‘ਗੁਰੂ ਗ੍ਰੰਥ ਸਾਹਿਬ’ ਸੰਪੂਰਣਤਾ ਦਿਵਸ ਕਹਾਣੀ ਫੱਬਦੀ ਨਹੀਂ। - ਗੁਰਚਰਨ ਸਿੰਘ ਜਿਉਣ ਵਾਲਾ

ਮੈਂ ਇਹ ਸਵਾਲ ਕਰਦਾ ਹਾਂ ਕਿ ਜੇ ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮਾ, ਗੁਰੂ ਕੀ ਕਾਸ਼ੀ, ਸਾਬੋ ਕੀ ਤਲਵੰਡੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਸੰਪੂਰਣ ਕੀਤੀ ਹੈ ਤਾਂ ਕੀ ਇਸ ਦਿਨ, 30 ਅਗਸਤ, ਤੋਂ ਪਹਿਲਾਂ ਪੋਥੀ ਸਾਹਿਬ ਅਧੂਰੇ ਸਨ? ਨਹੀਂ। ਕਿਉਂ? ਗੁਰੂ ਗ੍ਰੰਥ ਸਾਹਿਬ ‘ਚ ਕੋਈ ਇਤਹਾਸਕ ਵਰਨਣ ਨਹੀਂ ਯਾ ਗੁਰੂ ਗ੍ਰੰਥ ਸਾਹਿਬ ਕੋਈ ਇਤਹਾਸਕ ਗ੍ਰੰਥ ਨਹੀਂ ਜੋ ਸਮੇਂ ਯਾ ਕਾਲ ਨਾਲ ਸਬੰਧ ਰੱਖਦਾ ਹੈ ਤੇ ਜੇ ਕੋਈ ਘਟਨਾ ਕਰਮ ਇਸ ਵਿਚ ਸ਼ਾਮਲ ਨਹੀਂ ਤਾਂ ਇਹ ਅਧੂਰਾ ਹੈ। ਦੂਸਰੇ ਧਰਮਾਂ ਦੇ ਗ੍ਰੰਥਾਂ ਵਾਂਗਰ ਇਸ ਵਿਚ ਕਿਸੇ ਜੰਗ ਯਾ ਯੁੱਧ ਦਾ ਵਰਨਣ ਨਹੀਂ। ਇਸ ਵਿਚ ਕੋਈ ਗਰੁੜ ਪੁਰਾਣ ਵਾਲੀਆਂ ਕਹਾਣੀਆਂ ਨਹੀਂ ਕਿ ਜੇ ਕਰ ਅੱਧੀਆਂ ਸੁਣੀਆਂ ਤਾਂ ਪਤਾ ਨਹੀਂ ਚੱਲੇਗਾ ਕਿ ਅੱਗੇ ਕੀ ਹੋਇਆ? ਗੁਰੂ ਗ੍ਰੰਥ ਸਾਹਿਬ ਦਾ ਇਕ ਇਕ ਸਲੋਕ ਆਪਣੇ ਆਪ ਵਿਚ ਪੂਰਾ ਹੈ ਤੇ ਪੂਰਾ ਪੂਰਾ ਸੁਨੇਹਾ ਦਿੰਦਾ ਹੈ। ਗੁਰੂ ਗ੍ਰੰਥ ਸਾਹਿਬ ਨੂੰ ਜਦੋਂ ਭਾਈ ਗੁਰਦਾਸ ਜੀ ‘ਕਿਤਾਬ’ ਲਿਖਦੇ ਹਨ:
“ਆਸਾ ਹਥਿ, ਕਿਤਾਬ ਕਛਿ, ਕੂਜਾ ਬਾਂਗ ਮੁਸੱਲਾ ਧਾਰੀ। ਵਾਰ 1, ਪਉੜੀ 32॥
 ਪੁਛਿਨ ਫੋਲਿ ਕਿਤਾਬ ਨੋ ਹਿੰਦੂ ਵਡਾ ਕਿ ਮੁਸਲਮਾਨੋਈ? ਵਾਰ 1, ਪੳੜਿੀ 33॥”
ਤਾਂ ਵੀ ਗੁਰੂ ਨਾਨਕ ਸਾਹਿਬ ਦਾ ਲਿਖਿਆ ਸੱਚ ਪੂਰਾ ਸੀ ਤੇ ਜੇ ਦੂਸਰੇ ਗੁਰੂ ਸਾਹਿਬਾਨ ਨੇ ਆਪਣੀ ਥੋੜੀ ਜਿਹੀ ਬਾਣੀ ਨਾਲ ਹੋਰ ਲਿਖੀ ਤਾਂ ਵੀ ਇਹ ਸੱਚ ਪੂਰਾ ਸੀ ਤੇ ਇਹ ਸਿਲਸਿਲਾ ਤੀਜੇ, ਚੌਥੇ, ਪੰਜਵੇ ਤੇ ਨੌਂਵੇ ਗੁਰੂ ਸਾਹਿਬਾਨ ਨਾਲ ਸਬੰਧ ਰੱਖਦਾ ਹੈ। ਹਾਂ ਇਸ ਤਰ੍ਹਾਂ ਹੋਰ ਗੁਰੂ ਸਹਿਬਾਨ ਦੀ ਬਾਣੀ ਨਾਲ ਜੁੜਨ ਯਾ ਜੋੜਨ ਨੂੰ ਵਿਸਥਾਰ ਤਾਂ ਕਿਹਾ ਜਾ ਸਕਦਾ ਹੈ ਪਰ ਵਿਕਾਸ ਨਹੀਂ ਕਿਹਾ ਜਾ ਸਕਦਾ। ਵਿਕਾਸ ਦਾ ਮਤਲਬ ਹੁੰਦਾ ਹੈ ਕਿਸੇ ਚੀਜ਼ ਦਾ ਵੱਧਣਾ। ਗੁਰੂ ਨਾਨਕ ਸਾਹਿਬ ਜਿਸ ਸੱਚ ਨੂੰ ਜਿਨ੍ਹਾਂ ਅੱਖਰਾਂ ਵਿਚ ਬਿਆਨ ਕਰਦੇ ਹਨ ਉਸੇ ਸੱਚ ਨੂੰ ਹੀ ਦੂਸਰੇ ਗੁਰੂ ਸਾਹਿਬਾਨ ਦੂਸਰੇ ਅੱਖਰਾਂ ਵਿਚ ਬਿਆਨ ਕਰਦੇ ਹਨ। ਸੰਪੂਰਨ ਸੱਚ ਗੁਰੂ ਨਾਨਕ ਸਾਹਿਬ ਬਿਆਨ ਕਰਦੇ ਹਨ ਤੇ ਸੰਪੂਰਨ ਸੱਚ ਦਾ ਹੀ ਗੁਰੂ ਅੰਗਦ ਪਾਤਸ਼ਾਹ ਵਿਸਥਾਰ ਕਰਦੇ ਹਨ।
ਥਟਣਹਾਰੈ ਥਾਟੁ ਆਪੇ ਹੀ ਥਟਿਆ॥
ਆਪੇ ਪੂਰਾ ਸਾਹੁ ਆਪੇ ਹੀ ਖਟਿਆ॥
ਆਪੇ ਕਰਿ ਪਾਸਾਰੁ ਆਪੇ ਰੰਗ ਰਟਿਆ॥
ਕੁਦਰਤਿ ਕੀਮ ਨ ਪਾਇ ਅਲਖ ਬ੍ਰਹਮਟਿਆ॥ ਪੰਨਾ 957॥
ਸੱਚ ਆਪਣੇ ਆਪ ਵਿਚ ਪੂਰਾ ਹੈ। ਫਿਰ ਇਹ ਸੰਪੂਰਨਤਾ ਦਿਵਸ ਦਮਦਮਾ, ਸਾਬੋ ਕੀ ਤਲਵੰਡੀ ਵਿਚ ਮਨਾਉਣ ਦਾ ਕੀ ਮਤਲਬ?
ਗੁਰ ਬਿਲਾਸ ਪਾਤਸ਼ਾਹੀ ਛੇਵੀਂ ਦੀ ਸੂਚਨਾ ਅਧੂਰੀ।
‘ਗੁਰ ਬਿਲਾਸ ਪਾਤਸ਼ਾਹੀ ਛੇਵੀਂ’ ਗ੍ਰੰਥ 1920 ਵਿਚ, ਪ੍ਰੋ. ਗੁਰਮੁੱਖ ਸਿੰਘ , ਗਿਆਨੀ ਦਿੱਤ ਸਿੰਘ, ਗਿਆਨੀ ਹੀਰਾ ਸਿੰਘ ਦਰਦ, ਭਾਈ ਕਾਹਨ ਸਿੰਘ ਨਾਭਾ ਆਦਿ, ਗੁਰਸਿੱਖਾਂ ਦੀ ਬਦੌਲਤ ਗੁਰਦੁਆਰਾ ਸਾਹਿਬਾਨ ਵਿਚ ਪੜ੍ਹਨਾ ਬੰਦ ਕਰਾ ਦਿੱਤਾ ਗਿਆ ਸੀ। ਪਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦੀ ਬਦਨੀਤੀ, ਲੋਭੀ, ਲਾਲਚੀ ਅਤੇ ਹੰਕਾਰੀ ਨੀਤੀ ਕਰਕੇ ਇਹ ਗ੍ਰੰਥ ਫਿਰ ਤੋਂ ਚਰਚਾ ਦਾ ਵਿਸ਼ਾ ਬਣ ਗਿਆ ਹੈ। ਇਸ ਗ੍ਰੰਥ ਦੀ ਇਹ ਸੂਚਨਾ ਅਧਿਆਇ 8 ਪੰਨਾ 244-245 ਤੇ ਦਰਜ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਗੁਰੂ ਗ੍ਰੰਥ ਉਚਾਰਣ ਕੀਤਾ ਅਤੇ ਆਪਣੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦਮਦਮਾ, ਗੁਰੂ ਕੀ ਕਾਸ਼ੀ, ਤਲਵੰਡੀ ਸਾਬੋ, ਵਿਖੇ ਦਰਜ ਕੀਤੀ।
ਤਹਾਂ ਆਦਿ ਗੁਰੁ ਗ੍ਰਿੰਥ ਉਚਾਰੋ।
