ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

06.05.2025

ਸੌ ਦਿਨਾਂ ‘ਚ ਹੀ ਅਮਰੀਕਨ ਲੋਕਾਂ ਦਾ ਟਰੰਪ ਤੋਂ ਹੋਇਆ ਮੋਹ ਭੰਗ- ਇਕ ਖ਼ਬਰ

ਵਕਤੋਂ ਮੈਂ ਖੁੰਝ ਗਈ, ਘੜਾ ਦੇਖ ਨਾ ਲਿਆ ਟੁਣਕਾ ਕੇ।

ਬਠਿੰਡਾ ਜੇਲ੍ਹ ਵਿਚੋਂ ਚਿੱਟੇ ਨਾਲ ਫੜਿਆ ਗਿਆ ਏ.ਐਸ.ਆਈ. ਇਕ ਖ਼ਬਰ

ਇਕ ਨੂੰ ਰੋਨੀਂ ਏਂ, ਊਤ ਗਿਆ ਈ ਆਵਾ।

ਰਾਜਸਥਾਨ ‘ਚ ਨੀਟ ਦਾ ਪੇਪਰ 40 ਲੱਖ ‘ਚ ਵੇਚਣ ਵਾਲੇ ਤਿੰਨ ਬੰਦੇ ਗ੍ਰਿਫ਼ਤਾਰ- ਇਕ ਖ਼ਬਰ

ਬਸ ਚੋਰ ਹੀ ਫੜਿਉ, ਕਦੇ ਚੋਰ ਦੀ ਮਾਂ ਨੂੰ ਨਾ ਫੜਿਉ।

ਨੈਨੀਤਾਲ ਦੇ ਇਕ ਹਾਇਰ ਸੈਕੰਡਰੀ ਸਕੂਲ ਦੀ ਦਸਵੀਂ ਜਮਾਤ ਦਾ ਇਕ ਵੀ ਵਿਦਿਆਰਥੀ ਪਾਸ ਨਹੀਂ ਹੋਇਆ- ਇਕ ਖ਼ਬਰ

ਉੱਤਰਾਖੰਡ ਦੀ ਸਰਕਾਰ ‘ਵਧਾਈ’ ਦੀ ਹੱਕਦਾਰ ਐ ਬਈ

ਹਰਿਆਣੇ ‘ਚ ਚੁਣੀ ਹੋਈ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੀਟਿੰਗ ਸੈਣੀ ਅਤੇ ਖੱਟਰ ਨਾਲ ਹੋਈ –ਇਕ ਖ਼ਬਰ

ਯਾਨੀ ਕਿ ਸਰਕਾਰੀ ਗੁ. ਪ੍ਰਬੰਧਕ ਕਮੇਟੀ ਦੀ ਮੀਟਿੰਗ ਸਰਕਾਰ ਨਾਲ ਹੋਈ।

ਹਰਿਆਣੇ ਤੋਂ ਬਾਅਦ ਹੁਣ ਹਿਮਾਚਲ ਵੀ ਬੀ.ਬੀ.ਐਮ.ਬੀ. ਤੋਂ ਮੰਗਣ ਲੱਗਾ ਪਾਣੀ- ਇਕ ਖ਼ਬਰ

ਘੜੇ ਨੂੰ ਹੱਥ ਲਾਇਆ, ਸਾਰਾ ਟੱਬਰ ਤ੍ਰਿਹਾਇਆ।

ਸ਼੍ਰੋਮਣੀ ਅਕਾਲੀ ਦਲ ਤੋਂ ਸਵਾਇ ਕੋਈ ਪਾਰਟੀ ਵੀ ਪਾਣੀਆਂ ਦੇ ਮਸਲੇ ‘ਤੇ ਗੰਭੀਰ ਨਹੀਂ- ਵਿਨਰਜੀਤ ਗੋਲਡੀ

ਜਿਨ੍ਹੀਂ ਨਹਿਰਾਂ ਦੇ ਕਿਨਾਰੇ ਉਚੇ ਕਰ ਕੇ ਆਪਣੇ ‘ਮਿੱਤਰਾਂ’ ਨੂੰ ਵਾਧੂ ਪਾਣੀ ਦਿਤਾ, ਉਹ ਵੀ ਬੋਲਦੇ ਐ।

ਪੰਜਾਬ ਸਰਕਾਰ ਨੇ ਜੀ.ਐੱਸ. ਟੀ. ਦੀ ਉਗਰਾਹੀ ‘ਚ ਰਿਕਾਰਡ ਕਾਇਮ ਕੀਤਾ- ਹਰਪਾਲ ਚੀਮਾ

ਪਰ ਪੰਜਾਬ ਸਰਕਾਰ ਨੂੰ ਕੀ ਮਿਲਦਾ ਵਿਚੋਂ ਚੀਮਾ ਸਾਹਿਬ?

ਕੇਂਦਰ ਦੇ ਪੰਜਾਬ ਵਿਰੋਧੀ ਵਤੀਰੇ ਦੀ ਪੰਜਾਬ ਚੇਤਨਾ ਮੰਚ ਵਲੋਂ ਨਿਖੇਧੀ- ਇਕ ਖ਼ਬਰ

ਜੱਗ ਭਾਵੇਂ ਕਰੇ ਨਿੰਦਿਆ, ਸੱਸ ਪਿੱਟਣੀ ਪੰਜੇਬਾਂ ਪਾ ਕੇ।

ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਪ੍ਰਦੇਸ਼ ਕਾਂਗਰਸ ਇਕਜੁੱਟ ਖੜ੍ਹੀ ਹੈ- ਬਾਜਵਾ

ਮੈਨੂੰ ਬਗ਼ਲੀ ਸਿਖਾ ਦੇ ਗ਼ਲ ਪਾਉਣੀ, ਚੱਲੂੰਗੀ ਤੇਰੇ ਨਾਲ ਜੋਗੀਆ।

ਅੱਸੀਵਿਆਂ ‘ਚ ਕਾਂਗਰਸ ਤੋਂ ਹੋਈਆਂ ਗ਼ਲਤੀਆਂ ਦੀ ਮੈਂ ਜ਼ਿੰਮੇਵਾਰੀ ਲੈਂਦਾ ਹਾਂ- ਰਾਹੁਲ ਗਾਂਧੀ

ਨੀ ਚਰਖ਼ਾ ਬੋਲ ਪਿਆ, ਹਰ ਗੱਲ ਨਾਲ ਭਰਦਾ ਹੁੰਗਾਰੇ।

ਨੀਟ ਪ੍ਰੀਖਿਆ ‘ਚ ਸਿੱਖ ਵਿਦਿਆਰਥੀਆਂ ਦੇ ਕੜੇ ਲੁਹਾਏ ਜਾਣ ‘ਤੇ ਚੀਫ਼ ਖ਼ਾਲਸਾ ਦੀਵਾਨ ਨੇ ਰੋਸ ਪ੍ਰਗਟਾਇਆ- ਇਕ ਖ਼ਬਰ

ਬਸ ਰੋਸ ਪ੍ਰਗਟਾਅ ਕੇ ਫਿਰ ਮੂਤ ਦੀ ਝੱਗ ਵਾਂਗ ਬੈਠ ਜਾਂਦੇ ਹੋ, ਦੁਸ਼ਮਣ ਤੁਹਾਡੀ ਕਮਜ਼ੋਰੀ ਜਾਣਦਾ ਹੈ।

ਮੋਦੀ ਨੇ ਏਅਰ ਚੀਫ਼ ਮਾਰਸ਼ਲ ਏ.ਪੀ.ਸਿੰਘ ਨਾਲ ਕੀਤੀ ਮੁਲਾਕਾਤ- ਇਕ ਖ਼ਬਰ

ਮੁੰਡਾ ਤੇਰਾ ਮੈਂ ਚੁੱਕ ਲਊਂ, ਚਲ ਚਲੀਏ ਜਰਗ ਦੇ ਮੇਲੇ।

ਈ.ਡੀ. ਨੂੰ ਝੂਠੇ ਦੋਸ਼ ਲਗਾਉਣ ਦੀ ਆਦਤ ਪੈ ਗਈ ਹੈ- ਸੁਪਰੀਮ ਕੋਰਟ

ਕਾਦਰਯਾਰ ਅਣਹੋਣੀਆਂ ਕਰਨ ਜਿਹੜੇ, ਆਖਰਵਾਰ ਉਹਨਾਂ ਪੱਛੋਤਾਵਣਾ ਜੀ।

ਪੰਜਾਬ ਸਰਕਾਰ ਡੈਮ ਸੇਫ਼ਟੀ ਐਕਟ ਅਤੇ ਜਲ ਸੋਧ ਐਕਟ ਨੂੰ ਰੱਦ ਕਰੇ- ਲੱਖੋਵਾਲ, ਮੇਹਲੋਂ

ਹੌਲੀ ਹੌਲੀ ਰੋ ਨੀ ਜਿੰਦੇ, ਰੋਣਾਂ ਉਮਰਾਂ ਦਾ ਪੈ ਗਿਆ ਪੱਲੇ।

----------------------------------------------------------------------------------------------