ਚੁਕਾਉਣਾ ਪਵੇਗਾ।
ਇਹ ਵੀ ਸਮਝ ਲੈਣਾ ਚਾਹੀਦਾ ਹੈ ਕਿ ਇਹ ਹਮਲਾ ਇਰਾਨ, ਜਾਂ ਇਸ ਤੋਂ ਅੱਗੇ ਮੱਧ-ਪੂਰਬ ਤੱਕ ਰੁਕਣ ਵਾਲਾ ਨਹੀਂ ਹੈ। ਜੇ ਇਸ ਨੂੰ ਰੋਕਿਆ ਨਹੀਂ ਜਾਂਦਾ ਤਾਂ ਇਹ ਪੂਰੀ ਦੁਨੀਆ ਨੂੰ ਵਿਆਪਕ ਤਬਾਹੀ ਦੇ ਮੂੰਹ ਧੱਕ ਸਕਦਾ ਹੈ। ਦੁਨੀਆ ਭਰ ਦੇ ਅਮਨਪਸੰਦ ਲੋਕਾਂ ਨੂੰ ਇਹ ਹਕੀਕਤ ਸਮਝਣੀ ਚਾਹੀਦੀ ਹੈ ਅਤੇ ਸੜਕਾਂ 'ਤੇ ਨਿਕਲਕੇ ਆਪੋ ਆਪਣੀਆਂ ਸਰਕਾਰਾਂ ਉੱਪਰ ਦਬਾਅ ਬਣਾਕੇ ਉਨ੍ਹਾਂ ਨੂੰ ਘੋਰ ਪਿਛਾਖੜੀ ਅਮਰੀਕਨ-ਇਜ਼ਰਾਇਲੀ ਦਹਿਸ਼ਤਵਾਦੀ ਧੁਰੇ ਨਾਲੋਂ ਸੰਬੰਧ ਤੋੜਨ ਅਤੇ ਸਾਮਰਾਜੀ ਜੰਗਾਂ ਦਾ ਵਿਰੋਧ ਕਰਨ ਲਈ ਮਜਬੂਰ ਕਰਨਾ ਚਾਹੀਦਾ ਹੈ।