"ਟਰੰਪਗੀਰੀ-ਅਨੋਖਾ ਲਾਡਲਾ ਖੇਲਨ ਕੋ ਮਾਂਗੇ ਚਾਂਦ" - ਪ੍ਰੋ. ਜਸਵੰਤ ਸਿੰਘ ਗੰਡਮ

ਅਸਦ ਮੁਹੰਮਦ ਖਾਨ ਦੀ ਇਕ ਰਚਨਾਂ ਹੈ ਜਿਸ ਨੂੰ ਅਨੇਕਾਂ ਗਾਇਕਾਂ ਨੇ ਗਾਇਆ ਹੈ,ਸਮੇਤ ਬੜੇ ਗੁਲਾਮ ਅਲੀ ਖਾਨ,ਬਿਲਕੀਸ ਖਾਨੁਮ,ਤਾਹਿਰਾ ਸਈਯਦ ਦੇ।ਰਚਨਾ ਦਾ ਮੁਖੜਾ ਹੈ-
'ਅਨੋਖਾ ਲਾਡਲਾ ਖੇਲਨ ਕੋ ਮਾਂਗੇ ਚਾਂਦ,
ਕੈਸੀ ਅਨੋਖੀ ਬਾਤ ਰੇ'।
ਸਾਨੂੰ ਇਸ ਸੁਰ-ਬੱਧ ਰਚਨਾਂ ਦੀ ਯਾਦ ਬਾਰ ਬਾਰ ਆਉਣ ਦਾ ਕਾਰਨ ਅਮਰੀਕਾ ਦੇ ਦੂਸਰੀ ਵਾਰ ਚੁਣੇ ਗਏ ਮਨੋਨੀਤ ਪਰੈਜ਼ੀਡੈਂਟ ਡੌਨਲਡ ਟਰੰਪ ਦੇ ਅਜੀਬੋ-ਗਰੀਬ ਬਿਆਨਾਂ ਕਾਰਨ ਆਈ ਹੈ।ਇਹਨਾਂ ਬਿਆਨਾਂ ਵਿਚ ਉਸ ਦੇ 'ਰੀਐਲਟਰ-ਰਾਸ਼ਟਰਪਤੀ' ਜਾਂ 'ਪ੍ਰੌਪਰਟੀ ਡੀਲਰ ਪਰੈਜ਼ੀਡੈਂਟ' ਹੋਣ ਦੀ ਵਧੇਰੇ ਝਲਕ ਪੈਂਦੀ ਹੈ।ਆਖਿਰ ਉਸ ਦਾ ਪਿਛੋਕੜ ਤਾਂ 'ਰੀਅਲ ਐੇਸਟੇਟ' ਦੇ ਕਾਰੋਬਾਰ ਵਾਲਾ ਹੀ ਤਾਂ ਹੈ।ਭਾਵ ਜ਼ਮੀਨ ਜਾਂ ਇਮਾਰਤਾਂ ਦੀ ਖ੍ਰੀਦੋ-ਫ੍ਰੋਖਤ ਕਰਨ ਵਾਲਾ ਕਾਰੋਬਾਰ।ਇਹ ਕਾਰੋਬਾਰ ਮਾੜਾ ਨਹੀਂ ਪਰ ਟਰੰਪ ਤਾਂ ਦੂਸਰੇ ਦੇਸ਼ ਹੀ ਖ੍ਰੀਦਣ ਜਾਂ ਹੜੱਪਣ ਦੀ ਤਾਕ ਵਿਚ ਹੈ।
ਅਮਰੀਕੀ ਵਿਸਥਾਰਵਾਦੀ ਨੀਤੀਆਂ ਅਧੀਨ ਉਹ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਨਾਉਣਾ ਲੋਚਦਾ ਹੈ ਜਿਸ ਦਾ 'ਗਵਰਨਰ' ਜਸਟਿਨ ਟਰੂਡੋ ਹੋਵੇਗਾ।ਟਰੂਡੋ ਕੈਨੇਡਾ ਦਾ ਪ੍ਰਧਾਨ ਮੰਤਰੀ ਹੈ,ਬੇਸ਼ਕ ਉਹ ਹੁਣ ਇਸ ਅਹੁਦੇ ਤੋਂ ਅਸਤੀਫਾ ਦੇ ਚੁਕੈ।
