“ਜੋ ਸਰਣਿ ਆਵੈ ਤਿਸੁ ਕੰਠਿ ਲਾਵੈ” - ਬਘੇਲ ਸਿੰਘ ਧਾਲੀਵਾਲ

ਸਿੱਖ ਪਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਸੰਦਰਭ ਵਿੱਚ
ਬੀਤੇ ਦਿਨੀ ਸ੍ਰੀ ਅਕਾਲ ਤਖਤ ਸਾਹਿਬ ਤੋ ਕੁੱਝ ਮਹੱਤਵਪੂਰਨ ਫੈਸਲੇ ਹੋਏ ਹਨ,ਜਿੰਨਾਂ ਵਿੱਚੋਂ ਇੱਕ ਫੈਸਲੇ ਨੇ ਮਨ ਨੂੰ ਸਕੂਨ ਦਿੱਤਾ ਹੈ ਜਦੋਂਕਿ ਦੂਸਰੇ ਫੈਸਲੇ ਨੇ ਨਮੋਸੀ ਹੀ ਝੋਲ਼ੀ ਪਾਈ ਹੈ।ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਟੇਕ ਸਿੰਘ ਧਨੌਲਾ ਸਮੇਤ  ਪੰਜ ਸਿੰਘ ਸਾਹਿਬਾਨ ਦੀ ਮੌਜੂਦਗੀ ਵਿੱਚ ਵਿਸ਼ਵ ਪ੍ਰਸਿੱਧ ਸਿੱਖ ਪਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਅਤੇ ਤਖਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਰਣਜੀਤ ਸਿੰਘ ਗੌਹਰ ਏ ਮਸਕੀਨ ਦੇ  ਮਾਮਲਿਆਂ ਨੂੰ ਨਿਪਟਾਉਣ ਲਈ ਕਦਮ ਚੁੱਕੇ ਹਨ।ਜਿੱਥੋੱ ਤੱਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਸਵਾਲ ਹੈ,ਉਹਨਾਂ ਵਾਲੇ ਮਾਮਲੇ ਵਿੱਚ ਕੌਂਮ ਤਸੱਲੀ ਮਹਿਸੂਸ ਕਰਦੀ ਹੈ,ਬਾਸ਼ਰਤੇ ਇਹ ਸਾਰਾ ਵਰਤਾਰਾ ਗੁਰੂ ਦੇ ਆਸ਼ੇ ਅਨੁਸਾਰ ਹੋਇਆ ਹੋਵੇ,ਪਰ ਸਾਬਕਾ ਜਥੇਦਾਰ ਰਣਜੀਤ ਸਿੰਘ ਗੌਹਰ ਏ ਮਸਕੀਨ ਤਖਤ ਸ੍ਰੀ ਪਟਨਾ ਸਾਹਿਬ ਦੇ ਮਾਮਲੇ ਵਿੱਚ ਦੋ ਤਖਤ ਆਹਮੋ ਸਾਹਮਣੇ ਹੁੰਦੇ ਪਰਤੀਤ ਹੋ ਰਹੇ ਹਨ।