" ਮਸੀਹਾ - ਰਾਮਬਾਣ " - ਰਣਜੀਤ ਕੋਰ ਗੁੱਡੀ ਤਰਨ ਤਾਰਨ
ਠੀਕ ਠਾਕ ਕੰਮ ਕਾਰ ਕਰਦੇ ਅਚਾਨਕ ਹੀ ਸੇਵਾ ਸਿੰਘ ਦੀ ਤਬੀਅਤ ਵਿਗੜ ਗਈ ਉਸਨੇ ਕੋਸ਼ਿਸ਼ ਕੀਤੀ ਆਪਣੇ ਆਪ ਨੂੰ ਆਪ ਹੀ ਸੰਭਾਲਣ ਦੀ ਪਰ ਗੜਬੜੀ ਵਧਦੀ ਗਈ ਤੇ ਉਹਨੇ ਸਵਿਤਰੀ ਆਪਣੀ ਪਤਨੀ ਨੂੰ ਅਵਾਜ਼ ਦਿੱਤੀ।ਸਵਿਤਰੀ ਨੇ ਵੀ ਆਹਰ ਪਾਹਰ ਕੀਤਾ ਘਰੇਲੂ ਨੁਸਖਾ ਜਾਂ ਫਸਟ ਏਡ ਕਹਿ ਲਓ ਪਰ ਸੇਵਾ ਸਿੰਘ ਦੀ ਹਾਏ ਹਾਏ ਵਧ ਗਈ।ਸਵਿਤਰੀ ਨੂੰ ਧਿਆਨ ਆਇਆ ਮੁਹੱਲਾ ਕਲਿਨਕ ਦਾ ਉਹ ਦੌੜੀ ਸਾਰਾ ਮੁਹੱਲਾ ਛਾਣ ਮਾਰਿਆ ਕਿਤੇ ਕੋਈ ਕਲਿਨਕ ਨਾਂ ਲੱਭਾ ।ਮੁੜੀ ਆਉਂਦੀ ਨੂੰ ਉਹਨੂੰ ਦੂਜੇ ਮਹੱਲੇ ਦਾ ਝੋਲਾ ਛਾਪ ਡਾਕਟਰ ਦਿਸਿਆ ਤੇ ਉਹਨੂੰ ਉਹ ਘਰ ਲੈ ਆਈ।
ਚਾਲੀ ਕੁ ਸਾਲ ਪਹਿਲਾਂ ਡਾਕਟਰ ਬੁਲਾਉਣ ਤੇ ਘਰ ਆ ਜਾਂਦੇ ਸੀ ਕੁਝ ਕੁ ਫਰਿਸ਼ਤਾ ਸਿਫ਼ਤ ਡਾਕਟਰ ਘਰ ਆਉਣ ਦੀ ਕੋਈ ਫੀਸ ਨਹੀਂ ਸੀ ਵਸੂਲਦੇ ਪਰ ਕੁਝ ਤੇ ਪੂਰੀ ਛਿਲ ਲਾਹੁੰਦੇ।ਪਰ ਇਲਾਜ ਲੱਭ ਜਾਂਦਾ ਤੇ ਵੇਲੇ ਸਿਰ ਬਚਾਅ ਵੀ ਹੋ ਜਾਂਦਾ।ਬੰਦੇ ਨੂੰ ਫੀਸ ਦੀ ਰਕਮ ਭੁੱਲ ਜਾਂਦੀ ਤੇ ਡਾਕਟਰ ਹਮੇਸ਼ ਲਈ ਰਜਿਸਟਰ ਹੋ ਜਾਂਦਾ।
ਉਹ ਅੱਛਾ ਵਕਤ ਦੂਰ ਕਿਤੇ ਗੁਮ ਹੋ ਗਿਆ,ਉਸ ਤੋਂ ਬਾਦ ਡਾਕਟਰਾਂ ਨੇ ਅੱਤਵਾਦ ਦਾ ਪੱਜ ਭਾਲ ਲਿਆ ਤੇ ਘਰ ਚੋਖੀ ਫੀਸ ਤੇ ਵੀ ਆਉਣ ਤੌਂ ਸਹੁੰ ਖਾ ਲਈ।ਗਲ ਵੀ ਠੀਕ ਸੀ ਹਾਲਾਤ ਹੀ ਅੇਸੇ ਸਨ ਕਿ ਹਰ ਕੋਈ ਜਾਨ ਲੁਕਾਈ ਫਿਰਦਾ ਸੀ।