ਨਵਮ ਗੁਰੂ ਬਾਨੀ ਸੰਗਿ ਧਾਰੋਂ।
ੳਣਸਠ ਸਬਦ ਸਲੋਕ ਸਤਵੰਜਾ।
ਪੜੈ ਵੈਰਾਗ ਲਹੈ ਹਤ ਡੰਝਾ।
ਦਮਦਮਾ ਕਾਸ਼ੀ ਸਮ ਦੁਖ ਖੋਵੈ।
ਬਹੁ ਬੁਧਿ ਸੁਧ ਲਿਖਾਰੀ ਹੋਵੈਂ।
ਬੀੜ ਦਮਦਮੀ ਜਗਿ ਪ੍ਰਗਟਾਵੈ।
ਪੜੈ ਲਿਖੈ ਸੋ ਜਨਮ ਨ ਆਵੈ॥419॥
ਇਹ ਦਲੀਲ ਕਸਵੱਟੀ ਤੇ ਪੂਰੀ ਨਹੀਂ ਉਤਰਦੀ।
ਭਾਈ ਕਾਹਨ ਸਿੰਘ ਨਾਭਾ ਮਹਾਨ ਕੋਸ਼ ਦੇ ਪੰਨਾ 99 ਦੂਜੇ ਕਾਲਮ ਵਿਚ ‘ਆਦਿ ਗੁਰ’ ਦੇ ਮਤਲਬ ਕਰਦੇ ਲਿਖਦੇ ਹਨ: ਗੁਰੂ ਨਾਨਕ ਦੇਵ, ਸਲੋਕੁ॥ ਆਦਿ ਗੁਰਏ ਨਮਹ॥ ਜੁਗਾਦਿ ਗੁਰਏ ਨਮਹ॥ ਸਤਿਗੁਰਏ ਨਮਹ॥ ਸ੍ਰੀ ਗੁਰਦੇਵਏ ਨਮਹ॥ 1॥ ਪੰਨਾ 262॥ ਅਕਾਲ ਪੁਰਖ॥
ਭਾਈ ਕਾਹਨ ਸਿੰਘ ਨਾਭਾ ਮੁਤਾਬਕ ਜੇ ਆਦਿ ਦਾ ਮਤਲਬ ਪਹਿਲਾ ਗੁਰੂ ਸਵੀਕਾਰ ਕਰ ਲਈਏ ਤਾਂ ਮਤਲਬ ਏਹੀ ਨਿਕਲਦਾ ਹੈ ਕਿ ਕੋਈ ਗੁਰੂ ਹੋਰ ਵੀ ਹੈ ਤੇ ਨੌਂ ਗੁਰੂ ਹੋਰ ਸਨ। ਇਸ ਕਰਕੇ ਆਦਿ ਦਾ ਮਤਲਬ ਪਹਿਲਾ ਕਰਨਾ ਠੀਕ ਬਣਦਾ ਹੈ। ਪਰ ਗੁਰੂ ਗ੍ਰੰਥ ਦੇ ਵਿਸਥਾਰ ਵਿਚ;
ਪੋਥੀ ਪਰਮੇਸਰ ਕਾ ਥਾਨੁ॥
ਸਾਧ ਸੰਗਿ ਗਾਵਹਿ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨੁ॥1॥ ਰਹਾਉ॥ਪੰਨਾ 1226,ਮ:5॥
ਪੋਥੀ ਤੋਂ ਅਗਲਾ ਪੜਾ ਆਦਿ ਬੀੜ ਲਿਖਣਾ ਠੀਕ ਨਹੀਂ ਲੱਗਦਾ ਕਿਉਂਕਿ ਸਿੱਖਾਂ ਵਾਸਤੇ ‘ਗੁਰੂ ਗ੍ਰੰਥ’ ਤੋਂ ਸਿਵਾਏ ਹੋਰ ਗ੍ਰੰਥ ਹੈ ਹੀ ਨਹੀਂ ਤੇ ਜੇ ਅਸੀਂ ਆਪ ਇਹ ਲਿਖਦੇ ਹਾਂ ਤਾਂ ਦਸਮ ਗ੍ਰੰਥ ਨੂੰ ਵੀ ਸੱਦਾ ਆਪ ਹੀ ਦਿੰਦੇ ਹਾਂ।
ਮਹਾਨ ਕੋਸ਼ ਦੇ ਪੰਨਾ 101 ਮੁਤਾਬਕ ਦਮਦਮਾ ਅਨੰਦ ਪੁਰ ਸਾਹਿਬ ਵਿਚ ਪੱਛਮ ਵੱਲ ਨੂੰ ਹੈ। ਉਹ ਅਸਥਾਨ, ਜਿੱਥੇ ਗੁਰੂ ਗੋਬਿੰਦ ਸਿੰਘ ਜੀ ਸ਼ਾਮ ਦੇ ਵਕਤ ਦਿਵਾਨ ਸਜਾਇਆ ਕਰਦੇ ਸਨ, ਨੂੰ ਦਮਦਮਾ ਕਿਹਾ ਜਾਦਾ ਹੈ। ਪ੍ਰੋ. ਸਾਹਿਬ ਸਿੰਘ ਗੁਰੂ ਗ੍ਰੰਥ ਸਾਹਿਬ ਦਾ ਤਰਜਮਾ ਕਰਦੇ ਸਮੇਂ ਤੀਜੀ ਪੋਥੀ ਵਿਚ ਵੀ ਏਹੀ ਲਿਖਦੇ ਹਨ ਕਿ ਦਮਦਮਾ ਅਨੰਦ ਪੁਰ ਵਿਚ ਹੀ ਹੈ।
