ਕੋਇਲ ਕੁਕੇਂਦੀ ਆ ਗਈ - ਸੁਖਪਾਲ ਸਿੰਘ ਗਿੱਲ
ਕੋਇਲ ਸਾਹਿਤ ਅਤੇ ਸੰਗੀਤ ਨੂੰ ਉਤਸ਼ਾਹਿਤ ਕਰਨ ਵਾਲਾ ਪੰਛੀ ਹੈ। ਇਸ ਤੋਂ ਇਲਾਵਾ ਇਹ ਸੈਲਾਨੀ ਪੰਛੀ ਵੀ ਹੈ। ਅੰਬਾਂ ਨੂੰ ਬੂਰ ਪੈਣ ਅਤੇ ਵਿਸਾਖ ਮਹੀਨੇ ਤੋਂ ਇਸ ਦੀ ਸੁਰੀਲੀ ਰਹਿਬਰ ਸ਼ੁਰੂ ਹੋ ਜਾਂਦੀ ਹੈ।ਇਸ ਪ੍ਰਸੰਗ ਵਿੱਚ ਭਾਈ ਵੀਰ ਸਿੰਘ ਜੀ ਨੇ ਪੁੱਖਤਾ ਕੀਤਾ ਹੈ:-
" ਕੋਇਲ ਕੁਕੇਂਦੀ ਆ ਗਈ,
ਬੋਲੀ ਪਿਆਰੀ ਪਾ ਗਈ,
ਜੀ ਵੜਦਿਆਂ ਜੀ ਭਾਈ ਗਈ,
ਉੱਚੜ-ਓ-ਚਿੜੀ ਲਾ ਗਈ,
ਹੁਣ ਜੀ ਨਾ ਲੱਗਦਾ ਆਲ੍ਹਣੇ,
ਰੋਂਦੇ ਨੀ ਮਾਪੇ ਪਾਲਣੇ"
ਰੰਗ ਰੂਪ ਕਾਂ ਨਾਲ ਮਿਲਦਾ ਜੁਲਦਾ ਹੈ।ਇਹ ਚਲਾਕੀ ਨਾਲ ਆਪਣੇ ਅੰਡੇ ਕਾਂ ਦੇ ਘੁਰਨੇ ਵਿੱਚ ਦਿੰਦੀ ਹੈ। ਬੱਚੇ ਪੈਦਾ ਹੋ ਕੇ ਉਹ ਕੋਇਲਾਂ ਵਿੱਚ ਰਲ ਜਾਂਦੇ ਹਨ।ਇਹ ਪੱਖ ਮਾਂ ਦੀ ਮਮਤਾ ਦੇ ਪੱਖ ਨੂੰ ਝੂਠਾ ਸਾਬਤ ਕਰਦਾ ਹੈ।ਜੀਵ ਵਿਗਿਆਨ ਨੂੰ ਨਕਾਰਦਾ ਹੈ। ਇਸੇ ਲਈ ਕਿਹਾ ਵੀ ਜਾਂਦਾ ਹੈ,"ਕਾਂਵਾ ਦੇ ਕਾਂਵੀ, ਕੋਇਲਾ ਦੇ ਕੋਇਲੀ"
ਨਰ ਮਾਦਾ ਕੋਇਲ ਦੀ ਦਿੱਖ ਵਿੱਚ ਫਰਕ ਹੁੰਦਾ ਹੈ।ਨਰ ਕੋਇਲ ਗਾਉਂਦੀ ਹੈ ਮਾਦਾ ਚੁੱਪ ਰਹਿੰਦੀ ਹੈ। ਬਾਗ਼ ਅਤੇ ਪੁੰਗਰੀਆਂ ਪ੍ਰਕਿਰਤੀ ਨਾਲ ਕੋਇਲ ਦਾ ਗੂੜ੍ਹਾ ਸੰਬੰਧ ਹੈ। ਬਾਗਾਂ ਦੀ ਖੁਸ਼ਬੂ ਅਤੇ ਕੋਇਲ ਇੱਕ ਦੂਜੇ ਨੂੰ ਨਿਹਾਰਦੇ ਹਨ।ਇਹਨਾਂ ਵਿੱਚ ਇਹ ਪੰਛੀ ਸੁਰੀਲੀ ਆਵਾਜ਼ ਨਾਲ ਦਸਤਕ ਦਿੰਦੀ ਹੈ। ਇਸੇ ਕਰਕੇ ਪੰਜਾਬ ਦੀ ਸੁਰੀਲੀ ਆਵਾਜ਼ ਸੁਰਿੰਦਰ ਕੌਰ ਨੂੰ ਪੰਜਾਬ ਦੀ ਕੋਇਲ ਦਾ ਰੁਤਬਾ ਦਿੱਤਾ ਗਿਆ ਹੈ। ਕੋਇਲ ਦੀ ਆਵਾਜ਼ ਇਸ ਨੂੰ ਵੱਖਰੀ ਪਹਿਚਾਣ ਵੀ ਦਿੰਦੀ ਹੈ।
ਰੰਗ ਕਾਲਾ,ਜੀਭ ਗੁਲਾਬੀ ਅਤੇ ਆਵਾਜ਼ ਵਿੱਚੋਂ ਹੀ ਸਾਹਿਤਕ ਵੰਨਗੀਆਂ ਉੱਪਜਦੀਆਂ ਹਨ।ਇਹੀ ਹਰ ਸਾਲ ਕੋਇਲ ਨੂੰ ਤਰੋਤਾਜ਼ਾ ਕਰਦੀਆਂ ਹਨ।ਜੀਵ ਨੂੰ ਪ੍ਰਭੂ ਮਿਲਾਪ ਅਤੇ ਵਿਛੋੜੇ ਦੀ ਉਦਾਹਰਣ ਜ਼ਰੀਏ ਬਾਬਾ ਫ਼ਰੀਦ ਜੀ ਨੇ ਇਉਂ ਅੰਕਤ ਕੀਤਾ ਹੈ:-
" ਕਾਲੀ ਕੋਇਲ ਤੂ ਕਿਤ ਗੁਨ ਕਾਲੀ,
ਆਪਣੇ ਪ੍ਰੀਤਮ ਕੇ ਹਉ ਬਿਰਹੈ ਜਾਲੀ"
ਪੁਰਾਣੇ ਸਮਿਆਂ ਤੋਂ ਦੱਖਣੀ ਏਸ਼ੀਆ ਦੇਸ਼ਾਂ ਵਿੱਚ ਸਭ ਤੋਂ ਵੱਧ ਸਾਹਿਤ ਨੂੰ ਰੂਪਮਾਨ ਕਰਨ ਵਾਲਾ ਪੰਛੀ ਵੀ ਹੈ। ਸੁਣਿਆ ਜਾਂਦਾ ਹੈ ਪਰ ਦੇਖਿਆ ਘੱਟ ਜਾਂਦਾ ਹੈ।ਇਹ ਆਪਣੀ ਸੁਰੀਲੀ ਆਵਾਜ਼ ਪੱਤਿਆਂ ਵਿੱਚ ਲੁਕ ਕੇ ਗਾਉਂਦਾ ਹੈ। ਚਾਣਕਿਆ ਨੀਤੀ ਵਿੱਚ ਵੀ ਕਿਹਾ ਜਾਂਦਾ ਹੈ ਕਿ ਕੋਇਲਾਂ ਉਂਦੋ ਤੱਕ ਹੀ ਚੁੱਪ ਦਿਨ ਕੱਟਦੀਆਂ ਹਨ ਜਦ ਤੱਕ ਉਹ ਲੋਕਾਂ ਨੂੰ ਖੁਸ਼ ਕਰਨ ਵਾਲੀ ਆਵਾਜ਼ ਨਹੀਂ ਕੱਢਦੀਆਂ।
ਲਾਲਾ ਧਨੀ ਰਾਮ ਚਾਤ੍ਰਿਕ ਨੇ ਕੋਇਲ ਨੂੰ ਇਉਂ ਸਿਰਜਿਆ ਹੈ:-
" ਨੀ ਕੋਇਲੇ ਕੂ ਊ ਕੂ ਊ ਗਾ,
ਕੰਠ ਤੇਰੇ ਵਿੱਚ ਸੁਰ ਪੰਚਮ ਦਾ,
ਇਸ਼ਕ ਅਮੀਰ ਰਸ ਦੇ ਪ੍ਰੀਤਮ ਦਾ,
ਪੀਆ ਨੂੰ ਮਿਲਣ ਦਾ ਚਾਅ,
ਪਰ ਹਨ ਕਾਲੇ ਤਦ ਕੀ ਡਰ ਹੈ,
ਕਾਲਿਆਂ ਨੂੰ ਅਪਣਾਉਂਦਾ ਹਰ ਹੈ,
ਹਿਰਦਾ ਹੋਵੇ ਸਫ਼ਾ ਨੀ ਕੋਇਲ-------"
ਇਹ ਸੁਰੀਲਾ ਪੰਛੀ ਮੌਸਮ ਅਨੁਸਾਰ ਹਰ ਵਰ੍ਹੇ ਆਪਣੀ ਸੁਰੀਲੀ ਆਵਾਜ਼ ਨਾਲ ਵੱਖਰੀ ਪਹਿਚਾਣ ਬਣਾਉਂਦਾ ਹੈ।
ਸੁਖਪਾਲ ਸਿੰਘ ਗਿੱਲ ਅਬਿਆਣਾ ਕਲਾਂ
9878111445