ਘੁਸਪੈਠੀ ਪਾਰਟੀ - ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ

ਨਵੇਂ ਘਰ ਵਿੱਚ ਸ਼ਿਫਟ ਹੋਣ 'ਤੇ,
ਪੁਰਾਣਾ ਘਰ ਮੈਂ ਸੇਲ 'ਤੇ ਲਾ 'ਤਾ।
ਏਜੰਟ ਦੇ ਹੱਥ ਚਾਬੀਆਂ ਦੇ ਕੇ,
ਕੀਮਤ, ਰੇਟ ਵੀ ਸਭ ਸਮਝਾ 'ਤਾ।

ਕਿਹਾ ਕਿ ਭਾਈ ਹੁਣ ਤੇਰੇ ਜ਼ਿੰਮੇ,
ਹੈ ਇਸ ਨੂੰ ਵੇਚਣ ਦਾ ਕਾਰਜ,
ਜਦ ਤੱਕ ਇਹ ਘਰ ਵਿਕਦਾ ਨਹੀਂ ,
ਤੇਰੇ ਹੱਥ ਹੈ ਸਾਰਾ ਚਾਰਜ।

ਰੰਗ ਰੋਗਨ 'ਤੇ ਮੁਰੰਮਤ ਕਰਕੇ,
ਅਸੀਂ ਘਰ ਚਮਕਾ ਦਿੱਤਾ ਸੀ,
ਏਜੰਟ ਨੇ ਫੌਰ ਸੇਲ ਦਾ ਫੱਟਾ,
ਫਰੰਟ 'ਤੇ ਜਾ ਕੇ ਲਾ ਦਿੱਤਾ ਸੀ।

ਉਮੀਦ ਬੜੀ ਸੀ ਬਹੁਤ ਹੀ ਛੇਤੀ,
ਘਰ ਸਾਡਾ ਇਹ ਵਿਕ ਜਾਵੇਗਾ,
ਦੋ ਘਰਾਂ ਦੀ ਸਾਂਭ ਸੰਭਾਲ ਦਾ,
ਟੰਟਾ ਜਲਦੀ ਮੁੱਕ ਜਾਵੇਗਾ।

ਕੁੱਝ ਹਫਤੇ ਦੇ ਵਕਫੇ ਪਿੱਛੋਂ ਮੈਂ,
ਇੱਕ ਦਿਨ ਗੇੜਾ ਉਧਰ ਮਾਰਿਆ,
ਪਰ ਜੋ ਨਜ਼ਾਰਾ ਦੇਖ ਮੈਨੂੰ ਲੱਗਾ,
ਜਿਵੇਂ ਜੂਆ ਸੀ ਮੈਂ ਕੋਈ ਹਾਰਿਆ।

ਘਰ ਦੇ ਅਗਲੇ ਗਾਰਡਨ ਵਿੱਚ,
ਕੁੱਝ ਬੱਚੇ ਮੈਂ ਖੇਡਦੇ ਦੇਖੇ,
ਘਰ ਅੰਦਰ ਗਹਿਮਾ ਗਹਿਮ ਦੇਖ,
ਮੈਨੂੰ ਪੈ ਗਏ ਕਈ ਭੁਲੇਖੇ।

ਕੀ ਦੇਖਾਂ ਕਿ ਸਾਰੇ ਘਰ ਨੂੰ,
ਪੂਰੀ ਤਰ੍ਹਾਂ ਸਜਾ ਰੱਖਿਆ ਸੀ,
ਸਜ ਧਜ ਵਾਲੇ ਮਹਿਮਾਨਾਂ ਨੇ,
ਪਾਰਟੀ ਮਹੌਲ ਬਣਾ ਰੱਖਿਆ ਸੀ।

ਸਾਹੋ ਸਾਹੀ ਹੁੰਦਾ ਮੈਂ ਵੀ,
ਘਰ ਦੇ ਵਿੱਚ ਜਾ ਦਾਖਲ ਹੋਇਆ,
ਖਚਾ ਖਚ ਭਰੇ ਘਰ ਨੂੰ ਦੇਖ,
ਮੇਰਾ ਹਿਰਦਾ ਗਿਆ ਸੀ ਕੋਹਿਆ।

