ਘੱਲੂਘਾਰਾ ਦਿਵਸ ਬਨਾਮ ਸ੍ਰੀ ਅਕਾਲ ਤਖਤ ਸਾਹਿਬ ਦਾ ਸੰਕਲਪ - ਬਘੇਲ ਸਿੰਘ ਧਾਲੀਵਾਲ

ਸਿੱਖ ਕੌਂਮ ਇਸ ਮੌਕੇ ਬਹੁਤ ਮੁਸਕਲ ਦੌਰ ਵਿੱਚੋਂ ਗੁਜ਼ਰ ਰਹੀ ਹੈ।ਆਪਸੀ ਪਾਟੋਧਾੜ ਸਿਖਰਾਂ ਤੇ ਪੁੱਜੀ ਹੋਈ ਹੈ।ਦਰਜਨ ਤੋ ਵੱਧ ਸਿਖਾਂ ਦੀਆਂ ਰਾਜਸੀ ਪਾਰਟੀਆਂ ਬਣ ਚੁੱਕੀਆਂ ਹਨ,ਪਰ ਵਿਰੋਧੀਆਂ ਦਾ ਮੁਕਾਬਲਾ ਕਰਨ ਦੀ ਸਮਰੱਥਾ ਕਿਸੇ ਇੱਕ ਵਿੱਚ  ਵੀ ਨਹੀ ਰਹੀ। ਇਸ ਪਾਟੋਧਾੜ ਦਾ ਹੀ ਨਤੀਜਾ ਹੈ ਕਿ ਆਏ ਦਿਨ ਸਿੱਖੀ ਸਿਧਾਂਤਾਂ ਨੂੰ ਰੋਲਿਆ ਜਾ ਰਿਹਾ ਹੈ।ਸਿੱਖ ਪਰੰਪਰਾਵਾਂ ਨੂੰ ਤੋੜਨ ਦੇ ਯਤਨ ਹੋ ਰਹੇ ਹਨ। ਸਾਰੀ ਦੁਨੀਆਂ ਵਿੱਚ ਆਪਣੇ ਨਿਵੇਕਲੇ,ਨਿਆਰੇ ਅਤੇ ਸਰਬ ਸਾਂਝੀਵਾਲਤਾ ਵਾਲੇ ਮਾਨਵਤਾਵਾਦੀ ਸਿਧਾਂਤਾਂ ਦੇ ਕਰਕੇ ਸਤਿਕਾਰ ਪਾਉਣ ਵਾਲੀ ਕੌਂਮ ਨੂੰ ਆਪਣੇ ਮੁਲਕ ਵਿੱਚ ਦੁਸ਼ਵਾਰੀਆਂ ਝੱਲਣੀਆਂ ਪੈ ਰਹੀਆਂ ਹਨ। ਜੂਨ ਦਾ ਪਹਿਲਾ ਹਫਤਾ ਸਿੱਖਾਂ ਦੇ ਅਜਿਹੇ ਜਖਮਾਂ ਨੂੰ ਮੁੜ ਮੁੜ ਕੁਦੇੜਦਾ ਹੈ,ਜਿਹੜੇ ਕਦੇ ਵੀ ਭਰੇ ਨਹੀ ਜਾ ਸਕਣਗੇ।ਅੱਜ ਤੋ 41 ਸਾਲ ਪਹਿਲਾਂ ਜੂਨ 1984 ਵਿੱਚ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੇ ਕੀਤੇ ਗਏ ਫੌਜੀ ਹਮਲੇ ਦੌਰਾਨ  ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਸਮੇਤ ਸ਼ਹੀਦ ਹੋਏ ਹਜਾਰਾਂ ਸਿੰਘ ਸਿੰਘਣੀਆਂ,ਬੱਚੇ ਬਜੁਰਗਾਂ ਦੀ ਯਾਦ ਨੂੰ ਤਾਜਾ ਰੱਖਣ ਲਈ ਸਿੱਖ ਆਏ ਸਾਲ ਸੰਤ ਭਿੰਡਰਾਂ ਵਾਲਿਆਂ ਦੀ ਸ਼ਹਾਦਤ ਵਾਲੇ ਦਿਨ ਛੇ ਜੂਨ ਨੂੰ ਘੱਲੂਘਾਰਾ ਦਿਵਸ ਵਜੋਂ ਮਨਾਉਂਦੇ ਆ ਰਹੇ ਹਨ।