ਚੜਿਆ ਮਾਂਹ ਵਿਸਾਖ,ਅੰਬੇ ਪੱਕੀ ਦਾਖ - ਸੁਖਪਾਲ ਸਿੰਘ ਗਿੱਲ

ਰੁੱਤਾਂ ਦੇ ਚੱਕਰ ਵਿੱਚ ਰੋਜ਼ਾਨਾ ਸਵੇਰੇ ਉੱਠਦਿਆਂ ਪ੍ਰਕਿਰਤੀ ਦੀ ਖੁਸ਼ਬੂ, ਬਾਗਾਂ ਉੱਤੇ ਰੰਗਾਂ ਦੀ ਬਹਾਰ, ਅੰਬੀਆਂ ਨੂੰ ਬੂਰ ਕੁਦਰਤ ਤੇ ਕਾਦਰ ਦੇ ਜਲਵੇ ਨੂੰ ਪ੍ਰਗਟਾਉਂਦਾ ਹੈ।ਸਵੇਰ ਦੀ ਸੈਰ ਸਮੇਂ ਇਹਨਾਂ ਜਲਿਆਂ ਦਾ ਜਲੌਅ ਜਦ ਅੱਖੀਆਂ ਚ ਵਸਦਾ ਹੈ ਤਾਂ ਕੁਦਰਤ ਦਾ ਸੁਹੱਪਣ ਬੋਲਦਾ ਲਗਦਾ ਹੈ। ਦੋਆਬਾ ਕਾਫ਼ੀ ਸਮਾਂ ਪਹਿਲੇ ਵਿਦੇਸ਼ ਦਾ ਰੁੱਖ ਕਰ ਗਿਆ ਸੀ ਇਸ ਲਈ ਪੰਕਤੀ ਦਾ ਸੁਨੇਹਾ ਤਾਜ਼ਾ ਹੀ ਹੈ,"ਅੰਬੀਆਂ ਨੂੰ ਤਰਸੇਂਗੀ ਛੱਡ ਕੇ ਦੇਸ਼ ਦੁਆਬਾ"
 ਪੰਜਾਬੀ ਸੱਭਿਆਚਾਰ ਚ ਗੂੰਜਦਾ ਅੰਬ ਬੂਰ ਪੈਂਦੀ ਸਾਰ ਹੀ ਕੋਇਲ ਨੂੰ ਸੱਦਾ ਦਿੰਦਾ ਹੈ। ਕੋਇਲ ਦੀ ਆਵਾਜ਼ ਅਤੇ ਆਮਦ ਨਾਲ ਅੰਬ ਦਾ ਗੂੜ੍ਹਾ ਸੰਬੰਧ ਹੈ।ਬੂਰ ਦੀ ਲਿਸ਼ਕੋਰ ਅਤੇ ਛੋਟੀਆਂ ਛੋਟੀਆਂ ਅੰਬੀਆਂ ਨਾਲ ਹੀ ਕੋਇਲ ਨੂੰ ਲਾਲਾ ਧਨੀ ਰਾਮ ਚਾਤ੍ਰਿਕ ਨੇ ਇਉਂ ਤਰਾਸਿਆ ਹੈ:-
"ਨੀ ਕੋਇਲੇ ਕੂ ਊ ਕੂ ਊ ਗਾ,
ਕੰਠ ਤੇਰੇ ਵਿੱਚ ਸੁਰ ਪੰਚਮ ਦਾ,
ਇਸ਼ਕ ਅਮੀਰਸ ਦੇ ਪ੍ਰੀਤਮ ਦਾ,
ਪੀਆ ਨੂੰ ਮਿਲਣ ਦਾ ਚਾਅ----"
"ਕੋਇਲਾਂ ਕੂਕਦੀਆਂ ਪ੍ਰਦੇਸੀਆਂ ਘਰ ਆ"
ਚੇਤੇ ਆਉਂਦਾ ਹੈ ਘਰਦੇ ਖੇਤਾਂ ਵਿੱਚ ਫਸਲਾਂ ਅੰਬਾਂ ਤੋਂ ਤੋਤੇ ਉਡਾਉਣ ਭੇਜਦੇ ਸਨ। ਅੰਬਾਂ ਦੇ ਬੂਟੇ ਥੱਲੇ ਰਾਖੀ ਕੀਤੀ ਜਾਂਦੀ ਸੀ। ਕੋਇਲ ਦਾ ਦਾਗੀ ਅਤੇ ਤੋਤਿਆਂ ਦੇ ਟੁੱਕੜੇ ਅੰਬ ਖਾਈ ਜਾਂਦੇ ਸਾਂ। ਜਿਉਂ ਜਿਉਂ ਅੰਬ ਵੱਡੇ ਹੁੰਦੇ ਰਾਖੀ ਦੀ ਜ਼ਿੰਮੇਵਾਰੀ ਵਧਦੀ ਜਾਂਦੀ ਸੀ।ਅੰਬ ਪੱਕਦੇ ਤੇ ਪਕਾਏ ਜਾਂਦੇ ਸਨ।ਅੰਬ ਪੱਕ ਕੇ ਥੱਲੇ ਗਿਰਦੇ ਵਾਲੇ ਨੂੰ ਟਪਕੇ ਦਾ ਅੰਬ ਕਿਹਾ ਜਾਂਦਾ ਹੈ।ਇਸ ਅੰਬ ਨੂੰ ਗਿਰਦੀ ਸਾਰ ਕਾਬੂ ਕਰਨਾ ਤੇ ਚੂਪਣਾ। ਘਰਦਿਆਂ ਨੇ ਪੈਲ ਪਾ ਕੇ ਪਕਾ ਕੇ ਅੰਬ ਦਿੱਤੇ ਜਾਂਦੇ ਸਨ। ਧੀਆਂ ਧਿਆਣੀਆਂ ਅਤੇ ਰਿਸ਼ਤੇਦਾਰਾਂ ਦੇ ਘਰ ਪੱਕੇ ਅੰਬ ਭੇਜੇ ਜਾਂਦੇ ਸਨ।