‘ਸਿੱਖ ਰੈਫਰੈਂਸ ਲਾਇਬ੍ਰੇਰੀ’ ਦੀ ਹੱਥ ਲਿਖਤ ਨੰ:97, ਜੋ 1984 ਵਿਚ ਸੜ ਕੇ ਸੁਆਹ ਹੋ ਚੁਕੀ ਹੈ, ਦੇ ਇਤਹਾਸ ਤੋਂ ਇਹ ਪਤਾ ਚੱਲਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ‘ਦਮਦਮਾ’ ਅਨੰਦ ਪੁਰ ਸਾਹਿਬ ਦੇ ਅਸਥਾਨ ਤੇ ਸਮੇਂ ਦੇ ਗੇੜ ਨਾਲ ‘ਪੋਥੀ ਸਾਹਿਬ’ ਵਿਚ ਵੱਖ ਵੱਖ ਲਿਖਾਰੀਆਂ ਵਲੋਂ ਵੱਖਰੇਵੇਂ ਨਾਲ ਚੜ੍ਹਾਈ ਜਾ ਰਹੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਨੂੰ ਆਪਣੀ ਨਿਗਰਾਨੀ ਹੇਠ ਦਰਜ ਕਰਵਾ ਕੇ  ਇਸ ਕਾਰਜ਼ ਨੂੰ ਮੁਕੰਮਲ ਕੀਤਾ। ਇਸੇ ਹੀ ਬੀੜ ਨੂੰ ਬਾਅਦ ਵਿਚ ਦਮਦਮੀ ਬੀੜ ਕਿਹਾ ਜਾਣ ਲੱਗਾ।
ਸ਼ਹੀਦ ਸਿੱਖ ਮਿਸ਼ਨਰੀ ਕਾਲਜ਼ ਦੇ ਰਹਿ ਚੁਕੇ ਪ੍ਰਿੰਸੀਪਲ ਭਾਈ ਹਰਭਜਨ ਸਿੰਘ ਜੀ ਨੇ ਆਪਣੀ ਪੁਸਤਕ ‘ਗੁਰਬਾਣੀ ਸੰਪਾਦਨ ਨਿਰਣੈ’ ਵਿਚ ਜਿਹੜੀਆਂ ਵੱਖ ਵੱਖ 9 ਬੀੜਾਂ ਦਾ ਜ਼ਿਕਰ ਕੀਤਾ ਹੈ ਉਸ ਨੂੰ ਵਾਚ ਕੇ ਕੋਈ ਵੀ ਜਿਉਂਦੀ ਜਾਗਦੀ ਆਤਮਾ ਵਾਲਾ ਮਨੁੱਖ ਇਹ ਨਹੀਂ ਕਹਿ ਸਕਦਾ ਕਿ ਪੋਥੀ ਸਾਹਿਬ ਵਿਚ ਨੌਵੇਂ ਪਾਤਸ਼ਾਹ ਦੀ ਬਾਣੀ ‘ਦਮਦਮਾ’ ਸਾਬੋ ਕੀ ਤਲਵੰਡੀ ਚੜ੍ਹਾਈ ਗਈ ਹੈ ਤੇ ਦਮਦਮੀ ਬੀੜ ਸੰਪੂਰਨ ਹੋਈ। ਇਨ੍ਹਾਂ ਨੌਂ ਬੀੜਾਂ ਵਿਚ ਸ਼੍ਰ.ਸਮਸ਼ੇਰ ਸਿੰਘ ਅਸ਼ੋਕ ਵਾਲੀ ਉਹ ਬੀੜ, ਲਿਖਣ ਸਮਾਂ ਸੰਨ 1682, ਵੀ ਸ਼ਾਮਲ ਹੈ ਜਿਸ ਨੂੰ ਅਸ਼ੋਕ ਜੀ ‘ਦਮਦਮੀ ਸਰੂਪ’ ਮੰਨਦੇ ਹਨ।
ਸ਼ਹੀਦ ਸਿੱਖ ਮਿਸ਼ਨਰੀ ਕਾਲਜ਼ ਦੇ ਰਹਿ ਚੁੱਕੇ ਪ੍ਰਿੰ. ਭਾਈ ਹਰਭਜਨ ਸਿੰਘ ਦੀ ਪੁਸਤਕ ‘ਬਿਬੇਕ-ਬੁੱਧਿ’ ਦੇ ਪੰਨਾ 145 ਤੇ ਕੇਸਗੜ੍ਹ ਸਹਿਬ ਦੇ ਸਾਬਕਾ ਜੱਥੇਦਾਰ ਸ੍ਰ. ਗੁਰਦਿਆਲ ਸਿੰਘ ਅਜਨੋਹਾ ਹੋਰਾਂ ਦੀ ਲਿਖਤੀ ਰਾਇ ਦਰਜ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ‘ਦਮਦਮਾ’ ਅਨੰਦ ਪੁਰ ਸਾਹਿਬ ਵਿਚ ਹੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦਰਜ ਕੀਤੀ।