ਸਿੱਖਾਂ ਵਿੱਚ ਇਸ ਹਫਤੇ ਨੂੰ ਲੈ ਕੇ ਰੋਸ ਅਤੇ ਉਤਸ਼ਾਹ ਦੋਵੇਂ ਹੀ ਉੱਪਰਲੇ ਪੱਧਰ ਤੇ ਹੁੰਦੇ ਹਨ,ਪਰ ਇਸਦੇ ਬਾਵਜੂਦ ਕਦੇ ਵੀ ਸਿੱਖਾਂ ਨੇ ਸਾਂਤੀ ਭੰਗ ਕਰਨ ਵਾਲਾ ਅਜਿਹਾ ਮਹੌਲ ਪੈਦਾ ਨਹੀ ਹੋਣ ਦਿੱਤਾ ਜਿਸ ਦੇ ਨਾਲ ਕਿਸੇ ਗੈਰ ਸਿੱਖ ਫਿਰਕੇ ਦੇ ਲੋਕਾਂ ਨੂੰ ਖਤਰਾ ਪੈਦਾ ਹੁੰਦਾ ਹੋਵੇ,ਪਰ ਆਪਸੀ ਟਕਰਾਅ ਹਮੇਸਾਂ ਹੀ ਬਰਕਰਾਰ ਰਿਹਾ ਹੈ। ਭਾਰਤੀ ਤੰਤਰ ਹਮੇਸਾਂ ਹੀ ਇਸ ਦਿਨ ਭੈਅ ਭੀਤ ਕਰਨ ਵਾਲੀਆਂ ਕੋਈ ਨਾ ਕੋਈ ਸਾਜਿਸ਼ਾਂ ਰਚਦਾ ਰਹਿੰਦਾ ਹੈ। ਇਸ ਵਾਰ ਦੇ ਘੱਲੂਘਾਰਾ ਦਿਵਸ ਮੌਕੇ ਵੀ ਸਿੱਖਾਂ ਦਾ ਟਕਰਾਅ ਕਰਵਾਉਣ ਦੇ ਪਰਪੰਚ ਰਚੇ ਗਏ,ਪਰ ਸਿਰੇ ਨਾ ਚੜ ਸਕੇ,ਪਰ ਇਹ ਜਰੂਰ ਹੋਇਆ ਕਿ ਆਮ ਸਿੱਖਾਂ ਦੇ ਮਨਾਂ ਅੰਦਰ ਡਰ ਦਾ ਮਹੌਲ ਬਣ ਗਿਆ ਜਿਸ ਕਰਕੇ ਸ੍ਰੀ ਦਰਬਾਰ ਸਾਹਿਬ ਸ੍ਰੀ ਅਮ੍ਰਿਤਸਰ ਸਾਹਿਬ ਵਿਖੇ ਸਿੱਖਾਂ ਦੀ ਗਿਣਤੀ ਆਮ ਦਿਨਾ ਦੇ ਮੁਕਾਬਲੇ ਵੀ ਘੱਟ ਰਹੀ।ਇਸ ਦੇ ਬਾਵਜੂਦ ਇਹ ਸੱਚ ਹੈ ਕਿ ਹਰ ਧੜੇ ਨੇ ਆਪਣੇ ਆਪ ਨੂੰ ਸਥਾਪਤ ਅਤੇ ਸਭ ਤੋਂ ਪ੍ਰਭਾਵਸ਼ਾਲੀ ਸਾਬਤ ਕਰਨ ਲਈ ਵੱਡੇ ਵੱਡੇ ਜਥਿਆਂ ਦੇ ਰੂਪ ਵਿੱਚ ਆਪਣੀ ਹਾਜਰੀ ਲਗਵਾਈ।ਭਾਵੇ ਸਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਦਾ ਸਮੁੱਚਾ ਪਰਬੰਧ ਹੀ ਅਕਾਲੀ ਦਲ ਬਾਦਲ ਕੋਲ ਹੈ ਅਤੇ ਸਰੋਮਣੀ ਕਮੇਟੀ ਨੇ ਆਪਣੀ ਰਣਨੀਤੀ ਮੁਤਾਬਿਕ ਹੀ ਪੰਥਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਬੈਠਣ ਲਈ ਅਸਥਾਨ ਦਿੱਤੇ,ਪਰ ਸ੍ਰੋਮਣੀ ਅਕਾਲੀ ਦਲ ਅਤੇ ਸੁਧਾਰ ਲਹਿਰ ਦੇ ਕਿਸੇ ਵੀ ਆਗੂ ਦੀ ਸਮੂਲੀਅਤ ਦਰਜ ਨਹੀ ਕੀਤੀ ਗਈ ਅਤੇ ਨਾ ਹੀ ਸਾਬਕਾ ਜਥੇਦਾਰ ਗਿਆਨੀ ਹਰਪਰੀਤ ਸਿੰਘ ਦਿਖਾਈ ਦਿੱਤੇ,ਜਦੋ ਕਿ ਸਮੁੱਚੀਆਂ ਪੰਥਕ ਧਿਰਾਂ ਦੇ ਆਗੂ ਅਤੇ ਵਰਕਰ ਵੱਡੀ ਗਿਣਤੀ ਵਿੱਚ ਦੇਖੇ ਗਏ।ਇਹਦੇ ਵਿੱਚ ਕੋਈ ਸ਼ੱਕ ਨਹੀ ਕਿ ਸਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ  ਭਾਰੀ ਦਬਾਅ ਅਤੇ ਤਿੱਖੇ ਆਪਸੀ ਮੱਤਭੇਦਾਂ ਦੇ ਬਾਵਜੂਦ ਘੱਲੂਘਾਰਾ ਦਿਵਸ ਨੂੰ ਸਾਂਤੀ ਨਾਲ ਮਨਾਉਣ ਵਿੱਚ ਸਫਲਤਾ ਹਾਸਲ ਕੀਤੀ,ਪਰ ਇਹ ਵੀ ਸੱਚ ਹੈ ਕਿ ਸਿਧਾਂਤਾਂ ਦਾ ਘਾਣ ਅਤੇ ਪਰੰਪਰਾ ਨੂੰ ਤੋੜਨ ਦਾ ਇਲਜਾਮ ਵੀ ਪ੍ਰਧਾਨ ਧਾਮੀ ਸਿਰ ਲੱਗਿਆ ਹੈ। ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਸੰਦੇਸ਼ ਨਾ ਪੜਨ ਦੇਣਾ ਅਤੇ ਸ਼ਹੀਦ ਪਰਿਵਾਰਾਂ ਨੂੰ ਸਨਮਾਨਿਤ ਨਾ ਕਰਨ ਦੇਣਾ ਦੋ ਵੱਡੀਆਂ ਅਵੱਗਿਆਵਾਂ ਹੋਈਆਂ ਹਨ,ਜੋ ਸਿੱਖ ਪਰੰਪਰਾਵਾਂ ਵਿੱਚ ਵਿਪਰਵਾਦੀ ਤਾਕਤਾਂ ਦੇ ਗਲਬੇ ਨੂੰ ਸਪੱਸਟ ਰੂਪ ਵਿੱਚ ਪ੍ਰਗਟ ਕਰਦੀਆਂ ਹਨ।ਵਿਪਰਵਾਦੀ ਤਾਕਤਾਂ  ਜਿਹੜੀਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਮਹੱਤਤਾ ਨੂੰ ਖਤਮ  ਕਰਵਾ ਕੇ  ਦੀ ਅਜਾਦ ਪ੍ਰਭੂਸੱਤਾ  ਦੀ ਪਰਤੀਕ ਇਸ ਮਹਾਨ ਸੰਸਥਾ ਦਾ ਮਹੱਤਵ ਰਲਗੱਡ ਕਰਨਾ ਚਾਹੁੰਦੀਆਂ ਹਨ ਤਾਂਕਿ ਸਿੱਖਾਂ ਅੰਦਰੋਂ ਸਿੱਖ ਸਵੈ-ਮਾਣ ਅਤੇ  ਰਾਜ ਕਰਨ ਦੀ ਭਾਵਨਾ ਨੂੰ ਮਾਰਿਆ ਜਾ ਸਕੇ। ਜੇਕਰ ਗੱਲ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਕੀਤੀ ਜਾਵੇ,ਤਾਂ ਇਹ ਕਿਹਾ ਜਾ ਰਿਹਾ ਹੈ ਕਿ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਅਤੇ ਸਿੰਘ ਸਾਹਿਬ ਦਰਮਿਆਨ ਵਧੇ ਤਣਾਅ ਨੂੰ ਸਰੋਮਣੀ ਕਮੇਟੀ ਦੇ ਪ੍ਰਧਾਨ ਨੇ ਵਿੱਚ ਪੈ ਕੇ ਪਹਿਲਾਂ ਹੀ ਸੁਲਝਾ ਲਿਆ ਸੀ,ਪਰ ਮੌਕੇ ਤੇ ਬਣੇ ਹਾਲਾਤਾਂ ਦੇ ਮੱਦੇਨਜਰ   ਜਿਸਤਰਾਂ ਸਿੰਘ ਸਾਹਿਬ  ਨੇ ਭਾਰੀ ਦਬਾਅ ਅਤੇ ਚੈਲੰਜ ਦੇ ਬਾਵਜੂਦ ਜਿਸ ਸੂਝ ਸਿਆਣਪ ਨਾਲ ਮੌਕੇ ਦੀ  ਨਜਾਕਤ ਨੂੰ  ਆਪਣੇ ਹੱਕ ਵਿੱਚ ਵਰਤਣ ਵਿੱਚ ਸਫਲਤਾ ਹਾਸਲ ਕੀਤੀ ਹੈ ਅਤੇ ਜਿਸਤਰਾਂ ਉਹਨਾਂ ਨੇ ਅਰਦਾਸ ਵਿੱਚ ਹੀ ਕੌਂਮ ਦੀ ਦੁਬਿਧਾ,ਸਿੱਖ ਹੋਮਲੈਂਡ ਦੀ ਗੱਲ,ਬੰਦੀ ਸਿਖਾਂ ਦੀ ਰਿਹਾਈ ਅਤੇ ਵੱਖ ਵੱਖ ਮੁਲਕਾਂ ਵਿੱਚ ਮਾਰੇ ਗਏ ਸੰਘਰਸ਼ੀ ਸਿੱਖਾਂ ਦੀ ਗੱਲ ਕੀਤੀ ਹੈ,ਉਹ ਕਾਬਲੇ ਤਾਰੀਫ਼ ਕਹੀ ਜਾ ਸਕਦੀ ਹੈ।ਜਥੇਦਾਰ ਕਿੰਨਾ ਸਮਾ ਰਹੇਗਾ ਇਹ ਦੇ ਬਾਰੇ ਕੁੱਝ ਵੀ ਕਹਿਣਾ ਅਸੰਭਵ ਹੈ,ਪਰ ਇੱਕ ਗੱਲ ਜਰੂਰ ਹੈ ਕਿ ਜੋ ਗੱਲਾਂ ਬੇਨਤੀਆਂ ਦੇ ਰੂਪ ਵਿੱਚ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਦਰਬਾਰ ਵਿੱਚ ਉਹਨਾਂ ਨੂੰ ਸਨਮੁੱਖ ਹੋ ਕੇ ਸਿੰਘ ਸਾਹਿਬ ਵੱਲੋਂ ਕੀਤੀਆਂ ਗਈਆਂ ਹਨ,ਉਹ ਕਿਸੇ ਜਥੇਦਾਰ ਨੇ ਅੱਜ ਤੱਕ ਨਹੀ ਕੀਤੀਆਂ।