ਦੁਸ਼ਵਾਰੀਆਂ ਚ ਫਸੀ ਦੁਨੀਆਂ ਦੀ ਬਹਾਦਰ ਕੌਮ - ਬਘੇਲ ਸਿੰਘ ਧਾਲੀਵਾਲ

ਜਦੋ ਸਮਾ ਅਨਕੂਲ ਨਾ ਹੋਵੇ ਤਾਂ ਬਹੁਤ ਕੁੱਝ ਅਜਿਹਾ ਵਾਪਰਦਾ ਹੈ,ਜਿਹੜਾ ਕਿਆਸ ਅਰਾਈਆਂ ਵਿੱਚ ਵੀ ਨਹੀ ਹੁੰਦਾ।ਸਮਾ ਅਨੁਕੂਲ ਨਾ ਹੋਣ ਦਾ ਮਤਲਬ ਹੈ ਜਦੋ ਤੁਹਾਡੀ ਕਿਸੇ ਪਾਸੇ ਕੋਈ ਅਵਾਜ ਨਾ ਸੁਣੀ ਜਾਂਦੀ ਹੋਵੇ।ਸੱਤਾ ਤੁਹਾਡੇ ਹੱਕ ਵਿੱਚ ਨਾ ਹੋਵੇ। ਉਦੋਂ ਤੁਹਾਡੇ ਚਤਰ ਚਲਾਕ ਦੁਸ਼ਮਣਾਂ ਵੱਲੋਂ ਤੁਹਾਡੇ ਖਿਲਾਫ ਅਜਿਹਾ ਭੰਡੀ ਪਰਚਾਰ ਕਰ ਦਿਤਾ ਜਾਂਦਾ ਹੈ,ਜਿਸ ਨਾਲ ਤੁਸੀ ਦੁਸ਼ਮਣਾਂ ਵਿੱਚ ਤਾਂ ਦੁਰਕਾਰੇ ਜਾਵੋਂਗੇ ਹੀ ਬਲਕਿ ਤੁਹਾਡੇ ਆਪਣੇ ਵੀ ਤੁਹਾਨੂੰ ਸ਼ੱਕ ਦੀ ਨਜਰ ਨਾਲ ਦੇਖਣ ਲੱਗਦੇ ਹਨ।ਸੋ ਅਜਿਹਾ ਵਰਤਾਰਾ ਮੌਜੂਦਾ ਦੌਰ ਵਿੱਚ ਸਿੱਖਾਂ ਨਾਲ ਵਾਪਰ ਰਿਹਾ ਹੈ।ਸਿੱਖ ਕਿਉਕਿ ਦੁਨੀਆਂ ਦੀਆਂ ਬਹਾਦਰ ਕੌਂਮਾਂ ਵਿੱਚੋਂ ਇੱਕ ਹੈ,ਇਸ ਕੌਮ ਨੇ ਆਪਣੀ ਬਹਾਦਰੀ ਦਾ ਲੋਹਾ 18ਵੀਂ 19ਵੀ ਅਤੇ 20ਵੀਂ ਸਦੀ ਵਿੱਚ ਮਨਾਇਆ ਹੈ। ਭਾਰਤੀ ਸੱਤਾ ਉੱਤੇ ਅਜਿਹੀਆਂ ਤਾਕਤਾਂ ਦਾ ਬੋਲਬਾਲਾ ਹਮੇਸਾਂ ਹੀ ਰਿਹਾ ਹੈ,ਜਿਹੜੀਆਂ ਮੁਤੱਸਵੀ ਸੋਚ ਨੂੰ ਪਰਨਾਈਆਂ ਹੋਈਆਂ ਹਨ।ਇਹੋ ਕਾਰਨ ਹੈ ਕਿ ਅਜਾਦ ਭਾਰਤ ਅੰਦਰ ਦੋ ਵਾਰ ਸਿੱਖਾਂ ਦੇ ਸਰਬ ਉੱਚ ਅਤੇ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਉੱਪਰ ਕੇਂਦਰੀ ਹਾਕਮਾਂ ਵੱਲੋਂ ਅਤੇ ਇੱਕ ਵਾਰ ਕੇਂਦਰੀ ਹਾਕਮਾਂ ਦੇ ਥਾਪੇ ਸੂਬੇਦਾਰ ਦੀ ਪਦਵੀ ਵਾਲੇ ਮੁੱਖ ਮੰਤਰੀ ਵੱਲੋਂ ਫੌਜੀ ਤਰਜ ਦੇ ਓਪਰੇਸ਼ਨ ਕੀਤੇ ਗਏ ਹਨ।ਇੱਥੋ ਦੇ ਲੋਕਾਂ ਦੀ ਬਦ-ਕਿਸਮਤੀ ਇਹ ਰਹੀ ਹੈ ਕਿ ਇਹਨਾਂ ਦੇ ਹੱਕਾਂ ਹਿਤਾਂ ਦੀ ਨਾ ਕੋਈ ਗੱਲ ਕਰਨ ਵਾਲਾ ਆਇਆ ਅਤੇ ਨਾ ਕੋਈ ਸੁਨਣ ਵਾਲਾ ,ਜਿਹੜਾ ਹੱਕਾਂ ਲਈ ਉੱਠਿਆ ਉਹ ਕੁਚਲਿਆ ਗਿਆ। ਜਿਹੜੇ ਹੱਥ ਮਿਲਾ ਗਏ ਉਹ ਰਾਜ ਭਾਗ ਦੇ ਮਾਲਕ ਬਣਦੇ ਰਹੇ। ਪੰਜਾਬ ਕਿਉਂਕਿ ਇੱਕ ਵਿਰੋਧੀ ਸੋਚ ਅਤੇ ਵੱਖਰੇ ਮਜਹਬ ਦੇ ਲੋਕਾਂ ਦੀ ਧਰਤੀ ਹੋਣ ਕਰਕੇ ਹਮੇਸਾਂ ਹੀ ਕੇਂਦਰੀ ਤਾਕਤਾਂ ਦੇ ਅੱਖਾਂ ਵਿੱਚ ਰੜਕਦਾ ਰਿਹਾ। ਪੰਜਾਬੀਆਂ ਵੱਲੋਂ ਆਪਣੇ ਹੱਕਾਂ ਲਈ ਉਠਾਈ ਜਾਂਦੀ ਆਵਾਜ ਨੂੰ  ਕਦੇ ਵੀ ਉਸ ਨਜਰੀਏ ਨਾਲ ਨਹੀ ਦੇਖਿਆ ਗਿਆ,ਜਿਸ ਨਜਰੀਏ ਨਾਲ ਬਾਕੀ ਸੂਬਿਆਂ ਨੂੰ ਦੇਖਿਆ ਜਾਂਦਾ ਹੈ।ਮਸਾਲ ਦੇ ਤੌਰ ਤੇ ਜੇਕਰ ਤਤਕਾਲੀ ਪ੍ਰਧਾਨ ਮੰਤਰੀ ਨੇ ਐਮਰਜੰਸੀ ਲਾਈ ਤਾਂ ਉਹਦੇ ਵਿਰੋਧ ਵਿੱਚ ਭਾਰਤ ਦੇ ਲੋਕਾਂ ਨੇ ਵਿਰੋਧ ਜਤਾਇਆ,ਜੇਲਾਂ ਭਰੀਆਂ,ਪਰ ਇਹ ਹੀ ਵਿਰੋਧ ਜਦੋ ਪੰਜਾਬ ਨੇ ਕੀਤਾ ਤਾਂ ਉਹ ਸੱਤਾ ਦੇ ਚੇਤਿਆਂ ਵਿੱਚ ਵਸ ਗਿਆ,ਕਾਲਜੇ ਤੇ ਲੜਦਾ ਰਿਹਾ।ਸੱਤਾਧਾਰੀਆਂ ਦੀ ਓਨੀ ਦੇਰ ਨੀਂਦ ਹਰਾਮ ਕਰਦਾ ਰਿਹਾ ਜਿੰਨੀ ਦੇਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰਕੇ ਹਜਾਰਾਂ ਬੇਗੁਨਾਹ ਲੋਕਾਂ ਨੂੰ ਮੌਤ ਦੇ ਘਾਟ ਨਹੀ ਉਤਾਰ ਦਿੱਤਾ ਗਿਆ,ਜਿੰਨੀ ਦੇਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਨਹੀ ਕਰ ਦਿੱਤਾ।ਏਸੇ ਤਰਾਂ ਹੀ ਦਿੱਲੀ ਵਿੱਚ ਭਾਰਤ ਪੱਧਰ ਦੇ ਲੱਖਾਂ ਕਿਸਾਨਾਂ ਨੇ ਅੰਦੋਲਨ ਕੀਤਾ ਪਰ ਦੇਸ ਦੇ ਹਾਕਮ  ਨੂੰ ਸਭ ਤੋ ਵੱਧ ਦਰਦ ਪੰਜਾਬ ਦੇ ਲੋਕਾਂ ਦੇ ਵਿਰੋਧ ਨੇ ਦਿੱਤਾ,ਬੀਤੇ ਦਿਨੀ ਜਦੋ ਭਾਂਰਤ ਨੇ ਪਾਕਿਸਤਾਨ ਤੇ ਹਮਲਾ ਕਰਨ ਦਾ ਐਲਾਨ ਕੀਤਾ ਤਾਂ ਪੰਜਾਬੀਆਂ ਨੇ ਇਸ ਜੰਗ ਦਾ ਵਿਰੋਧ ਕੀਤਾ।ਉਹਨਾਂ ਇਸ ਜੰਗ ਦਾ ਵਿਰੋਧ ਇਸ ਕਰਕੇ ਨਹੀ ਕੀਤਾ ਕਿ ਪਾਕਿਸਤਾਨ ਨਾਲ ਉਹਨਾਂ ਦੀ ਜਿਆਦਾ ਨੇੜਤਾ ਹੈ ਬਲਕਿ ਇਸ ਕਰਕੇ ਕੀਤਾ ਕਿਉਂਕਿ ਦੋਵਾਂ ਪਾਸਿਆਂ ਤੋ ਹੋਣ ਵਾਲੇ ਹਮਲਿਆਂ ਵਿੱਚ ਸਭ ਤੋ ਵੱਧ ਘਾਣ ਪੰਜਾਬ ਦਾ ਹੀ ਹੋਣਾ ਸੀ।ਸੋ ਭਾਵੇ ਪੰਜਾਬੀਆਂ ਦਾ ਭਾਰਤ ਪਾਕਿਸਤਾਨ ਦੀ ਜੰਗ ਦਾ ਵਿਰੋਧ ਕਰਨਾ ਜਾਇਜ ਸੀ,ਪਰ ਹਾਕਮ ਨੂੰ ਅਜਿਹਾ ਵੀ ਬਿਲਕੁਲ ਪਸੰਦ ਨਹੀ ਹੈ,ਕਿਉਂਕਿ ਵਿਰੋਧ ਕਰਨ ਵਾਲੇ ਉਹਦੇ ਆਪਣੇ ਨਹੀ ਹਨ,ਬਲਕਿ ਉਹ ਇੱਕ ਅਜਿਹੀ ਵੱਖਰੀ ਕੌਂਮ ਹੈ,ਜਿਸ ਦਾ ਡੰਕਾ ਸਾਰੀ ਦੁਨੀਆਂ ਤੇ ਅੱਜ ਵੀ ਵੱਜਦਾ ਹੈ। ਇਹੋ ਕਾਰਨ ਹੈ ਕਿ ਹਾਕਮ ਹਮੇਸਾਂ ਪੰਜਾਬ ਨੂੰ ਪਰਾਏ ਰੂਪ ਵਿੱਚ ਦੇਖਦਾ ਅਤੇ ਵਿਹਾਰ ਕਰਦਾ ਹੈ।ਜੇ ਕਨੂੰਨ ਦੀ ਗੱਲ ਕਰੀਏ ਤਾਂ ਬੀਤੇ ਵਿੱਚ ਬੀਬੀ ਇੰਦਰਾ ਗਾਂਧੀ ਖਾਤਰ ਜਹਾਜ਼ ਅਗਵਾ ਕਰਨ ਵਾਲੇ ਨੂੰ ਬਜੀਰੀਆਂ ਨਾਲ ਨਿਵਾਜਿਆ ਗਿਆ।ਸਿੱਖਾਂ ਦਾ ਕਤਲੇਆਮ ਕਰਵਾਉਣ ਵਾਲਿਆਂ ਨੂੰ ਬਜੀਰੀਆਂ ਦੀ ਬਖਸ਼ਿਸ਼ ਹੋਈ,ਇੱਥੋ ਤੱਕ ਕਿ ਰਜੀਵ  ਗਾਂਧੀ ਦਾ ਕਤਲ ਕਰਨ ਵਾਲਿਆਂ ਨੂੰ  ਨੂੰ ਵੀ ਰਿਹਾਅ ਕਰ ਦਿੱਤਾ ਗਿਆ,ਪਰ ਆਪਣੇ ਹੱਕਾਂ ਲਈ ਢੱਠੇ ਅਕਾਲ ਤਖਤ ਸਾਹਿਬ ਦੇ ਰੋਸ ਵਜੋਂ ਹੱਥਾਂ ਵਿੱਚ ਹਥਿਆਰ ਲੈ ਕੇ ਬਦਲਾ ਲੈਣ ਲਈ ਖਾੜਕੂ ਸੰਘਰਸ਼ ਦੇ ਰਾਹ ਪਏ ਸਿੱਖ ਨੌਜਵਾਨਾਂ ਨੂੰ ਬੁਰੀ ਤਰਾਂ ਕੁਚਲ ਦਿੱਤਾ ਗਿਆ ਬਲਕਿ ਉਹਨਾਂ ਦੀ ਇੱਕ ਪੀਹੜੀ ਨੂੰ ਮੁਕੰਮਲ ਰੂਪ ਵਿੱਚ ਖਤਮ ਕਰ ਦਿੱਤਾ ਗਿਆ,ਉਸ ਤੋ ਅਗਲੀ ਨੂੰ ਨਸ਼ਿਆਂ ਦੇ ਰਾਹ ਤੋਰਕੇ ਸੁਰਖਰੂ ਹੋਇਆ ਸਮਝਦਾ  ਦੇਸ ਦਾ ਹਾਕਮ ਹਥਿਆਰਬੰਦ ਸੰਘਰਸ ਦੌਰਾਨ ਗਿਰਫਤਾਰ ਕੀਤੇ ਨੌਜਵਾਨਾਂ ਨੂੰ 30,30 35,35 ਸਾਲ ਜੇਲ ਦੀਆਂ ਹਨੇਰੀਆਂ ਕਾਲ ਕੋਠੜੀਆਂ ਵਿੱਚ ਸਾੜਨ ਦੇ ਬਾਵਜੂਦ ਵੀ ਰਿਹਾਅ ਕਰਨ  ਲਈ ਤਿਆਰ ਨਹੀ।ਇਸ ਦਾ ਮਤਲਬ ਸਪੱਸਟ ਹੈ ਕਿ ਇਸ ਦੇਸ ਦੇ ਹਾਕਮ ਨੇ ਅਤੇ ਦੇਸ ਦੇ ਕਨੂੰਨ ਨੇ ਪੰਜਾਬ ਦੇ ਜਾਇਆਂ ਨੂੰ ਆਪਣੇ ਸਮਝਿਆ ਹੀ ਨਹੀ।ਜਦੋ ਵੀ ਕਿਧਰੇ ਭਾਰਤ ਪੱਧਰ ਤੇ ਕੋਈ ਸੰਘਰਸ਼ ਉੱਠਦਾ ਹੈ,ਤਾਂ ਉਹਦੇ ਵਿੱਚ ਬਹੁ ਗਿਣਤੀ ਵਿੱਚ ਮਰਨ ਵਾਲੇ ਗੈਰ ਹਿੰਦੂ ਹੀ ਹੋਣਗੇ।ਕਿਉ ਕਿ ਹਿੰਦੂ ਭਾਈਚਾਰੇ ਦਾ ਤਾਂ ਆਪਣਾ ਮੁਲਕ ਹੈ,ਉਹਨਾਂ ਨੂੰ ਕਿਸੇ ਗਰੀਬ ਦਲਿੱਤ ਦੇ ਮੂੰਹ ਵਿੱਚ ਪਿਸਾਬ ਕਰਨ ਦਾ ਵੀ ਅਧਿਕਾਰ  ਹੈ,ਉਹਨਾਂ ਨੂੰ ਬੇਰਹਿਮੀ ਨਾਲ ਮਾਰਨ ਦਾ ਵੀ ਪੂਰਾ ਅਧਿਕਾਰ ਹੈ,ਇੱਕ ਕਾਤਲ ਪਰਧਾਨ ਮੰਤਰੀ ਦੇ ਕਤਲ ਦੇ ਬਦਲੇ ਵਿੱਚ ਹਜਾਰਾਂ ਸਿੱਖ ਪਰਿਵਾਰਾਂ ਨੂੰ ਸ਼ਰੇਆਮ ਤੇਲ ਪਾਕੇ, ਗਲ਼ਾਂ ਵਿੱਚ ਟਾਇਰ ਪਾਕੇ ਜਿਉਂਦੇ ਸਾੜਨ ਤੱਕ ਦਾ ਅਧਿਕਾਰ ਪਰਾਪਤ ਹੈ,ਕਿਉਂਕਿ ਰਾਜ ਭਾਗ ਆਪਣਾ ਹੈ।ਰਾਜ ਭਾਗ ਬਹੁਤ ਵੱਡੀ ਚੀਜ ਹੈ। ਏਥੇ ਜਿਹੜਾ ਜਿੱਤਦਾ ਹੈ ਉਹ ਭਗਵਾਨ ਬਣ ਜਾਂਦਾ ਹੈ ਤੇ ਹਾਰਨ ਵਾਲਾ ਜਤ ਸਤ ਵਿੱਚ ਪੱਕਾ ਰਹਿਣ ਦੇ ਬਾਵਜੂਦ ਵਿਦਵਾਨ ਹੋਕੇ ਵੀ ਬਦੀ ਦਾ ਪਰਤੀਕ ਬਣ ਜਾਂਦਾ ਹੈ। ਅਜਿਹਾ ਕੁੱਝ ਹੀ ਸਿੱਖਾਂ ਨਾਲ ਵੀ ਵਾਪਰ ਰਿਹਾ ਹੈ। ਕਦੇ ਕਨਿਆ ਕੁਮਾਰੀ ਤੋ ਦੱਰਰਾ ਖੈਬਰ ਤੱਕ ਰਾਜ ਭਾਗ ਦੇ ਝੰਡੇ ਝੁਲਾਉਣ ਵਾਲੇ ਅੱਜ ਮੁੱਠੀ ਭਰ ਏਰੀਏ ਚ ਸੁੰਗੜ ਕੇ ਦਿਨ ਕਟੀ ਕਰਨ ਲਈ ਮਜਬੂਰ ਹਨ,ਬਲਕਿ ਆਪਣੀ ਬਹਾਦਰੀ ਕਰਕੇ ਹਾਕਮ ਦੀਆਂ ਅੱਖਾਂ ਵਿੱਚ ਸੂਈ ਦੀ ਚੋਭ ਵਾਂਗ ਰੜਕਦੇ ਹਨ। ਇਹੋ ਕਾਰਨ ਹੈ ਕਿ ਪਾਕਿਸਤਾਨ ਨਾਲ ਜੰਗ ਦੇ ਅਸਾਰ ਮੌਕੇ ਪੰਜਾਬ ਤੋ ਸਹਿਯੋਗ  ਨਾ ਮਿਲਣ ਦਾ ਨਤੀਜਾ ਇਹ ਹੈ ਕਿ ਹੁਣ ਪਾਕਿਸਤਾਨ ਗਏ ਯਾਤਰੂਆਂ,ਪੱਤਰਕਾਰਾਂ ਦੀਆਂ ਆਈ ਐਸ ਆਈ ਨਾਲ ਸਬੰਧਾਂ ਨੂੰ ਦਰਸਾਉਂਦੀਆਂ ਫਾਇਲਾਂ ਖੁੱਲ ਰਹੀਆਂ ਹਨ। ਜਾਗਦੇ ਲੋਕਾਂ ਨੂੰ ਇੱਕ ਵਾਰ ਫਿਰ ਸਬਕ ਸਿਖਾਉਣ ਦਾ ਤਾਣਾ ਬੁਣਿਆ ਜਾ ਚੁੱਕਾ ਹੈ।ਪਹਿਲਾਂ ਹੀ ਉੱਪਰ ਲਿਖਿਆ ਜਾ ਚੁੱਕਾ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਦੇਸ ਦੇ ਹਾਕਮ ਦੇ ਸੂਬੇਦਾਰ ਤੋ ਵੱਧ ਤਾਕਤ ਨਹੀ ਰੱਖਦਾ,ਜਿਸ ਕਰਕੇ ਆਪਣੇ ਲੋਕਾਂ ਤੇ ਜੁਲਮ ਜਬਰ ਦਾ ਕੁਹਾੜਾ  ਚਲਾਉਣ ਲਈ ਉਹਨੂੰ ਕੁਹਾੜੇ ਦਾ ਦਸਤਾ ਬਣਨ ਲਈ ਮਜਬੂਰ ਹੋਣਾ  ਪੈਂਦਾ ਹੈ। ਪ੍ਰੈਸ ਦੀ ਜੁਬਾਨ ਬੰਦ ਕੀਤੀ ਹੋਈ ਹੈ,ਲੋਕਤੰਤਰ ਦੇ ਇਸ ਚੌਥੇ ਥੰਮ ਦੀ ਹਾਲਤ ਬੇਹੱਦ ਖਸਤਾ ਬਣੀ ਹੋਈ।