ਕੁੱਝ ਖੱਟੀਆਂ ਕੁੱਝ ਮਿੱਠੀਆਂ - ਗੁਰਚਰਨ ਸਿੰਘ ਜਿਉਣ ਵਾਲਾ
ਅੱਜ ਮੈਂ ਆਪਣੇ ਨਾਲ ਵਾਪਰੀਆਂ ਹੋਈਆਂ ਘਟਨਾਵਾਂ ਦਾ ਸਚੋ ਸੱਚ ਜ਼ਿਕਰ ਕਰੂੰਗਾ। ਦੋ ਕੁ ਹਫਤੇ ਪਹਿਲਾਂ ਕਿਸੇ ਸੱਜਣ ਦਾ ਸਰੀ ਬੀ.ਸੀ. ਤੋਂ ਫੂਨ ਆਇਆ ਕਿ ਸਾਨੂੰ ਸਿੰਘ ਸਭਾ ਕੈਨੇਡਾ ਵਲੋਂ ਛਾਪੇ ਜਾਂਦੇ ਮੈਗਜ਼ੀਨ ਦੀਆਂ, ਜਿਤਨੀਆਂ ਕਾਪੀਆਂ ਮਿਲ ਸਕਦੀਆਂ ਹਨ, ਭੇਜ ਦਿਓ ਅਤੇ ਇਹ ਵੀ ਦੱਸਿਆ ਕਿ ਏਅਰਪੋਰਟ ਰੋਡ ਅਤੇ ਮੇਫੀਲਡ ਰੋਡ ਦੇ ਕੋਲ ਜਿਹੜੇ ਟਰੱਕ ਪਾਰਕਿੰਗ ਲਈ ਦੋ ਥਾਂਵਾਂ ਹਨ, ਉਨ੍ਹਾਂ ਵਿਚੋਂ ਫਲਾਣੀ ਥਾਂ ਵਿਚ ਟਰੇਲਰ ਨੰਬਰ 720 ਵਿਚ ਤੁਸੀਂ ਇਹ ਮੈਗਜ਼ੀਨ ਰੱਖ ਦਿਓ, ਉਹ ਸਾਡੇ ਕੋਲ ਇਹ ਮੈਗਜ਼ੀਨ ਪਹੁੰਚਦੇ ਕਰ ਦੇਣਗੇ। ਸ਼ਾਮ ਦੇ ਕੋਈ ਨੌਂ ਕੁ ਵਜੇ ਮੈਂ ਸਕਿਉਰਟੀ ਤੇ ਤੈਨਾਤ ਦੋ ਸਰਦਾਰਾਂ ਨੂੰ ਇਹ ਸਮਾਨ ਰੱਖਣ ਲਈ ਪੁੱਛਿਆ। ਉਨ੍ਹਾਂ ਦੇ ਹਾਂ ਕਰਨ ਤੋਂ ਬਾਅਦ ਮੈਂ ਇਕ ਇਕ ਮੈਗਜ਼ੀਨ ਉਨ੍ਹਾਂ ਨੂੰ ਪੜ੍ਹਨ ਲਈ ਦਿੱਤਾ ਅਤੇ ਨਾਲ ਦੀ ਨਾਲ ਇਹ ਵੀ ਕਿਹਾ ਕਿ ਇਹ ਮੈਗਜ਼ੀਨ ‘ਦਸਮ ਗ੍ਰੰਥ’ ਬਾਰੇ ਹੈ। ਮੈਂ 2002 ਤੋਂ ਇਸ ਅਖੋਤੀ ‘ਦਸਮ ਗ੍ਰੰਥ’ ਬਾਰੇ ਲਿਖ ਰਿਹਾ ਹਾਂ ਅਤੇ ਵੱਡੇ ਵੱਡੇ ਸਾਧਾਂ ਅਤੇ ਜੱਥੇਦਾਰਾਂ ਦੇ ‘ਪਓੜ’ ਚੁਕਾਏ ਹਨ। ਉਨ੍ਹਾਂ ਵਿਚੋਂ ਇਕ ਕਹਿਣ ਲੱਗਾ “ਗੁਰੂ ਗੋਬਿੰਦ ਸਿੰਘ ਜੀ ਮੇਰੇ ਲਈ ਰੱਬ ਹਨ ਤੇ ਜੋ ਕੁੱਝ ਵੀ ਉਨ੍ਹਾਂ ਨੇ ਲਿਖਿਆ ਹੈ, ਸਾਡੇ ਲਈ ਹੈ ਤੇ ਮੈਂ ਉਸ ਨੂੰ ਮੰਨਦਾ ਹਾਂ”। ਮੈਂ ਕਿਹਾ ਜੀ ਤੁਸੀਂ ਇਹ ਤਾਂ ਦੱਸੋ ਕਿ ਉਨ੍ਹਾਂ ਨੇ ‘ਦਸਮ ਗ੍ਰੰਥ ਕਦੋਂ ਲਿਖਿਆ ਅਤੇ ਇਸ ਗ੍ਰੰਥ ਦਾ ਨਾਮ ‘ਦਸਮ ਗ੍ਰੰਥ ਕਦੋਂ ਪ੍ਰਚੱਲਤ ਹੋਇਆ’ ਜਵਾਬ ਸੀ ਇਹ ਤਾਂ ਮੈਨੂੰ ਪਤ ਨਹੀਂ ਪਰ ਮੈਂ ਗੁਰੂ ਜੀ ਨੂੰ ਰੱਬ ਮੰਨਦਾ ਹਾਂ। ਮੈਂ ਤਾਂ ਕ੍ਰਿਸ਼ਨ ਨੂੰ ਵੀ ਭਗਵਾਨ ਮੰਨਦਾ ਹਾਂ। ਮੇਰਾ ਅਗਲਾ ਸਵਾਲ ਸੀ ਤਾਂ ਫਿਰ ਇਸ ਦੁਨੀਆਂ ਵਿਚ ਕਈ ਸਾਰੇ ਰੱਬ ਹਨ ਜੋ ਜੰਮੇ ਵੀ ਤੇ ਮਰੇ ਵੀ ਪਰ ਗੁਰਬਾਣੀ ਦਾ ਰੱਬ;
ਸਤਿਗੁਰੁ ਮੇਰਾ ਸਦਾ ਸਦਾ ਨਾ ਆਵੈ ਨਾ ਜਾਇ ॥
ਓਹੁ ਅਬਿਨਾਸੀ ਪੁਰਖੁ ਹੈ ਸਭ ਮਹਿ ਰਹਿਆ ਸਮਾਇ ॥੧੩॥ ਪੰਨਾ 759, ਮ:4 ॥
ਉਨ੍ਹਾਂ ਵਿਚੋਂ ਇਕ ਸਿਰਦਾਰ ਸ਼ਕਲ ਵਾਲਾ ਹੋਰ ਉੱਚੀ ਉੱਚੀ ਕੂਕਣ ਲੱਗਾ। ਫਿਰ ਮੈਂ ਆਪਣੀ ਕਾਰ ਵਿਚੋਂ ਬਾਹਰ ਆ ਕੇ ਕਿਹਾ ਪਹਿਲਾਂ ਬੋਲਣ ਦੀ ਤਮੀਜ਼ ਤਾਂ ਸਿੱਖ ਲਓ ਫਿਰ ਆਪਣੇ ਆਪਣੇ ਰੱਬ ਬਣਾਈ ਜਾਣਾ। ਕੁੱਝ ਤਾਂ ਸੋਚੋ! ਕ੍ਰਿਸ਼ਨ ਤਾਂ ਲੋਕਾਂ ਦੀਆਂ ਕੁਆਰੀਆਂ ਕੁੜੀਆਂ ਦੀਆਂ ਕੁੱਖਾਂ ਹਰੀਆਂ ਕਰਦਾ, ਚੋਹਲ-ਮੋਹਲ ਕਰਦਾ ਅਤੇ ਨੰਗੀਆਂ ਨੂੰ ਵੇਖਣ ਲਈ ਉਨ੍ਹਾਂ ਨਦਾਨ ਔਰਤਾਂ ਦੇ ਕਪੜੇ ਚੋਰੀ ਕਰਕੇ ਦਰੱਖਤਾਂ ਤੇ ਬੈਠ ਜਾਂਦਾ ਸੀ। ਇਹ ਭਗਵਾਨ ਹੋਣ ਦੀਆਂ ਨਿਸ਼ਾਨੀ ਹਨ? ਬਸ ਫਿਰ ਲੜਾਈ ਹੋਣ ਵਾਲੀ ਹੀ ਸੀ ਕਿ ਮੈਂ ਆਪਣੇ ਆਪ ਤੇ ਕਾਬੂ ਪਾਇਆ ਤੇ ਮੈਗਜ਼ੀਨ ਟਰੇਲਰ ਵਿਚ ਰੱਖ ਕੇ ਆਪਣੇ ਘਰ ਨੂੰ ਤੁਰਦਾ ਬਣਿਆ। ਜੇਕਰ ਐਹੋ-ਜਿਹੇ ਲੋਕ ਸਿੱਖ ਹਨ ਤਾਂ ਫਿਰ ਉਹ ਆਪਣੀ ਔਲਾਦ ਨੂੰ ਵੀ ਐਹੋ-ਜਿਹੇ ਹੀ ਬਣਾਉਣਗੇ। ਕੀ ਅਸੀਂ ਗਰਕੇ ਹੋਏ ਸਿੱਖ ਨਹੀਂ ਹਾਂ?