ਹੋਰ ਤਾਂ ਹੋਰ,ਟਰੰਪ ਪਨਾਮਾ ਕਨਾਲ ਤੇ ਡੈਨਮਾਰਕ ਦੇ ਗ੍ਰੀਨਲੈਂਡ ਟਾਪੂ ਨੂੰ ਪ੍ਰਾਪਤ ਕਰਨਾ/ਖ੍ਰੀਦਣਾ ਚਾਹੁੰਦੈ ਅਤੇ 'ਗਲਫ ਆਫ ਮੈਕਸੀਕੋ' ਦਾ ਨਾਮ ਬਦਲ ਕੇ 'ਗਲਫ ਆਫ ਅਮੈਰਿਕਾ' ਕਰਨ ਦਾ ਮਨਸ਼ਾ ਰਖਦੈ।
ਟਰੰਪ ਨੇ ਇਹ ਵੀ ਤਾੜਨਾ ਕੀਤੀ ਹੈ ਕਿ ਪੱਛਮੀ ਏਸ਼ੀਆ/ਮੱਧ ਪੂਰਬੀ ਖਿਤੇ ਵਿਚ ਹੇਠਲੀ ਉਤੇ ਹੋ ਜਾਊ ਜੇ ਕਰ ਹਾਮਾਸ ਨੇ ਉਸ ਦੇ ਰਾਸ਼ਟਰਪਤੀ ਅਹੁਦੇ ਤੇ ਬਿਰਾਜਣ ਤਕ(20 ਜਨਵਰੀ) ਗਾਜ਼ਾ ਵਿਚ 7 ਅਕਤੂਬਰ,2023 ਤੋਂ 100 ਕੁ ਜਣੇ ਬੰਦੀ ਬਣਾ ਕੇ ਰਖੇ,ਜਿਹਨਾਂ ਵਿਚ ਕੁਝ ਅਮਰੀਕੀ ਵੀ ਹਨ, ਨਾ ਮੁਕਤ ਕੀਤੇ।
ਉਸ ਦੇ ਇਹਨਾਂ ਬਿਆਨਾਂ/ਐੇਲਾਨਾਂ ਨੇ ਵਿਸ਼ਵ ਵਿਚ ਤਰਥੱਲੀ ਜਿਹੀ ਮਚਾ ਦਿਤੀ ਹੈ।
ਕਿਹਾ ਜਾਂਦੈ ਕਿ ਭਾਂਵੇਂ ਉਸ ਨੇ ਇਕ ਮੀਟਿੰਗ ਵਿਚ ਮਜ਼ਾਕੀਆ ਲਹਿਜ਼ੇ ਵਿਚ ਕੈਨੇਡਾ ਨੂੰ ਅਮਰੀਕਾ ਦੇ 51ਵੇਂ ਪ੍ਰਾਂਤ ਬਣਾਏ ਜਾਣ ਦੀ ਗਲ ਕਹੀ ਸੀ ਪਰ ਇਸ ਦਾ ਕੈਨੇਡਾ ਵਿਚ ਬੜਾ ਬੁਰਾ ਮਨਾਇਆ ਗਿਆ।ਯਾਦ ਰਹੇ ਕਿ ਅਮਰੀਕਾ ਕੈਨੇਡਾ ਨੂੰ ਸਕਿਉਰਟੀ ਪ੍ਰਦਾਨ ਕਰਦੈ ਅਤੇ ਕੈਨੇਡਾ ਉਸ ਨੂੰ ਅਨੇਕਾਂ ਵਸਤਾਂ ਤੇ ਸੇਵਾਵਾਂ ਬਰਾਮਦ ਕਰਦੈ।ਭਾਂਵੇਂ ਕੇੈਨੇਡਾ ਸਬੰਧੀ ਟਰੰਪ ਨੇ ਸਿਰਫ ਆਰਥਕ ਸ਼ਕਤੀ ਦੀ ਵਰਤੋਂ ਕਰਨ ਦੀ ਗਲ ਕਹੀ ਹੈ,ਪਰ ਗਰੀਨ ਲੈਂਡ ਅਤੇ ਪਨਾਮਾ ਕਨਾਲ ਨੂੰ ਪ੍ਰਾਪਤ ਕਰਨ ਲਈ ਤਾਂ ਬਲ ਪ੍ਰਯੋਗ ਕਰਨ ਦੀ ਧਮਕੀ ਵੀ ਦਿਤੀ ਹੈ,ਕਿਉਂਕਿ ਇਹ ਦੋਵੇਂ ਭੁੂਸਥਲ ਅਤੇ ਸਮੁੰਦਰ ਰਾਹੀਂ ਵਪਾਰ ਦੇ ਜਲ-ਮਾਰਗ ਅਮਰੀਕਾ ਦੀ ਰਾਸ਼ਟਰੀ/ਆਰਥਕ ਸੁਰੱਖਿਆ ਅਤੇ ਕਾਰੋਬਾਰ ਲਈ ਬਹੁਤ ਮਹੱਤਵਪੂਰਨ ਸਮਝੇ ਜਾਂਦੇ ਹਨ।ਉਸ ਅਨੁਸਾਰ ਪਨਾਮਾ ਕਨਾਲ ਅਮਰੀਕਾ ਨੇ ਬਣਾਈ ਸੀ ਪਰ ਹੁਣ ਉਸ ਦੇ ਸਮੁੰਦਰੀ ਜਹਾਜ਼ਾਂ ਉਪਰ ਬਹੁਤ ਵਧੇਰੇ 'ਟੌਲ' ਲਗਾਇਆ ਜਾ ਰਿਹੈ,ਜਿਸ ਲਈ ਉਹ ਇਸ ਦਾ ਕੰਟਰੋਲ ਆਪਣੇ ਕੋਲ ਕਰਨਾ ਚਾਹੁੰਦੈ।
ਜੇ ਕਰ ਵਾਕਿਆ ਹੀ 'ਟਰੰਪਗੀਰੀ ਬਨਾਮ ਅਮਰੀਕੀ ਵਿਸਥਾਰਵਾਦ' ਦੀ ਨੀਤੀ ਡੌਨਲਡ ਟਰੰਫ ਦੁਆਰਾ 20 ਜਨਵਰੀ ਨੂੰ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਉਪਰੰਤ ਅਮਲ ਵਿਚ ਆ ਜਾਂਦੀ ਹੈ ਜਾਂ ਇਸ ਬਾਰੇ ਕੋਈ ਕਾਰਵਾਈ ਸ਼ੁਰੂ ਹੋ ਜਾਂਦੀ ਹੈ ਤਾਂ ਵਿਸ਼ਵ ਵਿਚ ਇਕ ਹੋਰ ਤਣਾਵ ਪੈਦਾ ਹੋ ਜਾਵੇਗਾ।ਅਤੇ ਇਹ ਵਧੇਰੇ ਖਤਰਨਾਕ ਹੋਵੇਗਾ ਕਿਉਂਕਿ ਇਸ ਦਾ ਕਰਤਾ ਵਿਸ਼ਵ ਦਾ 'ਸੁਪਰ ਕੌਪ' ਜਾਂ 'ਸੁਪਰ-ਪਾਵਰ' ਅਮਰੀਕਾ ਹੋਵੇਗਾ।