ਇਹ ਸਾਰਾ ਵਰਤਾਰਾ ਬਾਕੀ ਦੇਸ਼ ਦੇ ਮੁਕਾਬਲੇ ਪੰਜਾਬ ਅੰਦਰ ਜਿਆਦਾ ਕਰੂਰਤਾ ਭਰਪੂਰ ਹੈ। ਇੱਥੋ ਦੇ ਬਹੁਗਿਣਤੀ ਸਿੱਖ ਭਾਈਚਾਰੇ ਨੂੰ ਘੱਟ ਗਿਣਤੀ ਵਿੱਚ ਕਰਨ ਲਈ ਪਰਵਾਸੀਆਂ ਨੂੰ ਜਾਇਦਾਦਾਂ ਦੇ ਮਾਲਕ ਬਣਾ ਕੇ ਵਸਾਇਆ ਜਾ ਰਿਹਾ ਹੈ।ਸਿੱਖ ਭਾਈਚਾਰੇ ਦੇ ਧਾਰਮਿਕ ਰੀਤੀ ਰਿਵਾਜ ਬਿਗਾੜੇ ਜਾ ਰਹੇ ਹਨ,ਸਿਧਾਤਾਂ ਨਾਲ ਛੇੜਛਾੜ ਵੱਡੇ ਪੱਧਰ ਤੇ ਹੋ ਰਹੀ ਹੈ।ਸਿੱਖ ਇਤਿਹਾਸ ਵਿਗਾੜਨ ਲਈ ਲਾਲਚੀ ਕਿਸਮ ਦੇ ਸਿੱਖ ਬੁੱਧੀਜੀਵੀਆਂ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ,ਲਿਹਾਜ਼ਾ ਧੰਨ ਸ੍ਰੀ ਗੁਰੂ ਗਰੰਥ ਸਾਹਿਬ ਦੀ ਬਾਣੀ ਤੇ ਸ਼ੰਕੇ ਖੜੇ ਕੀਤੇ ਜਾ ਰਹੇ ਹਨ,ਗੁਰੂ ਸਾਹਿਬਾਨਾਂ ਦੇ ਜਨਮ ਦਿਹਾੜਿਆਂ ਤੇ ਮੱਤਭੇਦ ਬਣਾ ਦਿੱਤੇ ਗਏ ਹਨ,ਜਨਮ  ਦਿਹਾੜਿਆਂ ਨੂੰ ਸ਼ਹੀਦੀ ਦਿਨਾਂ ਵਿੱਚ ਰਲਗੱਡ ਕਰਕੇ ਦੁਬਿਧਾ ਪੈਦਾ ਕੀਤੀ ਜਾ ਰਹੀ ਹੈ। ਦਮਦਮੀ ਟਕਸਾਲ ਦੀ ਹੋਂਦ ਤੇ ਸਵਾਲ ਉਠਾ ਰਿਹਾ ਹੈ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਹੋੰਦ ਨੂੰ ਵੀ ਚੈਲੰਜ ਕਰਨ ਦੇ ਯਤਨ ਹੋ ਰਹੇ ਹਨ। ਭਾਵ ਕਿ ਜਦੋ ਹਾਲਾਤ ਸ਼ਾਜਗਾਰ ਨ ਹੋਣ ਤਾਂ  ਤੁਹਾਨੂੰ ਹਰ ਪਾਸੇ ਤੋ ਦੱਬਣ ਲਈ  ਸਾਜਿਸ਼ਾਂ ਬਣਦੀਆਂ ਰਹਿਣਗੀਆਂ।