ਪਿਛਲੇ ਐਤਵਾਰ ਨੂੰ ਸਵੇਰੇ ਸਵਾ ਕੇ ਅਠ ਵਜੇ ਮੇਰੇ ਘਰ ਦੇ ਸਾਹਮਣੇ ਬੱਸ ਸਟੈਂਡ ਤੇ ਤਿੰਨ ਲੜਕੀਆਂ ਖੜੀਆਂ ਸਨ ਤੇ ਮੈਂ ਆਪਣੇ ਘਰੋਂ ਕੰਮ ਤੇ ਜਾਣ ਲਈ ਨਿਕਲਿਆ। ਮੈਂ ਜਲਦੀ ਨਾਲ ਆਪਣੀ ਕਾਰ ਦੀ ਡਿੱਗੀ ਵਿਚੋਂ ਤਿੰਨ ਮੈਗਜ਼ੀਨ ਕੱਢੇ ਤੇ ਉਨ੍ਹਾਂ ਨੂੰ ਫੜਾਉਣ ਲਈ ਅੱਗੇ ਵਧਿਆ। ਉਨ੍ਹਾਂ ਵਿਚੋਂ ਦੋ ਨੇ ਤਾਂ ਇਕ ਹੀ ਮੈਗਜ਼ੀਨ ਲਿਆ ਅਤੇ ਕਿਹਾ ਕਿ ਅਸੀਂ ਇਕੱਠੀਆਂ ਰਹਿੰਦੀਆਂ ਹਾਂ ਸਾਡੇ ਲਈ ਇਕ ਹੀ ਕਾਫੀ ਹੈ। ਫਿਰ ਮੈਂ ਤੀਜੀ ਲੜਕੀ, ਜੋ ਦੋਮਾਲੇ ਵਾਲੀ ਅੰਸ-ਬੰਸ ਹੈ, ਨੂੰ ਮੈਗਜ਼ੀਨ ਦੇਣ ਤੋਂ ਪਹਿਲਾਂ ਕਿਹਾ; ਬੀਬਾ ਜੀ ਇਹ ‘ਦਸਮ ਗ੍ਰੰਥ’ ਬਾਰੇ ਹੈ। ਸਾਡੇ ਵੱਡੇ ਵੱਡੇ ਜੱਥੇਦਾਰਾਂ ਨੇ ਵੀ ਦਸਮ ਗ੍ਰੰਥ ਨਹੀਂ ਪੜ੍ਹਿਆ, ਐਵੇਂ ਹੀ ਟਾਹਰਾਂ ਮਾਰੀ ਜਾਂਦੇ ਹਨ। ਮੈਂ 2002 ਤੋਂ ਇਹ ਗ੍ਰੰਥ ਪੜ੍ਹ ਕੇ, ਸਮਝ ਕੇ, ਇਸ ਬਾਰੇ ਆਪਣੇ ਸ਼ੰਕੇ ਸਿੱਖ ਕੌਮ ਨਾਲ ਸਾਂਝੇ ਕਰ ਰਿਹਾ ਹਾਂ। ਤੁਹਾਡਾ ਮਨ ਮੰਨਦਾ ਹੈ ਤਾਂ ਲੈ ਲਵੋ। ਉਹ ਲੜਕੀ ਕਹਿਣ ਲੱਗੀ ਜੀ ਮੈਨੂੰ ਤਾਂ ‘ਦਸਮ ਗ੍ਰੰਥ’ ਤੇ ਪੂਰਨ ਭਰੋਸਾ ਹੈ। ਮੈਂ ਕਿਹਾ, ਬੀਬਾ ਜੀ! ਕੀ ਤੂੰ ਇਹ ਦੱਸ ਸਕਦੀ ਹੈ ਕਿ ਕੀ-ਕੀ, ਕਿੱਥੇ-ਕਿੱਥੇ ਲਿਖਿਆ ਹੈ। ਮੇਰੇ ਇਸੇ ਸਵਾਲ ਦਾ ਜਵਾਬ ਤਾਂ ਪਹਿਲੇ ਸਰਦਾਰ ਕੋਲ ਵੀ ਨਹੀਂ ਸੀ , ਜੋ ਉਲਟੀ ਕਰਨ ਵਾਲਿਆਂ ਵਾਂਗ ਸੰਘ ਪਾੜ-ਪਾੜ ‘ਦਸਮ ਗ੍ਰੰਥ’ ਗੁਰੂ ਦਾ ਲਿਖਿਆ ਹੋਣ ਦਾ ਦਾਹਵਾ ਕਰਦਾ ਸੀ, ਅਤੇ ਇਸ ਵਿਚਾਰੀ ਲੜਕੀ ਨੇ ਤਾਂ ਕੀ ਜਵਾਬ ਦੇਣਾ ਸੀ। ਜੀ ਮੈਂ ਇਸਦੀ ਬਾਣੀ ਦਾ ਨਿੱਤ ਪਾਠ ਕਰਦੀ ਹਾਂ। ਫਿਰ ਮੈਂ ਕਿਹਾ ਕਿ ਜੇ ਤੂੰ ਨਿੱਤ ਪਾਠ ਕਰਦੀ ਹੈਂ ਤਾਂ ਇਹ ਦੱਸ ਕਿ ਚੌਪਈ ਵਿਚ ਆਇਆ ਲਫਜ਼, “ਹੂਜੋ” ਦਾ ਕੀ ਮਤਲਬ ਹੈ। ਐਨੇ ਨੂੰ ਬੱਸ ਆ ਗਈ ਤੇ ਉਹ ਆਪਣੀ ਜਾਨ ਛੁਡਾ ਡਾਲਰ ਕਮਾਉਣ ਚਲੀ ਗਈ।