ਖੇੈਰ ਸੇਵਾ ਸਿੰਘ ਦੀ ਹਾਲਤ ਵੇਖ ਕੇ ਝੋਲਾ ਛਾਪ ਡਾਕਟਰ ਨੇ ਕਿਹਾ,ਇਹਨਾਂ ਨੂੰ ਹਸਪਤਾਲ ਲਿਜਾਣਾ ਪੈਣਾ।ਉਹ ਰਿਕਸ਼ਾ ਲੈ ਆਇਆ ਤੇ ਸਵਿਤਰੀ ਨੇ ਉਸਨੂੰ ਕਿਹਾ ਨੇੜੈ ਤੋਂ ਨੇੜੇ ਜਿਹੜਾ ਹਸਪਤਾਲ ਹੈ ਉਥੇ ਲੈ ਚਲ,ਹਸਪਤਾਲ ਪੁੱਜੇ ਬਰਵਕਤ ਡਾਕਟਰ ਦੇ ਯਤਨਾਂ ਨਾਲ ਸੇਵਾ ਸਿੰਘ ਦੀ ਜਾਨ ਵਿੱਚ ਜਾਨ ਆ ਗਈ।
ਇਹਨਾਂ ਦਾ ਆਪਣਾ ਪੁੱਤਰ 'ਰਾਮਦਾਸ'ਡਾਕਟਰੀ ਦੀ ਪੜ੍ਹਾਈ ਲਈ ਦਿਲੀ ਕਾਲਜ ਹੋਸਟਲ ਵਿੱਚ ਰਹਿੰਦਾ ਸੀ।ਜਦ ਉਸਨੂੰ ਇਸ ਸਾਰੇ ਕਿੱਸੇ ਦਾ ਪਤਾ ਲਗਾ ਉਸਨੇ ਉਸੀ ਦਿਨ ਕਸਮ ਲੈ ਲਈ ਕਿ ਉਹ ਘਰ ਘਰ ਮੋਬਾਇਲ ਡਾਕਟਰੀ ਸੇਵਾ ਕਰੇਗਾ।ਅੇਮ.ਬੀ.ਬੀ.ਅੇਸ.ਦੀ ਡਿਗਰੀ ਲੈ ਉਹ ਘਰ ਆ ਗਿਆ ਤੇ ਘਰੇ ਹੀ ਆਪਣੀ ਬੈਠਕ ਨੂੰ ਕਲਿਨਕ ਬਣਾ ਲਿਆ ਇਕਾ ਦੁਕਾ ਮਰੀਜ਼ ਵੀ ਆਉਣ ਲਗੇ।ਗਲ ਬਹੁਤੀ ਬਣੀ ਨਾਂ ਲੋਕ ਕਿਹੜਾ ਅਣਜਾਣ ਤੇ ਇਤਬਾਰ ਕਰਦੇ ਹਨ।ਉਹ ਇਕ ਪ੍ਰਾਈਵੇਟ ਹਸਪਤਾਲ ਵਿੱਚ ਨੌਕਰ ਹੋ ਗਿਆ।ਦੋ ਮਹੀਨੇ ਤਕ ਵੱਡੇ ਡਾਕਟਰ ਨੇ ਉਸਨੂੰ ਕੋਈ ਮਰੀਜ਼ ਨਾਂ ਵੇਖਣ ਦਿੱਤਾ ਅਲਬੱਤਾ ਉਸ ਕੋਲੋਂ ਸਫਾਈ ਸੇਵਕ ਦਾ ਕੰਮ ਲਿਆ।ਰਾਮਦਾਸ ਨੇ ਜਦ ਡਾਕਟਰ ਨੂੰ ਇਸ ਬਾਰੇ ਬੇਨਤੀ ਕੀਤੀ ਤਾਂ ਅਗੋਂ ਵੱਡਾ ਡਾਕਟਰ ਕਹਿੰਦਾ ਆਪ ਮਰੀਜ਼ ਲੈ ਕੇ ਆਓ ਉਪਰੇਸ਼ਨ ਕੇਸ ਲਿਆਓ ਤੇ ਫੇਰ ਪਰੇਕਟਿਸ ਕਰ ਕੇ ਕੁਝ ਕਮਾਓਗੇ ਤਾਂ ਤਨਖਾਹ ਵੀ ਮਿਲੇਗੀ ।ਰਾਮਦਾਸ ਵੱਡੇ ਡਾਕਟਰ ਦੇ ਜਵਾਬ ਤੇ ਹੈਰਾਨ ਪਰੇਸ਼ਾਨ ਹੋ ਗਿਆ।ਕਰੇ ਤਾਂ ਕੀ ਕਰੇ ?