ਤੁਹਾਡੀ ਰੁਹਾਨੀ ਅਤੇ ਦੁਨਿਆਵੀ ਤਾਕਤ ਨੂੰ ਕਮਜੋਰ ਕੀਤਾ ਜਾਵੇਗਾ। ਆਪਸੀ  ਪਾਟੋਧਾੜ ਵੀ ਉਪਰੋਕਤ ਰਣਨੀਤੀ ਦੀ ਇੱਕ ਕੜੀ ਹੈ,ਪਰ ਅਫਸੋਸ ਇਸ ਗੱਲ ਦਾ ਹੈ ਕਿ  ਸਿੱਖ ਸਮਝਣ ਨੂੰ ਤਿਆਰ ਨਹੀ ਹਨ।ਸਿੱਖ ਲੀਡਰਸ਼ਿੱਪ ਆਪਣਿਆਂ ਨਾਲੋਂ ਬੇਗਾਨਿਆਂ ਨਾਲ ਸਾਂਝ ਰੱਖਣ ਨੂੰ ਪਹਿਲ ਦਿੰਦੀ ਹੈ।ਆਪਣੇ ਹੱਕਾਂ ਦੀ ਗੱਲ ਕਰਨ ਵਾਲਿਆਂ ਨੂੰ  ਰਵਾਇਤੀ ਲੀਡਰਸ਼ਿੱਪ ਹਾਕਮ ਤੋ ਪਹਿਲਾਂ ਹੀ  ਅਪਣੇ ਦੁਸ਼ਮਣ ਗਰਦਾਨ ਦਿੰਦੀ ਹੈ। ਕੌਂਮੀ ਅਜਾਦੀ ਜਾਂ ਕੌਂਮੀ ਘਰ ਦੀ ਗੱਲ ਕਰਨ ਵਾਲਿਆਂ ਨਾਲੋਂ ਨਿਖੇੜਾ ਕਰਕੇ ਕੇਂਦਰੀ ਹਾਕਮਾਂ ਨੂੰ ਵਫ਼ਾਦਾਰੀ ਦੇ ਸਬੂਤ ਪੇਸ਼ ਕੀਤੇ  ਜਾਂਦੇ ਹਨ। ਲੰਘੇ ਘੱਲੂਘਾਰਾ ਦਿਵਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋ ਨਿਭਾਏ ਜਥੇਦਾਰੀ ਦੇ ਫਰਜਾਂ ਤੋ ਰਵਾਇਤੀ ਲਾਣਾ ਖਫ਼ਾ ਜਾਪਦਾ ਹੈ।ਲਿਹਾਜ਼ਾ ਸਰੋਮਣੀ  ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਗ ਕਮੇਟੀ ਜਥੇਦਾਰ ਨੂੰ ਬਦਲਣ ਦੇ ਬਹਾਨੇ ਤਲਾਸਣ ਲੱਗੀ ਹੈ।ਜੇਕਰ ਇਹ ਖਦਸ਼ੇ ਸੱਚ ਹੁੰਦੇ ਹਨ,ਤਾਂ ਇਹ ਕੌਂਮ ਦੇ ਭਵਿੱਖ ਲਈ ਬੇਹੱਦ ਮਾੜਾ ਹੋਵੇਗਾ। ਸੋ ਉਪਰੋਕਤ ਦੁਸ਼ਵਾਰੀਆਂ ਚ ਫਸੀ ਦੁਨੀਆਂ ਦੀ ਬਹਾਦਰ ਕੌਂਮ ਦਾ ਓਨੀ ਦੇਰ ਭਲਾ ਹੋਣ ਦੀ ਕੋਈ ਸੰਭਾਵਨਾ ਨਹੀ ਜਿੰਨੀ ਦੇਰ ਸਿੱਖ ਲੀਡਰਸ਼ਿੱਪ ਪੰਥ ਪੰਜਾਬ ਅਤੇ ਪੰਜਾਬੀਅਤ ਨੂੰ ਸਮਰਪਿਤ ਹੋਕੇ ਇਮਾਨਦਾਰੀ ਨਾਲ ਇੱਕਜੁੱਟਤਾ ਦੇ ਰਾਹ ਨਹੀ ਤੁਰਦੀ।
ਬਘੇਲ ਸਿੰਘ ਧਾਲੀਵਾਲ
99142-58142