ਵਿਸਾਖ ਤੋਂ ਸਾਉਣ ਤੱਕ ਦੇ ਪੈਂਡੇ ਤਾਈਂ ਅੰਬ ਸੱਭਿਆਚਾਰ ਅਤੇ ਸਾਹਿਤ ਦੇ ਰਚੇਤੇ ਵੀ ਬਣਦੇ ਹਨ। ਮੁੰਡਾ ਅੰਬੀਆਂ ਨੂੰ ਰੋਂਦਾ ਹੈ ਮਾਂ ਚੁੱਪ ਕਰਾਉਂਦੀ ਮਿਹਣਾ ਦਿੰਦੀ ਹੈ,
"ਮੁੰਡਾ ਰੋਵੇ ਮੁੰਡਾ ਰੋਵੇ ਅੰਬੀਆਂ ਨੂੰ,
ਕਿਤੇ ਬਾਗ਼ ਨਜ਼ਰ ਨਾ ਆਵੇ,
ਚੁੱਪ ਚੁੱਪ ਕਰ ਕੰਜਰਾਂ ਦਿਆਂ,
ਤੇਰੇ ਮਾਮਿਆਂ ਦੇ ਬਾਗ਼ ਬਥੇਰੇ"
ਚੰਨ ਮਾਹੀ ਨੂੰ ਉਡੀਕਦੀ ਮੁਟਿਆਰ ਅੰਬਾਂ ਰਾਹੀਂ ਸੁਨੇਹਾ ਦਿੰਦੀ ਹੈ:-
"ਅੰਬੀਆਂ ਦੇ ਬੂਟਿਆਂ ਨੂੰ ਲੱਗ ਗਿਆ ਬੂਰ ਨੀਂ,
ਰੁੱਤ ਵੇ ਮਿਲਾਪਾਂ ਵਾਲੀ ਚੰਨ ਮੇਰਾ ਦੂਰ ਨੀਂ"
         ਸਵੇਰੇ ਉੱਠਦੀ ਸਾਰ ਪ੍ਰਕਿਰਤੀ ਦੀ ਲੋਅ ਖੁਸ਼ਬੂ ਸ਼ਾਮ ਤੱਕ ਮੱਧਮ ਪੈ ਜਾਂਦੀ ਹੈ। ਪੰਛੀ ਰੈਨ ਬਸੇਰਾ ਬਣਾ ਲੈਂਦੇ ਹਨ। ਅੰਬਾਂ ਦੀ ਖੁਸ਼ਬੂ ਸਮਾਜਿਕ ਵਰਤਾਰਿਆਂ ਵਿੱਚ ਵੀ ਮੱਧਮ ਪੈ ਚੁੱਕੀ ਹੈ। ਅੰਬਾਂ ਦੇ ਬੂਟੇ ਤਾਏ ਚਾਚੇ ਅਤੇ ਭਾਈਆਂ ਦੇ ਹਿੱਸੇ ਆ ਚੁੱਕੇ ਹਨ।ਅੰਬ ਵੀ ਵੰਡੇ ਗਏ ਪ੍ਰਕਿਰਤੀ ਵੀ ਵੰਡੀ ਗਈ। ਧਰਮਵੀਰ ਥਾਂਦੀ ਦਾ ਗਾਣਾ ਜਜ਼ਬਾਤ ਬਿਖੇਰਦਾ ਹੈ:-
"ਖੂਹ ਤੇ ਜਿਹੜਾ ਅੰਬ ਦਾ ਬੂਟਾ,ਬਾਪੂ ਦੇ ਹੱਥੀਂ ਲਾਇਆ,
ਲੱਗਿਆ ਮੈਨੂੰ ਉਹਦੇ ਵਰਗਾ,ਭੱਜ ਕੇ ਮੈਂ ਜੱਫ਼ਾ ਪਾਇਆ,
ਤੂੰ ਬਾਪੂ ਦਾ ਸਾਥ ਨਿਭਾਇਆ"
 ਪ੍ਰਕਿਰਤੀ ਅਤੇ ਦੇਸੀ ਮਹੀਨਿਆਂ ਦੀ ਆਪਣੀ ਹੀ ਪਛਾਣ ਹੈ।ਸਮਾਜ ਅਤੇ ਸਮਾਂ ਬਦਲ ਗਿਆ ਰੁੱਤਾਂ ਤਿੱਥਾਂ ਆਪਣਾ ਪ੍ਰਭਾਵ ਜਾਰੀ ਰੱਖ ਰਹੀਆਂ ਹਨ। ਅੰਬੀਆਂ ਦੇ ਬੂਟੇ ਹੁਲਾਰਾ ਦੇ ਰਹੇ ਹਨ:-
"ਚੜਿਆ ਮਾਹ ਵਿਸਾਖ,ਅੰਬੇ ਪੱਕੀ ਦਾਖ,
ਅੰਬੇ ਰਸ ਚੋ ਪਿਆ,ਪੀਆ ਵਸੇ ਪ੍ਰਦੇਸ਼,
ਕਿ ਜੀਉੜਾ ਰੋ ਪਿਆ"
ਸੁਖਪਾਲ ਸਿੰਘ ਗਿੱਲ ਅਬਿਆਣਾ ਕਲਾਂ