‘ਗੁਰਬਾਣੀ ਸੰਪਾਦਨ ਨਿਰਣੈ’ ਵਿਚੋਂ ਕਾਬਲੇ ਗੌਰ ਤਾਰੀਫ ਗਵਾਹੀਆਂ।
1. ਢਾਕੇ ਵਾਲੀ ਬੀੜ ਜੋ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਤੋਂ 13 ਦਿਨ ਪਹਿਲਾਂ ਸੰਮਤ 1732, ਸੰਨ 1675, ਅਗਹਨ 2 (ਹਿੰਦੀ ਕੋਸ਼ ਮੁਤਾਬਕ ਮੱਘਰ ਦਾ ਮਹੀਨਾ) ਵਦੀ 7 ਗ੍ਰੰਥ ਲਿਖਿਆ, ਦਮਦਮਾ ਅਨੰਦ ਪੁਰ ਵਿਚ ਮੁਕੰਮਲ ਹੋਈ ਹੈ ‘ਤੇ ਇਸ ਵਿਚ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਥਾਂ ਸਿਰ ਦਰਜ ਹੈ। ਗੁਰਬਾਣੀ ਸੰਪਾਦਨ ਨਿਰਣੈ ਪੰਨਾ 202।
2. ਪਿੰਡੀ ਲਾਲਾ (ਗੁਜਰਾਤ) ਵਾਲੀ ਬੀੜ- ਸੂਚੀ ਪੱਤਰ ਸੰਮਤ 1732 ਪੋਹ 23 ਤੇਈਵੇਂ ਪੋਥੀ ਲਿਖ ਪਹੁੰਚੇ। ਖਾਸ ਨੋਟ ਕਰਨ ਵਾਲੀ ਗੱਲ ਇਹ ਹੈ ਕਿ ਇਸ ਬੀੜ ਉਪਰ ਗੁਰੂ ਤੇਗ ਬਹਾਦਰ ਸਾਹਿਬ ਦੇ ਦਸਖਤ ਹਨ ਅਤੇ ਉਨ੍ਹਾਂ ਦੀ ਸਾਰੀ ਬਾਣੀ ਅਤੇ ਸੋਦਰ 5 ਸ਼ਬਦ, ਤੇ ਸੋ ਪੁਰਖ 4 ਸ਼ਬਦ ਅੰਕਿਤ ਹਨ। ਪਹਿਲੇ ਅਸਲ ਲਿਖਾਰੀ ਵਲੋਂ ਕੋਈ ਵਾਧੂ ਬਾਣੀ ਅੰਕਿਤ ਨਹੀਂ ਮਿਲਦੀ। ਬਿਬੇਕ ਬੁੱਧਿ ਪੰਨਾ 134।
3. ਸੂਚੀ ਪਤ੍ਰ ਪੋਥੀ ਕਾ, ਤਤਕਰਾ ਰਾਗਾਂ ਕਾ, ਸੰਮਤ 1735 ਵੈਸਾਖ 13, ਸੰਨ 1678 ਪੋਥੀ ਲਿਖ ਪਹੁੰਚੇ। ਇਸ ਪੋਥੀ ਵਿਚ ਨੌਵੇਂ ਪਾਤਸ਼ਾਹ ਦੀ ਬਾਣੀ ਵੀ ਦਰਜ ਹੈ ਅਤੇ ਮੰਗਲ ਇਕ ਸਮਾਨ ਹਨ। ਗੁ. ਸੰ. ਨਿਰਣੈ ਪੰਨਾ 202।
ਕਿਉਂਕਿ ਗੁਰੂ ਅਰਜਨ ਪਾਤਸ਼ਾਹ ਜੀ ਨੇ ਇਕ ਬੀੜ ਤਿਆਰ ਕਰਵਾ ਕੇ ਉੱਸਦੇ ਕਈ ਸਾਰੇ ਹੋਰ ਉਤਾਰੇ ਕਰਵਾਏ ਤੇ ਮੌਕੇ ਦੀ ਸਰਕਾਰ ਦੇ ਤੌਰ ਤਰੀਕਿਆਂ ਨੂੰ ਭਾਂਪਦੇ ਹੋਏ ਉਨ੍ਹਾਂ ਨੇ ਇਹ ਬੀੜਾਂ ਵੱਖਰੇ ਵੱਖਰੇ ਥਾਵਾਂ ਤੇ ਪਹੁੰਚਾਈਆਂ ਕਿ ਜੇ ਕਰ ਕੁੱਝ ਬੀੜਾਂ ਜਬਤ ਵੀ ਹੋ ਜਾਣ ਤਾਂ ਕੁੱਝ ਕੁ ਤਾਂ ਬੱਚ ਸਕਣ। ਉਪਰਲੀਆਂ ਗਵਾਹੀਆਂ ਇਹ ਸਿੱਧ ਕਰਦੀਆਂ ਹਨ ਕਿ ਗੁਰੂ ਤੇਗ ਬਹਾਦਰ ਸਾਹਿਬ ਆਪਣੀ ਬਾਣੀ ਆਪ ਦਰਜ ਕਰਦੇ ਹਨ ਪਰ ਜਿਹੜੀਆਂ ਬੀੜਾਂ ਇੱਧਰ-ਉੱਧਰ ਗਈਆਂ ਹੋਈਆਂ ਸਨ ਉਨ੍ਹਾਂ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਨੂੰ ਇਕ ਤਰਤੀਬ ਦੇਣ ਦਾ ਕੰਮ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜੁੰਮੇ ਲੱਗਾ। ਬਾਅਦ ਵਿੱਚ ਇਸ ਕੰਮ ਬਾਰੇ ਕਹਾਣੀ ਘੜ ਕੇ ਦਮਦਮਾ ਸਾਬੋ ਕੀ ਤਲਵੰਡੀ ਨਾਲ ਜੋੜ ਦਿੱਤਾ ਗਿਆ। ਇਸ ਕਹਾਣੀ ਨੂੰ ਬੰਸਾਵਲੀ ਨਾਮਾ ਕੇਸਰ ਸਿੰਘ ਛਿਬਰ ਲਿਖਣ ਸਮਾਂ ਸੰਮਤ 1826 (ਸੰਨ  1769) ਵਿਚ ਕੋਈ ਥਾਂ ਨਹੀਂ ਮਿਲਿਆ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਧੀਰਮੱਲ ਜੀ ਤੋਂ ਕਰਤਾਰਪੁਰੀ ਬੀੜ ਦਾ ਕੋਈ ਉਤਾਰਾ ਮੰਗਵਾਇਆ ਯਾ ਨਾ ਮਿਲਣ ਤੇ ਆਪਣੀ ਰਸਨਾ ਤੋਂ ਗੁਰੂ ਗ੍ਰੰਥ ਦਾ ਉਚਾਰਣ ਕੀਤਾ। ਇਸੇ ਹੀ ਤਰ੍ਹਾਂ ਗਿਆਨੀ ਗਿਆਨ ਸਿੰਘ ਜੀ (1822ਈ: ਤੋਂ 1921) ਦੀਆਂ ਉਨੀਵੀਂ ਸਦੀ ਦੇ ਅੰਤ ਅਤੇ ਵੀਹਵੀਂ ਸਦੀ ਦੇ ਸ਼ੁਰੂ ਦੀਆਂ ਲਿਖੀਆਂ ਦੋ ਪੁਸਤਕਾਂ, “ ਪੰਥ ਪ੍ਰਕਾਸ਼ ਤੇ ਤਵਾਰੀਖ ਗੁਰੂ ਖਾਲਸਾ” ਦਾ ਜ਼ਿਕਰ ਕਰਦੇ ਪ੍ਰਿੰਸੀਪਲ ਹਰਭਜਨ ਸਿੰਘ ਜੀ ਆਪਣੀ ਪੁਸਤਕ ‘ਬਿਬੇਕ ਬੁੱਧਿ’ ਦੇ ਪੰਨਾ 132 ਅਤੇ 133 ਤੇ ਇੰਞ ਲਿਖਦੇ ਹਨ:
1.      ਗਿਆਨੀ ਗਿਆਨ ਸਿੰਘ ਮੁਤਾਬਕ, “ਧੀਰਮੱਲ ਉਪਰੋਕਤ ਤਾਹਨੇ ਵਿਚ ਇਹ ਵੀ ਆਖਦਾ ਹੈ ਕਿ ਜਿਵੇਂ “ਨਵਾਂ ਪੰਥ ਰਚਿਆ ਹੈ, ਤਿਵੇਂ ‘ਨਵਾਂ ਗ੍ਰੰਥ’ ਰਚ ਲਵੋ। ਪਰ ਦੇਖਣ ਵਾਲੀ ਗੱਲ ਤਾਂ ਇਹ ਹੈ ਕਿ ਪੰਥ ਦੀ ਸਾਜਨਾ ਤਾਂ ਸੰਨ 1699 (ਸੰਮਤ 1756) ਵਿਚ ਹੁੰਦੀ ਹੈ ਪਰ ਤਾਹਨਾ ਤਾਂ ਸੰਨ 1677 (ਸੰਮਤ 1733-34) ਵਿਚ ਮਿਲਦਾ ਹੈ। ਪੰਥ ਦੀ ਸਾਜਨਾ ਬਾਅਦ ਵਿਚ ਹੋਈ ਤੇ ਤਾਹਨਾ ਤਾਂ ਪਹਿਲਾਂ ਮਾਰਿਆ ਗਿਆ ਹੈ, ਫੇਰ ਗਿਆਨੀ ਜੀ ਦੀਆ ਦੋਵੇਂ ਗੱਲਾਂ, ਤਾਅਨਾ ਪਹਿਲਾਂ ਤੇ ਨਵਾਂ ਪੰਥ ਬਾਅਦ-ਕਿਵੇਂ ਜੁੜੀਆਂ?
