ਬਸਤੀਵਾਦ ਅਤੇ ਭਾਸ਼ਾਈ ਗ਼ੁਲਾਮੀ ਨੂੰ ਵੰਗਾਰਨ ਵਾਲਾ ਅਡੋਲ ਕਲਮਕਾਰ ਨਗੂਗੀ ਵਾ ਥਿਓਂਗੋ - ਬੂਟਾ ਸਿੰਘ ਮਹਿਮੂਦਪੁਰ

ਕੀਨਿਆਈ ਲੇਖਕ, ਆਲੋਚਕ, ਤਾਉਮਰ ਸੱਤਾ ਅਤੇ ਸਰਮਾਏਦਾਰੀ ਵਿਰੁੱਧ ਡੱਟੇ ਰਹਿਣ ਵਾਲੇ ਬੁੱਧੀਜੀਵੀ ਨਗੂਗੀ ਵਾ ਥਿਓਂਗੋ ਦਾ 28 ਮਈ ਨੂੰ 87 ਸਾਲ ਦੀ ਉਮਰ ਵਿਚ ਬਫੋਰਡ, ਜਾਰਜੀਆ ਵਿਚ ਦਿਹਾਂਤ ਹੋ ਗਿਆ। ਗੁਰਦਿਆਂ ਦੀ ਬੀਮਾਰੀ ਤੋਂ ਪੀੜਤ ਹੋਣ ਕਾਰਨ ਉਹ ਲੰਮੇ ਸਮੇਂ ਤੋਂ ਡਾਇਲਸਿਸ ਕਰਵਾ ਰਿਹਾ ਸੀ।
ਨਗੂਗੀ ਨੇ ਆਪਣੀ ਲੇਖਣੀ ਦਾ ਆਗਾਜ਼ ਪੱਛਮੀ ਨਾਂ ਜੇਮਸ ਨਗੂਗੀ (ਜਿਸਦਾ ਅਸਲ ਉਚਾਰਣ ਗੂਗੀ ਹੈ) ਤੋਂ ਕੀਤਾ ਜੋ ਉਸਦਾ ਜਨਮ ਸਮੇਂ ਰੱਖਿਆ ਨਾਂ ਸੀ। 1970 ’ਚ ਉਨ੍ਹਾਂ ਨੇ ਆਪਣੀ ਅਫ਼ਰੀਕਨ ਵਿਰਾਸਤ ਅਤੇ ਪਛਾਣ ਦੇ ਇਜ਼ਹਾਰ ਵਜੋਂ ਨਗੂਗੀ ਵਾ ਥਿਓਂਗੇ ਨਾਂ ਅਪਣਾ ਲਿਆ ਜੋ ਉਸਦੇ ਸਿਰਫ਼ ਆਪਣੀ ਦੇਸੀ ਭਾਸ਼ਾ ਵਿਚ ਹੀ ਲਿਖਣ ਦੇ ਦਿ੍ਰੜ ਫ਼ੈਸਲੇ ਦੇ ਅਨੁਸਾਰ ਸੀ। ਬਤੌਰ ਲੇਖਕ ਉਹ ਇਸੇ ਨਾਂ ਨਾਲ ਸਥਾਪਤ ਹੋਇਆ। ਨਗੂਗੀ ਦੀ ਜ਼ਿੰਦਗੀ ਆਪਣੇ ਆਪ ਵਿੱਚ ਆਧੁਨਿਕ ਕੀਨੀਆ ਦੇ ਇਤਿਹਾਸ ਦੀ ਪ੍ਰਤੀਬਿੰਬ ਸੀ ਅਤੇ ਉਸ ਨੇ ਆਪਣੇ ਮੁਲਕ ਦੇ ਬਸਤੀਵਾਦ ਤੋਂ ਆਜ਼ਾਦੀ ਅਤੇ ਆਜ਼ਾਦੀ ਤੋਂ ਬਾਅਦ ਦੇ ਤਰਥੱਲੀਆਂ ਵਾਲੇ ਦੌਰ ਨੂੰ ਆਪਣੀਆਂ ਰਚਨਾਵਾਂ ਰਾਹੀਂ ਦਰਸਾਇਆ। 5 ਜਨਵਰੀ 1938 ਨੂੰ ਕੀਨੀਆ ਦੀ ਰਾਜਧਾਨੀ ਨੈਰੋਬੀ ਦੇ ਉੱਤਰ ਵਿੱਚ ਕਮੀਰੀਥੂ ਪਿੰਡ ਵਿੱਚ ਜਨਮਿਆ ਨਗੂਗੀ ਬਹੁ-ਪਤਨੀ ਪਰਿਵਾਰ ਦੇ 24 ਭੈਣ-ਭਰਾਵਾਂ ਵਿੱਚੋਂ ਸੀ। ਉਸ ਦਾ ਬਚਪਨ ਅੰਗਰੇਜ਼ ਬਸਤੀਵਾਦੀ ਰਾਜ ਦੇ ਜਬਰ-ਜ਼ੁਲਮ ਦੇ ਡੂੰਘੇ ਸਾਏ ਹੇਠ ਗੁਜ਼ਰਿਆ: ਪਰਿਵਾਰ ਦੀ ਜ਼ਮੀਨ ਖੁੱਸ ਗਈ। ਉਸ ਦੀ ਮਾਤਾ ਨੂੰ ਇਕੱਲਤਾ ਕੋਠੜੀ ਵਿੱਚ ਰੱਖ ਕੇ ਤਸੀਹੇ ਦਿੱਤੇ ਗਏ। ਇਕ ਭਰਾ ਮਾਊ ਮਾਊ ਬਗ਼ਾਵਤ ਦੌਰਾਨ ਮਾਰਿਆ ਗਿਆ। ਇਕ ਹੋਰ ਭਰਾ ਗੁੰਗਾ ਅਤੇ ਬੋਲਾ ਸੀ, ਉਸ ਨੂੰ ਅੰਗਰੇਜ਼ ਫ਼ੌਜ ਨੇ ਗੋਲੀ ਮਾਰ ਦਿੱਤੀ। ਦੋ ਭਰਾ ਬਸਤੀਵਾਦੀ ਹਕੂਮਤ ਦੇ ਮੁਖ਼ਬਰ ਵੀ ਬਣੇ। 
ਨਗੂਗੀ ਕੀਨੀਆ ਦੇ ਸੁਤੰਤਰਤਾ ਸੰਗਰਾਮ ਦੌਰਾਨ ਜਵਾਨ ਹੋਇਆ। ਜਦੋਂ 1963 ’ਚ ਉਸ ਦਾ ਮੁਲਕ ਆਜ਼ਾਦ ਹੋਇਆ ਤਾਂ ਉਸ ਦੀ ਉਮਰ ਵੀਹ ਸਾਲ ਸੀ। ਪਰ ਛੇਤੀਂ ਹੀ ਉਸ ਦਾ ਆਜ਼ਾਦੀ ਦੇ ਨਾਂ ਹੇਠ ਸਥਾਪਤ ਹੋਏ ਤਾਨਾਸ਼ਾਹ ਸਰਮਾਏਦਾਰੀ ਰਾਜ ਤੋਂ ਮੋਹ-ਭੰਗ ਹੋਣਾ ਸ਼ੁਰੂ ਹੋ ਗਿਆ।
ਨਗੂਗੀ ਨੇ ਸਿਆਸਤ ਅਤੇ ਸੱਭਿਆਚਾਰ ਦੋਵਾਂ ਖੇਤਰਾਂ ਵਿਚ ਨਵ-ਬਸਤੀਵਾਦ ਦਾ ਬੇਬਾਕੀ ਨਾਲ ਵਿਰੋਧ ਕੀਤਾ। ਉਸ ਨੇ ਆਪਣੇ ਪਹਿਲੇ ਨਾਵਲਾਂ - “ਵੀਪ ਨੌਟ, ਚਾਇਲਡ” ਅਤੇ “ਦੀ ਰਿਵਰ ਬੀਟਵੀਨ” - ਵਿਚ ਬਸਤੀਵਾਦੀ ਸੰਤਾਪ ਦਾ ਮਾਨਵਤਾਵਾਦੀ ਚਿਤਰਣ ਪੇਸ਼ ਕੀਤਾ। “ਵੀਪ ਨੌਟ, ਚਾਇਲਡ” ਕਿਸੇ ਪੂਰਬੀ ਅਫ਼ਰੀਕਨ ਲੇਖਕ ਦਾ ਅੰਗਰੇਜ਼ੀ ਵਿਚ ਲਿਖਿਆ ਪਹਿਲਾ ਵੱਡਾ ਨਾਵਲ ਮੰਨਿਆ ਜਾਂਦਾ ਹੈ। ਫਿਰ, ਬਰਤਾਨੀਆ ਵਿਚ ਪੜ੍ਹਾਈ ਦੌਰਾਨ ਲਿਖਿਆ ਉਸ ਦਾ ਇਨਕਲਾਬੀ ਨਾਵਲ “ਅ ਗਰੇਨ ਆਫ ਵੀਟ” ਫ਼ੈਸਲਾਕੁਨ ਮੋੜ ਸਾਬਤ ਹੋਇਆ, ਇਹ ਉਦਾਰ ਰਾਸ਼ਟਰਵਾਦ ਤੋਂ ਮਾਰਕਸਵਾਦੀ ਆਲੋਚਨਾ ਵੱਲ ਸਪਸ਼ਟ ਮੋੜਾ ਸੀ। 1970 ਦੇ ਦਹਾਕੇ ’ਚ, ਉਸ ਨੇ ਆਪਣਾ ਅੰਗਰੇਜ਼ੀ ਨਾਂ ਤਿਆਗ ਦਿੱਤਾ ਅਤੇ ਆਪਣੀ ਮਾਂ-ਬੋਲੀ ਕਿਕੂਯੂ ਵਿਚ ਲਿਖਣਾ ਸ਼ੁਰੂ ਕਰ ਦਿੱਤਾ। ਉਸ ਨੇ ਨਗੂਗੀ ਵਾ ਮਿਰੀ ਨਾਲ ਮਿਲਕੇ “ਆਈ ਵਿਲ ਮੈਰੀ, ਵ੍ਹੈਨ ਆਈ ਵਾਂਟ” ਨਾਂ ਦਾ ਨਾਟਕ ਲਿਖਿਆ, ਜਿਸ ਦਾ ਮੰਚਨ ਲਿਮੁਰੂ ਦੇ ਮਜ਼ਦੂਰਾਂ ਅਤੇ ਕਿਸਾਨਾਂ ਵੱਲੋਂ ਕੀਤਾ ਗਿਆ। ਇਹ ਨਾਟਕ ਓਦੋਂ ਤੱਕ ਲਗਾਤਾਰ ਛੇ ਹਫ਼ਤੇ ਤੱਕ ਖੇਡਿਆ ਜਦੋਂ ਤੱਕ ਸਰਕਾਰ ਨੇ ਇਸ ਦੀ ਪੇਸ਼ਕਾਰੀ ਉੱਪਰ ਪਾਬੰਦੀ ਨਹੀਂ ਲਾ ਦਿੱਤੀ। ਨਾਟਕ ਵਿਚ ਆਜ਼ਾਦੀ ਤੋਂ ਬਾਅਦ ਦੇ ਤਾਨਾਸ਼ਾਹ ਰਾਜ ਵਿਚ ਜਮਾਤੀ ਸੰਘਰਸ਼, ਗ਼ਰੀਬੀ, ਲਿੰਗ ਵਿਤਕਰਾ, ਸੱਭਿਆਚਾਰ, ਧਰਮ, ਆਧੁਨਿਕਤਾ ਬਨਾਮ ਪਰੰਪਰਾ, ਅਤੇ ਵਿਆਹ ਬਨਾਮ ਪਰਿਵਾਰ ਆਦਿ ਵਿਸ਼ੇ ਲਏ ਗਏ ਸਨ। ਨਾਟਕ ਵਿਚ ਸਮਾਜਿਕ ਢਾਂਚੇ ਦੇ ਨਿਘਾਰ ਉੱਪਰ ਤਿੱਖੀ ਚੋਟ ਕੀਤੀ ਗਈ ਸੀ, ਜਿਸ ਕਾਰਨ ਹਕੂਮਤ ਵੱਲੋਂ ਦੋਵਾਂ ਲੇਖਕਾਂ ਨੂੰ ਗ੍ਰਿਫ਼ਤਾਰ ਕਰਕੇ ਬਿਨਾ ਕੋਈ ਮੁਕੱਦਮਾ ਚਲਾਏ ਇਕ ਸਾਲ ਲਈ ਜੇਲ੍ਹ ਵਿਚ ਡੱਕ ਦਿੱਤਾ ਗਿਆ। ਨਜ਼ਰਬੰਦੀ ਦੇ ਅਨੁਭਵ ’ਚੋਂ ਉਸਨੇ ਵਤਨ ਛੱਡ ਦਿੱਤਾ। ਪਹਿਲਾਂ ਉਹ ਬਰਤਾਨੀਆ ਵਿਚ ਰਿਹਾ, ਅਤੇ ਬਾਅਦ ਵਿਚ ਅਮਰੀਕਾ ਵਿਚ।
ਜੇਲ੍ਹ ਵਿਚ ਨਗੂਗੀ ਕੋਲ ਲਿਖਣ ਲਈ ਕਾਗਜ਼ ਵੀ ਨਹੀਂ ਸੀ, ਉਸ ਨੇ ਆਪਣਾ ਮਸ਼ਹੂਰ ਨਾਵਲ “ਡੈਵਲ ਆਨ ਦੀ ਕ੍ਰਾਸ” ਕਿਕਿਊ (ਗਿਕਿਊ) ਭਾਸ਼ਾ ’ਚ ਟਾਇਲਟ ਪੇਪਰ ਉੱਪਰ ਲਿਖਿਆ, ਜਿਸ ਨੂੰ ਕਿਕਿਊ ਭਾਸ਼ਾ ਵਿਚ ਪਹਿਲਾ ਆਧੁਨਿਕ ਨਾਵਲ ਮੰਨਿਆ ਜਾਂਦਾ ਹੈ। ਇਹ ਮਹਿਜ਼ ਲਿਖਤ ਨਹੀਂ ਸੀ, ਸਗੋਂ ਟਾਕਰੇ ਦਾ ਪ੍ਰਤੀਕ ਅਤੇ ਹੱਕ-ਜਤਾਈ ਦਾ ਕਾਰਜ ਸੀ। ਜੇਲ੍ਹ ਜ਼ਿੰਦਗੀ ਦੌਰਾਨ ਉਸ ਨੇ ਜੇਲ੍ਹ ਡਾਇਰੀ ਵੀ ਲਿਖੀ ਜੋ 1980 ’ਚ “ਡੀਟੇਨਡ” ਨਾਂ ਹੇਠ ਛਪੀ।
‘ਨੇਕ ਬਸਤੀਵਾਦੀ’ ਦੀ ਧਾਰਨਾ ਨੂੰ ਲੰਮੇ ਹੱਥੀਂ ਲੈਂਦਿਆਂ ਉਸ ਨੇ ਕਿਹਾ: “ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਤੁਹਾਡੇ (ਬਸਤੀਵਾਦੀ ਦੇ) ਹੱਥ ਵਿਚ ਬੰਦੂਕ ਹੈ ਜਾਂ ਬਾਈਬਲ, ਤੁਸੀਂ ਫਿਰ ਵੀ ਬਸਤੀਵਾਦੀ ਹੀ ਹੋ। ਨਿਰਸੰਦੇਹ, ਮੈਂ ਉਸ ਬਸਤੀਵਾਦੀ ਦਾ ਸਾਹਮਣਾ ਕਰਨਾ ਜ਼ਿਆਦਾ ਪਸੰਦ ਕਰਾਂਗਾ ਜਿਸਦੇ ਹੱਥ ਵਿਚ ਬਾਈਬਲ ਹੈ, ਬਜਾਏ ਉਸਦੇ ਜਿਸ ਕੋਲ ਬੰਦੂਕ ਹੈ, ਪਰ ਆਖਿ਼ਰਕਾਰ ਬਾਈਬਲ ਵਾਲਾ ਅਤੇ ਬੰਦੂਕ ਵਾਲਾ, ਪ੍ਰਚਾਰ ਤਾਂ ਦੋਵੇਂ ਇੱਕੋ ਚੀਜ਼ ਦਾ ਕਰ ਰਹੇ ਹਨ।”