ਪਹਿਲਾਂ ਹੀ ਸੰਸਾਰ ਵਿਚ ਤਣਾਵ ਜਾਂ ਜੰਗਾਂ ਦੀ ਭਰਮਾਰ ਹੈ।ਰੂਸ-ਯੂੁਕਰੇਨ ਯੁੱਧ ਨੂੰ 3 ਸਾਲ ਹੋ ਚਲੇ ਹਨ।ਇਸਰਾਈਲ-ਹਾਮਾਸ/ਫਿਲਸਤੀਨ ਟਕਰਾ ਵੀ ਕਾਫੀ ਲੰਮੇ ਸਮੇਂ ਤੋਂ ਚਲ ਰਿਹੈ,ਪਾਕਿਸਤਾਨ-ਅਫਗਾਨਿਸਤਾਨ ਵਿਚ ਲੜਾਈ ਵਧ ਰਹੀ ਹੈ,ਹੋਰ ਕਈ ਮੁਲਕਾਂ ਵਿਚ ਆਪਸੀ ਖਹਿਬਾਜ਼ੀ ਸਿਖਰਾਂ ਤੇ ਹੈ।ਟਰੰਪ ਦੀ ਇਹ ਆਕਰਮਕ ਬਦੇਸ਼ੀ ਨੀਤੀ ਹੋਰ ਪੁਆੜੇ ਪਾਊ।
ਟਰੰਪ ਨੇ ਤਾਂ ਡੈਨਮਾਰਕ ਨੂੰ ਇਹ ਵੀ ਧਮਕੀ ਦਿਤੀ ਹੇੈ ਕਿ ਜੇ ਉਹ ਗਰੀਨਲੈਂਡ ਨੂੰ ਖ੍ਰੀਦੇ ਜਾਣ ਵਿਚ ਰੁਕਾਵਟ ਬਣੇਗਾ ਤਾਂ ਅਮਰੀਕਾ ਉਸ ਉਪਰ 'ਟੈਰਿਫ'(ਦਰਾਮਦੀ-ਬਰਾਮਦੀ ਟੈਕਸ) ਲਗਾ ਦਏਗਾ।ਉਸ ਵਲੋਂ ਗਰੀਨਲੈਂਡ ਖ੍ਰੀਦਣ ਲਈ ਫੌਜੀ ਕਾਰਵਾਈ ਕਰਨ ਤੋਂ ਗੁਰੇਜ਼ ਨਾ ਕਰਨ ਦੀ ਗਲ ਹੋਰ ਵੀ ਵਧੇਰੇ ਖੌਫਨਾਕ ਹੈ।
ਟੈਰਿਫ ਲਗਾਉਣ ਦੀ ਧਮਕੀ ਉਸ ਨੇ ਕੈਨੇਡਾ ਨੂੰ ਵੀ ਦਿਤੀ ਹੈ।ਬੇਸ਼ਕ ਕੈਨੇਡਾ ਬਾਰੇ ਫੌਜੀ ਸ਼ਕਤੀ ਪ੍ਰਯੋਗ ਤੋਂ ਇਨਕਾਰ ਕੀਤਾ ਹੈ।ਕੈਨੇਡਾ ਦੀਆਂ ਵਸਤਾਂ/ਸੇਵਾਵਾਂ ਦੀ ਅਮਰੀਕਾ ਵਿਚਲੀ ਐਕਸਪੋਰਟ ਉਪਰ 25% ਟੈਰਿਫ ਲਗਾਉਣ ਦੀ ਤਾੜਨਾ ਕੀਤੀ ਹੈ।ਟਰੰਪ ਨੇ ਕਿਹਾ ਕਿ ਅਮਰੀਕਾ ਹਰ ਸਾਲ ਕੈਨੇਡਾ ਦੀ ਸੁਰੱਖਿਆ ਉਪਰ 200 ਬਿਲੀਅਨ ਡਾਲਰ ਖਰਚਦੈ,ਜੋ ਕਿ ਬੇਲੋੜਾ ਬੋਝ ਹੈ।ਉਸ ਨੇ ਹੋਰ ਕਿਹੈ ਕਿ ਅਮਰੀਕਾ ਨੂੰ ਕੈਨੇਡਾ ਦੀਆਂ ਕਾਰਾਂ,ਦੁੱਧ ਜਾਂ ਹੋਰ ਉਤਪਾਦ ਵੀ ਨਹੀਂ ਚਾਹੀਦੇ ਕਿਉਂਕਿ ਇਹ ਸਭ ਅਮਰੀਕਾ ਵਿਚ ਭਾਰੀ ਮਾਤਰਾ/ਮਿਕਦਾਰ ਵਿਚ ਉਪਲਬਧ ਹਨ।ਜੇ ਇਹਨਾਂ ਸਭ ਉਪਰ 25% ਟੈਰਿਫ ਲਗਾ ਦਿਤਾ ਜਾਵੇ ਤਾਂ ਕੈਨੇਡਾ ਦੀ ਬਰਾਮਦ ਲੜਖੜਾ ਜਾਏਗੀ।ਇਕ ਅਨੁਮਾਨ ਅਨੁਸਾਰ ਕਰੀਬ 3.6 ਬਿਲੀਅਨ ਕੈਨੇਡੀਅਨ ਡਾਲਰ(2.5 ਬਿਲੀਅਨ ਅਮਰੀਕੀ ਡਾਲਰ) ਦੀਆਂ ਵਸਤਾਂ/ਸੇਵਾਵਾਂ ਹਰ ਰੋਜ਼ ਅਮਰੀਕੀ ਬਾਡਰ ਦੇ ਪਾਰ ਜਾਂਦੀਆਂ ਹਨ!ਟਰੰਪ ਨੇ ਅਜਿਹਾ ਟੈਰਿਫ ਮੈਕਸੀਕੋ ਤੋਂ ਆਉਂਦੀਆਂ ਵਸਤਾਂ ਉਪਰ ਲਗਾਉਣ ਦੀ ਗਲ ਵੀ ਕਹੀ ਹੈ।
ਟਰੰਪ ਦੇ ਕੈਨੇਡਾ ਬਾਰੇ ਬੇਤੁਕੇ ਬਿਆਨਾਂ ਦੀ ਜਸਟਿਨ ਟਰੂਡੋ ਸਮੇਤ ਹੋਰ ਕਈ ਨੇਤਾਵਾਂ ਨੇ ਨਖੇਧੀ ਕੀਤੀ ਹੈ।ਇਕ ਨੇਤਾ ਨੇ ਤਾਂ ਟਰੰਪ ਨੂੰ ਇਥੋਂ ਤਕ ਪੁਛਿਐ ਕਿ ਜੇ ਕੈਨੇਡਾ ਅਮਰੀਕਾ ਦੀ ਅਲਾਸਕਾ ਸਟੇਟ ਖ੍ਰੀਦਣ ਬਾਰੇ ਕਹੇ ਤਾਂ ਉਸ ਨੂੰ ਕਿਵੇਂ ਲਗੇਗਾ?ਯਾਦ ਰਹੇ ਕਿ ਅਲਾਸਕਾ ਦੀ ਧਰਤੀ ਅਮਰੀਕਾ ਨੇ ਰੂਸ ਤੋਂ ਖ੍ਰੀਦੀ ਸੀ।ਇਕ ਸਰੋਤ ਅਨੁਸਾਰ 1,723,337 ਵਰਗ ਕਿਲੋ ਮੀਟਰ ਦੀ ਥਾਂ ਅਮਰੀਕਾ ਨੇ 1867 ਵਿਚ 7.2 ਮਿਲੀਅਨ ਡਾਲਰ ਨੂੰ ਖ੍ਰੀਦੀ ਸੀ।ਬਾਦ ਵਿਚ ਇਹ ਅਲਾਸਕਾ ਸਟੇਟ ਵਜੋਂ ਜਾਣੀ ਜਾਣ ਲਗੀ।
ਅਮਰੀਕਾ ਦੇ ਪ੍ਰੌਪਰਟੀ ਬਿਜ਼ਿਨਸ ਦੇ ਹੋਰ ਵੀ ਅਨੇਕਾਂ ਪ੍ਰਮਾਣ ਹਨ ਜਿਹਨਾਂ ਵਿਚ 1803 ਵਿਚ ਲੂਈਸਿਆਨਾ ਨਾਮ ਦਾ 2,140,000 ਵਰਗ ਕਿਲੋਮੀਟਰ ਫ੍ਰੈਂਚ ਇਲਾਕਾ 15 ਮਿਲੀਅਨ ਡਾਲਰ ਨੂੰ ਖ੍ਰੀਦੇ ਜਾਣਾ ਸ਼ਾਮਿਲ ਹੈ।
