“ਗਲੀ ਅਸੀ ਚੰਗੀਆ ਆਚਾਰੀ ਬੁਰੀਆਹ” - ਬਘੇਲ ਸਿੰਘ ਧਾਲੀਵਾਲ

 ਇਹ ਸੱਚ ਹੈ ਕਿ ਔਰਤ ਜਾਤੀ ਨੂੰ ਕਿਸੇ ਵੀ ਧਰਮ ਗ੍ਰੰਥ ਵਿੱਚ ਸਤਿਕਾਰਿਤ ਸਥਾਨ ਨਹੀ ਦਿੱਤਾ ਗਿਆ,ਪ੍ਰੰਤੂ ਸਿੱਖ ਧਰਮ ਹੀ ਇੱਕੋ ਇੱਕ ਅਜਿਹਾ ਧਰਮ ਹੈ ਜਿਸ ਦੇ ਸੰਸਥਾਪਕ,ਮਨੁਖਤਾ ਦੇ ਸੱਚੇ ਰਹਿਬਰ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਵੱਲੋਂ ਔਰਤ ਨੂੰ ਅਤਿ ਸਤਿਕਾਰਿਤ ਸਬਦਾਂ ਨਾਲ ਨਿਵਾਜਿਆ ਗਿਆ ਹੈ।ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਉਹਨਾਂ ਦੀ ਬਾਣੀ ਦੇ ਬੋਲ :-
“ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨੁ”
ਹਰ ਸਮੇ ਗੁਰਸਿੱਖ ਨੂੰ ਔਰਤ ਜਾਤੀ ਦੇ ਸਤਿਕਾਰ ਪ੍ਰਤੀ ਸੁਚੇਤ ਰੱਖਦੇ ਹਨ।ਪ੍ਰੰਤੂ ਇਸਦੇ ਬਾਵਜੂਦ ਵੀ ਕਈ ਵਾਰ ਅਜਿਹੀਆਂ ਅਣ ਕਿਆਸੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ,ਜਿਹੜੀਆਂ ਕਿਸੇ ਗੁਰਸਿੱਖ ਦਿਖਾਈ ਦੇਣ ਵਾਲੇ ਮਹੱਤਵਪੂਰਨ ਵਿਅਕਤੀ ਦੀ ਜੀਵਨ ਜਾਚ ‘ਤੇ ਵੀ ਸਵਾਲੀਆ ਨਿਸਾਨ ਲਾ ਦਿੰਦੀਆਂ ਹਨ। ਪਿਛਲੇ ਦਿਨੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ ਹਰਜਿੰਦਰ ਸਿੰਘ ਧਾਮੀ ਨੇ ਫੋਨ ਤੇ ਗੱਲਬਾਤ ਕਰਦਿਆਂ ਜਿਸਤਰਾਂ ਦੀ ਭਾਸ਼ਾ ਦਾ ਇਸਤੇਮਾਲ ਬੀਬੀ ਜਗੀਰ ਕੌਰ ਪ੍ਰਤੀ ਕੀਤਾ ਹੈ,ਉਹ ਬੇਹੱਦ ਸ਼ਰਮਨਾਕ ਅਤੇ ਨਿੰਦਣਯੋਗ ਤਾਂ ਹ ਹੀ,ਨਾਲ ਹੀ ਅਜਿਹਾ ਕਰਕੇ ਉਹਨਾਂ ਨੇ ਉਸ ਰੁਤਬੇ ਦਾ ਵੀ ਨਿਰਾਦਰ ਕੀਤਾ ਹੈ,ਜਿਸ ਰੁਤਬੇ ਦੇ ਫਰਜ਼ ਹੀ ਸਿੱਖੀ ਸਿਧਾਂਤਾਂ ਦੀ ਰਾਖੀ ਕਰਨ ਲਈ ਤਹਿ ਕੀਤੇ ਗਏ ਸਨ।ਉਹਨਾਂ ਦੀ ਗਾਲ਼ੀ ਗਲ਼ੋਚ ਵਾਲੀ ਭਾਸ਼ਾ ਨੇ ਇਹ ਸੋਚਣ ਲਈ ਵੀ ਮਜਬੂਰ ਕਰ ਦਿੱਤਾ ਹੈ ਕਿ ਉਪਰੋਂ ਬੀਬੇ ਬੰਦਿਆਂ ਦੇ ਅੰਦਰ ਕਿਸਤਰਾਂ ਦੇ ਸੈਤਾਨ ਬੈਠੇ ਹੋਏ ਹਨ।ਵੈਸੇ ਤਾਂ ਇਹ ਆਮ ਤੌਰ ਤੇ ਹੀ ਦੇਖਿਆ ਜਾਂਦਾ ਹੈ ਕਿ ਆਪਣੇ ਆਪ ਨੂੰ ਬੜੇ ਭਲੇਮਾਣਸ ਦੱਸਣ ਅਤੇ ਦਿਖਾਈ ਦੇਣ ਵਾਲੇ ਵਿਅਕਤੀ ਅਮਲਾਂ ਵਿੱਚ ਅਕਸਰ ਹੀ ਉਹ ਨਹੀ ਹੁੰਦੇ,ਜਿਹੋ ਜਿਹੇ ਉਹ ਬਾਹਰੀ ਤੌਰ ਤੇ ਦਿਖਾਈ ਦਿੰਦੇ ਹਨ। ਇੱਕ ਸਤਿਕਾਰਿਤ ਅਤੇ ਸਿਰਮੌਰ ਧਾਰਮਿਕ ਸੰਸਥਾ ਦੇ ਮੁਖੀ ਵੱਲੋਂ ਜਦੋਂ ਅਜਿਹੇ ਗੈਰ ਇਖਲਾਕੀ ਵਰਤਾਰੇ ਦੀ ਸਿਰਜਣਾ ਦਾ ਪਰਵਚਨ ਸਿਰਜਿਆ ਜਾਂਦਾ ਹੈ ਤਾਂ ਸਮੁੱਚੀ ਕੌਂਮ ਲਈ ਅਜਿਹਾ ਸਮਾ ਬੇਹੱਦ ਨਮੋਸ਼ੀ ਵਾਲਾ ਹੁੰਦਾ ਹੈ। ਕਹਿਣੀ ਤੇ ਕਰਨੀ ਦਾ ਅੰਤਰ ਕਿਸੇ ਖਾਸ ਮੌਕਿਆਂ ਤੇ ਹੀ ਪ੍ਰਗਟ ਹੁੰਦਾ ਹੈ,ਜਿਸਤਰਾਂ ਬੀਤੇ ਦਿਨੀ ਜਦੋ ਸ੍ਰ ਸੁਖਬੀਰ ਸਿੰਘ ਬਾਦਲ ਤੇ ਭਾਈ ਨਰੈਣ ਸਿੰਘ ਚੌੜੇ ਵੱਲੋਂ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਸੀ,ਤਾਂ ਇੱਕਦਮ ਸੇਵਾ ਭਾਵਨਾ ਵਿੱਚ ਲਵਰੇਜ ਅਤੇ ਨਿਮਾਣੇ ਨਿਤਾਣੇ ਦਿਖਾਈ ਦੇ ਰਹੇ ਸਿੱਖਾਂ ਦੀ ਅਸਲੀਅਤ ਜੱਗ ਜਾਹਰ ਹੋ ਗਈ,ਜਿਹੜੀ ਅੱਜਤੱਕ ਵੀ ਸ਼ੋਸ਼ਲ ਮੀਡੀਏ ਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੀ ਕਿਰਦਾਰਕੁਸ਼ੀ ਕਰਨ ਵਾਲਿਆਂ ਦੇ ਰੂਪ ਵਿੱਚ ਦੇਖੀ ਜਾ ਸਕਦੀ ਹੈ। ਇਹ ਵੀ ਮਾਮਲਾ ਸੁਖਬੀਰ ਸਿੰਘ ਬਾਦਲ ਅਤੇ ਉਹਨਾਂ ਦੇ ਸਾਥੀ ਅਕਾਲੀਆਂ ਨਾਲ ਜੁੜਿਆ ਹੋਇਆ ਹੋਣ ਕਰਕੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਐਨੇ ਤੈਸ ਵਿੱਚ ਅ ਗਏ ਕਿ ਉਹਨਾਂ ਨੇ ਔਰਤ ਜਾਤ ਪ੍ਰਤੀ ਅਜਿਹੀ ਅਤਿ ਘਟੀਆ ਅਤੇ ਨੀਵੇਂ ਦਰਜੇ ਦੀ ਭਾਸ਼ਾ ਦਾ ਇਸਤੇਮਾਲ ਕੀਤਾ,ਜਿਹੜੀ ਇੱਕ ਧਾਰਮਿਕ ਖੇਤਰ ਦੇ ਵਿਅਕਤੀ ਨੂੰ ਬਿਲਕੁਲ ਵੀ ਸੋਭਾ ਨਹੀ ਦਿੰਦੀ। ਹਰਜਿੰਦਰ ਸਿੰਘ ਧਾਮੀ ਦੀ ਗੈਰ ਇਖਲਾਕੀ ਹਰਕਤ ਨੂੰ ਦੇਖ ਸੁਣਕੇ ਆਮ ਸਿੱਖ ਦੇ ਜਿਹਨ ਵਿੱਚ ਇਹ ਖਿਆਲ ਵੀ ਜਰੂਰ ਆਇਆ ਹੋਵੇਗਾ ਕਿ ਗੁਰਦੁਆਰਾ ਪ੍ਰਬੰਧ ਨੂੰ ਸਹੀ ਹੱਥਾਂ ਵਿੱਚ ਦੇਣ ਦੀ ਜਰੂਰਤ ਹੈ।ਇਹ ਸਿੱਖਾਂ ਦੇ ਅਵੇਸਲੇਪਣ ਦਾ ਨਤੀਜਾ ਹੈ ਕਿ ਗੁਰਦੁਆਰਾ ਪ੍ਰਬੰਧ ਨੂੰ ਚਲਾਉਣ ਦੀ ਜੁੰਮੇਵਾਰੀ ਉਹਨਾਂ ਲੋਕਾਂ ਦੇ ਹੱਥ ਦੇ ਦਿੱਤੀ ਹੋਈ ਹੈ,ਜਿਹੜੇ ਗੁਰਸਿੱਖ ਦਿਖਾਈ ਦੇਣ ਦੇ ਬਾਵਜੂਦ ਵੀ ਗੁਰਸਿੱਖੀ ਜੀਵਨ ਤੋ ਕੋਹਾਂ ਦੂਰ ਹਨ।ਹੁਣ ਤੱਕ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੇ ਭ੍ਰਿਸ਼ਟ ਕਿਰਦਾਰ ਬਾਰੇ ਤਾਂ ਲੋਕ ਜਾਣਦੇ ਸਨ,ਉਹਨਾਂ ਦੇ ਵੋਟ ਪਾਉਣ ਲਈ ਜਮੀਰਾਂ ਵੇਚਣ ਦੀਆਂ ਗੱਲਾਂ ਵੀ ਜੱਗ ਜਾਹਰ  ਹੁੰਦੀਆਂ ਰਹਿੰਦੀਆਂ ਹਨ,ਪਿਛਲੇ ਮਹੀਨੇ ਹੋਈ ਪ੍ਰਧਾਨਗੀ ਦੀ ਚੋਣ ਵਿੱਚ ਜਿਸਤਰਾਂ ਆਪਣੀ ਵੋਟ ਦਾ ਮੁੱਲ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵੱਲੋਂ ਵੱਟਿਆ ਗਿਆ,ਉਹ ਕਿਸੇ ਤੋ ਲੁਕਿਆ ਛੁਪਿਆ ਨਹੀ ਰਿਹਾ।ਉਸ ਸਮੇ ਵੀ ਕਈ ਸਿਧਾਤਾਂ ਦਾ ਰੌਲਾ ਪਾਉਣ ਵਾਲੇ ਮਹਾਂ ਪੁਰਸ਼ਾਂ ਨੇ ਜਿਸਤਰਾਂ ਸ਼ਰਮ ਦੀ ਲੋਈ ਉਤਾਰਕੇ ਦੋਵਾਂ ਪਾਸਿਆਂ ਤੋ ਮੁੱਲ ਵੱਟਿਆ ,ਉਹ ਵੀ ਲੁਕਿਆ ਨਹੀ ਰਹਿ ਸਕਿਆ,ਪਰ ਜਿਸਤਰਾਂ ਦੀ ਅਸ਼ਲੀਲ ਭਾਸ਼ਾ ਇਸ ਮਹਾਂਨ ਸੰਸਥਾ ਦੇ ਸਭ ਤੋ ਉੱਚੇ ਅਹੁਦੇ ਤੇ ਬੈਠੇ ਵਿਅਕਤੀ ਵੱਲੋਂ ਵਰਤੀ ਗਈ,ਅਜਿਹਾ ਵਰਤਾਰਾ ਜਨਤਕ ਤੌਰ ਤੇ ਪਹਿਲਾਂ ਕਦੀ ਸਾਹਮਣੇ ਨਹੀ ਆਇਆ। ਉਹਨਾਂ ਵੱਲੋਂ ਔਰਤ ਜਾਤੀ ਨੂੰ ਜਲੀਲ ਕਰਨਾ ਇਸ ਵੱਡੇ ਰੁਤਬੇ ਦੀ ਤੌਹੀਨ ਦੇ ਨਾਲ ਨਾਲ ਨਾ-ਕਾਬਲੇ ਬਰਦਾਸਤ ਗੁਨਾਹ ਹੈ,ਜਿਸਦੀ ਸਜ਼ਾ ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਖੁਦ ਬ ਖੁਦ ਦੇਣੀ ਬਣਦੀ ਹੈ।ਜਿਸਤਰਾਂ ਮਹਿਲਾ ਕਮਿਸ਼ਨ ਵੱਲੋਂ ਔਰਤ ਪ੍ਰਤੀ ਇਸ ਬਦਤਮੀਜੀ ਦਾ ਖੁਦ ਨੋਟਿਸ ਲੈਕੇ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ,ਇਸਤਰਾਂ ਹੀ ਸ੍ਰੀ ਅਕਾਲ ਤਖਤ ਸਹਿਬ ਵੱਲੋਂ ਵੀ ਖੁਦ ਨੋਟਿਸ ਲਿਆ ਜਾਣਾ ਬਣਦਾ ਸੀ,ਪਰ ਅਫਸੋਸ ਨਾਲ ਕਹਿਣਾ ਪੈਦਾ ਹੈ ਕਿ ਸਾਡੇ ਸਿੰਘ ਸਾਹਿਬਾਨਾਂ ਵੱਲੋਂ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਮਾਮਲੇ ਵਿੱਚ ਨਾਂ ਪਹਿਲਾਂ ਇਸਤਿਹਾਰਾਂ ਵਾਲੇ ਸਪੱਸਟੀਕਰਨ ਦੇ ਮਾਮਲੇ ਨੂੰ ਸੰਜੀਦਗੀ ਨਾਲ ਵਿਚਾਰਿਆ ਗਿਆ ਹੈ ਅਤੇ ਨਾ ਹੀ ਹੁਣ ਬੀਬੀ ਜਗੀਰ ਕੌਰ ਦੇ ਮਾਮਲੇ ਵਿੱਚ ਜਿੰਮੇਵਾਰੀ ਨਿਭਾਉਣੀ ਜਰੂਰੀ ਸਮਝੀ ਗਈ ਹੈ।