ਰਾਮਦਾਸ ਨੇ ਨਿਜੀ ਹਸਪਤਾਲ ਦੀ ਹਾਜਰੀ ਛੱਡ ਦਿੱਤੀ ਤੇ ਸਰਕਾਰੀ ਹਸਪਤਾਲ ਗੇੜੀ ਦੇਣ ਲਗ ਪਿਆ ਇੰਨੇ ਦਿਨਾਂ ਚ ਉਹ ਲੋਕਾਂ ਵਿਚ ਰਚ ਮਿਚ ਗਿਆ ਸੀ ।ਇਕ ਦਿਨ ਉਹਨੇ ਅੇਸ ਅੇਮ ਓ ਨਾਲ ਮੁਲਾਕਾਤ ਕੀਤੀ ਤੇ ਉਸਨੂੰ ਆਪਣੀ ਮਨਸ਼ਾ ਦੱਸੀ ਕਿ ਉਹ ਡਾਕਟਰੀ ਸੇਵਾ ਕਰਨੀ ਚਾਹੁੰਦੈ।ਸਰਕਾਰੀ ਹਸਪਤਾਲ ਡਾਕਟਰ ਦੋ ਵਜੇ ਤੱਕ ਹੁੰਦੇ ਨੇ ਤੇ ਫਿਰ ਵਾਰੀ ਨਾਲ ਅੇਮਰਜੇਂਸੀ ਡਾਕਟਰ ਡਿਉਟੀ ਦੇਂਦਾ ਹੈ,ਜੋ ਕਿ ਹੁੰਦਾ ਤਾਂ ਆਪਣੀ ਰਿਹਾਇਸ਼ ਤੇ ਹੀ ਹੈ ਬੁਲਾਉਣ ਤੇ ਹੀ ਕਿਤੇ ਰੱਬ ਤਰਸੀ ਆ ਜਾਂਦਾ ਹੈ।ਨਹੀਂ ਤੇ ਸਾਰੇ ਸਰਕਾਰੀ ਡਾਕਟਰ ਦੋ ਵਜੇ ਤੋਂ ਬਾਦ ਆਪਣੇ ਨਿਜੀ ਕਲਿਨਕ ਤੇ ਬੈਠਦੇ ਹਨ।ਅੇਸ ਅੇਮ ਓ ਨੇ ਰਾਮਦਾਸ ਨੂੰ ਸਲਾਹ ਦਿੱਤੀ ਕਿ ਉਹ ਦੋ ਵਜੇ ਤੋਂ ਬਾਦ ਮਰੀਜ਼ ਵੇਖ ਲਿਆ ਕਰੇ ਤਜੁਰਬੇ ਲਈ ।ਵੈਸੇ ਵੀ ਬਹੁਤ ਸਾਰੇ ਪਰਚੀ ਵਾਲੇ ਮਰੀਜ਼ ਵੀ ਡਾਕਟਰ ਨੂੰ ਦੋ ਵਜੇ ਤਕ ਮਿਲਣ ਤੋਂ ਅਸਮਰਥ ਮੁੜ ਜਾਂਦੇ ਨੇ।ਰਾਮਦਾਸ ਅਸਮਰਥਾਂ ਨੂੰ ਵੇਖਣ ਲਗ ਪਿਆ ਤੇ ਅੇਮਰਜੈਂਸੀ ਵਿੱਚ ਵੀ ਹਾਜਰ ਹੋਣ ਲਗ ਗਿਆ ਜਿਥੇ ਕਿਤੇ ਉਸਦੇ ਵਸ ਤੋਂ ਬਾਹਰ ਹੁੰਦਾ ਉਹ ਅੇਮਰਜੇਂਸੀ ਡਾਕਟਰ ਨੂੰ ਬੁਲਾ ਲੈਂਦਾ ਤੇ ਉਹਦੀ ਪੂਰੀ ਸ਼ਹਾਇਤਾ ਕਰਦਾ ਉਪਰੇਸ਼ਨ ਕੇਸ ਵੀ ਸੰਭਾਲ ਲੈਂਦਾ।