ਘਬਰਾਹਟ ਦੇ ਵਿੱਚ ਸੋਚ ਰਿਹਾ ਸਾਂ,
ਕੋਈ ਮੋਹਤਬਾਰ ਬੰਦਾ ਲੱਭੇ,
ਜਿਸ ਨੂੰ ਬਿਠਾਲ਼ ਕੇ ਮੈਂ ਪੁੱਛਾਂ,
ਇੰਨੇ ਬੰਦੇ ਕਿੱਥੋਂ ਹੈ ਸੱਦੇ।

ਪੁੱਛ ਗਿੱਛ ਕਰਕੇ ਮੈਂ ਆਖਰ,
ਬੰਦਾ ਇੱਕ ਲੱਭ ਲਿਆ ਸੀ,
ਬਿਠਾ ਕੇ ਉਸ ਨੂੰ ਮੈਂ ਪੁੱਛਿਆ,
ਇਹ ਹੰਗਾਮਾ ਕਿੰਝ ਘੜਿਆ ਸੀ।

ਕਹਿੰਦਾ ਸਾਨੂੰ ਪਾਰਟੀ ਵਾਸਤੇ,
ਢੁਕਵੀਂ ਜਗ੍ਹਾ ਦੀ ਸੀ ਤਲਾਸ਼,
ਤੇ ਤੁਹਾਡੇ ਏਜੰਟ ਨੇ ਕੱਢੀ ਸੀ,
ਏਸ ਜਗ੍ਹਾ ਦੀ ਇੰਵੇ ਭੜਾਸ।

ਕਿਹਾ ਸੀ ਸਸਤੇ ਭਾਅ ਤੁਹਾਡੇ ਲਈ,
ਕੁੱਛ ਐਸਾ ਪ੍ਰਬੰਧ ਕਰਦਾ ਹਾਂ,
ਖਾਮੋਸ਼ੀ ਨਾਲ ਪਾਰਟੀ ਕਰਨ ਦੀ,
ਮੈਂ ਆਗਿਆ ਦੇ ਸਕਦਾ ਹਾਂ।

ਸਾਨੂੰ ਇਲਮ ਨਹੀਂ ਘਰ ਕਿਸਦਾ,
ਅਸੀਂ ਤਾਂ ਕਿਰਾਇਆ ਤਾਰ ਦਿੱਤਾ ਹੈ,
ਅਸੀਂ ਤਾਂ ਖੁਸ਼ ਹਾਂ ਉਸ ਬੰਦੇ ਨੇ,
ਸਾਡਾ ਬੁੱਤਾ ਸਾਰ ਦਿੱਤਾ ਹੈ।

ਸੁਣ ਕੇ ਮੈਨੂੰ ਗੁੱਸਾ ਚੜ੍ਹਿਆ,
ਮੈਂ ਹੋ ਗਿਆ ਸੀ ਸਾਹੋ ਸਾਹੀ,
ਸਮਝ ਨਾ ਲੱਗਿਆ ਕੀ ਕਰਾਂ ਮੈਂ,
ਉਠ ਭੱਜਿਆ ਮੈਂ ਵਾਹੋ ਦਾਹੀ।

ਕਿਸੇ ਚੀਜ਼ ਵਿੱਚ ਪੈਰ ਮੇਰਾ ਜਾਂ,
ਫੱਸ ਕੇ ਮੈਂ ਸੀ ਐਸਾ ਡਿਗਿਆ,
ਨਾਲ ਹੀ ਮੈਨੂੰ ਸਮਝ ਆ ਗਿਆ,
ਕਿਸ ਚੱਕਰ 'ਚ ਮੈਂ ਸੀ ਘਿਰਿਆ।

ਇਹ ਸੀ ਬੱਸ ਇੱਕ ਸੁਪਨਾ ਮੇਰਾ,
ਜਿਸ ਪਾਏ ਸੀ ਸਭ ਪੁਆੜੇ,
ਵੈਸੇ ਨਾ ਕੋਈ ਘਰ ਮੈਂ ਖਰੀਦਿਆ,
ਨਾ ਕੋਈ ਵੇਚੇ ਮਹਿਲ ਚੁਬਾਰੇ।

ਮੂੰਹ ਜ਼ੁਬਾਨੀ ਜਮ੍ਹਾਂ ਘਟਾਉ ਦਾ,
ਸਾਰਾ ਸੀ ਇਹ ਗੋਰਖ ਧੰਦਾ,
ਜਿਸ ਦੀ ਉਲਝਣ ਵਿੱਚ ਮੈਂ ਫਸਿਆ,
ਸੀ ਇੱਕ ਸਿੱਧਾ ਸਾਦਾ ਬੰਦਾ।
ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