ਕਿਉਂਕਿ, ਭੱਟ ਵਹੀਆਂ ਦੀ ਪ੍ਰਮਾਣੀਕ ਤੇ ਅਕੱਟ ਗਵਾਹੀ ਇਹ ਸਿੱਧ ਕਰਦੀ ਹੈ ਕਿ ਬਾਬਾ ਧੀਰਮੱਲ ਤੇ ਉੱਸਦੇ ਬੇਟੇ ਰਾਮ ਚੰਦ ਨੂੰ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਇਆਈ ਕਾਲ ਦੇ ਪਹਿਲੇ ਸਾਲ ਅਤੇ ਦਮਦਮਾ, ਤਲਵੰਡੀ ਸਾਬੋ ਕੀ, ਪਹੁੰਚਣ ਤੋਂ 23 ਸਾਲ ਪਹਿਲਾਂ ਹੀ ਬਾਦਸ਼ਾਹ ਔਰੰਗਜ਼ੇਬ ਦੇ ਹੁਕਮ ਨਾਲ ਸੰਨ 1676 (ਸੰਮਤ 1733) ਵਿਚ ਗ੍ਰਿਫਤਾਰ ਕੀਤਾ ਜਾ ਚੁੱਕਿਆ ਸੀ ਅਤੇ ਰਣਥੰਬੋਰ ਦੇ ਕਿਲੇ ਵਿਚ ਨਜ਼ਰਬੰਦ ਰੱਖ ਕੇ ਫਿਰ ਅਗਲੇ ਸਾਲ ਸੰਨ 1677 (ਸੰਮਤ 1734) ਨੂੰ ਬਾਬਾ ਧੀਰਮੱਲ  ਅਤੇ ਸੰਨ 1678 (ਸੰਮਤ 1735) ਵਿਚ ਉੱਸਦੇ ਬੇਟੇ ਰਾਮਚੰਦ ਨੂੰ ਕਤਲ ਕਰ ਦਿੱਤਾ ਗਿਆ ਸੀ।
ਪ੍ਰਿੰ. ਹਰਭਜਨ ਸਿੰਘ ਦੀ ਪੁਸਤਕ ‘ਬਿਬੇਕ ਬੁਧਿ’ ਦੇ ਪੰਨਾ 132 ‘ਤੇ ਭੱਟ ਵਹੀਆਂ ਦੀ ਲਿਖਤ ਦਾ ਵੇਰਵਾ ਇਸ ਪ੍ਰਕਾਰ ਹੈ: “ ਸੰਮਤ 1733 ਅਸੂ ਵਦੀ ਦੁਆਦਸ਼ੀ ( ਸੰਨ 1676) ਨੂੰ ਬਾਬਾ ਬਕਾਲਾ ਤੋਂ ਬਾਬਾ ਧੀਰਮੱਲ ਜੀ ਦਿੱਲ੍ਹੀ ਸਰਕਾਰ ਦੇ ਬੁਲਾਏ ਦਿੱਲ੍ਹੀ ਨੂੰ ਗਏ।  ਗੁਰ ਪ੍ਰਣਾਲੀ ਕਰਤਾਪੁਰ ਸੋਢੀਆਂ, ਲਿਖਤ ਦਉਲਤ ਰਾਇ ਭੱਟ,ਲਹੌਰ ਨਿਵਾਸੀ।
 
2.ਗਿਆਨੀ ਗਿਆਨ ਸਿੰਘ ਜੀ ‘ਤਵਾਰੀਖ ਗੁਰੂ ਖਾਲਸਾ’ ਵਿਚ ਪੰਨਾ 1062 ਤੇ ਲਿਖਦੇ ਹਨ ਕਿ ਦਸਵੇਂ ਪਾਤਸ਼ਾਹ ਵਲੋਂ ਸ੍ਰੀ ਦਮਦਮੇ ਸਾਹਿਬ ਵਿਖੇ ਰਚੀ ਗਈ ਬੀੜ ਤੋਂ ਬਾਬਾ ਦੀਪ ਸਿੰਘ ਜੀ ਨੇ ਚਾਰ ਉਤਾਰੇ ਕੀਤੇ ਅਤੇ ਚੌਂਹ ਸ੍ਰੇਸ਼ਟ ਥਾਈਂ ਭੇਜੇ। ਦੂਸਰੇ ਗ੍ਰੰਥ ‘ਪੰਥ ਪ੍ਰਕਾਸ’ ‘ਚ ਏਹੀ ਗਿਆਨੀ ਜੀ ਲਿਖਦੇ ਹਨ ਕਿ ਬਾਬਾ ਦੀਪ ਸਿੰਘ ਜੀ ਨੇ ਭਾਈ ਬੰਨੋ ਵਾਲੀ ਬੀੜ ਤੋਂ ਕੇਵਲ ਇਕ ਉਤਾਰਾ ਕੀਤਾ ਤੇ ਉਸਨੂੰ ਕਰਤਾਰਪੁਰ ਸਾਹਿਬ ਵਾਲੀ ਆਦਿ ਬੀੜ ਤੋਂ ਕੇਵਲ ਪਹਿਲੇ ਪੰਜਾਂ ਸਤਿਗੁਰਾਂ, ਭਗਤਾਂ ਤੇ ਭੱਟਾਂ ਦੀ ਬਾਣੀ ਹੀ ਮੇਲੀ। ਨੌਵੇਂ ਮਹਲੇ ਦੀ ਬਾਣੀ ਜਿਵੇਂ ਭਾਈ ਬੰਨੋ ਵਾਲੀ ਬੀੜ ਵਿਚ ਅੰਕਿਤ ਸੀ, ਉਹ ਉਵੇਂ ਹੀ ਰੱਖ ਲਈ।