ਨਗੂਗੀ ਦੀ ਬਗ਼ਾਵਤ ਸਿਰਫ਼ ਸਰਕਾਰਾਂ ਦੇ ਖਿ਼ਲਾਫ਼ ਨਹੀਂ ਸੀ, ਸਗੋਂ ਭਾਸ਼ਾਵਾਂ ਦੇ ਗ਼ਲਬੇ ਦੀ ਮਨੋਵਿਗਿਆਨਕ ਅਤੇ ਸੱਭਿਆਚਾਰਕ ਹਿੰਸਾ ਵਿਰੁੱਧ ਸੀ। ਉਸਦੇ ਲਈ ਭਾਸ਼ਾ ਸੱਭਿਆਚਾਰ/ਸੰਸਕ੍ਰਿਤੀ ਦੀ ਵਾਹਕ ਸੀ - ਅਤੇ ਇਸੇ ਲਈ ਇਹ ਬਸਤੀਵਾਦ ਤੋਂ ਮੁਕਤੀ ਦੀ ਪ੍ਰਮੁੱਖ ਰਣ-ਭੂਮੀ ਸੀ। ਉਸ ਨੇ ਆਪਣੀ ਮਸ਼ਹੂਰ ਕਿਤਾਬ ਡੀਕਾਲੋਨਾਈਜ਼ਿੰਗ ਦ ਮਾਈਂਡ (1986) ਵਿਚ ਲਿਖਿਆ: “ਮੈਨੂੰ ਗ਼ੁਲਾਮ ਬਣਾਉਣ ਵਾਲਿਆਂ ਦੀ ਭਾਸ਼ਾ ਮੇਰੀ ਆਜ਼ਾਦੀ ਦੀ ਭਾਸ਼ਾ ਨਹੀਂ ਹੋ ਸਕਦੀ।” ਉਸ ਨੇ ਸਵਾਲ ਉਠਾਇਆ: “ਇਕ ਸਿਆਸਤਦਾਨ ਜੋ ਇਹ ਕਹਿੰਦਾ ਹੈ ਕਿ ਅਫ਼ਰੀਕਾ ਸਾਮਰਾਜਵਾਦ ਤੋਂ ਬਿਨਾਂ ਨਹੀਂ ਰਹਿ ਸਕਦਾ, ਅਤੇ ਇਕ ਲੇਖਕ ਜੋ ਇਹ ਕਹਿੰਦਾ ਹੈ ਕਿ ਯੂਰਪੀ ਭਾਸ਼ਾਵਾਂ ਤੋਂ ਬਿਨਾਂ ਅਫ਼ਰੀਕਾ ਦਾ ਕੰਮ ਨਹੀਂ ਚੱਲ ਸਕਦਾ, ਦੋਵਾਂ ਵਿਚ ਕੀ ਫ਼ਰਕ ਹੈ?” ਉਨ੍ਹਾਂ ਨੇ ਖ਼ੁਦ ਆਪਣੀ ਦੇਸੀ ਜ਼ੁਬਾਨ ਕਿਕਿਊ ਵਿਚ ਲਿਖਿਆ ਅਤੇ ਆਪਣੀਆਂ ਜ਼ਿਆਦਾਤਰ ਰਚਨਾਵਾਂ ਨੂੰ ਦੁਨੀਆ ਦੇ ਵਿਆਪਕ ਪਾਠਕ ਘੇਰੇ ਤੱਕ ਪਹੁੰਚਾਉਣ ਲਈ ਖ਼ੁਦ ਹੀ ਅੰਗਰੇਜ਼ੀ ਵਿਚ ਅਨੁਵਾਦ ਕੀਤਾ।
2018 ’ਚ ਦੀ ਗਾਰਡੀਅਨ ਨਾਲ ਇੰਟਰਵਿਊ ’ਚ ਉਸ ਨੇ ਕਿਹਾ, “ਟਾਕਰਾ ਹੀ ਜ਼ਿੰਦਾ ਰਹਿਣ ਦਾ ਸਭ ਤੋਂ ਵਧੀਆ ਤਰੀਕਾ ਹੈ। ਅਨਿਆਂ ਵਿਰੁੱਧ ‘ਨਹੀਂ’ ਕਹਿਣ ਦਾ ਨਿੱਕਾ ਜਿਹਾ ਕੰਮ ਵੀ ਮਾਇਨੇ ਰੱਖਦਾ ਹੈ। ਜੇਕਰ ਤੁਸੀਂ ਸੱਚੀਂਮੁੱਚੀਂ ਮੰਨਦੇ ਹੋ ਕਿ ਤੁਸੀਂ ਸਹੀ ਹੋ, ਤਾਂ ਆਪਣੇ ਵਿਸ਼ਵਾਸ ਉੱਪਰ ਡੱਟੇ ਰਹੋ - ਉਹੀ ਤੁਹਾਨੂੰ ਬਚਾਏਗਾ।”
ਨਗੂਗੀ ਦੀ ਲੇਖਣੀ ਲੋਕ-ਗਾਥਾਵਾਂ, ਸਿਆਸਤ, ਵਿਅੰਗ ਅਤੇ ਪੌਪ ਸੰਸਕ੍ਰਿਤੀ ਵਰਗੇ ਵੱਖ-ਵੱਖ ਸਰੋਤਾਂ ਤੋਂ ਪ੍ਰੇਰਿਤ ਸੀ। “ਦੀ ਅਪਰਾਈਟ ਰੈਵੋਲਿਊਸ਼ਨ”, ਜਿਸਦਾ 40 ਤੋਂ ਵੱਧ ਭਾਸ਼ਾਵਾਂ ਵਿਚ ਅਨੁਵਾਦ ਹੋਇਆ, ਵਿਚ ਉਸ ਨੇ ਅਫ਼ਰੀਕੀ ਲੋਕ-ਕਥਾਵਾਂ ਜ਼ਰੀਏ ਇਹ ਦੱਸਿਆ ਕਿ ਮਨੁੱਖ ਦੋ ਪੈਰਾਂ ‘ਤੇ ਚੱਲਣਾ ਕਿਵੇਂ ਸਿੱਖਦਾ ਹੈ। “ਦੀ ਘੋਸਟ ਆਫ ਮਾਈਕਲ ਜੈਕਸਨ” ਵਿਚ ਇਕ ਪਾਦਰੀ ਮਸ਼ਹੂਰ ਗਾਇਕ ਦੀ ਰੂਹ ਨਾਲ ਗ੍ਰਸਤ ਹੋ ਜਾਂਦਾ ਹੈ - ਵਿਅੰਗ ਅਤੇ ਨੈਤਿਕ ਆਲੋਚਨਾ ਦਾ ਅਨੋਖਾ ਸੰਗਮ। “ਦੀ ਵਿਜ਼ਰਡ ਆਫ ਦੀ ਕਰੋਅ”, ਜੋ ਉਸਦਾ ਮਹਾਂ-ਕਾਵਿਕ ਨਾਵਲ ਹੈ, ਵਿਚ ਉਸਨੇ ਤਾਨਾਸ਼ਾਹੀ ਦੀ ਭਿਆਨਕਤਾ ਦਾ ਮਜ਼ਾਕ ਉਡਾਇਆ: ਇਕ ਦ੍ਰਿਸ਼ ਵਿਚ ਮੰਤਰੀ ਐਨੇ ਲੰਮੇ ਸਮੇਂ ਤੱਕ ਤਾੜੀਆਂ ਵਜਾਉਂਦੇ ਹਨ ਕਿ ਬੇਹੋਸ਼ ਹੋ ਜਾਂਦੇ ਹਨ, ਜਿਵੇਂ ਅਰਦਾਸ ਵਿਚ ਲੀਨ ਸ਼ਰਧਾਲੂ।
ਆਪਣੇ ਨਾਵਲਾਂ, ਯਾਦਾਂ ਅਤੇ ਰਾਜਨੀਤਕ ਲੇਖਾਂ ਰਾਹੀਂ, ਨਗੂਗੀ ਨੇ ਸਾਹਿਤ ਨੂੰ ਸਿਰਫ਼ ਕਹਾਣੀ ਕਹਿਣ ਦਾ ਜ਼ਰੀਆ ਨਹੀਂ ਸਗੋਂ ਸੱਤਾ, ਭਾਸ਼ਾ ਅਤੇ ਪਛਾਣ ਦੀ ਆਲੋਚਨਾ ਦਾ ਹਥਿਆਰ ਬਣਾਇਆ। ਚਾਹੇ ਉਸਦੇ ਨਾਵਲ “ਪੈਟਲਜ਼ ਆਫ ਬਲੱਡ” ਤੇ “ਦੀ ਵਿਜ਼ਰਡ ਆਫ ਦੀ ਕਰੋਅ” ਹੋਣ, ਚਾਹੇ ਆਤਮ-ਕਥਾ “ਬਰਥ ਆਫ ਅ ਡਰੀਮ ਵੀਵਰ” ਹੋਵੇ ਜਾਂ ਪ੍ਰਭਾਵਸ਼ਾਲੀ ਲੇਖ-ਸੰਗ੍ਰਹਿ “ਡੀਕਾਲੋਨਾਈਜ਼ਿੰਗ ਦ ਮਾਈਂਡ” ਹੋਵੇ, ਨਗੂਗੀ ਨੇ ਬਸਤੀਵਾਦ ਅਤੇ ਉੱਤਰ-ਬਸਤੀਵਾਦੀ ਸੱਤਾਵਾਦ ਵਿਰੁੱਧ ਬੇਬਾਕੀ ਨਾਲ ਅਤੇ ਨਿਧੜਕ ਹੋ ਕੇ ਲਿਖਿਆ। 1970ਵਿਆਂ ’ਚ ਉਸ ਨੂੰ ਇਕ ਸਾਲ ਜੇਲ੍ਹ ਵਿਚ ਨਜ਼ਰਬੰਦ ਰੱਖਿਆ ਗਿਆ, ਫਿਰ ਦਹਾਕਿਆਂ ਤੱਕ ਜਲਾਵਤਨ ਰਹਿਣਾ ਪਿਆ। ਉਹ ਅਕਸਰ ਸਾਹਿਤ ਦੇ ਨੋਬਲ ਪੁਰਸਕਾਰ ਲਈ ਸੰਭਾਵੀ ਦਾਅਵੇਦਾਰ ਮੰਨੇ ਜਾਂਦੇ ਰਹੇ। ਉਹ ਮੈਨ ਬੁੱਕਰ ਇਨਾਮ ਦੀ ਸ਼ਾਰਟਲਿਸਟ ਵਿਚ ਰਹੇ, 2012 ਵਿਚ ਨੈਸ਼ਨਲ ਬੁੱਕ ਕਰਿਟਿਕਸ ਸਰਕਲ ਇਨਾਮ ਦੀ ਆਖ਼ਰੀ ਸੂਚੀ ਵਿਚ ਰਹੇ, ਅਤੇ 2016 ’ਚ ਉਨ੍ਹਾਂ ਨੂੰ ਪਾਕ ਕਿਓਂਗ-ਨੀ ਸਾਹਿਤ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
