ਚੁੰਝਾਂ-ਪ੍ਹੌਂਚੇ  - ਨਿਰਮਲ ਸਿੰਘ ਕੰਧਾਲਵੀ

15.01.2025

ਅਖਾਉਤੀ ਅਕਾਲੀਆਂ ਨੇ ਪੰਥ, ਪੰਜਾਬ ਅਤੇ ਸਿੱਖੀ ਦਾ ਬਹੁਤ ਨੁਕਸਾਨ ਕੀਤਾ- ਸਰਬਜੀਤ ਸਿੰਘ ਖ਼ਾਲਸਾ

ਕਿੱਥੋਂ ਭਾਲਦੈਂ ਬਿਜੌਰੀ ਦਾਖਾਂ, ਕਿੱਕਰਾਂ ਦੇ ਬੀਅ ਬੀਜ ਕੇ।

ਸੱਤ ਮੈਂਬਰੀ ਕਮੇਟੀ ਬਰਕਰਾਰ, ਆਨਾਕਾਨੀ ਮੰਨਜ਼ੂਰ ਨਹੀਂ- ਜਥੇਦਾਰ ਵਲੋਂ ਫੇਰ ਹੁਕਮ

ਨਹਿਰੋ ਨਹਿਰ ਭਜਾ ਲਿਆ ਬੋਤਾ, ਚੰਨਾਂ ਤੇਰਾ ਧੰਨ ਜਿਗਰਾ।

ਸ਼ੰਭੂ ਤੇ ਖਨੌਰੀ ਮੋਰਚੇ ਦੇ ਆਗੂਆਂ ਨੇ ਸੰਯੁਕਤ ਕਿਸਾਨ ਮੋਰਚੇ ਨੂੰ ਭੇਜੀ ਚਿੱਠੀ- ਇਕ ਖ਼ਬਰ

ਚਿੱਠੀਆਂ ਸਾਹਿਬਾਂ ਜੱਟੀ ਨੇ ਲਿਖ ਮਿਰਜ਼ੇ ਵਲ ਪਾਈਆਂ।

ਕਿਸਾਨਾਂ ਨਾਲ਼ ਗੱਲਬਾਤ ਕਰਨ ਲਈ ਭਾਜਪਾ ਸਰਕਾਰ ਦੇ ਦਰਵਾਜ਼ੇ ਖੁੱਲ੍ਹੇ- ਮਨੋਰੰਜਨ ਕਾਲੀਆ

ਕਾਲੀਆ ਸਾਹਿਬ ਕਿਉਂ ਲੂਣ ਗੁੰਨ੍ਹੀ ਜਾਂਦੇ ਹੋ।

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਅਹੁਦੇ ਤੋਂ ਦਿਤਾ ਅਸਤੀਫ਼ਾ- ਇਕ ਖ਼ਬਰ