3. ਅੰਤ ਵਿਚ ਇਸੇ ਹੀ ਗ੍ਰੰਥ ਵਿਚ ਗਿਆਨੀ ਜੀ ਆਪ ਹੀ ਮੰਨਦੇ ਹਨ ਕਿ ਉਨ੍ਹਾਂ ਨੇ ਸ੍ਰੀ ਦਮਦਮੇ ਸਾਹਿਬ (ਸਾਬੋ ਕੀ ਤਲਵੰਡੀ) ਵਿਖੇ ਬੀੜ ਰਚਨਾ ਦੀ ਗੱਲ “ਜਿਵੇਂ ਸੁਣੀ ਸੁਣਾਈ ਸੀ” ਤਿਵੇਂ ਲਿਖ ਦਿੱਤੀ।
ਗਿਆਨੀ ਜੀ ਦੇ ਦੋਵੇਂ ਗ੍ਰੰਥਾਂ ਵਿਚੋਂ ਕਿਤੇ ਇਹ ਹਵਾਲਾ ਨਹੀਂ ਮਿਲਦਾ ਕਿ ਦਸਮ ਪਿਤਾ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ‘ਪੋਥੀ ਸਾਹਿਬ’ ਵਿਚ ਪਹਿਲੀ ਵਾਰੀ ਅੰਕਿਤ ਕੀਤੀ ਹੈ।
ਇਸ ਸੰਪੂਰਣਤਾ ਦਿਵਸ ਦੇ ਸਬੰਧ ਵਿਚ ਸ੍ਰ. ਹਰਭਜਨ ਸਿੰਘ, ਪ੍ਰਿੰਸੀਪਲ ਸਿੱਖ ਸ਼ਹੀਦ ਮਿਸ਼ਨਰੀ ਕਾਲਜ ਲੁਧਿਆਣਾ, ਆਪਣੀ ਪੁਸਤਮ ‘ਬਿਬੇਕ ਬੁੱਧਿ’ ਦੇ ਪੰਨਾ 148 ਤੇ ਇਉਂ ਲਿਖਦੇ ਹਨ: “ਸਭ ਤੋਂ ਵੱਡਾ ਖੇਦ ਤੇ ਫਿਕਰ ਇਹ ਹੈ ਕਿ ਸ਼੍ਰੋ. ਗੁ. ਪ੍ਰ. ਕਮੇਟੀ ਅੰਮ੍ਰਿਤਸਰ ਨੇ ਬਿਨਾਂ ਪਰਖੇ ਪੜਚੋਲੇ ਦੇ, ਆਪ ਸ਼੍ਰੋਮਣੀ ਯੰਤਰੀ 1997 ਵਿੱਚ ਇਸ ਇਤਿਹਾਸਕ ਘਟਨਾ ਨੂੰ ਪੱਕਿਆਂ ਕਰ ਰਹੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਣਤਾ ਦਿਨ 30 ਅਗਸਤ ਹੈ, ਸ੍ਰੀ ਦਮਦਮਾ ਸਾਹਿਬ”। ਇਹ ਸਾਰਾ ਕੁੱਝ ਰਾਜਸੀ ਦਬਾਓ ਕਾਰਣ ਹੋ ਰਿਹਾ ਹੈ ਜੋ ਪੰਥ ਲਈ ਅੱਗੇ ਜਾ ਕੇ ਘਾਤਕ ਸਿੱਧ ਹੋਵੇਗਾ। ਅੱਜ ਤਾਂ ਅਸੀਂ ਆਪਣੀਆਂ ਆਪਣੀਆਂ ਦੁਕਾਨਾਂ ਚਲਾਉਣ ਲਈ ਇਹ ਸਾਰਾ ਕੁੱਝ ਅੱਖਾਂ ਬੰਦ ਕਰਕੇ ਕਰੀ ਜਾ ਰਹੇ ਹਾਂ ਕੱਲ੍ਹ ਨੂੰ ਨਤੀਜਾ ਕੀ ਨਿਕਲੇਗਾ ਇਸ ਬਾਰੇ ਕਿਸੇ ਸੋਚਿਆ ਨਹੀਂ। ਇਤਹਾਸ ਬਦਲ ਦੇਣਾ ਕੌਮ ਨੂੰ ਖੂਹ ਵਿਚ ਸੁੱਟਣ ਦੇ ਬਰਾਬਰ ਹੈ।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ।