ਚੰਦਰੇ ਨਸ਼ਿਆਂ ਚ ਰੁੜ੍ਹਿਆ ਪੰਜਾਬ,ਜ਼ਿੰਮੇਵਾਰ ਕੌਣ ? - ਬਘੇਲ ਸਿੰਘ ਧਾਲੀਵਾਲ

 ਇੱਕ ਪੰਜਾਬੀ ਲੋਕ ਗੀਤ ਜਿਹੜਾ ਭਾਵੇਂ ਹੈ ਪੁਰਾਣਾ ਪਰ ਮੌਜੂਦਾ ਸਮੇ ਦੀ ਤਰਜਮਾਨੀ ਵੀ ਕਰਦਾ ਰਿਹਾ ਹੈ, ‘ਚੰਦਰੇ ਨੋਟਾਂ ਨੇ ਮੇਰਾ ਚੰਨ ਪਰਦੇਸੀ ਕੀਤਾ’, ਇਹ ਗੀਤ ਸਿਰਫ ਘਰੋਂ ਬਾਹਰ ਰਹਿਕੇ ਕਮਾਈਆਂ ਕਰਨ ਗਏ ਨੌਜਵਾਨਾਂ ਦੀਆਂ ਤਰੀਮਤਾਂ ਦੇ ਵਿਛੋੜੇ ਨੂੰ ਦਰਸਾਉਂਦਾ ਹੈ ਪਰ ਉਸ ਤੋ ਬਾਅਦ ਮੌਜੂਦਾ ਸਮੇ ਤੱਕ ਪੁੱਜਦਿਆਂ ਪੁੱਜਦਿਆਂ ਹਾਲਾਤ ਹੋਰ ਦੇ ਹੋਰ ਬਣ ਗਏ।ਕਿਉਂਕਿ ਹੁਣ ਘਰ ਦਾ ਇੱਕ ਮੁਖੀ ਆਪਣੇ ਪਰਿਵਾਰ ਪੂਰਤੀ ਲਈ ਪਰਦੇਸ਼ੀ ਨਹੀ ਹੁੰਦਾ ਬਲਕਿ ਪਰਿਵਾਰ ਵਿੱਚ ਜਿੰਨੇ ਵੀ ਜੀਅ ਹਨ,ਉਹਨਾਂ ਦੀ ਗਿਣਤੀ ਇੱਕ ਇੱਕ ਹੋਵੇ, ਦੋ ਦੋ ਜਾਂ ਕਿੱਧਰੇ ਤਿੰਨ ਵੀ ਹੋ ਸਕਦੇ ਹਨ, ਉਹ ਸਾਰੇ ਹੀ ਪਰਦੇਸੀ ਕੂਚ ਕਰ ਗਏ ਹਨ,ਪਿੱਛੇ ਬੁੱਢੜੇ ਮਾਪੇ ਉਹਨਾਂ ਦੀ ਬਾਹਰਲੇ ਮੁਲਕਾਂ ਵਿੱਚ ਤਰੱਕੀ  ਦੀ ਝੂਠੀ ਖੁਸ਼ੀ ਦੇ ਹੇਠਾਂ ਆਪਣੇ ਵਿਛੋੜੇ ਦੇ ਦੁੱਖ ਦਰਦਾਂ ਨੂੰ ਛੁਪਾਉਣ ਦਾ ਯਤਨ ਕਰਦੇ ਇਸ ਦੁਨੀਆਂ ਤੋ ਕੂਚ ਕਰ ਰਹੇ ਹਨ,ਕੁੱਝ ਮੰਜੇ ਨਾਲ ਮੰਜਾ ਹੋ ਗਏ ਪਰ ਪਾਣੀ ਦੀ ਘੁੱਟ ਪੁੱਛਣ ਵਾਲਾ ਕੋਈ ਨਾਂ ਬਚਿਆ,ਇਹਦਾ ਮਤਲਬ ਇਹ ਹਰਗਿਜ ਨਹੀ ਕਿ ਬਾਹਰ ਗਿਆਂ ਦਾ ਖੂੰਨ ਸਫੈਦ ਹੋ ਗਿਆ,ਉਹ ਮਾਪਿਆਂ ਨੂੰ ਭੁੱਲ ਭੁਲਾ ਗਏ ਹਨ,ਉਹ ਹੁਣ ਇੱਧਰ ਆਉਣਾ ਹੀ ਨਹੀ ਚਾਹੁੰਦੇ,ਨਹੀ ਅਜਿਹਾ ਨਹੀ ਹੈ,ਉਹ ਆਉਣਾ ਚਾਹੁੰਦੇ ਹਨ,ਉਹਨਾਂ ਨੂੰ ਐਥੇ ਨਸ਼ਿਆਂ ਤੋ, ਨਸ਼ੇ ਦੇ ਸੌਦਾਗਰਾਂ ਤੋ ਅਤੇ ਨਸ਼ੇ ਦੀ ਤੋਟ ਨੂੰ ਪੁਰਾ ਕਰਨ ਲੁਈ ਲੁੱਟਾਂ ਖੋਹਾਂ ਕਰਦੇ ਨਸ਼ੇੜੀਆਂ ਤੋਂ ਸੁਰਖਿਅਤ ਰੱਖਣ ਦਾ ਜਿੰਮਾ ਕੌਣ ਲਵੇਗਾ ? ਇਹੋ ਕਾਰਨ ਹੈ ਕਿ ਖੁਦ ਮਾਪੇ ਹੀ ਨਹੀ ਚਾਹੁੰਦੇ ਕਿ ਉਹਨਾਂ ਦੇ ਪਰਦੇਸਾਂ ਚ ਮਿਹਨਤਾਂ ਕਰਕੇ ਸਥਾਪਤ ਹੋ ਰਹੇ ਲਾਡਲੇ ਪੁੱਤ ਮੁੜ ਤੋ ਇੱਥੋਂ ਦੇ ਖਤਰਨਾਕ ਹੱਦ ਪਾਰ ਕਰ ਚੁੱਕੇ ਹਾਲਾਤਾਂ ਨਾਲ ਲੜਨ ਦਾ ਜੋਖਮ ਉਠਾਉਣ ਅਤੇ ਮੁੜ ਨਸ਼ਿਆਂ ਦੀ ਮੰਡੀ ਬਣੇ ਪੰਜਾਬ ਵਿੱਚ ਆਉਣ ਦੀ ਗਲਤੀ ਦੁਹਰਾਉਣ।ਉਹ ਆਪਣੇ ਚਾਵਾਂ ਅਤੇ ਮਮਤਾ ਨੂੰ ਔਲਾਦ ਦੀਆਂ ਖੁਸ਼ੀਆਂ ਤੋ ਕੁਰਬਾਨ ਕਰ ਰਹੇ ਹਨ।ਵੀਹਵੀ ਸਦੀ ਦੇ ਅੰਤਲੇ ਦਹਾਕਿਆਂ ਤੋ ਲੈ ਕੇ ਮੌਜੂਦਾ ਸਮੇ ਤੱਕ ਪੁੱਜਦਿਆਂ ਪੰਜਾਬ  ਦਾ ਨਕਸ਼ਾ ਅਸਲੋਂ ਹੀ ਬਦਲ ਗਿਆ ਹੈ।ਕਮਾਈਆਂ ਕਰਨ ਗਏ ਢੋਲ ਦੇ ਵਿਛੋੜੇ ਦੇ ਗੀਤਾਂ ਦੇ ਅਰਥ ਬੇ-ਅਰਥੇ ਹੋ ਗਏ ਹਨ। ਉਹਨਾਂ ਲੋਕ ਗੀਤਾਂ ਦੀ ਸਾਰਥਿਕਤਾ ਪੇਤਲੀ ਪੈਂਦੀ ਦਿਖਾਈ ਦੇਣ ਲੱਗੀ ਹੈ,ਜਾਂ ਕਹਿ ਲਵੋ ਅਜਿਹੇ ਲੋਕ ਗੀਤ ਹੁਣ ਪੁਰਾਣੇ ਸਮਿਆਂ ਦੇ ਯਾਦਗਾਰੀ ਗੀਤ ਬਣ ਕੇ ਰਹਿ ਗਏ ਹਨ। ਤਰੱਕੀਆਂ ਲਈ ਬਾਹਰਲੇ ਮੁਲਕਾਂ ਵਿੱਚ ਜਾ ਕੇ ਮੱਲਾਂ ਮਾਰਨ ਵਾਲਿਆਂ ਦੀ ਰੀਸ ਕਰਦੇ ਕਰਦੇ ਹਜਾਰਾਂ ਸ਼ੈਲ  ਸਬੀਲੇ ਗੱਭਰੂ ਨਸ਼ਿਆਂ ਦੇ ਸੌਦਾਗਰਾਂ ਦੇ ਹੱਥੀ ਜਾ ਚੜ੍ਹੇ, ਜਹਾਜ਼ੇ ਚੜਨ ਦਾ ਸੁਪਨਾ ਮਾਰਕੇ ਸਿਵਿਆਂ ਦੇ ਰਾਹਾਂ ਨੂੰ ਆਪਣੀ ਆਖਰੀ ਮੰਜਲ ਮੰਨ ਬੈਠੇ।ਇਹ ਪਤਾ ਹੀ ਨਹੀ ਲੱਗਾ ਕਿ ਕਦੋ ਹੱਸਦਾ ਵੱਸਦਾ ਪੰਜਾਬ ਮੁੜ ਉਜਾੜੇ ਦੀ ਕਾਗਾਰ ਤੇ ਪੁੱਜ ਗਿਆ।ਕਹਿੰਦੇ ਹਨ ਕਿ ਪੰਜਾਬ ਦੇ ਜਾਏ ਨੂੰ ਨਿੱਤ ਮੁਹਿੰਮਾਂ,ਪਰ ਹੁਣ ਚਲਾਕ ਸਕਤੇ ਸਮਝ ਚੁੱਕੇ ਹਨ ਕਿ ਪੰਜਾਬ ਦੀ ਮਿੱਟੀ ਨੂੰ ਮਾਰਿਆਂ ਨਹੀ ਭੋਰਿਆ ਜਾਣਾ ਬਲਕਿ ਇਹਦੀ ਜਣਨ ਸਕਤੀ ਨੂੰ ਜਹਿਰੀਲੇ ਤੱਤਾਂ ਨਾਲ ਵਾਂਝ ਬਣਾਉਣਾ ਹੋਵੇਗਾ।ਇੱਥੋਂ ਦੇ ਗਭਰੇਟਾਂ ਨੂੰ ਭੁੱਕੀ ਅਫੀਮ ਵਰਗੇ ਕੁਦਰਤੀ ਨਸ਼ਿਆਂ ਤੋ ਹਟਾ ਕੇ ਰਸਾਇਣਕ ਨਸ਼ਿਆਂ ਦੀ ਤਤਪਰਤਾ ਦੇ ਆਦੀ ਬਣਾਉਣਾ ਹੋਵੇਗਾ।ਇਹਨਾਂ ਦੀ ਗੈਰਤ ਅਤੇ ਮਰਦਾਨਗੀ ਨੂੰ ਮਾਰਨਾ ਹੋਵੇਗਾ।ਪੰਜਾਬ ਵਿਰੋਧੀ ਤਾਕਤਾਂ ਦੇ ਇਹੋ ਜਿਹੇ ਰੁਝਾਨ ਦੀ ਬਦੌਲਤ ਇਹ ਅਖਾਣ ਵੀ ਬਦਲ ਗਈ ਪੰਜਾਬ ਦੇ ਜਾਇਆਂ ਨੂੰ ਨਿੱਤ ਮੁਹਿੰਮਾਂ” , ਕਿਉਕਿ ਮੁਹਿੰਮਾਂ ਦਾ ਨਾ ਸੁਣਕੇ ਤਾਂ ਪੰਜਾਬੀ ਜੁਆਨੀ ਨੂੰ ਚਾਅ ਚੜ੍ਹਦਾ ਹੈ, ਡੌਲ਼ੇ ਫਰਕਣ ਲੱਗਦੇ ਹਨ ਅਤੇ ਮਰ ਮਿਟਣ ਦੀ ਤਾਂਘ ਵਿਆਕੁਲ ਕਰਨ ਲੱਗਦੀ ਹੈ, ਸੋ ਇਸ ਜਜ਼ਬੇ ਨੂੰ ਖਤਮ ਕਰਨ ਲਈ ਹੀ ਤਾਂ ਅਜਿਹੇ ਤੀਰ ਚਲਾਏ ਗਏ ਜਿਹੜੇ ਸਿੱਧੇ ਨਿਸ਼ਾਨੇ ਤੇ ਆਣ ਵੱਜੇ ਹਨ। ਪੋਸਤ ਭੁੱਕੀ ਅਤੇ ਅਫੀਮ ਦਾ ਨਸ਼ਾ ਕਰਕੇ ਦਿਨ ਰਾਤ ਮਿੱਟੀ ਨਾਲ ਮਿੱਟੀ ਹੋਕੇ ਕਮਾਈਆਂ ਕਰਨ ਵਾਲੇ ਪੰਜਾਬੀ, ਚਿੱਟਿਆਂ ਸਮੈਕਾਂ,ਗੋਲੀਆਂ, ਕੈਪਸੂਲਾਂ ਅਤੇ ਜਹਿਰੀਲੀਆਂ ਸ਼ਰਾਬਾਂ ਨੇ ਸਦਾਈ ਬਣਾ ਦਿੱਤੇ ਹਨ, ਮਰਦਾਨਗੀ ਗੁਆ ਕੇ ਬੇ-ਗੈਰਤੇ ਹੋਏ ਪੰਜਾਬੀ ਸੰਤਾਨ ਸੁੱਖ ਤੋ ਵਾਂਝੇ ਹੋਣ ਵੱਲ ਵਧ ਰਹੇ ਹਨ।ਲਿਹਾਜ਼ਾ ਮੁੱਲ ਦੀਆਂ ਕੁੱਖਾਂ ਤੋ ਸੰਤਾਨ ਸੁੱਖ ਲੱਭਣ ਦਾ ਰੁਝਾਨ ਵੱਧਦਾ ਜਾ ਰਿਹਾ ਹੈ।ਇਹ ਕਹਿਣਾ ਗਲਤ ਨਹੀ ਕਿ ਪੰਜਾਬ ਜਨਣ ਸਕਤੀ ਗੁਆ ਰਿਹਾ ਹੈ।  ਪੰਜਾਬ ਦੇ ਵਾਰਿਸ ਕੰਮ ਕਾਰ ਨੂੰ ਅਸਲੋਂ ਹੀ ਭੁੱਲ ਕੇ ਜਮੀਨਾਂ ਵੇਚ ਵੇਚ ਮਾਰੂ ਨਸ਼ਿਆਂ ਦੀ ਭੇਂਟ ਚੜਨ ਲੱਗੇ ਹਨ। ਜਿਹੜੇ ਕਦੀ ਹਕੂਮਤਾਂ ਨੂੰ ਵਖਤ ਪਾਉਣ ਵਾਲਿਆਂ ਵਿੱਚ  ਮੋਹਰੀ ਹੁੰਦੇ ਸਨ,ਉਹ ਗਲ਼ੀਆਂ ਦੇ ਕੱਖ ਬਣ ਕੇ ਰਹਿ ਗਏ। ਪਿੰਡਾਂ,ਸਹਿਰਾਂ ਕਸਬਿਆਂ ਦੀ ਹਰ ਸੁੰਨੀ ਥਾਂ ਨਸ਼ਿਆਂ ਦੇ ਅੱਡੇ ਬਣ ਗਈ।ਗਲ਼ੀਆਂ,ਰਾਹਾਂ ਅਤੇ ਸੜਕਾਂ ਤੇ ਗੈਰਤ ਵਿਹੂਣੀ ਜੁਆਨੀ ਦੀਆਂ ਲਾਸਾਂ  ਸੜਨ ਲੱਗ ਪਈਆਂ।ਇਹ ਸਮੇ ਦਾ ਦੁਖਾਂਤ ਹੈ ਨਸ਼ਿਆਂ ਨਾਲ ਮਰਨ ਵਾਲੇ ਅਭਾਗਿਆਂ ਦੀ ਗਿਣਤੀ ਨਾ ਕੁਦਰਤੀ ਮੌਤ  ਵਿੱਚ ਆਉਂਦੀ ਹੈ ਅਤੇ ਨਾ ਹੀ ਸਰਕਾਰੀ ਤੰਤਰ ਆਪਣੀ ਬਦਨਾਮੀ ਦੇ ਡਰੋਂ ਉਹਨਾਂ ਨੂੰ ਨਸ਼ਿਆਂ ਨਾਲ ਮਰ ਚੁੱਕੇ ਸਵੀਕਾਰ ਕਰਦਾ ਹੈ,ਜਦੋਂਕਿ ਇਹ ਸੱਚ ਨੂੰ ਝੁਠਲਾਇਆ ਹੀ ਨਹੀ ਜਾ ਸਕਦਾ ਕਿ ਮੈਲ਼ੇ ਕੁਚੈਲ਼ੇ ਕਪੜਿਆਂ ਚ ਸੁਦਾਈਆਂ ਵਾਂਗ ਨਸ਼ਿਆਂ ਦੀ ਭਾਲ ਚ ਭਟਕਦੇ ਫਿਰਦੇ ਪੰਜਾਬੀ ਨੌਜਵਾਨਾਂ ਦੇ ਪਿੱਛੇ ਪਿੱਛੇ ਮੌਤ ਦਾ ਅਟੱਲ ਪਹਿਰਾ ਹੈ।ਇਹ ਕੋਈ ਝੂਠੀ ਕਹਾਣੀ ਨਹੀ ਅਤੇ ਨਾ ਹੀ ਕਿਸੇ ਨਾਵਲ ਦੀ ਭੂਮਿਕਾ,ਸਗੋਂ ਇਹ ਪੰਜਾਬ ਦੇ ਫਿਕਰਮੰਦ ਸਾਹਿਤਕਾਰ ਮਰਹੂਮ ਜਸਵੰਤ ਸਿੰਘ ਕੰਵਲ ਦੇ ਸਬਦਾਂ ਵਿੱਚ “ਰੁੜ ਚੱਲੇ ਪੰਜਾਬ” ਦਾ ਦਰਦ ਹੈ,ਜਿਸ ਤੋ ਕੋਈ ਵੀ ਮੁਨਕਰ ਨਹੀ ਹੋ ਸਕਦਾ।
ਇਹ ਨਾ ਹਜਮ ਹੋਣ ਵਾਲਾ ਸੱਚ ਹੈ ਕਿ ਸਰਕਾਰਾਂ ਦੇ ਦਾਅਵੇ ਅਤੇ ਪੁਲਿਸ ਦੇ ਪੈਤੜੇ ਸਭ ਗੁਮਰਾਹ ਕਰਨ ਵਾਲਾ ਵਰਤਾਰਾ ਹੈ।ਕੀ ਸਰਕਾਰ ਅਤੇ ਪੁਲਿਸ ਇਹ ਸੱਚਮੁੱਚ ਇਮਾਨਦਾਰੀ ਨਾਲ ਦਾਅਵਾ ਕਰ ਸਕਦੀ ਹੈ ਕਿ ਨਸ਼ਿਆਂ ਨੂੰ ਖਤਮ ਕਰਨ ਲਈ ਸੁਹਿਰਤਾ ਨਾਲ ਯਤਨ ਹੋ ਰਹੇ ਹਨ ? ਜੇ ਜਵਾਬ ਹਾਂ ਵਿੱਚ ਹੈ,ਤਾਂ ਸਵਾਲ ਉੱਠਦਾ ਹੈ ਫਿਰ ਪਿੰਡਾਂ ਵਿੱਚ ਰਸ਼ਾਇਣਕ ਨਸ਼ਿਆਂ ਦੀ ਓਵਰਡੋਜ ਨਾਲ ਮਰਨ ਵਾਲੇ ਕੌਣ ਹਨ,ਕਿਹੜੀ ਦੁਨੀਆਂ ਦੇ ਲੋਕ ਹਨ ? ਮੈਨੂੰ ਪਿਛਲੇ ਦਿਨੀ ਬਰਨਾਲਾ ਜਿਲ਼ੇ ਦੇ  ਇੱਕ ਪਿੰਡ ਦੇ ਇੱਕ ਵਿਅਕਤੀ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ਤੇ ਦੱਸਿਆ ਕਿ ਸਾਡੇ ਪਿੰਡ ਵਿੱਚ ਹਰ ਮਹੀਨੇ ਚਾਰ ਪੰਜ ਨੌਜਵਾਨ ਨਸ਼ਿਆਂ ਨਾਲ ਜਾਨ ਗਵਾ ਰਹੇ ਹਨ,ਜੇਕਰ ਇਹਨੂੰ ਸੱਚ ਨਾ ਵੀ ਮੰਨਿਆ ਜਾਵੇ,ਤਾਂ ਵੀ ਇਸ ਗੱਲ ਤੋ ਵੀ ਮੁਨਕਰ ਨਹੀ ਹੋਇਆ ਜਾ ਸਕਦਾ ਕਿ ਓਥੇ ਕੋਈ ਮਰ ਹੀ ਨਹੀ ਰਿਹਾ।