ਜੂਨ 2023 ਕਿਸੇ ਦਿਨ ਮੈਂ ਆਪਣੀ ਭੈਣ, ਜੋ ਸਾਹੂਵਾਲ, ਹਰਿਆਣਾ ਦੇ ਨੇੜੇ ਰਹਿੰਦੀ ਹੈ, ਨੂੰ ਮਿਲਣ ਚਲਾ ਗਿਆ। ਸਵੇਰੇ ਉੱਠ ਕੇ ਮੈਂ ਆਪਣੇ ਛੋਟੇ ਭਾਣਜੇ ਨੂੰ ਸੈਰ ਕਰਨ ਜਾਣ ਲਈ ਕਿਹਾ ਤੇ ਜਦੋਂ ਹੀ ਅਸੀਂ ਘਰੋਂ ਨਿਕਲੇ ਤਾਂ ਗੁਰਦਵਾਰੇ ਦੇ ਸਪੀਕਰ ਦੀ ਅਵਾਜ਼ ਨੇ ਮੇਰੇ ਪੈਰ ਅੱਗੇ ਚੱਲਣ ਤੋਂ ਰੋਕ ਲਏ। ਮੈਂ ਆਪਣੇ ਭਾਣਜੇ ਨੂੰ ਕਿਹਾ ਬਈ ਤੂੰ ਤਾਂ ਆਪਣੇ ਖੇਤਾਂ ਨੂੰ ਚੱਲ ਤੇ ਮੈਂ ਗੁਰਦਵਾਰੇ ਦੇ ਭਾਈ ਜੀ, ਜੋ “ਜਾਪੁ ਦਸਮ ਗ੍ਰੰਥ” ਵਾਲਾ ਦਾ ਪਾਠ ਕਰ ਰਿਹਾ ਹੈ, ਨਾਲ ਗੱਲ ਕਰਨ ਜਾਂਦਾ ਹਾਂ। ਅੱਗੇ ਗਿਆ ਤਾਂ ਤਿੰਨ ਚਾਰ ਪੰਜਾਬਣਾਂ, ਚੰਗੇ ਸੂਟ ਪਾਈ, ਬਾਹਰ ਝਾੜੂ ਲਾਈ ਜਾਣ। ਪੁੱਛਣ ਤੇ ਕਹਿੰਦੀਆਂ ਕਿ ਜੀ ਅਸੀਂ ਤਾਂ ਸੇਵਾ ਕਰ ਰਹੀਆ ਹਾਂ। ਮੈਂ ਕਿਹਾ ਜੀ ਕੀ ਤੁਸੀਂ ਇਹ ਝਾੜੂ ਆਪਣੇ ਘਰ ਨਹੀਂ ਲਾਉਂਦੀਆਂ? ਜਵਾਬ ਸੀ ਜੀ ਲਾਉਂਦੀਆਂ ਹਾਂ ਪਰ ਸਾਨੂੰ ਤਾਂ ਏਹੀ ਪਤਾ ਹੈ। ਮੈਂ ਕਿਹਾ ਜੀ ਗੁਰਬਾਣੀ ਦਾ ਫੁਰਮਾਣ ਹੈ;
ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤੁ ਲਾਇ॥
ਨਾਮੁ ਪਦਾਰਥੁ ਪਾਈਐ ਅਚਿੰਤ ਵਸੈ ਮਨਿ ਆਇ॥ ਪੰਨਾ 552, ਮ:3॥