ਉਹ ਦੁਖੀਆਂ ਨੂੰ ਦਿਲਾਸਾ ਦੇਂਦਾ ਤਾਂ ਮਰੀਜ਼ ਵੀ ਮਨ ਤੋਂ ਤਕੜੇ ਹੋ ਜਾਂਦੇ,ਪੈਸੇ ਦੀ ਕਮਾਈ ਉਸਨੂੰ ਧੇਲਾ ਵੀ ਨਹੀਂ ਸੀ ਪਰ ਸ਼ੋਹਰਤ ਉਸਨੇ ਬਹੁਤ ਕਮਾ ਲਈ ਲੋਕ ਉਸਨੂੰ ਮਸੀਹਾ ਆਖਣ ਲਗੇ।
ਮੋਟੀ ਤਨਖਾਹ ਲੈਣ ਵਾਲੇ ਡਾਕਟਰ ਬਹੁਤਾ ਵਕਤ ਚਾਹ ਪੀਣ ਗੱਪਾਂ ਮਾਰਨ ਤੇ ਮੀਟਿੰਗਾਂ ਵਿੱਚ ਤੇ ਘੜੀ ਤੇ ਦੋ ਵਜਣ ਦੇ ਇੰਤਜ਼ਾਰ ਵਿੱਚ ਗੁਜਾਰਦੇ ਨੇ।ਰਾਮਦਾਸ ਦਾ ਅਮਲ ਰੰਗ ਲੈ ਆਇਆ ਤੇ ਉਹਦੇ ਘਰ ਮਰੀਜ਼ਾਂ ਦੀ ਭੀੜ ਲਗਣ ਲਗੀ ।ਉਸਨੇ ਲਾਇਸੈਂਸ ਹਾਸਲ ਕਰ ਲਿਆ ਤੇ ਜੇਨਰਿਕ ( ਸਸਤੀਆਂ ਅਸਲੀ ) ਸਰਕਾਰੀ ਦਵਾਈਆਂ ਲਿਆ ਕੇ ਮਰੀਜ਼ਾਂ ਨੂੰ ਦੇਣੀਆਂ।ਉਸਨੇ ਫਾਰਮੇਸੀ ਤੇ ਟਰੇਨਿੰਗ ਵੀ ਲਈ ਤੇ ਦਵਾਈਆਂ ਦੇ ਇਸਤਮਾਲ ਬਾਰੇ ਸੱਭ ਪੜ੍ਹਾਈ ਪਾਸ ਕਰ ਲਈ।
ਉਹਨੇ ਮੋਬਾਇਲ ਡਾਕਟਰੀ ਸਹਾਇਤਾ ਵੀ ਅਪਨਾ ਲਈ ਗਲੀ ਗਲੀ ਘਰ ਘਰ ਜਾਂਦਾ ਆਪਣੇ ਇਲਾਕੇ ਦਾ ਉਹ ਫਰਿਸ਼ਤਾ ਡਾਕਟਰ ਬਣ ਗਿਆ ਹੈ।ਸੋਸ਼ਲ ਮੀਡੀਆ ਤੇ ਛਾ ਗਿਆ।ਉਸਦੇ ਬਾਰੇ ਜਾਣ ਕੇ ਉਹਦੇ ਵਰਗੇ ਹੋਰ ਅੱਠ ਬੇਰੁਜਗਾਰ ਡਾਕਟਰ ਵੀ ਇਸੀ ਪੈਂਤੜੇ ਤੇ ਚਲ ਨਿਕਲੇ ਹਨ।