ਕਿਉਂਕਿ ਗੱਲਾਂ ਵੀ ਫਿਰ ਹੀ ਬਣਦੀਆਂ ਹਨ ਜੇਕਰ ਕਿਸੇ ਗਲ਼ ਦਾ ਮੂਲ ਸਰੂਪ ਹੋਵੇ,ਅਜਿਹਾ ਕਦੇ ਵੀ ਨਹੀ ਸੁਣਿਆ ਕਿ ਗੱਲ ਕੋਈ ਹੋਵੇ ਹੀ ਨਾਂ ਫਿਰ ਵੀ ਗੱਲਾਂ ਵੱਡੀਆਂ ਬਣ ਜਾਣ।ਉਪਰੋਕਤ ਵਿਅਕਤੀ ਨੇ ਤਾਂ ਇੱਥੋਂ ਤੱਕ ਦੱਸਿਆ ਹੈ ਕਿ ਨਸ਼ਿਆਂ ਚ ਗ੍ਰਸਤ ਹੋਣ ਵਾਲਿਆਂ ਵਿੱਚ 10 ਸਾਲ ਤੋ ਲੈ ਕੇ 15 ਸਾਲ ਤੱਕ ਦੇ ਬੇ-ਸਮਝ ਬੱਚੇ ਵੀ ਸ਼ਾਮਲ ਹਨ। ਇਹ  ਇੱਕ ਪਿੰਡ ਦੀ ਕਹਾਣੀ ਨਹੀ ਬਲਕਿ ਪੰਜਾਬ ਦੇ ਹਰ ਜਿਲੇ ਦੇ ਹਰ ਪਿੰਡ ਦੀ ਸਟੀਕ ਅਤੇ ਦੁਖਦ ਗਾਥਾ ਹੈ।ਪੁਲਿਸ ਦੀ ਕਾਰਗੁਜਾਰੀ ਤੇ ਹਾਸਾ ਨਹੀ ਆਉਂਦਾ ਹੈ ਬਲਕਿ ਰੋਣਾ ਆਉਂਦਾ ਹੈ,  ਆਵੇ ਵੀ ਕਿਉਂ ਨਾ,ਪੁਲਿਸ ਅਫੀਮ ਭੁੱਕੀ ਫੜਨ ਤੇ  ਸਾਰੀ ਤਾਕਤ ਝੋਕ ਰਹੀ ਹੈ ਜਦੋਕਿ ਨੌਜਵਾਨਾਂ ਦੀ ਮੌਤ  ਰਸ਼ਾਇਣਕ ਨਸ਼ਿਆਂ ਨਾਲ ਹੋ ਰਹੀ ਹੈ।ਕੀ ਇਹ ਹੈਰਾਨੀ ਵਾਲੀ ਗੱਲ ਨਹੀ ਹੈ ਕਿ ਦਿੱਲੀ ਤੋ ਆਉਣ ਵਾਲੇ ਨਸ਼ੇ ਹਰਿਆਣਾ ਪਾਰ ਕਰਕੇ ਪੰਜਾਬ ਚ ਹੀ ਕਿਉਂ ਆਕੇ ਵੇਚੇ ਜਾ ਰਹੇ ਹਨ,ਹਰਿਆਣੇ ਵਿੱਚ ਕਿਉਂ ਨਹੀ ? ਉੱਤਰ ਪ੍ਰਦੇਸ ਵਿੱਚ ਕਿਉਂ ਨਹੀ ?  ਜੇਕਰ ਪਾਕਿਸਤਾਨ ਤੋ ਆਉਣ ਵਾਲੇ ਨਸ਼ਿਆਂ ਦੀ ਗੱਲ ਕੀਤੀ ਜਾਵੇ,ਤਾਂ ਵੀ ਇਹ ਸਵਾਲ ਉੱਠਦਾ ਹੈ ਕਿ ਮਹਿਜ਼ ਪੰਜਾਬ ਦੀ 547 ਕਿਲੋਮੀਟਰ ਤੱਕ ਦੇ ਕਰੀਬ ਪਾਕਿਸਤਾਨ ਦੇ ਨਾਲ ਲੱਗਦੀ ਹੱਦ ਤੋ ਹੀ ਮਣਾਂ ਮੂਹੀ ਨਸ਼ਾ ਕਿਵੇਂ ਆ ਰਿਹਾ ਹੈ,ਜਦੋ ਕਿ ਰਾਜਸਥਾਨ ਦੀ 1,035 ਕਿਲੋਮੀਟਰ ਅਤੇ ਗੁਜਰਾਤ ਦੀ 512 ਕਿਲੋਮੀਟਰ ਦੀ ਹੱਦ ਪਾਕਿਸਤਾਨ  ਦੇ ਨਾਲ ਲੱਗਣ ਦੇ ਬਾਵਜੂਦ ਵੀ ਰਾਜਸਥਾਨ ਅਤੇ ਗੁਜਰਾਤ ਵਿੱਚ ਨਸ਼ਿਆਂ ਦੀ ਸਪਲਾਈ ਦਾ ਨਾਮੋ ਨਿਸ਼ਾਨ ਵੀ ਸੁਣਿਆ ਨਹੀ ਜਾ ਰਿਹਾ। ਉਪਰੋਕਤ ਦਾ ਸਾਰ ਅੰਸ ਇਹ ਹੈ ਕਿ ਪੰਜਾਬ ਸਰਕਾਰ ਅਤੇ ਪੰਜਾਬ ਦੀ ਪੁਲਿਸ ਨੂੰ  ਇਮਾਨਦਾਰੀ ਨਾਲ ਸਖਤ ਕਦਮ ਚੁੱਕਣ ਦੀ ਲੋੜ ਹੈ,ਹਾਥੀ ਲੰਘਾ ਕੇ ਪੂਛ ਫੜਨ ਦਾ ਕੋਈ ਫਾਇਦਾ ਨਹੀ ਹੋਣਾ।,ਅਜਿਹਾ ਤੁਜਰਬਿਆਂ ਚੇ ਦੇਖਿਆ ਜਾ ਚੁੱਕਾ ਹੈ।ਭਾਵੇਂ ਪੁਲਿਸ ਹੋਵੇ ਜਾ ਰਾਜਨੀਤਕ ਲੋਕ ਇਹ ਸਭ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਕੇਂਦਰੀ ਤਾਕਤਾਂ ਪੰਜਾਬ ਨੂੰ ਹੱਸਦਾ ਵੱਸਦਾ ਨਹੀ ਦੇਖਣਾ ਚਾਹੁੰਦੀਆਂ,ਇਸ ਲਈ ਦੂਜੇ ਦੇ ਘਰ ਲੱਗੀ ਅੱਗ ਨੂੰ ਵਸੰਤਰ ਨਾ ਸਮਝਿਆ ਜਾਵੇ,ਕਿਉਂਕਿ ਇਹਦਾ ਸੇਕ ਸਾਡੇ, ਤੁਹਾਡੇ ਸਭਨਾਂ ਦੇ ਘਰਾਂ ਤੱਕ ਆਉਣਾ ਹੀ ਆਉਣਾ ਹੈ।ਜਿੰਨੀ ਦੇਰ ਸ਼ਾਸ਼ਨ ,ਪ੍ਰਸ਼ਾਸ਼ਨ ਅਤੇ ਲੋਕ ਇੱਕ ਸੁਰਤਾ ਨਾਲ ਸੁਹਿਰਦ ਸਮਝ ਨਹੀ ਅਪਨਾਉਣਗੇ,  ਓਨੀ ਦੇਰ ਜੁਆਨੀ ਮਰਦੀ ਰਹੇਗੀ, ਸਿਵੇ ਬਲ਼ਦੇ ਰਹਿਣਗੇ ਅਤੇ ਪੰਜਾਬ ਉੱਜੜਦਾ ਰਹੇਗਾ। ਇਸ ਜ਼ਮੀਨੀ ਹਕੀਕਤ ਨੂੰ ਕੋਈ ਮੰਨੇ ਭਾਵੇ ਨਾ ਮੰਨੇ ਪਰ ਅਸਲ ਸੱਚ ਇਹੋ ਹੈ।
ਬਘੇਲ ਸਿੰਘ ਧਾਲੀਵਾਲ
99142-58142