ਆਖਿਰ ਅਮਰੀਕਾ ਦੀ ਦੂਸਰੇ ਮੁਲਕਾਂ ਦੀ ਧਰਤੀ ਉਪਰ ਅੱਖ ਕਿਉਂ ਹੈ?ਸਾਨੂੰ ਤਾਂ ਇਸ ਸਵਾਲ ਦਾ ਜਵਾਬ ਇਹੀ ਲਗਦੈ ਕਿ ਸੰਸਾਰ ਵਿਚ ਆਪਣੀ ਸਰਦਾਰੀ ਹੋਰ ਵਧਾਉਣ ਲਈ;ਗਲੋਬਲ ਨਕਸ਼ੇ ਤੇ ਆਪਣਾ ਵਧੇਰੇ ਪਾਸਾਰ ਦਰਸਾਉਣ ਲਈ;ਵਿਸ਼ਵ ਵਿਚ ਹੋਰ ਚੌਧਰ ਚਲਾਉਣ ਅਤੇ ਦਬਦਬਾ ਵਧਾਉਣ ਲਈ।ਭਾਂਵੇਂ ਇਹ ਸਭ ਕੁਝ ਸੰਭਵ ਤਾਂ ਨਹੀਂ ਲਗਦਾ ਪਰ ਟਰੰਪ ਵਰਗੇ ਬੰਦੇ ਲਈ ਕੁਝ ਵੀ ਅਟਪਟਾ ਕਰਨਾ ਅਸੰਭਵ ਵੀ ਨਹੀਂ ਲਗਦਾ!ਖੇਤਰਫਲ ਵਜੋਂ ਕੈਨੇਡਾ ਕਰੀਬ 9,985 ਮਿਲੀਅਨ ਵਰਗ ਕਿਲੋ ਮੀਟਰ ਨਾਲ ਵਿਸ਼ਵ ਵਿਚ ਦੂਸਰੇ ਨੰਬਰ ਤੇ ਹੈ।ਅਮਰੀਕਾ ਦਾ ਆਪਣਾ ਖੇਤਰਫਲ 9,840,000 ਵਰਗ ਕਿਲੋ ਮੀਟਰ ਹੈ।ਗਰੀਨਲੈਂਡ ਟਾਪੂ ਦਾ ਏਰੀਆ 2,175,600 ਵਰਗ ਕਿਲੋ ਮੀਟਰ ਹੈ।ਆਕਾਰ ਵਜੋਂ ਵਿਸ਼ਵ ਦਾ ਸਭ ਤੋਂ ਵਡਾ ਦੇਸ਼ ਰੂਸ ਹੈ ਜਿਸ ਦਾ ਖੇਤਰਫਲ 17 ਮਿਲੀਅਨ ਵਰਗ ਕਿਲੋ ਮੀਟਰ ਹੈ।ਜੇ ਟਰੰਪ ਆਪਣੇ ਮਨਸੂਬਿਆਂ ਵਿਚ ਸਫਲ ਹੋ ਜਾਂਦੈ,ਜੋ ਕਿ ਲਗਦਾ ਨਹੀਂ, ਤਾਂ ਫਿਰ ਸਿਰਫ ਅਮਰੀਕਾ ਅਤੇ ਕੈਨੇਡਾ ਮਿਲ ਕੇ ਹੀ ਰੂਸ ਨੂੰ ਇਲਾਕੇ ਵਜੋਂ ਮਾਤ ਦੇ ਜਾਣਗੇ! ਤੇ ਟਰੰਪ ਦਾ ਅਮਰੀਕਾ ਨੂੰ ਹੋਰ ਵਡੇਰਾ ਦੇਸ ਬਨਾਉਣ ਦਾ ਸੁਪਨਾ ਪੂਰਾ ਹੋ ਜਾਵੇਗਾ।ਆਖਿਰ ਅਮਰੀਕਾ ਵਿਚ 20 ਮਿਲੀਅਨ ਵਰਗ ਕਿਲੋ ਮੀਟਰ ਭੋਇੰ-ਖੇਤਰ ਹੋਰ ਜੋੜਨ ਦਾ ਸਿਹਰਾ ਉਸ ਸਿਰ ਬਝੇਗਾ!ਉਸ ਦਾ 'ਟਰੰਪਸਤਾਨ' ਸਿਰਜਿਆ ਜਾਵੇਗਾ!ਉਸ ਦੀ'ਡਾਨਲਡਗੀਰੀ'(ਜਾਂ ਦਾਦਾਗੀਰੀ) ਦਾ ਡੰਕਾ ਵਜੇਗਾ।