ਚਾਰੇ ਕੰਨੀਆਂ ਮੇਰੀਆਂ ਦੇਖ ਖਾਲੀ, ਅਸੀਂ ਨਾਲ਼ ਨਹੀਂ ਕੁਝ ਲੈ ਚੱਲੇ।

ਅਕਾਲੀ ਦਲ ਆਰਾਮ ਕਰ ਰਿਹਾ ਸੀ,ਹੁਣ ਜਾਗ ਗਿਆ ਹੈ ਸਭ ਠੀਕ ਕਰ ਦਿਆਂਗੇ- ਸੁਖਬੀਰ ਬਾਦਲ

ਉਠੇ ਹੈਂ ਮਾਂ ਕੇ ਲਾਲ ਕੁਛ ਕਰ ਜਾਏਂਗੇ, ਕਰਨਾ ਕਿਆ ਹੈ ਮੂ... ਕੇ ਫਿਰ ਸੋ ਜਾਏਂਗੇ।

ਔਰਤਾਂ ਵਿਰੁੱਧ ਟਿੱਪਣੀਆਂ ਸ਼ਰਮਨਾਕ, ਇਸ ਦੀ ਨਿੰਦਾ ਹੋਣੀ ਚਾਹੀਦੀ ਹੈ- ਮੁੱਖ ਚੋਣ ਕਮਿਸ਼ਨਰ

ਕਦੀ ਨਿੰਦਾ ਤੋਂ ਅਗਾਂਹ ਦੀ ਗੱਲ ਵੀ ਕਰਿਆ ਕਰੋ, ਬਸ ਗੋਂਗਲੂਆਂ ‘ਤੋਂ ਮਿੱਟੀ ਝਾੜੀ ਤੇ ਗੱਲ ਖਤਮ।

ਪੰਜਾਬ ਦੇ ਮੌਜੂਦਾ ਸਿਆਸੀ ਹਾਲਾਤ ਕਾਂਗਰਸ ਲਈ ਮਜ਼ਬੂਤ ਹੋਣ ਦਾ ਮੌਕਾ- ਲਾਲ ਸਿੰਘ

ਨਿਤ ਨਿਤ ਨਹੀਂ ਬਾਜ਼ਾਰ ਵਿਚ ਆਉਣਾ, ਨੀਂ ਬਿੱਲੋ ਖਾ ਲੈ ਨਾਸ਼ਪਾਤੀਆਂ।

ਰਵਨੀਤ ਸਿੰਘ ਬਿੱਟੂ ਨੇ ਕਿਸਾਨਾਂ ਨਾਲ ਗੱਲਬਾਤ ਕਰਨ ਦੀ ਮੁੜ ਕੀਤੀ ਪੇਸ਼ਕਸ਼- ਇਕ ਖ਼ਬਰ

ਤੇਰੇ ਖੁਸ਼ਕ ਮੱਕੀ ਦੇ ਦਾਣੇ, ਮਿੱਤਰਾਂ ਨੇ ਨਹੀਉਂ ਚੱਬਣੇ।

ਸੰਯੁਕਤ ਕਿਸਾਨ ਮੋਰਚੇ ਦੇ ਛੇ ਆਗੂਆਂ ਨੇ ਖਨੌਰੀ ਪਹੁੰਚ ਕੇ ਏਕਤਾ ਦਾ ਮਤਾ ਸੌਂਪਿਆ- ਇਕ ਖ਼ਬਰ

ਅੱਡੀ ਮਾਰ ਝਾਂਜਰ ਛਣਕਾਈ, ਮਿੱਤਰਾਂ ਦੇ ਸਰਦਲ ‘ਤੇ।

ਜਸਟਿਨ ਟਰੂਡੋ ਨੇ ਤੁਹਾਨੂੰ ਨਿਰਾਸ਼ ਕੀਤਾ- ਐਨ.ਡੀ.ਪੀ. ਆਗੂ ਜਗਮੀਤ ਸਿੰਘ

ਗੋਰੇ ਰੰਗ ਨੂੰ ਕੋਈ ਨੀ ਪੁੱਛਦਾ, ਮੁੱਲ ਪੈਂਦੇ ਅਕਲਾਂ ਦੇ।

ਅਮਰੀਕਾ ਵਿਚ ਦੋ ਭਾਰਤੀ ਕੰਪਨੀਆਂ ‘ਤੇ ਅਪਰਾਧਕ ਸਾਜ਼ਸ਼ ਰਚਣ ਦਾ ਦੋਸ਼- ਇਕ ਖ਼ਬਰ

ਵਾਦੜੀਆਂ ਸਜਾਦੜੀਆਂ ਨਿਭਣ ਸਿਰਾਂ ਦੇ ਨਾਲ।

ਕੈਨੇਡਾ ਨੂੰ ਅਮਰੀਕਾ ਦਾ ਹਿੱਸਾ ਬਣਾਉਣ ਲਈ ‘ਆਰਥਕ’ ਤਾਕਤ ਦੀ ਵਰਤੋਂ ਕਰਾਂਗਾ- ਟਰੰਪ

ਪੰਜਾਹ ਪਿੰਡਾਂ ਦਾ ਮੁੰਡਾ ਪਟਵਾਰੀ, ਨਖ਼ਰੇ ਨਾ ਕਰ ਗੋਰੀਏ।

ਅਜਿਹਾ ਕਦੇ ਨਹੀਂ ਹੋਵੇਗਾ ਕਿ ਕੈਨੇਡਾ ਅਮਰੀਕਾ ਦਾ ਹਿੱਸਾ ਬਣੇ- ਜਸਟਿਨ ਟਰੂਡੋ

ਕੁੱਲੀ ਯਾਰ ਦੀ ਸੁਰਗ ਦਾ ਝੂਟਾ, ਅੱਗ ਲਾਵਾਂ ਤੇਰੇ ਮਹਿਲਾਂ ਨੂੰ।

ਬਾਦਲ ਅਕਾਲੀ ਦਲ ਦਾ ਵਫ਼ਦ ਜਥੇਦਾਰ ਰਘਬੀਰ ਸਿੰਘ ਨੂੰ ਮਿਲਿਆ- ਇਕ ਖ਼ਬਰ

ਤੁਸੀਂ ਕਰੋ ਅਸਾਡੀ ਕਾਰੀ ਜੀ, ਹੁਣ ਹੋ ਗਈ ਮੁਸ਼ਕਲ ਭਾਰੀ ਜੀ।