ਗ਼ਜ਼ਲ - ਅਮਰਜੀਤ ਸਿੰਘ ਸਿੱਧੂ
ਚਿਹਰੇ ਉਪਰ ਨਕਾਬ ਪਹਿਨ ਕਿਉਂ, ਅਪਣਾ ਭੇਸ ਵਟਾਉੰਦੇ ਲੋਕ।
ਦੂਜੇ ਨੂੰ ਅਪਣੇ ਤੋਂ ਤਕੜਾ, ਕਿਉਂ ਨੀ ਵੇਖਣਾ ਚਾਹੁੰਦੇ ਲੋਕ।
ਅੱਗ ਹਊਮੈਂ ਦੀ ਬਾਲ ਦਿਲ 'ਚ, ਅਪਣਾ ਖੂਨ ਮਚਾਵਣ ਵਾਲੇ,
ਖੁਸ਼ੀਆਂ ਮੌਕੇ ਸੱਜਣ ਸਂਗ ਵੀ, ਵੇਖੇ ਨਾ ਮੁਸਕਰਾਉਂਦੇ ਲੋਕ।
ਵਿਰਸੇ ਅਪਣੇ ਤਾਈਂ ਭੁੱਲ ਕੇ, ਵਿਸਰ
ਗਏ ਜੋ ਰੀਤ ਰਿਵਾਜ ,
ਲੋਕਾਂ ਦੀਆਂ ਨਜਰਾਂ ਵਿਚ ਉਹ, ਪੱਥਰ ਦਿਲ ਅਖਵਾਉਂਦੇ ਲੋਕ।
ਵੱਡਾ ਨਾ ਇਨਸਾਨੀਅਤ ਤੋਂ, ਸੁਣਿਆ ਕੋਈ ਦੀਨ ਇਮਾਨ
ਅਣਖ ਜਿਨ੍ਹਾਂ ਦੀ ਮਰ ਜਾਵੇ ਉਹ, ਇੱਜਤ ਗਿਰਵੀ ਪਾਉਂਦੇ ਲੋਕ।
ਖੂਨ ਦੇ ਰਿਸ਼ਤੇ ਧੁਂਦਲੇ ਕਰਤੇ, ਪੈਸੇ ਦੀ ਅੱਜ ਚਕਾਚੌਂਧ,
ਪੈਸੇ ਖਾਤਰ ਬਹੁਤੇ ਵੇਖੇ, ਗਧੇ ਨੂੰ ਬਾਪ ਬਣਾਉਦੇ ਲੋਕ
ਬੌਨਾ ਕੱਦ ਕਰ ਰਹੀ ਵੇਖੋ, ਇਹ ਚੌਧਰ ਸੋਹਰਤ ਦੀ ਦੌੜ,
ਫਿਰ ਵੀ ਇਸ ਦਾ ਹਿੱਸਾ ਬਣਨੋ, ਭੋਰਾ ਨਾ ਘਬਰਾਉੰਦੇ ਲੋਕ।
ਇਸ ਮਿੱਟੀ ਨੇ ਮਿੱਟੀ ਰਲਣਾ, ਇਹ ਸਾਰਾ ਕੁੱਝ ਇੱਥੇ ਰਹਿਣਾ,
ਜਿਸ ਦੀ ਖਾਤਰ ਇਕ ਦੂਜੇ ਦਾ, ਵੇਖੋ ਕਤਲ ਕਰਾਉਂਦੇ ਲੋਕ।
ਚਹੁੰਦੇ ਨੇ ਜੋ ਸੱਭ ਸਹੂਲਤ, ਨਾ ਪਵੇ ਕਰਨਾ ਕੋਈ ਕੰਮ,
ਦਰ ਦਰ ਤੇ ਉਹ ਭਟਕਦੇ ਫਿਰਦੇ, ਵੇਖੇ ਸੀਸ ਝੁਕਾਉਂਦੇ ਲੋਕ।
ਸਮਝੋ ਬਾਹਰ ਹੋਇਆ ਸਿੱਧੂ, ਅਪਣਾ ਕੌਣ ਪਰਾਇਆ ਕੌਣ,
ਗਿਰਗਟ ਵਾਂਗੂੰ ਹਰ ਪਲ ਇੱਥੇ, ਅਪਣਾ ਰੰਗ ਵਟਾਉਂਦੇ ਲੋਕ।
ਅਮਰਜੀਤ ਸਿੰਘ ਸਿੱਧੂ ਬੱਧਨੀ ਕਲਾਂ +4917664197996