ਜੇਕਰ ਇਹ ਗੱਲ ਅੱਗੇ ਵੱਧਦੀ ਹੈ ਤਾਂ ਕੌਂਮ ਲਈ ਸ਼ੁਭ ਨਹੀ ਹੋਵੇਗਾ,ਕਿਉਂਕਿ ਸਿੱਖ ਕੌਂਮ ਪਹਿਲਾਂ ਹੀ ਆਪਸੀ ਪਾਟੋਧਾੜ ਕਾਰਨ  ਦੁਸ਼ਵਾਰੀਆਂ ਝੱਲ ਰਹੀ ਹੈ,ਜੇਕਰ ਦੋ ਤਖਤ ਹੀ ਆਹਮੋ ਸਾਹਮਣੇ ਹੋ ਗਏ ਫਿਰ ਤਾਂ ਭਰਪੂਰ ਸਿੰਘ ਬਲਵੀਰ ਦੇ ਸਬਦਾਂ ਵਿੱਚ “ਹੋਰ ਵੀ ਜੱਗੋਂ ਤੇਰਵੀਂ ਹੋਵੇਗੀ” ਵਾਲੇ ਖਦਸ਼ੇ ਦੇ ਸੱਚ ਹੋਣ ਨੂੰ ਕੋਈ ਨਹੀ ਟਾਲ ਸਕੇਗਾ। ਸੋ ਉਪਰੋਕਤ ਦੇ ਸੰਦਰਭ ਵਿੱਚ ਕੁੱਝ ਵਿਆਖਿਆ ਹੋਣੀ ਜਰੂਰੀ ਬਣਦੀ ਹੈ।ਸਿੱਖੀ ਦਾ ਇਤਿਹਾਸ ਬੇਮਿਸਾਲ ਕੱਥ ਅਕੱਥ  ਕਹਾਣੀਆਂ ਨਾਲ ਭਰਿਆ ਪਿਆ ਹੈ।ਸਿੱਖ ਲਈ ਸਿੱਖਿਆ ਅਤੇ ਅਗਵਾਈ ਆਪ ਖੁਦ ਗੁਰੂ ਸਾਹਿਬ ਪ੍ਰਦਾਨ ਕਰਦੇ ਹਨ।ਸਿੱਖ ਕੌਂਮ ਨੂੰ ਜਿੱਥੇ ਬੇਹੱਦ ਬਹਾਦਰ,ਲੜਾਕੂ ਅਤੇ ਜਾਂਬਾਜ਼ ਮੰਨਿਆ ਜਾਂਦਾ ਹੈ,ਓਥੇ ਸਰਬ ਸਾਂਝੀਵਾਲਤਾ, ਨਿਮਰਤਾ, ਸਮਾਜਿਕ ਬਰਾਬਰੀ ਅਤੇ ਸਰਬਤ ਦੇ ਭਲੇ ਵਰਗੇ ਮਹਾਂਨ ਸੰਕਲਪ ਇਸ  ਕੌਂਮ ਦੇ ਮੁਢਲੇ ਸਿਧਾਂਤ ਵਜੋਂ ਵੀ ਇਸ ਨਿਆਰੀ,ਨਿਰਾਲੀ ਕੌਂਮ ਦੇ ਹਿੱਸੇ ਆਏ ਹਨ,ਜਿਹੜੇ ਸਿਧਾਂਤ ਸਿੱਖ ਨੂੰ ਦੁਨੀਆਂ ਦੇ ਬਾਕੀ ਧਰਮਾਂ ਤੋ ਅਲੱਗ ਵੱਖਰਾ ਅਤੇ ਨਿਵੇਕਲਾ ਬਣਾਉਂਦੇ ਹਨ।   ਕਿਸੇ ਕੌਂਮ ਦੋਖੀ ਨੂੰ ਸਜ਼ਾ ਦੇਣ, ਮੁਆਫ ਕਰਨ ਅਤੇ ਅਤੇ ਪੰਥ ਚੋਨ ਛੇਕਣ ਵਰਗੇ ਸਿਧਾਂਤ ਹੋਰ ਕਿਸੇ ਵੀ ਧਰਮ,ਫਿਰਕੇ ਜਾਂ ਕੌਂਮ ਵਿੱਚ ਨਹੀ ਹਨ।ਸਿੱਖਾਂ ਕੋਲ ਸ਼ਰਨ ਆਏ ਨੂੰ ਮੁਅਫ ਕਰਨ ਦਾ ਵੱਡਾ ਜਿਗਰਾ ਵੀ ਹੈ ਅਤੇ ਹੰਕਾਰੀ ਦਾ ਹੰਕਾਰ ਤੋੜਨ ਲਈ ਰੋਟੀ ਬੇਟੀ ਦੀ ਸਾਂਝ ਖਤਮ ਕਰਨ ਵਰਗੇ ਸਖਤ ਧਾਰਮਿਕ ਵਿਧੀ ਵਿਧਾਨ ਵੀ ਹਨ।ਹਰ ਨਾਨਕ ਨਾਮਲੇਵਾ ਨੂੰ ਸਿਧਾਂਤਾਂ ਤੇ ਪਹਿਰਾ ਦੇਣ ਲਈ ਧੰਨ ਧੰਨ ਸ੍ਰੀ ਗੁਰੂ ਗਰੰਥ ਸਾਹਿਬ ਅੰਦਰ ਪੈਰ ਪੈਰ ਤੇ ਤਾਕੀਦ ਕੀਤੀ ਗਈ ਹੈ।