ਸਮੇਂ ਤੋਂ ਸਬਕ - ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ
ਯਾਦਾਂ ਨੇ ਕੁੱਝ ਅਤੀਤ ਦੀਆਂ,
ਜੋ ਵੀਹ ਚੌਵੀ ਨੇ ਸਾਨੂੰ ਦਿੱਤੀਆਂ ਨੇ,
ਕਿੰਨੀਆਂ ਇਨ੍ਹਾਂ ਚੋਂ ਕੌੜੀਆਂ ਸਨ,
ਤੇ ਕਿੰਨੀਆਂ ਸ਼ਹਿਦ ਤੋਂ ਮਿੱਠੀਆਂ ਨੇ।
ਕਿਸ ਨੇ ਕਿਸ ਨੂੰ ਕਿਸ ਵੇਲੇ,
ਪਿਆਰ ਦਾ ਤੋਹਫਾ ਦਿੱਤਾ ਸੀ,
ਅਤੇ ਕਿਸ ਨੇ ਕਿਸ ਨੂੰ ਹਰ ਵੇਲੇ,
ਬੱਸ ਬਦ ਦੁਆਵਾਂ ਹੀ ਲਿਖੀਆਂ ਨੇ।
ਕਿੰਨੇ ਦੋਸਤ ਛੱਡ ਕੇ ਚਲੇ ਗਏ,
ਕਿੰਨੇ ਨਵਿਆਂ ਨੇ ਹੱਥ ਵਧਾਏ ਨੇ,
ਕਿੰਨਿਆਂ ਨੇ ਚੱਲਦੀ ਜ਼ਿੰਦਗੀ ਨੂੰ,
ਨਿੱਤ ਨੇਕ ਸਲਾਹਾਂ ਦਿੱਤੀਆਂ ਨੇ।
ਕਿੰਨੀਆਂ ਹੀ ਮਾਸੂਮ ਜਿੰਦਾਂ ਦੇ,
ਹੱਥ ਮਾਵਾਂ ਹੱਥੋਂ ਛੁੱਟ ਗਏ,
ਤੇ ਕਿੰਨੇ ਨਵ ਜਨਮੇਂ ਫੁੱਲਾਂ ਨੇ,
ਨਵੀਆਂ ਗੋਦਾਂ ਭਰ ਸਿੱਟੀਆਂ ਨੇ।
ਕਈਆਂ ਦੀਆਂ ਝੋਲੀਆਂ ਰੱਜ ਰੱਜ ਕੇ,
ਸੱਧਰਾਂ ਉਮੰਗਾਂ ਸੰਗ ਭਰੀਆਂ,
ਕੁੱਝ ਤਰਸ ਤਰਸ ਕੇ ਖੁਸ਼ੀਆਂ ਬਿਨ,
ਕਿੰਨੀਆਂ ਹੀ ਚੁੰਨੀਆਂ ਭਿੱਜੀਆਂ ਨੇ।
ਮਰਜੀਵੜੇ ਕਈ ਪਾਕ ਜਜ਼ਬਿਆਂ ਨੂੰ,
ਪ੍ਣਾ ਕੇ ਬਾਜ਼ੀ ਹਾਰ ਗਏ,
ਕਈਆਂ ਦੀਆਂ ਹਾਲੇ ਵੀ ਮੰਜ਼ਿਲਾਂ ਤੇ,
ਗਹਿਰੀਆਂ ਨਜ਼ਰਾਂ ਟਿਕੀਆਂ ਨੇ।
ਮੁਕਾਬਲੇ ਸਮੇਂ ਨਾਲ ਬੰਦੇ ਦੇ,
ਜਿਉਂਦੇ ਜੀ ਕਦੀ ਵੀ ਮੁੱਕਦੇ ਨਹੀਂ,
ਮਸਾਣਾਂ ਵਿੱਚ ਪਹੁੰਚ ਕੇ ਲੋਥਾਂ ਅੰਤ,
ਖ਼ਾਕ, ਰਾਖ ਦੇ ਭਾਅ ਹੀ ਵਿਕੀਆਂ ਨੇ।
ਸਮਿਆਂ ਦੇ ਬੜੇ ਸਵਾਲ ਕਈ
ਜਵਾਬ ਉਡੀਕਣ ਬੰਦਿਆਂ ਤੋਂ,
ਤੁਸੀਂ ਕਿਹੜੇ ਭੁਲੇਖਿਆਂ ਵਿੱਚ ਫਸ ਕੇ,
ਨਫਰਤਾਂ ਕੰਧਾਂ 'ਤੇ ਲਿਖੀਆਂ ਨੇ।
ਸਬਕ ਤਾਂ ਬੜੇ ਹੀ ਸੌਖੇ ਨੇ,
ਜੇ ਸਿੱਖਣੇ ਚਾਹੇਂ ਤੂੰ ਭੁੱਲੜਾ ਉਏ,
ਨਹੀਂ ਤਾਂ ਹਸ਼ਰ ਦੀਆਂ ਵਿਧੀਆਂ,
ਤੇਰੇ ਲਈ ਪਹਿਲਾਂ ਹੀ ਵਿੱਢੀਆਂ ਨੇ।
ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