ਸਿੰਘ ਸਾਹਿਬ ਨੇ ਸੱਪ ਵੀ ਮਾਰ ਦਿੱਤਾ ਅਤੇ ਛੋਟਾ ਬਚਾਉਣ ਵਿੱਚ ਵੀ ਸਫਲਤਾ ਹਾਸਲ ਕਰਕੇ ਆਪਣੀ ਨਿਪੁੰਨਤਾ ਦਾ ਲੋਹਾ ਮਨਵਾ ਲਿਆ ਹੈ,ਪਰ ਅਜਿਹੇ ਜਥੇਦਾਰ ਦਾ ਬਹੁਤੀ ਦੇਰ ਤੱਕ ਟਿਕੇ ਰਹਿਣ ਦੀ ਉਮੀਦ ਨਹੀ ਕੀਤੀ ਜਾ ਸਕਦੀ,ਕਿਉਂਕਿ ਇਹਦੇ ਵਿੱਚ ਕੋਈ ਦੋ ਰਾਵਾਂ ਨਹੀ ਹਨ ਕਿ ਸਰਬੋਤਮ ਸਿੱਖ ਸੰਸਥਾਵਾਂ ਕੇਂਦਰੀ ਤਾਕਤਾਂ ਦੇ ਗਲਬੇ ਵਿੱਚ ਹਨ। ਬਹੁਤ ਸਾਰੇ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਜਥੇਦਾਰ ਸਰਬ ਪਰਵਾਣਿਤ ਨਹੀ ਹੈ ਇਸ ਕਰਕੇ ਛੇ ਜੂਨ ਨੂੰ ਜਥੇਦਾਰ ਦਾ ਵਿਰੋਧ ਹੋਇਆ ਹੈ,ਅਜਿਹੀਆਂ ਕਥਾਵਾਂ ਤੇ ਸਵਾਲ ਉੱਠਦਾ ਹੈ ਕਿ 1849 ਤੋ ਲੈ ਕੇ ਮੌਜੂਦਾ ਸਮੇ ਤੱਕ ਸਿਵਾਏ ਨਵੰਬਰ 2015 ਦੇ ਸਰਬਤ ਖਾਲਸਾ ਵੱਲੋਂ ਥਾਪੇ ਜਥੇਦਾਰ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਦੇ ਹੋਰ ਕੋਈ ਵੀ ਅਤੇ ਕਦੇ ਵੀ ਕੋਈ ਜਥੇਦਾਰ ਸਰਬ ਪਰਵਾਣਿਤ ਨਹੀ ਰਿਹਾ। ਜੇਕਰ ਭਾਈ ਹਵਾਰਾ ਨੂੰ ਸਿੱਖਾਂ ਦੀ ਸਰਬ ਪਰਵਾਣਿਕਤਾ ਮਿਲੀ ਤਾਂ ਉਹਨਾਂ ਨੂੰ ਨਾਂ ਹੀ ਭਾਰਤੀ ਤਾਕਤਾਂ ਨੇ ਰਿਹਾਅ ਕੀਤਾ ਅਤੇ ਨਾ ਹੀ ਰਵਾਇਤੀ ਸਿੱਖ ਲੀਡਰਸ਼ਿੱਪ ਨੇ ਸਿੰਘ ਸਾਹਿਬ ਭਾਈ ਹਵਾਰਾ ਨੂੰ ਰਿਹਾਅ ਕਰਵਾਉਣ ਸਬੰਧੀ ਕਦੇ ਸੁਹਿਰਦਤਾ ਨਾਲ ਕੋਈ ਯਤਨ ਹੀ ਕੀਤਾ ਹੈ।ਸੋ ਇਹ ਸਰਬ  ਪਰਵਾਣਿਕਤਾ  ਜਥੇਦਾਰ ਦੀ ਕਾਰਜਸ਼ੈਲੀ ਤੇ ਨਿਰਭਰ ਕਰਦੀ ਹੈ। ਤਕਰੀਬਨ ਤਿੰਨ ਸਾਢੇ ਤਿੰਨ ਦਹਾਕਿਆਂ  ਦੇ ਸਮੇ ਤੇ ਝਾਤ ਮਾਰਿਆਂ ਸਪੱਸਟ ਹੋ ਜਾਂਦਾ ਹੈ ਕਿ ਜਥੇਦਾਰ ਦੀ ਨਿਯੁਕਤੀ ਸਮੇ ਉਹਨਾਂ ਦੀ ਵਿਰੋਧਤਾ ਹੁੰਦੀ ਰਹੀ ਹੈ ਅਤੇ ਹਟਾਉਣ ਸਮੇ ਸਿੱਖਾਂ ਦੀ ਹਮਦਰਦੀ ਹਰ ਉਸ ਜਥੇਦਾਰ ਨਾਲ ਰਹੀ ਹੈ,ਜਿਹੜਾ ਵੀ ਤਖਤ ਸਾਹਿਬ ਤੋ ਬੇਇੱਜਤ ਕਰਕੇ ਹਟਾਇਆ ਜਾਂਦਾ ਰਿਹਾ ਹੈ। ਜੇਕਰ ਬਹੁਤਾ ਦੂਰ ਨਾ ਵੀ ਜਾਈਏ ਤਾਂ ਗਿਆਨੀ ਹਰਪ੍ਰੀਤ ਸਿੰਘ ਦੀ ਉਦਾਹਰਣ ਸਾਹਮਣੇ ਹੈ,ਜਦੋ ਗਿਆਨੀ ਹਰਪ੍ਰੀਤ ਸਿੰਘ ਨੂੰ  ਜਥੇਦਾਰ ਲਾਇਆ ਜਾ ਰਿਹਾ ਸੀ ਤਾਂ ਬਹੁਤ ਸਾਰੀਆਂ ਧਿਰਾਂ ਵੱਲੋਂ ਵਿਰੋਧ ਜਤਾਇਆ ਗਿਆ ਸੀ,ਪਰ ਜਦੋ ਉਹਨਾਂ ਨੂੰ ਹਟਾਇਆ ਗਿਆ ਤਾਂ ਸਿੱਖ ਹਮਦਰਦੀ ਉਹਨਾਂ ਦੇ ਨਾਲ ਰਹੀ।ਸੋ ਅਜਿਹਾ ਹੀ ਮੌਜੂਦਾ ਸਮੇ ਦੌਰਾਨ ਵੀ ਵਾਪਰਨ ਵਾਲਾ ਹੈ। ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਜੋ ਜੋ ਬਿਆਨ ਦਿੱਤੇ ਜਾਂ ਬਤੌਰ ਜਥੇਦਾਰ ਜੋ ਕਾਰਜ ਕੀਤੇ ਹਨ ਉਹਨਾਂ ਨੂੰ ਜਰੂਰ ਯਾਦ ਕੀਤਾ ਜਾਵੇਗਾ।ਜਿਸ ਤਰਾਂ ਘੱਲੂਘਾਰਾ ਦਿਵਸ ਦੀ ਅਰਦਾਸ  ਦੇ ਸਬੰਧ ਵਿੱਚ ਦੇਖਿਆ ਜਾ ਰਿਹਾ ਹੈ,ਉਸਤੋ ਇਹ ਹੀ ਆਸ ਬੱਝਦੀ ਹੈ ਕਿ ਜਥੇਦਾਰ ਗੜਗੱਜ ਦੇ ਅੰਦਰ ਕੁੱਝ ਕਰ ਗੁਜ਼ਰਨ ਦਾ ਜਜ਼ਬਾ ਹੈ ਬ ਸ਼ਰਤੇ ਕਿ ਉਹਨੂੰ ਸਿੱਖ ਪੰਥ ਦਾ ਸਹਿਯੋਗ ਮਿਲਦਾ ਰਹੇ।ਸੋ ਅਜਿਹੀ ਦੁਬਿਧਾ ਸਮੇ  ਹਰ  ਸਿੱਖ ਦਾ ਫਰਜ ਬਣਦਾ ਹੈ ਕਿ ਸਿੱਖ ਸੰਕਲਪ, ਸਿੱਖ ਜਜ਼ਬਾ ਅਤੇ ਮੀਰੀ ਪੀਰੀ ਦੇ ਸਿਧਾਂਤ ਨੂੰ ਬਚਾਉਣ ਲਈ ਸ੍ਰੀ ਅਕਾਲ ਤਖਤ ਸਾਹਿਬ ਦੀ ਸ਼ਰਣ ਚ ਆਕੇ ਭੁੱਲਾਂ ਬਖ਼ਸ਼ਾ ਲਈਏ,ਫਿਰ ਗੁਰੂ ਹਰਿਗੋਬਿੰਦ ਪਾਤਸ਼ਾਹ ਖੁਆਰ ਹੋਇਆਂ ਨੂੰ ਗਲ ਨਾਲ ਲਾ ਲੈਣਗੇ।
ਬਘੇਲ ਸਿੰਘ ਧਾਲੀਵਾਲ
99142-58142