ਕੋਈ ਕਿੰਨਾ ਵੀ ਜਾਲਮ,ਜਾਬਰ ਅਤੇ ਕੌਂਮ ਦਾ ਦੋਸ਼ੀ ਕਿਉਂ ਨਾ ਹੋਵੇ,ਪਰੰਤੂ ਜੇਕਰ ਉਹ ਸਿੱਖਾਂ ਦੇ ਸਰਬ ਉੱਚ ਅਸਥਾਨ ਅਤੇ ਦੁਨਿਆਵੀ ਤਖਤਾਂ ਤੋ ਉਪਰ ਵਾਲੇ ਰੁਹਾਨੀ ਤਖਤ ਸ੍ਰੀ ਅਕਾਲ ਤਖਤ ਸਾਹਿਬ ਦੀ ਸ਼ਰਣਿ ਵਿੱਚ ਆਕੇ ਭੁੱਲਾਂ ਬਖਸ਼ਾ ਲੈਂਦਾ ਹੈ,ਤਾਂ ਸਿੱਖ ਕੌਂਮ ਦਾ ਮੰਨਣਾ ਹੈ ਕਿ ਗੁਰੂ ਸਾਹਿਬ ਉਹਨੂੰ ਮੁਆਫ ਕਰ ਦਿੰਦੇ ਹਨ ਅਤੇ ਇਸ ਤੋ ਬਾਅਦ ਕੋਈ ਵੀ ਸਿੱਖ ਉਪਰੋਕਤ ਵਿਅਕਤੀ ਵਿਸ਼ੇਸ਼ ਜਾਂ ਸੰਸਥਾ ਨਾਲ ਆਪਣੇ ਦਿਲਾਂ ਵਿੱਚ ਮੰਦ ਭਾਵਨਾ ਨਹੀ ਰੱਖਦਾ।ਕਿਉਂਕਿ ਜਦੋ ਵੀ ਕੋਈ ਦੋਸ਼ੀ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁੱਖ ਆਪਣੀਆਂ ਭੁੱਲਾਂ ਬਖਸ਼ਾਉਣ ਦੇ ਲਈ ਇੱਕ ਨਿਮਾਣੇ ਸਿੱਖ ਜਾਂ ਨਿਮਾਣੇ ਦਾਸ ਵਜੋਂ ਹਾਜਰ ਹੁੰਦਾ ਹੈ,ਤਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋ ਪੰਜ  ਸਿੰਘ ਸਾਹਿਬਾਨ ਦੇ ਵੱਲੋਂ ਸਬੰਧਤ ਦੋਸ਼ੀ ਦਾ ਪੱਖ ਸੁਨਣ ਤੋ ਬਾਅਦ ਉਹਦੇ ਪਿਛਲੇ ਗੁਨਾਹਾਂ ਨੂੰ ਤਨਖਾਹ ਦੇ ਰੂਪ ਵਿੱਚ ਸੇਵਾ ਲਾਉਣ ਤੋ ਬਾਅਦ ਮੁਆਫ ਕਰ ਦਿੱਤਾ ਜਾਂਦਾ ਹੈ।ਇਹ ਸਿਧਾਂਤ ਦੁਨੀਆਂ ਦੇ ਹੋਰ ਕਿਸੇ ਵੀ ਧਰਮ ਦੇ ਹਿੱਸੇ ਨਹੀ ਆਇਆ,ਜਿਹੜਾ ਸਿੱਖ ਗੁਰੂ ਸਾਹਿਬਾਨਾਂ ਨੇ ਸਿੱਖਾਂ ਨੂੰ ਦਿੱਤਾ ਹੈ।ਧੰਨ ਧੰਨ ਸ੍ਰੀ ਗੁਰੂ ਗਰੰਥ ਸਾਹਿਬ ਵਿੱਚ ਪੰਜਵੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਸਾਹਿਬ ਜੀ ਦਾ ਫੁਰਮਾਨ ਹੈ ਕਿ :-
ਜੋ ਸਰਣਿ ਆਵੈ ਤਿਸੁ ਕੰਠਿ ਲਾਵੈ ਇਹੁ ਬਿਰਦ ਸੁਆਮੀ ਸੰਦਾ||