ਗੁਰਦਵਾਰੇ ਆ ਕੇ ਕਦੀ ਮਨ ਨਾਲ ਸੇਵਾ ਕਰਿਆ ਕਰੋ? ਸੇਵਾ ਚਿੱਤ ਨਾਲ ਕਰਨੀ ਹੈ, ਭਾਵ ਗੁਰਦਵਾਰੇ ਆ ਕੇ ਪੜ੍ਹਿਆ ਕਰੋ, ਪੜ੍ਹਨ ਨਾਲ ਤੁਹਾਡੇ ਮਨ ਵਿਚ ਪ੍ਰਮਾਤਮਾ ਦਾ ਨਾਮ, ਜੋ ਸੱਚ ਹੈ, ਵੱਸ ਜਾਵੇਗਾ ਤੇ ਸਾਰੀਆਂ ਚਿੰਤਾਵਾਂ ਖਤਮ ਹੋ ਜਾਣਗੀਆਂ। ਐਨੇ ਨੂੰ ਭਾਈ ਜੀ ਆਪਣੇ ਕਰਮ ਕਾਂਢ ਤੋਂ ਵਿਹਲਾ ਹੋਇਆ ਤਾਂ ਮੈਂ ਸਵਾਲ ਕਰ ਦਿੱਤਾ ਕਿ ਜਿਸ ਬਾਣੀ ਦਾ ਤੁਸੀਂ ਅੱਜ ਪਾਠ ਕਰ ਰਹੇ ਸੀ, ਇਨ੍ਹਾਂ ਸੱਜਣਾਂ ਨੂੰ ਦੱਸੋ ਕਿ ਉਹ ਬਾਣੀ ਕਿਸ ਗ੍ਰੰਥ ਵਿਚੋਂ ਹੈ ਤੇ ਕਿਸ ਗੁਰੂ ਸਹਿਬਾਨ ਦੀ ਲਿਖੀ ਹੈ? ਭਾਈ ਜੀ ਏਹੀ ਕਹੀ ਜਾਣ, ਜੀ ਮੈਂ ਤਾਂ ਪਾਠ ਕਰਕੇ ਸੁਣਾਇਆ ਹੈ, ਮੈਂ ਤਾਂ ਪਾਠ ਕਰ ਰਿਹਾ ਸੀ। ਬਸ ਫਿਰ ਕੀ ਸੀ ਉਹ ਪੰਜ ਛੇ ਜ਼ਿਮੀਦਾਰ, ਸਣੇ ਮੇਰੇ ਆਪਣੇ ਭੈਣੋਈਏ ਦੇ ਮੇਰੇ ਗਲ ਪੈ ਗਏ ਕਿ ਤੁੰ ਸਾਡਾ ਗੁਰਦਵਾਰਾ ਬੰਦ ਕਰਾਉਣਾ ਹੈ। ਜਿਸ ਭੈਣੋਈਏ ਨਾਲ ਪਿਛਲੇ 50 ਸਾਲਾਂ ਤੋਂ ਕਦੀ ਵੀ ਸੁੱਖ-ਸਾਂਦ ਪੁੱਛਣ ਤੋਂ ਅੱਗੇ ਗੱਲ ਨਹੀਂ ਸੀ ਚੱਲੀ ਅੱਜ ਉਹ ਵੀ ਬੰਦ ਹੋ ਗਈ। ਐਸੇ ਹਨ ਸਾਡੇ ਪੰਜਾਬੀ ਜੋ ਸਿੱਖੀ ਤੋਂ ਕੋਰੇ ਹਨ।
ਪੰਜ-ਸੱਤ ਕੁ ਸਾਲ ਪਹਿਲਾਂ ਸਿਰਦਾਰ ਸਿਮਰਨਜੀਤ ਸਿੰਘ ਮਾਨ ਦਾ ਇਕ ਲੇਖ ਕਿਸੇ ਅਖਬਾਰ ਵਿਚ ਛਪਿਆ ਸੀ ਕਿ ਜਿਹੜਾ ‘ਦਸਮ ਗ੍ਰੰਥ’ ਨੂੰ ਨਹੀਂ ਮੰਨਦਾ ਅਸੀਂ ਉਸਦਾ ਸਿਰ ਲਾਹ ਦਿਆਂਗੇ’। ਮੈਂ ਜਵਾਬੀ ਲੇਖ ਲਿਖ ਕੇ ਸੋਸ਼ਿਲ ਮੀਡੀਏ ਤੇ ਪਾਇਆ ਪਰ ਅੱਜ ਤਕ ਕੋਈ ਜਵਾਬ ਨਹੀਂ ਆਇਆ। ਆਹ ਕਥਾਵਾਚਿਕ ਜਸਵੰਤ ਸਿੰਘ ਤਾਂ ਸਾਰਿਆਂ ਦੇ ਸਾਹਮਣੇ ਹੀ ਹੈ ਤੇ ਇਸਦੇ ਨਾਲਦੇ ਹੋਰ ਬਹੁਤ ਸਾਰੇ ਇਸੇ ਕਿਸਮ ਦੇ ਸਿੱਖ ਮੌਜੂਦ ਹਨ। ਕੀ ਇਹ ਸਾਰੇ ਸਿੱਖ ਗੁਰੂ ਸਹਿਬਾਨ ਦੀ ਵੀਚਾਰਧਾਰਾ ਦੇ ਉਲਟ ਤਾਂ ਕੰਮ ਨਹੀਂ ਕਰ ਰਹੇ?
ਅੱਜ ਤੋਂ ਕੋਈ ਦਸ ਕੁ ਸਾਲ ਪਹਿਲਾਂ ਮੈਨੂੰ ਪਤਾ ਚੱਲਿਆ ਕਿ ਜੱਥੇਦਾਰ ਇਕਬਾਲ ਸਿੰਘ ਪਟਨੇ ਵਾਲਾ ਰਾਚਿਸਟਰ ਕਿਸੇ ਦੇ ਘਰ ਆ ਰਿਹਾ ਹੈ। ਮੈਂ ਰਾਚਿਸਟਰ ਵਾਲੇ ਭਲਵਾਨ ਦਲਜੀਤ ਸਿੰਘ ਨੂੰ ਫੂਨ ਕੀਤਾ ਤੇ ਉਸ ਨੂੰ ਨਾਲ ਲੈ ਕੇ ਅਸੀਂ ਉਸ ਥਾਂ ਪਹੁੰਚ ਗਏ ਜਿੱਥੇ ਇਕਬਾਲ ਸਿੰਘ ਨੇ ਆਉਣਾ ਸੀ। ਕੈਮਰਾ ਅਸੀਂ ਰੀਕਾਰਡਿੰਗ ਕਰਨ ਵਾਸਤੇ ਪਹਿਲਾਂ ਹੀ ਫਿਟ ਕਰ ਲਿਆ ਸੀ ਪਰ ਫਰਜ਼ੀ ਤੌਰ ਤੇ ਫਿਰ ਵੀ ਪੁੱਛ ਲਿਆ ਕਿ ਰੀਕਾਰਡਿੰਗ ਕਰ ਲਈਏ। ਉਸ ਦੀ ਨਾਂਹ ਨੁਕਰ ਦਾ ਤਾਂ ਸਾਨੂੰ ਪਤਾ ਹੀ ਸੀ ਇਸ ਕਰਕੇ ਕੈਮਰਾ ਅਸੀਂ ਪਹਿਲਾਂ ਹੀ ਚਾਲੂ ਕਰ ਦਿੱਤਾ ਸੀ। ਜੱਥੇਦਾਰ ਨੇ ਸਾਡੇ ਨਾਲ ਗੱਲਬਾਤ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ। ਅਸੀਂ ਕਿਹਾ ਕਿ ਜੀ ਤੁਸੀਂ ‘ਦਸਮ ਗ੍ਰੰਥ’ ਦਾ ਅੱਖਰ ਅੱਖਰ ਗੁਰੂ ਗੋਬਿੰਦ ਸਿੰਘ ਜੀ ਦਾ ਲਿਖਿਆ ਕਹਿੰਦੇ ਹੋ, ਸਾਡੇ ਕਿਸੇ ਸਵਾਲ ਦਾ ਜਵਾਬ ਤਾਂ ਦਿਓ? ਸਾਡੀ ਇਸ ਵਾਰਤਾ ਨੂੰ ਤੁਸੀਂ ਸਿੰਘ ਸਭਾਕੈਨੇਡਾਡਾਟ ਕਾਮ ਤੇ ਜਾ ਕੇ ਪਟਨੇ ਵਾਲੇ ਇਕਬਾਲ ਸਿੰਘ ਦੀ ਅਸਲੀਅਤ ਯਾ ਯੂ ਟਿਊਬ ਤੇ ਜਾ ਕੇ ਅੱਜ ਵੀ ਦੇਖ ਸਕਦੇ ਹੋ। ਗੁਰਚਰਨ ਸਿੰਘ ਜਿਉਣ ਵਾਲਾ ਯੂ ਟਿਊਬ ਤੇ ਲੱਭੋ ਤੇ ਦੇਖੋ ਕਿ ਸਿੱਖ ਕੌਮ ਨੂੰ ਚਲਾਉਣ ਵਾਲੇ ਕਿੱਥੋਂ ਤਕ ਗਿਰੇ ਹੋਏ ਲੋਕ ਹਨ। ਅੱਜ ਵਾਲੇ ਅਕਾਲ ਤਖਤ ਦਾ ਜੱਥੇਦਾਰ, ਜਿਸ ਨੂੰ ਲੋਕ ਪੜ੍ਹਿਆ ਹੋਇਆ ਜੱਥੇਦਾਰ ਕਹਿੰਦੇ ਹਨ। ਇਸ ਨੇ ਕਿਸੇ ਮੌਲਵੀ ਨਾਲ ਮਿਲ ਕੇ ‘ਕੁਰਾਨ ਏ ਸ਼ਰੀਫ’, ਇਸਲਾਮ ਦੀ ਧਾਰਮਕ ਪੁਸਤਕ ਦਾ ਤਰਜ਼ਮਾ ਕੀਤਾ ਹੋਇਆ ਹੈ। ਇਸ ਨੇ ਤਾਂ ‘ਕੁਰਾਨ’ ਨੂੰ ‘ਕੁਰਆਨ’ ਹੀ ਲਿਖ ਦਿੱਤਾ ਤੇ ਤਰਜ਼ਮੇ ਵਿਚ ਕੀ ਚੰਦ ਚਾੜ੍ਹਿਆ ਹੋਵੇਗਾ? ਜੱਥੇਦਾਰ ਪੂਰਨ ਸਿੰਘ, ਭੰਗਪੀਣੇ ਵੇਦਾਂਤੀ ਅਤੇ ਕੁੜੀ ਮਾਰ ਪ੍ਰਧਾਨ ਬਾਰੇ ਸਾਰੇ ਲੋਕਾਂ ਨੂੰ ਪਤਾ ਹੀ ਹੈ।
ਜ਼ਿਆਦਾਤਰ ਮੇਰੀ ਕੋਸ਼ਿਸ ਏਹੀ ਹੁੰਦੀ ਹੈ ਕਿ ਕਿਸੇ ਬਾਹਰੀ ਦਿੱਖ ਵਾਲੇ ਸਿਰਦਾਰ ਨਾਲ ਗੱਲਬਾਤ ਨਾ ਹੀ ਕੀਤੀ ਜਾਵੇ। ਕਿਉਂਕਿ ਉਹ ਤਾਂ ਪਹਿਲਾਂ ਹੀ ਅਨਪੜ੍ਹ ਸਿੱਖ ਹੈ ਤੇ ਉਸ ਨੂੰ ਸਿੱਖੀ ਬਾਰੇ ਦੱਸਣ ਸਮਝਾਉਣ ਦੀ ਕੋਈ ਲੋੜ ਨਹੀਂ। ਦਾਹੜੀ ਅਤੇ ਕੇਸ ਕੱਟੇ ਪੰਜਾਬੀਆਂ ਵਿਚ ਸਿੱਖ ਧਰਮ ਬਾਰੇ ਜਾਨਣ ਦੀ ਇੱਛਾ ਬੜੀ ਪਰਬਲ ਹੈ। ਸਾਡੇ ਯਾਰਡ ਵਿਚ, ਸਾਡੀ ਪਾਰਕਿੰਗ ਦੇ ਬਿਲਕੁੱਲ ਸਾਹਮਣੇ ਇਕ ਸਿਰਦਾਰ ਜੀ ਲੋਕਲ ਡਲਿਵਰੀਆਂ ਕਰਨ ਦਾ ਕੰਮ ਕਰਦੇ ਹਨ। ਮੈਂ ਉਸ ਨੂੰ ਦੋ ਕਿਤਾਬਾਂ ਅਤੇ ਦੋ ਕੁ ਮੈਗਜ਼ੀਨ ਪੜ੍ਹਨ ਲਈ ਦਿੱਤੇ। ਦੋ-ਚਾਰ ਹਫਤਿਆਂ ਬਾਅਦ ਉਸ ਨੇ ਇਹ ਸਾਰਾ ਸਮਾਨ ਇਕ ਲਿਫਾਫੇ ਵਿਚ ਪਾ ਕੇ ਮੈਨੂੰ ਵਾਪਸ ਕਰ ਦਿੱਤਾ। ਜਦੋਂ ਮੈਂ ਪੁੱਛਿਆ ਕਿ ਇਸ ਵਿਚ ਕੀ ਗਲਤ ਹੈ ਤਾ ਕਹਿਣ ਲੱਗਾ ਜੀ ਮੈਂ ਤਾਂ ਸੰਤ ਸਿੰਘ ਸਮਕੀਨ ਤੇ ਭਾਈ ਪਿੰਦਰਪਾਲ ਤੋਂ ਬਗੈਰ ਹੋਰ ਕਿਸੇ ਨੂੰ ਸੁਣਨਾ ਪਸੰਦ ਨਹੀਂ ਕਰਦਾ। ਪਰ ਜਦੋਂ ਹੀ ਮੈਂ ਉਸ ਨਾਲ ਸੰਤ ਸਿੰਘ ਮਸਕੀਨ ਦੀ, ਅਸਮਾਨ ਵਿਚ ਰੂਹਾਂ ਉਡੀਆਂ ਫਿਰਦੀਆਂ ਹਨ ਚੰਗੀ ਰੂਹ ਚੰਗੀ ਕੁੱਖ ਵਿਚ ਤੇ ਮਾੜੀ ਰੂਹ ਮਾੜੀ ਕੁੱਖ ਵਿਚ ਪ੍ਰਵੇਸ਼ ਕਰਦੀ ਹੈ, ਵਾਲੀ ਕਹਾਣੀ ਉਸ ਨਾਲ ਸਾਂਝੀ ਕੀਤੀ ਤੇ ਕਿਹਾ ਕਿ ਬੀਬੀ ਭਾਨੀ ਜੀ ਦੀ ਉਸੇ ‘ਕੁੱਖ’ ਵਿਚੋਂ ਪਿਰਥੀ ਚੰਦ, ਮਹਾਂਦੇਵ ਅਤੇ ਸਾਡੇ ਪੰਜਵੇਂ ਪਾਤਸ਼ਾਹ, ਸਿੱਖ ਕੌਮ ਦੇ ਪਹਿਲੇ ਸ਼ਹੀਦ, ਪੈਦਾ ਹੋਏ ਹਨ ਤਾਂ ਉਹ ਸੋਚਾਂ ਵਿਚ ਪੈ ਗਿਆ। ਮੈਂ ਕਿਹਾ ‘ਕੁੱਖ’ ਦਾ ਕੀ ਕਸੂਰ ਇਸੇ ਹੀ ਤਰ੍ਹਾਂ ਇਕ ਦੋਮਾਲਾਧਾਰੀ ਮੇਰੇ ਨਾਲ ਕਿਸੇ ਕੰਪਨੀ ਵਿਚ ਟਰੱਕ ਚਾਲਉਂਦਾ ਸੀ ਤੇ ਮੈਂ ਉਸ ਨੂੰ ਵੀ ਇਕ ਖਾਲਸਾ ਅਖਬਾਰ ‘ਦਸਮ ਗ੍ਰੰਥ’ ਬਾਰੇ ਦੇ ਬੈਠਾ। ਜਦੋਂ ਮੈਂ ਉਸ ਨੂੰ ਪੁੱਛਿਆ ਕਿ ਇਸ ਤਰ੍ਹਾਂ ਦਾ ਹੋਰ ਖਾਲਸਾ ਅਖਬਾਰ ਦੇਵਾਂ ਤਾਂ ਜਵਾਬ ਮਿਲਿਆ ਜੀ ਇਸ ਵਿਚਾਰਧਾਰਾ ਦਾ ਸਾਡੀ ਸਿੱਖੀ ਨਾਲ ਕੋਈ ਸੰਬੰਧ ਨਹੀਂ। ਧੰਨਵਾਦ।
ਜ਼ਮਾਨਾ ਬਦਲ ਚੁਕਿਆ ਹੈ। ਕੋਈ ਵੇਲਾ ਸੀ ਜਦੋਂ ਪੰਡਿਤ ਲੋਕ ਗੁਰੂ ਜੀ ਕੋਲ ਆਪਣੇ ਬਚਾਓ ਲਈ ਆ ਕੇ ਫਰਿਯਾਦ ਕਰਦੇ ਸਨ ਤੇ ਹੁਣ ਸਿੱਖ ਆਪਣੇ ਸੁਖੀ ਜੀਵਨ ਲਈ ਪੰਡਿਤ ਕੋਲ ਜਾ ਕੇ ਫਰਿਯਾਦ ਕਰਦੇ ਹਨ। ਸਿੱਖ ਭੁੱਲ ਗਿਆ ਕਿ ;
ਕਹਤ ਸੁਨਤ ਕਿਛੁ ਸਾਂਤਿ ਨ ਉਪਜਤ ਬਿਨੁ ਬਿਸਾਸ ਕਿਆ ਸੇਖਾਂ ॥
ਪ੍ਰਭੂ ਤਿਆਗਿ ਆਨ ਜੋ ਚਾਹਤ ਤਾ ਕੈ ਮੁਖਿ ਲਾਗੈ ਕਾਲੇਖਾ ॥੧॥ ਪੰਨਾ 1221, ਮ:5 ॥
ਇਸ ਤਰ੍ਹਾਂ ਦੇ ਕੁੱਝ ਕੌੜੇ ਅਤੇ ਕੁੱਝ ਮਿੱਠੇ ਤਜ਼ਰਬੇ ਮੇਰੀ ਜਿੰਦਗੀ ਵਿਚ ਹਰ ਰੋਜ ਵਾਪਰਦੇ ਰਹਿੰਦੇ ਹਨ ਅਤੇ ਕਈ ਵਾਰ ਗੱਲ ਹੱਥੋ-ਪਾਈ ਤਕ ਵੀ ਪਹੁੰਚ ਜਾਂਦੀ ਹੈ ਪਰ ਆਪਣੇ ਆਪ ਤੇ ਕਾਬੂ ਪਾ ਕੇ ਛੁਟਕਾਰਾ ਪਾਈਦਾ ਹੈ। ਧੰਨਵਾਦ ਸਿੱਖ ਪੰਥੀਆਂ ਦਾ।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