ਪਰ ਕੀ ਰੂਸ ਅਤੇ ਚੀਨ ਅਜਿਹਾ ਹੋਣ ਦੇਣਗੇ?ਹੋਰ ਦੂਸਰੇ ਮੁਲਕ ਵਿਰੋਧ ਨਹੀਂ ਕਰਨਗੇ?ਦੁਨੀਆਂ ਅਮਰੀਕਾ ਦੀ ਮੈਲੀ ਅੱਖ ਤੇ ਬਾਜ-ਅੱਖ ਨਹੀਂ ਰਖੇਗੀ? ਜਾਂ ਫਿਰ ਸਭ 'ਬਿੱਲੀ/ਬਿੱਲੇ' ਨੂੰ ਦੇਖ ਕੇ ਕਬੂਤਰ ਵਾਂਗ ਆਪਣੀਆਂ ਅੱਖਾਂ ਬੰਦ ਕਰ ਲੈਣਗੇ?
ਖੈਰ,ਇਹਨਾਂ ਸਵਾਲਾਂ ਦਾ ਜਵਾਬ ਤਾਂ 'ਟਰੰਪਗੀਰੀ' ਦੇ ਅਮਲੀ ਜਾਮਾ ਪਹਿਨਾਏ ਜਾਣ ਨਾਲ ਹੈ।
ਵੈਸੇ ਵੀ ਸੁਪਨੇ ਕਈ ਵਾਰ ਸੁਪਨੇ ਹੀ ਰਹਿ ਜਾਂਦੇ ਹਨ।ਦਿਨ ਵੇਲੇ ਦੇਖੇ ਗਏ ਸੁਪਨਿਆਂ ਵਾਂਗ।ਪਰ ਅਜੋਕੇ ਸਮਿਆਂ ਵਿਚ ਜਾਗਦੇ ਹੋਇਆਂ ਵੀ ਸੁਪਨੇ ਦੇਖਣ ਜਾਂ ਜਾਗਦੇ ਰਖਣ ਵਾਲੇ ਸੁਪਨੇ ਦੇਖਣ ਤੇ ਜਾਂ ਅਹਿਜੇ ਸੁਪਨੇ ਦੇਖਣ ਜੋ ਸੌਣ ਹੀ ਨਾਂ ਦੇਣ ਦੀ ਬੜੀ ਗਲ ਚਲਦੀ ਰਹਿੰਦੀ ਐ।
ਇਹਨਾਂ ਤੋਂ ਇਲਾਵਾ ਸ਼ੇਖਚਿੱਲੀ ਦੇ ਸੁਪਨੇ ਵੀ ਹੁੰਦੇ ਹਨ।
ਪਰ ਸਾਡਾ ਟਰੰਪ ਸ਼ੇਖਚਿੱਲੀ ਤਾਂ ਨਹੀਂ।ਉਹ ਇਕ ਮਹਾਂ ਸ਼ਕਤੀ ਦਾ ਰਾਸ਼ਟਰਪਤੀ ਹੈ,ਜੋ ਸਨਕੀ ਵੀ ਹੈ ਤੇ ਅਨਅਨੁਮਾਨਿਤ ਵੀ।ਉਸ ਦਾ ਕੋਈ ਭਰੋਸਾ ਨਹੀਂ ਉਹ ਕੀ ਕਰੇ।
ਅਸੀਂ 'ਸਾਡਾ' ਇਸ ਲਈ ਕਿਹੈ ਕਿਉਂਕਿ ਉਹ ਸਾਡੇ ਪ੍ਰਧਾਨ ਮੰਤਰੀ ਜੀ ਦਾ ਲੰਗੋਟੀਆ ਯਾਰ ਐ!
ਲਿਖਣ ਉਪਰੰਤ ਲਿਖਤ-
10 ਜਨਵਰੀ ਨੂੰ ਅਮਰੀਕਾ ਦੀ ਅਦਾਲਤ ਨੇ ਮਨੋਨੀਤ ਰਾਸ਼ਟਰਪਤੀ ਡੌਨਲਡ ਟਰੰਪ ਨੂੰ 'ਹਸ਼ ਮਨੀ' ਕੇਸ ਵਿਚ ਮੁਜਰਮ ਠਹਿਰਾਇਆ ਪਰ ਸਜ਼ਾ ਨਾ ਸੁਨਾਉਣ ਦੀ ਸਜ਼ਾ ਸੁਣਾਈ!78 ਸਾਲਾ ਟਰੰਪ ਉਪਰ ਘੋਰ ਅਪਰਾਧਾਂ(ਫੈੇਲਨੀ) ਦੇ 34 ਕੇਸ ਸਨ।ਇਹਨਾਂ ਵਿਚ ਇਕ ਪੌਰਨ ਸਟਾਰ ਨਾਲ ਨਜ਼ਾਇਜ਼ ਸਬੰਧਾਂ ਦੇ ਮਾਮਲੇ ਨੂੂੰੰ ਪੈਸੇ ਦੇ ਕੇ ਉਸ ਸਟਾਰ ਦਾ ਮੂੰਹ ਬੰਦ ਕਰਵਾਉਣ ਦਾ ਕੇਸ ਵੀ ਸ਼ਾਮਲ ਸੀ।ਇਸ ਕੇਸ ਵਿਚ ਮੈਨਹੱਟਨ ਦੀ ਅਦਾਲਤ ਦੇ ਜੱਜ ਜੁਆਨ.ਅੇੈਮ.ਮਰਚੇਨ ਨੇ ਟਰੰਪ ਨੂੰ ਦੋਸ਼ੀ ਤਾਂ ਕਰਾਰ ਦਿਤਾ ਪਰ ਨਾਂ ਤਾਂ ਕੋਈ ਜੁਰਮਾਨਾ ਕੀਤਾ,ਨਾਂ ਹੀ ਜੇਲ ਭੇਜਣ ਦੀ ਸਜ਼ਾ ਸੁਣਾਈ(ਜੋ 4 ਸਾਲ ਤਕ ਦੀ ਹੋ ਸਕਦੀ ਹੈ) ਅਤੇ ਨਾ ਹੀ ਕਿਸੇ ਕਿਸਮ ਦੀ ਹੋਰ ਕੋਈ ਪਾਬੰਦੀ ਲਗਾਈ।ਜਾਣੀ ਸਜ਼ਾ ਬਿਨ ਸਜ਼ਾ!ਹੁਣ 20 ਜਨਵਰੀ ਨੂੰ ਜਨਾਬ ਡੋਨਲਡ ਟਰੰਪ ਜਦ ਵਾਈਟ ਹਾਊਸ ਵਿਚ ਬਿਰਾਜਣਗੇ ਤਾਂ ਉਹ ਅਮਰੀਕਾ ਦੇ ਪਹਿਲੇ 'ਫੈੇਲਨ-ਪਰੈਜ਼ੀਡੈਂਟ'(ਘੋਰ ਅਪਰਾਧੀ ਰਾਸ਼ਟਰਪਤੀ) ਹੋਣ ਦਾ ਨਾਮਨਾ ਖੱਟਣਗੇ!
-ਪ੍ਰੋ. ਜਸਵੰਤ ਸਿੰਘ ਗੰਡਮ,ਫਗਵਾੜਾ,98766-55055