ਨਾ ਸਰਕਾਰੀ ਹਸਪਤਾਲ ਤੇ ਨਾਂ ਮੁਹੱਲਾ ਕਲਿਨਕ ਲੋਕ ਸਮਰਥਕ ਹੋ ਸਕੇ ਪਰ ਤਨੋ ਮਨੋ ਸੇਵਾ ਭਾਵਨਾ ਵਾਲੇ ਸਧਾਰਨ ਮੱਧ ਵਰਗੀ ਤਬਕੇ ਦੀਆਂ ਤੰਗੀਆਂ ਤੁਰਸ਼ੀਆਂ ਚੋਂ ਪੈਦਾ ਹੋਏ ਡਾਕਟਰ ਮਸੀਹਾ ਹੋ ਨਿਬੜੇ।
ਸ਼ੁਗਰ ,ਹਈਪਰਟੇਨਸ਼ਨ, ਬੀ.ਪੀ,ਹਾਈ ਨੂੰ ਰੋਜ਼ ਖਾਣ ਵਾਲੀ ਗੋਲੀ ਉਹ ਬਹੁਤੇ ਸਸਤੇ ਜੇਨਰਿਕ ਸਟੋਰ ਤੋਂ ਮੰਗਵਾ ਦੇਂਦਾ।ਲੋਕ ਉਸਤੇ ਵਿਸ਼ਵਾਸ ਕਰਦੇ ਹਨ।ਕੋਈ ਲੰਬੇ ਚੌੜੇ ਟੇਸਟਾਂ ਦਾ ਬੋਝ ਉਹ ਨਹੀਂ ਪਾਉਂਦਾ।ਹੁਣ ਤਾਂ ਮਰੀਜ਼ਾਂ ਨੇ ਉਸਦਾ ਨਾਮ ਬਦਲ ਕੇ 'ਰਾਮਬਾਣ' ਰੱਖ ਦਿੱਤਾ ਹੈ।ਉਹਦੇ ਮਾਂਬਾਪ ਨੂੰ ਢੇਰਾਂ ਦੁਆਵਾਂ ਤੇ ਸ਼ੁਭ ਕਾਮਨਾਵਾਂ ਅਚੇਤ ਹੀ ਵਸੂਲ ਹੁੰਦੀਆਂ ਹਨ।ਰੱਬ ਦਾ ਦਾਸ ਪੁੱਤ ਹੈ ।
ਨੇੜੇ ਦੇ ਨਰਸਿੰਗ ਕਾਲਜ ਵਿੱਚ ਨਰਸਿੰਗ ਕੋਰਸ ਕਰਦੇ ਤਿੰਨ ਚਾਰ ਮੁੰਡੇ ਕੁੜੀਆਂ ਰਾਮਦਾਸ ਰਾਮਬਾਣ ਦੇ ਕਲਿਨਕ ਤੇ ਸ਼ਾਮ ਨੂੰ ਆ ਜਾਂਦੇ ਤੇ ਲਗਦੇ ਹੱਥ ਜਿਥੇ ਕਿਤੇ ਮਲ੍ਹਮ ਪੱਟੀ ਦੀ ਲੋੜ ਹੁੰਦੀ ਉਹ ਕਰ ਦੇਂਦੇ ਇਸ ਤਰਾਂ ਉਹਨਾਂ ਦੀ ਪਰੇਕਟਿਸ ਹੋ ਜਾਂਦੀ ਤੇ ਰਾਮਦਾਸ ਦੀ ਮਦਦ ਵੀ।