ਉੱਘੇ ਲੇਖਕਾਂ ਤੋਂ ਲੈ ਕੇ ਰਾਜਨੇਤਾਵਾਂ ਤੱਕ - ਚਿਮਮਾਂਡਾ ਨਗੋਜ਼ੀ ਅਦਿਚੀਏ ਤੋਂ ਲੈ ਕੇ ਜੌਨ ਅਪਡਾਈਕ ਅਤੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਤੱਕ ਨਗੂਗੀ ਦੀ ਲੇਖਣੀ ਦੇ ਕਦਰਦਾਨ ਸਨ। ਉਨ੍ਹਾਂ ਦੇ ਅਨੁਸਾਰ ਉਸਦੀ ਲੇਖਣੀ ਇਤਿਹਾਸ ਦੀਆਂ ਪਰਿਵਰਤਨਕਾਰੀ ਘਟਨਾਵਾਂ ਦੇ ਵਿਅਕਤੀ ਦੀ ਜ਼ਿੰਦਗੀ ਉੱਤੇ ਪੈਣ ਵਾਲੇ ਪ੍ਰਭਾਵਾਂ ਨੂੰ ਬੇਹੱਦ ਸੰਵੇਦਨਸ਼ੀਲ ਢੰਗ ਨਾਲ ਉਜਾਗਰ ਅਤੇ ਬਿਆਨ ਕਰਨ ਦੇ ਸਮਰੱਥ ਹੈ। ਉਸ ਦੀ ਲੇਖਣੀ ਐਨੀ ਜ਼ਬਰਦਸਤ ਸੀ ਕਿ ਅਮਰੀਕਾ ਵਿਚ ਰਹਿ ਕੇ ਉਸ ਨੂੰ ਸਰਮਾਏਦਾਰੀ ਪ੍ਰਬੰਧ ਵਿਰੁੱਧ ਲਿਖਣ ਦੀ ਖੁੱਲ੍ਹ ਮਿਲਦੀ ਰਹੀ।
ਉਸ ਦੇ ਪਾਤਰ ਕਦੇ ਵੀ ਇਕ-ਪਾਸਾਰੀ ਨਹੀਂ ਹੁੰਦੇ। ਉਸ ਨੇ ਕਿਸਾਨਾਂ, ਆਦਰਸ਼ਵਾਦੀਆਂ, ਬਸਤੀਵਾਦੀ ਅਧਿਕਾਰੀਆਂ ਅਤੇ ਸ਼ਹਿਰੀ ਬੁੱਧੀਜੀਵੀਆਂ ਦੀ ਜ਼ਿੰਦਗੀ ਨੂੰ ਗਹਿਰਾਈ, ਹਮਦਰਦੀ ਅਤੇ ਜਟਿਲਤਾ ਨਾਲ ਚਿਤਰਿਆ। ਉਸ ਨੇ ਮੌਖਿਕਤਾ ਅਤੇ ਲਿਖਤੀ, ਪਿੰਡ ਅਤੇ ਸ਼ਹਿਰ, ਪਰੰਪਰਾ ਅਤੇ ਆਧੁਨਿਕਤਾ ਦਰਮਿਆਨ ਸੰਘਰਸ਼ ਨੂੰ ਬਾਰੀਕੀ ’ਚ ਸਮਝਿਆ ਅਤੇ ਦਿਖਾਇਆ।
2006 ’ਚ ਪ੍ਰਕਾਸ਼ਿਤ ਹੋਈ ਰਚਨਾ “ਵਿਜ਼ਰਡ ਆਫ ਦੀ ਕਰੋਅ”, ਜੋ ਇਕ ਕਾਲਪਨਿਕ ਅਫ਼ਰੀਕਨ ਮੁਲਕ ਅਬੁਰਿਰੀਆ ’ਤੇ ਆਧਾਰਤ ਹੈ, ਦੀ ਸਮੀਖਿਆ ਕਰਦਿਆਂ ਦੀ ਟਾਈਮਜ਼ ਵਿਚ ਜੇਫ਼ ਟਰਨਟਾਈਨ ਨੇ ਲਿਖਿਆ, “ਸ਼੍ਰੀ ਨਗੂਗੀ ਪੂਰੇ ਅਫ਼ਰੀਕਨ ਮਹਾਦੀਪ ਦੇ ਉੱਪਰੋਂ ਦੀ ਉੱਡਦੇ ਹੋਏ ਉਨ੍ਹਾਂ ਤਮਾਮ ਸੜਾਂਦਾਂ ਨੂੰ ਸੁੰਘਦਾ ਹੈ ਜੋ ਆਕਾਸ਼ ਵਿਚ ਉੱਠ ਰਹੀਆਂ ਹਨ। ਪਰ ਉਸ ਉਚਾਈ ਤੋਂ ਉਹ ਇਕ ਆਸ਼ਾਜਨਕ ਸੰਕੇਤ ਵੀ ਦੇਖ ਸਕਦਾ ਹੈ: ਵੱਡੀ ਗਿਣਤੀ ’ਚ ਲੋਕ ਇਕਜੁੱਟ ਹੋ ਰਹੇ ਹਨ, ਜਿੱਤ ਦੀਆਂ ਕਹਾਣੀਆਂ ਸਾਂਝੀਆਂ ਕਰ ਰਹੇ ਹਨ ਅਤੇ ਕੀਲਵਾਂ ਪ੍ਰਭਾਵ ਛੱਡ ਰਹੇ ਹਨ।”