ਜਿਹੜਾ ਗੁਰੂ ਦੀ ਸ਼ਰਣ ਵਿੱਚ ਆ ਜਾਂਦਾ ਹੈ,ਉਹਨੂੰ ਪਾਤਸ਼ਾਹ ਗਲ ਨਾਲ ਲਾ ਲੈਂਦੇ ਹਨ। ਇਹ ਸਿੱਖੀ ਦੇ ਉਹਨਾਂ ਅਸੂਲਾਂ ਵਿੱਚੋ ਹੀ ਸਮਝਿਆ ਜਾਣਾ ਚਾਹੀਦਾ ਹੈ,ਜਿਸ ਵਿੱਚ ਪੰਜਵੇ ਪਾਤਸ਼ਾਹ ਨੇ ਭੀੜ ਪਏ ਤੋ ਭਾਂਣੇ ਵਿੱਚ ਰਹਿਣ ਦੀ ਤਾਕੀਦ ਕਰਦਿਆਂ ਫਰਮਾਨ ਕੀਤਾ ਹੈ ਕਿ
“”ਤੇਰਾ ਕੀਆ ਮੀਠਾ ਲਾਗੈ  ਹਰਿ ਨਾਮੁ ਪਦਾਰਥੁ ਨਾਨਕੁ ਮਾਂਗੈ”
ਅਤੇ ਇਸ ਤੋ ਉਪਰੰਤ ਛੇਵੇਂ ਪਾਤਸ਼ਾਹਾ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਪਹਿਨ ਕੇ ਜੁਲਮ ਦਾ ਟਾਕਰਾ ਕਰਨ ਲਈ ਵੀ ਸਿੱਖਾਂ ਨੂੰ ਤਿਆਰ ਬਰ ਤਿਆਰ ਰਹਿਣ ਦੇ ਹੁਕਮ ਕੀਤੇ ਸਨ।
ਭੈ ਕਾਹੂ ਕਉ ਦੇਤ ਨਹਿ  ਨਹਿ ਭੈ ਮਾਨਤ ਆਨ||
ਦਾ ਪਾਠ ਦ੍ਰਿੜ ਕਰਵਾਉਣ ਵਾਲੇ ਨੌਂਵੇਂ ਨਾਨਕ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਉਹਨਾਂ ਦੇ ਤਿੰਨ ਸਿੱਖਾਂ ਸਮੇਤ ਦਿੱਲੀ ਵਿੱਚ  ਸ਼ਹੀਦ ਕਰ ਦਿੱਤਾ ਗਿਆ ਸੀ,ਤਾਂ ਉਸ ਤੋ ਬਾਅਦ ਦਸਵੇਂ ਪਾਤਸ਼ਾਹ ਨੇ ਵੀ ਕੌਂਮ ਨੂੰ ਸੰਪੂਰਨਤਾ ਦੀ ਬਖਸ਼ਿਸ਼ ਕੀਤੀ। ਸਰਹਿੰਦ ਵਿੱਚ ਮਾਤਾ ਗੁਜਰੀ ਜੀ ਦੇ ਨਾਲ ਛੋਟੇ ਸਾਹਿਬਜ਼ਾਦੇ ਅਤੇ ਚਮਕੌਰ ਦੀ ਜੰਗ ਵਿੱਚ ਵੱਡੇ ਪੁੱਤਰਾਂ ਦੀ ਸ਼ਹਾਦਤ ਤੋ ਬਾਅਦ ਜਦੋ ਗੁਰੂ ਪਾਤਸ਼ਾਹ ਜੀ ਨੇ ਮਾਲਵਾ ਖੇਤਰ ਦੇ ਪਿੰਡ ਦੀਨਾ ਕਾਂਗੜ ਵਿੱਚ ਤਿੰਨ ਕੁ ਮਹੀਨਿਆਂ ਦਾ ਪੜਾਅ ਕੀਤਾ,ਉਸ ਸਮੇ ਦਿੱਲੀ ਦੇ ਹਾਕਮ ਔਰੰਗਜੇਬ ਨੂੰ ਜਿੱਤ ਦੀ ਚਿੱਠੀ ਜ਼ਫਰਨਾਮਾ ਲਿਖੀ ਅਤੇ ਉਸ ਚਿੱਠੀ ਦੇ ਅੰਦਰ ਹੀ ਜਿੰਦਗੀ ਦੇ ਤੁਜਰਬੇ ਚੋ ਦੇਖਿਆ ਪਰਖਿਆ ਸਿਧਾਂਤ :-