ਜੇਕਰ ਸਿੰਘ ਸਾਹਿਬਾਨ ਭਾਈ ਨਰੈਣ ਚੌੜਾ ਦੇ ਮਾਮਲੇ ਵਿੱਚ ਬਿਆਨ ਦੇ ਸਕਦੇ ਹਨ,ਫਿਰ ਧਾਮੀ ਦੀ ਲੱਚਰਤਾ ਭਰੀ ਸਬਦਾਵਲੀ ਨੂੰ ਨਜਰਅੰਦਾਜ਼ ਕਿਉਂ ਕੀਤਾ ਗਿਆ ? ਇਹ ਸਵਾਲ ਸਿੱਖ ਮਨਾਂ ਨੂੰ ਬੇਚੈਨ ਕਰ ਰਹੇ ਹਨ।ਜਿਸ ਕੌਂਮ ਦੇ ਸੰਸਥਾਪਕ ਵੱਲੋਂ ਔਰਤਾਂ ਦੇ ਸਤਿਕਾਰ ਦਾ ਹੋਕਾ ਡੰਕੇ ਦੀ ਚੋਟ ਤੇ ਉਸ ਮੌਕੇ ਦਿੱਤਾ ਗਿਆ, ਜਦੋ ਔਰਤ ਦੀ ਹਾਲਤ ਬੇਹੱਦ ਤਰਸਯੋਗ ਸੀ ਅਤੇ ਔਰਤ ਨੂੰ ਪੈਰ ਦੀ ਜੁੱਤੀ ਦੇ ਬਰਾਬਰ ਸਮਝਿਆ ਜਾਂਦਾ ਸੀ ਅਤੇ ਇਸ ਗੁਰੂ ਦੇ ਅਦੇਸ਼ ਨੂੰ ਜਾਗਤ ਜੋਤ ਗੁਰੂ ਧੰਨ ਧੰਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਅੰਗ 473 ਤੇ ਸੁਭਾਏਮਾਨ ਕਰਕੇ ਸਿੱਖਾਂ ਲਈ ਗੁਰੂ ਸਾਹਿਬ ਦੇ ਹੋਕੇ ਨੂੰ ਸਿਧਾਂਤ ਰੂਪ ਵਿੱਚ ਮੰਨਣ ਦੇ ਪਾਬੰਦ ਬਣਾਇਆ ਹੋਵੇ,ਅਤੇ ਔਰਤ ਦੇ ਸਤਿਕਾਰ ਨੂੰ ਬਹਾਲ ਰੱਖਣ ਦੇ ਸਦੀਵੀ ਅਦੇਸ ਗੁਰੂ ਸਾਹਿਬਾਨਾਂ ਵੱਲੋਂ ਦਿੱਤੇ ਗਏ ਹੋਣ,ਜੇਕਰ ਉਸ ਧਰਮ ਦੇ ਸਿੱਧਾਂਤਾਂ ਦੀ ਰਾਖੀ ਕਰਨ ਲਈ ਬਣੀ ਸੰਸਥਾ ਦੇ ਸਭ ਤੋ ਸਭ ਤੋ ਉਪਰਲੇ ਆਹੁਦੇ ਤੇ ਬੈਠਾ ਵਿਅਕਤੀ ਗੁਰੂ ਦੇ ਹੁਕਮਾਂ ਨੂੰ ਮੰਨਣ ਤੋ ਆਕੀ ਹੋ ਜਾਵੇ,ਫਿਰ ਉਸ ਸਤਿਕਾਰਤ ਅਤੇ ਜਿੰਮੇਵਾਰ ਰੁਤਬੇ ਨਾਲ ਘੋਰ ਅਨਿਆ ਹੈ।ਉਹਨਾਂ ਨੂੰ ਇਸ ਰੁਤਬੇ ਤੇ ਬਣੇ ਰਹਿਣ ਦਾ ਕੋਈ ਹੱਕ ਨਹੀ,ਕਿਉਂਕਿ ਉਹ ਨੈਤਿਕ ਤੌਰ ਤੇ ਇਹ ਹੱਕ ਗੁਆ ਚੁੱਕੇ ਹਨ। ਇਹ ਸਵਾਲ ਵੀ ਸਿੰਘ ਸਾਹਿਬਾਨ ਨੂੰ ਸਿੱਖ ਪੰਥ ਵੱਲੋਂ ਪੁੱਛਿਆ ਜਾਣਾ ਬਣਦਾ ਹੈ ਕਿ ਉਪਰੋਕਤ ਦੇ ਸੰਦਰਭ ਵਿੱਚ ਸ੍ਰ ਹਰਜਿੰਦਰ ਸਿੰਘ ਧਾਮੀ ‘ਤੇ ਕਾਰਵਾਈ ਕਿਉਂ ਨਹੀ ਕੀਤੀ ਗਈ।ਕਿੰਨੇ ਚਲਾਕ ਹੁੰਦੇ ਹਨ ਇਸਤਰਾਂ ਦੇ ਧਾਰਮਿਕ ਪਹਿਰਾਵੇ ਵਾਲੇ ਸਿਆਸੀ ਲੋਕ ਜਿਹੜੇ ਆਪਣੀ ਅਸਲੀਅਤ ਸਾਹਮਣੇ ਆਉਂਦਿਆਂ ਹੀ ਭੋਲੇ ਭਾਲੇ ਬੀਬੇ ਬੰਦੇ ਬਣਕੇ ਝੱਟ ਮੁਆਫੀ ਵੀ ਮੰਗ ਜਾਂਦੇ ਹਨ। ਸ੍ਰ ਹਰਜਿੰਦਰ ਸਿੰਘ ਧਾਮੀ ਦੀ ਮੁਆਫੀ ਵਾਲੀ ਭਾਸ਼ਾ ਅਤੇ ਉਕਤ ਪੱਤਰਕਾਰ ਨਾਲ ਹੋਈ ਗੱਲਬਾਤ ਵਾਲੀ ਭਾਸ਼ਾ ਨੂੰ ਸੁਣਕੇ ਉਹਨਾਂ ਦੀ ਸਖਸ਼ੀਅਤ ਪ੍ਰਤੀ ਸ੍ਰੀ ਗੁਰੂ ਨਾਨਕ ਸਾਹਿਬ ਦੀ ਬਾਣੀ ਦੀਆਂ ਇਹ ਪੰਗਤੀਆਂ ਕਿ
“ਗਲੀ ਅਸੀ ਚੰਗੀਆ ਆਚਾਰੀ ਬੁਰੀਆਹ||
ਮਨਹੁ ਕੁਸੁਧਾ ਕਾਲੀਆ ਬਾਹਰਿ ਚਿਟਵੀਆਹ”||
ਇੰਨ ਬਿੰਨ ਢੁਕਦੀਆਂ ਪਰਤੀਤ ਹੁੰਦੀਆਂ ਹਨ।ਉਹਨਾਂ ਦਾ ਗੁਰਮੁਖ ਰੂਪ ਇਸ ਆਡੀਓ ਜਨਤਕ ਹੋਣ ਤੋ ਬਾਅਦ ਕੋਰਾ ਢਕਵੰਜ ਜਾਪਦਾ ਹੈ।ਮਹਿਜ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਤੇ ਬਣੇ ਰਹਿਣ ਲਈ ਉਪਰ ਦੀ ਗਾਤਰੇ ਕਿਰਪਾਨ ਪਾ ਲੈਣ ਨਾਲ ਅੰਦਰਲੇ ਸੈਤਾਨ ਨੂੰ ਮਾਰਿਆ ਨਹੀ ਜਾ ਸਕਦਾ,ਉਹਨੂੰ ਮਾਰਨ ਲਈ ਜੀਵਨ ਜਾਚ ਵਿੱਚ ਸੁਧਾਰਾਂ ਦੀ ਵੀ ਲੋੜ ਹੁੰਦੀ ਹੈ।
ਬਘੇਲ ਸਿੰਘ ਧਾਲੀਵਾਲ
99142-58142