ਹਾਲਾਂਕਿ ਨਗੂਗੀ ਨੂੰ ਅੰਤਰਰਾਸ਼ਟਰੀ ਪ੍ਰਸਿੱਧੀ ਮਿਲੀ, ਪਰ ਉਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਵੱਡਾ ਹਿੱਸਾ ਮੁਲਕ ਤੋਂ ਬਾਹਰ ਜਲਾਵਤਨੀ ਵਿਚ ਗੁਜ਼ਾਰਿਆ। ਉਸ ਨੇ ਯੂਕੇ ਅਤੇ ਅਮਰੀਕਾ ਦੀਆਂ ਯੂਨੀਵਰਸਿਟੀਆਂ - ਯੇਲ, ਨਾਰਥਵੇਸਟਰਨ ਅਤੇ ਅੰਤ ਵਿਚ ਕੈਲੀਫੋਰਨੀਆ ਯੂਨੀਵਰਸਿਟੀ, ਇਰਵਿਨ - ਵਿੱਚ ਪੜ੍ਹਾਇਆ, ਜਿੱਥੇ ਉਸ ਨੇ ਇੰਟਰਨੈਸ਼ਨਲ ਸੈਂਟਰ ਫਾਰ ਰਾਈਟਿੰਗ ਐਂਡ ਟਰਾਂਸਲੇਸ਼ਨ ਦੀ ਸਥਾਪਨਾ ਕੀਤੀ। ਇੱਥੇ ਉਹ ਆਪਣੀ ਦੂਜੀ ਪਤਨੀ, ਜੀਰੀ ਵਾ ਨਗੂਗੀ, ਅਤੇ ਵੱਖ-ਵੱਖ ਸੰਬੰਧਾਂ ’ਚੋਂ ਜਨਮੇ ਆਪਣੇ ਬੱਚਿਆਂ ਨਾਲ ਰਹਿੰਦਾ ਸੀ। ਉਸ ਦੇ ਦਸ ਵਿੱਚੋਂ ਚਾਰ ਬੱਚੇ ਲੇਖਕ ਹਨ ਜਿਨ੍ਹਾਂ ਦੀ ਰਚਨਾਵਾਂ ਛਪ ਚੁੱਕੀਆਂ ਹਨ।
ਜਲਾਵਤਨੀ ’ਚ ਵੀ ਉਨ੍ਹਾਂ ਦੀ ਜ਼ਿੰਦਗੀ ਖ਼ਤਰੇ ਦੇ ਸਾਏ ਹੇਠ ਰਹੀ। 1986 ਵਿੱਚ ਜ਼ਿੰਬਾਬਵੇ ਫੇਰੀ ਦੌਰਾਨ ਕੀਨੀਆਈ ਏਜੰਟਾਂ ਨੇ ਉਸ ਨੂੰ ਕਤਲ ਕਰਨ ਦੀ ਕੋਸ਼ਿਸ਼ ਕੀਤੀ। 2004 ’ਚ ਜਦੋਂ ਉਹ ਕੀਨੀਆ ਵਾਪਸੀ ਪਰਤੇ ਤਾਂ ਜਿਸ ਮਕਾਨ ਵਿਚ ਉਹ ਰਹਿ ਰਹੇ ਸਨ ਉੱਥੇ ਅੰਦਰ ਘੁਸਕੇ ਉਸ ਉੱਪਰ ਕਾਤਲਾਨਾ ਹਮਲਾ ਕੀਤਾ ਗਿਆ ਅਤੇ ਉਸ ਦੀ ਪਤਨੀ ਨਾਲ ਬਲਾਤਕਾਰ ਕੀਤਾ ਗਿਆ। ਉਸਨੇ ਸਪਸ਼ਟ ਕਿਹਾ ਕਿ ਇਹ ਹਮਲਾ ਰਾਜਨੀਤਕ ਮਨੋਰਥ ਨਾਲ ਕੀਤਾ ਗਿਆ ਹੈ। ਆਖਿ਼ਰਕਾਰ, ਲੱਗਭੱਗ 40 ਸਾਲ ਬਾਅਦ, 2015 ’ਚ, ਕੀਨਿਆਈ ਸਟੇਟ ਵੱਲੋਂ ਪਹਿਲੀ ਵਾਰ ਨਗੂਗੀ ਨੂੰ ਸਰਕਾਰੀ ਤੌਰ ’ਤੇ ਮਾਣ-ਸਨਮਾਨ ਦਿੱਤਾ ਗਿਆ।
ਨਗੂਗੀ ਵਾ ਥਿਓਂਗੋ ਦੀ ਵਿਰਾਸਤ ਵਿਸ਼ਾਲ ਅਤੇ ਪ੍ਰੇਰਨਾਦਾਇਕ ਹੈ। ਉਸ ਨੇ ਸਾਮਰਾਜਵਾਦੀ ਬਿਰਤਾਂਤਾਂ ਨੂੰ ਤੋੜਿਆ, ਅਫ਼ਰੀਕਨ ਸਾਹਿਤ ਵਿਚ ਭਾਸ਼ਾ ਅਤੇ ਸੱਭਿਆਚਾਰ ਦੇ ਸਵਾਲਾਂ ਨੂੰ ਕੇਂਦਰੀ ਬਣਾਇਆ ਅਤੇ ਆਪਣੀ ਜ਼ਿੰਦਗੀ ਅਤੇ ਲੇਖਣੀ ਜ਼ਰੀਏ ਇਹ ਸਿੱਧ ਕੀਤਾ ਕਿ ਲੋਕਾਈ ’ਚ ਨਾਂ ਰੱਖਣ, ਬੋਲਣ ਅਤੇ ਕਲਪਨਾ ਕਰਨ ਦੀ ਜ਼ਬਰਦਸਤ ਤਾਕਤ ਹੁੰਦੀ ਹੈ।
ਉਸ ਦੀ ਕਲਮ ਕਦੇ ਵੀ ਨਿਰਪੱਖ ਨਹੀਂ ਸੀ, ਸਗੋਂ ਲੋਕਾਂ ਦੀ ਧਿਰ ਦੇ ਹੱਕ ਵਿਚ ਖੜ੍ਹੀ। ਉਸ ਦੀ ਕਲਮ ਇਕ ਹਥਿਆਰ ਸੀ, ਇਕ ਸ਼ੀਸ਼ਾ ਸੀ, ਇਕ ਮਸ਼ਾਲ ਸੀ।
ਬਰਤਾਨਵੀ ਲੇਖਿਕਾ ਮਿਸ਼ੇਲਾ ਰੌਂਗ ਨੇ ਦੀ ਟਾਈਮਜ਼ ਬੁੱਕ ਰੀਵਿਊ ਵਿਚ ਉਸ ਦੀ ਵਚਨਬੱਧਤਾ ਬਾਰੇ ਲਿਖਿਆ: “ਬਰਡ ਆਫ ਅ ਡਰੀਮ ਵੀਵਰ” ਵਿਚ ਨਗੂਗੀ ਦੀ ਰਚਨਾਤਮਕ ਆਵਾਜ਼ ਉਸ ਵਕਤ ਆਕਾਰ ਲੈਂਦੀ ਦਿਸਦੀ ਹੈ, “ਜਦੋਂ ਇਕ ਮਹਾਦੀਪ ਆਪਣੀ ਆਜ਼ਾਦੀ ਪ੍ਰਾਪਤ ਕਰ ਰਿਹਾ ਹੁੰਦਾ ਹੈ।” ਉਸਨੇ ਅੱਗੇ ਲਿਖਿਆ, “ਉਸ ਦਾ ਜੋ ਵਿਸ਼ਵਾਸ ਇਸ ਦੌਰਾਨ ਬਣਦਾ ਹੈ, ਉਹ ਤਾਉਮਰ ਬਰਕਰਾਰ ਰਹਿੰਦਾ ਹੈ: ਅਫ਼ਰੀਕਨ ਮਾਣ-ਸਨਮਾਨ ਅਤੇ ਆਤਮਬੋਧ ਦੀ ਤਲਾਸ਼, ਪੱਛਮੀ ਗ਼ਲਬੇ ਦਾ ਨਿਖੇਧ, ਅਤੇ ਇਹ ਤਿੱਖੀ ਪੁਕਾਰ ਕਿ ਅਫ਼ਰੀਕਨ ਲੋਕ ਆਪਣੀ ਕਹਾਣੀ ਆਪਣੀਆਂ ਦੇਸੀ ਜ਼ੁਬਾਨਾਂ ਵਿਚ ਖ਼ੁਦ ਸੁਣਾਉਣ।” ਇਨ੍ਹਾਂ ਭਾਵਨਾਵਾਂ ਨੇ ਉਸ ਦੀਆਂ ਕਈ ਲਿਖਤਾਂ ਨੂੰ ਆਧਾਰ ਦਿੱਤਾ, ਜਿਨ੍ਹਾਂ ਵਿਚ 1977 ’ਚ ਛਪੀ ਮਸ਼ਹੂਰ ਰਚਨਾ “ਪੇਟਲਜ਼ ਆਫ ਬਲੱਡ” ਵੀ ਸ਼ਾਮਲ ਹੈ, ਜੋ ਨਵ-ਬਸਤੀਵਾਦੀ ਦੌਰ ਉੱਪਰ ਬਹੁਤ ਉੱਘੜਵੇਂ ਰੂਪ ’ਚ ਚਾਨਣਾ ਪਾਉਂਦੀ ਹੈ।
ਤਾਉਮਰ ਦੇਸੀ ਭਾਸ਼ਾਵਾਂ ਦੇ ਮਹੱਤਵ ਉੱਪਰ ਡੱਟਕੇ ਖੜ੍ਹਨ ਵਾਲੇ ਅਤੇ ਸਰਮਾਏਦਾਰੀ ਦੇ ਆਲੋਚਕ ਨਗੂਗੀ ਦੀ ਸਾਹਿਤਕ ਘਾਲਣਾ ਬਹੁਤ ਵੱਡੀ ਹੈ। ਆਪਣੇ ਪਿੱਛੇ ਉਹ ਇਕ ਅਜਿਹਾ ਮਹਾਦੀਪ ਛੱਡ ਗਿਆ ਹੈ ਜਿਸਦੀ ਆਵਾਜ਼ ਉਸ ਨੇ ਗੂੰਜਾਈ - ਅਤੇ ਇਕ ਅਜਿਹੀ ਦੁਨੀਆ ਜੋ ਹੁਣ ਵੀ ਉਸ ਨੂੰ ਸੁਣਨਾ ਸਿੱਖ ਰਹੀ ਹੈ।