ਡਾਕਟਰ ਰਾਮਦਾਸ ਵਕਤ ਕੱਢ ਕੇ ਉਹਨਾਂ ਨੂੰ ਪੜ੍ਹਾ ਵੀ ਦੇਂਦਾ,ਜੋ ਸਮਝ ਨਾ ਆਉਂਦਾ ਸਮਝਾ ਕੇ ਉਹਨਾਂ ਦੇ ਸਿਰ ਵਿੱਚ ਪਾ ਦੇਂਦਾ ਤੇ ਉਹ ਚੰਗੇ ਨੰਬਰਾਂ ਵਿੱਚ ਇਮਤਿਹਾਨ ਪਾਸ ਕਰ ਲੈਂਦੇ ਹਨ।ਜੀਤੂ ਨੇ ਅੇਕਸਰੇ ਦਾ ਕੋਰਸ ਮੁਕਾ ਲਿਆ ਤੇ ਉਹ ਵੀ ਉਹਦੇ ਕਲਿਨਕ ਤੇ ਆ ਜਾਂਦਾ ਹੈ ।ਸਰਕਾਰੀ ਹਸਪਤਾਲ ਵਿਚਲੀ ਪਰੇਕਟਿਸ,ਹੱਥੀਂ ਕੰਮ ਕਰਨ ਦੀ ਇੱਛਾ,ਮਿਹਨਤ ਤੇ ਲਗਨ ਨੇ ਉਸਨੂੰ ਹਰ ਪੱਖ ਤੋਂ ਕਾਬਲ ਡਾਕਟਰ ਬਣਾ ਦਿੱਤਾ ਹੈ ਤੇ ਰੱਬ ਨੇ ਵੀ ਉਸ ਤੇ ਖੁਸ਼ ਹੋ ਕੇ ਉਸਦੇ ਹੱਥਾਂ ਨੂੰ ਸ਼ਫ਼ਾ ਬਖਸ਼ੀ ਹੇੈ।ਸਫ਼ਾ ਤੇ ਸ਼ਫ਼ਾ ਜਦ ਮਿਲ ਜਾਣ ,ਦਵਾ ਤੇ ਦੁਆ ਮਿਲ ਜਾਣ ਤਾਂ ਹਿੰਮਤੇ ਮਰਦ ਤੇ ਮਦਦ ਖੁਦਾ ਹੋ ਹੀ ਜਾਂਦੀ ਹੈ।
ਅੇੈਸੇ ਨਿਰਛਲ ਤੇ ਨਿਸਵਾਰਥ ਡਾਕਟਰਾਂ ਦੀ ਸਮਾਜ ਨੂੰ ਸਖ਼ਤ ਜਰ੍ਰਰਤ ਹੈ।ਕਾਸ਼ ਅੇੈਸੇ ਮਸੀਹੇ ਆਮ ਹੋ ਜਾਣ । 'ਆਮੀਨ'
ਜਾਂਦੇ ਜਾਂਦੇ-ਆਓ ਮਿਲ ਕੇ ਸਰਕਾਰ ਨੂੰ ਬੇਨਤੀ + ਅਪੀਲ ਕਰੀਏ ਮੁਫ਼ਤ ਸਹੂਲਤਾਂ ਜੋ ਇਸ ਵਕਤ ਚਾਲੂ ਨੇ ਉਹਨਾਂ ਨਾਲੋਂ ਕਿਤੇ ਵੱਧ ਜਰ੍ਰਰਤ ਹੈ ਮੋਬਾਇਲ ਡਾਕਟਰੀ ਸਹੂਲਤ ਦੀ ਸੋ ਬਾਕੀ ਰਹਿਣ ਦਿਓ ਬੱਸ ਸਿਖਿਆ ਤੇ ਸਿਹਤ ਸਹੂਲਤਾਂ ਆਮ ਕਰ ਦਿਓ ਸਰਕਾਰ ਜੀ ।ਜਾਨ ਹੈ ਤਾਂ ਜਹਾਨ ਹੈ।
ਰਣਜੀਤ ਕੋਰ ਗੁੱਡੀ ਤਰਨ ਤਾਰਨ