“ਚੁ ਕਾਰ ਅਜ਼ ਹਮਹ ਹੀਲਤੇ ਦਰ  ਗੁਜ਼ਸ਼ਤ || ਹਲਾਲ ਅਸਤੁ ਬੁਰਦਨੁ ਬ ਸ਼ਮਸ਼ੇਰ ਦਸਤ”||
ਵੀ ਇੱਕ ਜਬਰਦਸਤ ਫਲਸਫੇ ਦੇ ਰੂਪ ਵਿੱਚ ਸਿੱਖ ਕੌਂਮ ਨੂੰ ਹੀ ਨਹੀ ਬਲਕਿ ਸਮੁੱਚੀ ਦੁਨੀਆਂ ਦੇ ਹਰ ਨਪੀੜੇ ਲਿਤਾੜੇ ਵਿਅਕਤੀ ਨੂੰ ਇਹ ਸਿਧਾਂਤ ਦਿੱਤਾ ਤਾਂ ਕਿ ਜਰਵਾਣੇ ਦੀ ਭੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ ਅਤੇ ਸੱਪ ਨੂੰ ਰੱਸੀਆਂ ਬਣਾ ਕੇ ਵਰਤਣ ਵਾਲੇ ਅਜਿਹਾ ਕਰਨ ਤੋ ਪਹਿਲਾਂ ਹਜਾਰ ਵਾਰ ਸੋਚਣ।ਉਪਰੋਕਤ ਅਲੌਕਿਕ ਵਰਤਾਰਿਆਂ ਦੀ ਰੌਸ਼ਨੀ ਵਿੱਚ ਹੀ ਸਰਬਤ ਦੇ ਭਲੇ ਵਾਲੇ ਮਹਾਨ ਸੰਕਲਪ ਦੇ ਨਾਲ ਨਾਲ “ਚੱਲਕੇ ਆਏ ਨੂੰ ਦੇਗ ਅਤੇ ਚੜ੍ਹਕੇ ਆਏ ਨੂੰ ਤੇਗ”, “ਮਜਲੂਮ ਦੀ ਰੱਖਿਆ ਜਰਬਾਣੇ ਦੀ ਭੱਖਿਆ” ਵਰਗੇ ਕਹਾਵਤਾਂ ਬੋਲੇ ਵੀ ਸਿੱਖ ਦੇ ਰੋਜਮਰਾਂ ਜੀਵਨ ਦੇ ਮੁਢਲੇ ਅਸੂਲਾਂ ਵਿੱਚ ਸ਼ਾਮਲ ਹੋ ਗਏ।  ਸੋ ਮੌਜੂਦਾ ਸਮੇ ਵਿੱਚ ਸਿੱਖਾਂ ਦੇ ਸਰਬਤ ਦੇ ਭਲੇ ਦੇ ਸੰਕਲਪ ਤੋ ਕਿਸੇ ਨੂੰ ਕੋਈ ਖਤਰਾ ਨਹੀ ਅਤੇ ਨਾ ਹੀ ਸਿੱਖ ਕੌਂਮ ਦੇ ਸੰਸਥਾਪਕ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਦੇ “ਕਿਰਤ ਕਰੋ ਨਾਮ ਜਪੋ ਅਤੇ ਵੰਡ ਛਕੋ” ਦੇ ਫਲਸ਼ਫੇ ਤੋ ਕੋਈ ਸਮੱਸਿਆ ਹੈ,ਬਲਕਿ ਸ੍ਰੀ ਅਕਾਲ ਤਖਤ ਸਾਹਿਬ ਤੋ ਅਜਾਦ ਪ੍ਰਭੂਸੱਤਾ ਦੇ ਸੰਕਲਪ ਤੋ ਬੇਹੱਦ ਸਮੱਸਿਆਵਾਂ ਜਾਪਦੀਆਂ ਅਤੇ ਰੜਕਦੀਆਂ ਹਨ,ਜਿਸ ਕਰਕੇ ਸਿੱਖਾਂ ਵਰਗੀ ਸਰਬ ਸਾਂਝੀਵਾਲਤਾ ਦੀ ਮੁਦੱਈ ਕੌਂਮ ਨੂੰ ਪਾਟੋ ਧਾੜ ਕਰਕੇ ਉਹਨਾਂ ਦੀ ਤਾਕਤ ਨੂੰ ਬੇਹੱਦ ਕਮਜੋਰ ਬਣਾ ਦਿੱਤਾ ਹੈ।ਉਹਨਾਂ ਦੇ ਧੁਰ ਅੰਦਰ ਤੱਕ ਲਹਿ ਚੁੱਕੇ ਛੇਵੇਂ ਪਾਤਸ਼ਾਹ ਦੇ ਅਜਾਦ ਪ੍ਰਭੂਸੱਤਾ ਸੰਕਲਪ ਨੂੰ ਸਿਧਾਂਤਹੀਣ ਕਰਕੇ ਮਾਰਨ ਦੇ ਯਤਨ ਹੋ ਰਹੇ ਹਨ।ਲਿਹਾਜ਼ਾ ਸਿੱਖਾਂ ਦੀ ਹਰ ਸੰਸਥਾ,ਹਰ ਜਥੇਬੰਦੀ ਵਿੱਚ ਧੜੇਬੰਦੀ ਸੱਤਵੇਂ ਅਸਮਾਨ ਤੇ ਪੁੱਜੀ ਹੋਈ ਪਰਤੀਤ ਹੁੰਦੀ ਹੈ।ਅਜਿਹੇ ਸਮੇ ਵਿੱਚ ਸਿੱਖ ਕੌਂਮ ਦੇ ਵੱਡੇ ਪਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਕੇ ਆਪਣੀਆਂ ਭੁੱਲਾਂ ਦਾ ਪਛਚਾਤਾਪ ਕਰਨਾ  ਅਤੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਕੰਠ  ਲਾਉਣ ਵਾਲੀ ਰਵਾਇਤ ਨੂੰ ਅੱਗੇ ਤੋਰਦਿਆਂ ਉਹਨਾਂ ਨੂੰ ਸੇਵਾ ਲਾਉਣ ਉਪਰੰਤ ਸਿੱਖੀ ਦਾ ਪਰਚਾਰ ਕਰਨ ਦੀ ਹਦਾਇਤ ਨੂੰ ਪੰਥਕ ਏਕਤਾ ਦੇ ਸੰਦਰਭ ਵਿੱਚ ਇੱਕ ਸ਼ੁਭ ਸਗਨ ਸਮਝਿਆ ਜਾ ਸਕਦਾ ਹੈ।ਭਾਵੇਂ ਅਜਿਹੇ ਫੈਸਲਿਆਂ ਦੀ ਸ਼ਲਾਘਾ ਕੀਤੀ ਜਾਣੀ ਬਣਦੀ ਹੈ,ਪਰ ਇਹ ਵੀ ਜਰੂਰੀ ਹੈ ਕਿ ਅਜਿਹੇ ਫੈਸਲੇ ਨਾ ਹੀ ਰਾਜਨੀਤੀ ਤੋ ਪਰੇਰਤ ਹੋਣੇ ਚਾਹੀਦੇ ਹਨ ਅਤੇ ਨਾ ਹੀ ਸਿਰਸੇ ਵਾਲੇ ਸਾਧ ਦੀ ਮੁਆਫੀ ਵਾਂਗ ਦੰਭੀ  ਹੋਣੇ ਚਾਹੀਦੇ ਹਨ।ਏਥੇ ਭੁੱਲਾਂ ਬਖਸ਼ਾਉਣ ਵਾਲਾ ਵੀ ਦਿਲ ਚੋ ਮੈਲ ਕੱਢ ਕੇ ਇੱਕ ਨਿਮਾਣੇ ਸਿੱਖ ਵਜੋਂ ਆਵੇ ਅਤੇ ਮੀਰੀ ਪੀਰੀ ਦੇ ਸਿਧਾਂਤਕਾਰ ਛੇਵੇਂ ਪਾਤਸ਼ਾਹ ਦੇ ਅਸਥਾਨ ਤੋ ਫੈਸਲੇ ਸੁਣਾਉਣ ਵਾਲੇ ਜਥੇਦਾਰ ਵੀ ਦੰਭੀ ਨਹੀ ਹੋਣੇ ਚਾਹੀਦੇ। ਸਿੱਖਾਂ ਦੀ ਦੋ ਵੇਲਿਆਂ ਦੀ ਅਰਦਾਸ ਵਿੱਚ “ਖਾਲਸੇ ਜੀ ਕਾ ਬੋਲ ਬਾਲਾ” ਮਹਿਜ ਕੋਈ ਰੌਲ਼ਾ ਰੱਪਾ ਨਹੀ ਬਲਕਿ ਮੁਕੰਮਲ ਹਲੇਮੀ ਰਾਜ ਦਾ ਸੰਕਲਪ ਹੈ,ਜਿਸ ਨੂੰ ਕੌਂਮ ਏਕਤਾ ਤੋ ਬਗੈਰ ਪੂਰਾ ਕੀਤਾ ਜਾਣਾ ਸੰਭਵ ਨਹੀ ਹੈ ਅਤੇ ਕੌਂਮੀ ਏਕਤਾ ਲਈ ਸ੍ਰੀ ਅਕਾਲ ਤਖਤ ਸਾਹਿਬ ਤੋ ਪਵਿੱਤਰ ਅਤੇ ਯੋਗ ਅਸਥਾਨ ਕੋਈ ਹੋਰ ਹੋ ਨਹੀ ਸਕਦਾ। ਸਿੱਖ ਕੌਂਮ ਦੀ ਪਾਟੋਧਾੜ ਇਸ ਵੇਲੇ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋ ਅਜਿਹੇ ਫੈਸਲਿਆਂ ਅਤੇ ਹੁਕਮਨਾਮਿਆਂ ਦੀ ਹੀ ਮੰਗ ਕਰਦੀ ਹੈ,ਜਿਹੜੇ ਕੌਂਮ ਦੀ ਦੁਰਗਤੀ ਨੂੰ ਠੱਲ ਪਾ ਸਕਣ ਅਤੇ ਆਪਸੀ ਪਾਟੋਧਾੜ ਨੂੰ ਏਕਤਾ ਵਿੱਚ ਬਦਲਣ ਦੇ ਸਮਰੱਥ ਹੋਣ। ਜਿੰਨਾਂ ਫੈਸਲਿਆਂ ਵਿੱਚ ਦੰਭ,ਫਰੇਬ ਭਾਰੂ ਹੋਣਗੇ ਉਹ ਫੈਸਲੇ ਨਾ ਹੀ ਪੰਥ ਪਰਵਾਂਣਤ ਹੋਣਗੇ ਅਤੇ ਨਾ ਹੀ ਗੁਰੂ ਦਰ ‘ਤੇ ਸਵੀਕਾਰੇ ਜਾਣਗੇ। ਜਥੇਦਾਰ ਸਾਹਿਬਾਨ ਕਿਸੇ ਸਿਆਸੀ ਪਾਰਟੀ ਦੇ ਕਰਿੰਦੇ ਦੇ ਰੂਪ ਵਿੱਚ ਨਹੀ ਵਿਚਰਨੇ ਚਾਹੀਦੇ, ਬਲਕਿ ਕੌਂਮ ਦੇ ਧਾਰਮਿਕ ਅਤੇ ਰਾਜਨੀਤਕ ਆਗੂ ਬਣਕੇ ਜਿਹੜੇ ਫੈਸਲੇ ਕਰਨਗੇ ਉਹ ਕੌਂਮ ਵਿੱਚ ਸਲਾਹੇ ਜਾਣਗੇ,ਪਰੰਤੂ ਇਹ ਵੀ ਅਟੱਲ ਸਚਾਈ ਹੈ ਜੇਕਰ ਉਹਨਾਂ ਨੂੰ ਗੁਰੂ ਨਾਲੋਂ ਆਕਾ ਵੱਡਾ ਜਾਪੇਗਾ ਤਾਂ ਨਿਛਚੇ ਹੀ ਗੁਰੂ ਦੇ ਦਰ ਤੋ ਸਜ਼ਾ ਦੇ ਭਾਗੀਦਾਰ ਹੋਣਗੇ। ਅਜਿਹਾ ਪਿਛਲੇ ਸਮਿਆਂ ਵਿੱਚ ਵਾਪਰਦਾ ਦੇਖਿਆ ਜਾ ਚੁੱਕਾ ਹੈ।ਸੋ ਆਸ ਕਰਨੀ ਬਣਦੀ ਹੈ ਕਿ ਸਿੰਘ ਸਾਹਿਬਾਂਨ ਗੁਰੂ ਆਸ਼ੇ ਦੇ ਧਾਰਨੀ ਹੋਕੇ ਵਿਚਰਨਗੇ ਅਤੇ ਕੌਂਮ ਵਿੱਚ ਪਈਆਂ ਆਪਸੀ ਵਿੱਥਾਂ ਨੂੰ ਦੂਰ ਕਰਕੇ ਚੜ੍ਹਦੀ ਕਲਾ ਵੱਲ ਨੂੰ ਲੈ ਕੇ ਜਾਣ ਦੇ ਸਫਲ ਉਪਰਾਲੇ ਕਰਨਗੇ।
ਬਘੇਲ ਸਿੰਘ ਧਾਲੀਵਾਲ
99142-58142