ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
ਅਕਾਲ ਤਖ਼ਤ ਦੇ ਆਦੇਸ਼ ਅਨੁਸਾਰ ਅਕਾਲੀ ਦਲ ਨੇ ਅਸਤੀਫ਼ੇ ਕਿਉਂ ਨਹੀਂ ਦਿਤੇ?- ਪੰਥਕ ਤਾਲਮੇਲ ਕਮੇਟੀ
ਰੱਸੀ ਜਲ਼ ਜਾਂਦੀ ਐ ਪਰ ਵੱਟ ਨਹੀ ਜਾਂਦਾ।
ਹਰਿਆਣਾ ਸਰਕਾਰ ਦੀ ਕਿਸਾਨਾਂ ਵਿਰੁੱਧ ਤਾਨਾਸ਼ਾਹੀ ਅਤਿ ਨਿੰਦਣਯੋਗ-ਪਰਤਾਪ ਸਿੰਘ ਬਾਜਵਾ
ਚੁੱਕੀ ਹੋਈ ਪੰਚਾਂ ਦੀ ਗਾਲ਼ ਬਿਨਾਂ ਨਾ ਬੋਲੇ।
ਮੈਂ ਅਡਾਨੀ ਨੂੰ ਕਦੇ ਨਹੀਂ ਮਿਲਿਆ- ਤਾਮਿਲਨਾਡੂ ਦੇ ਮੁੱਖ ਮੰਤਰੀ ਮਿ. ਸਟਾਲਿਨ
ਐਵੇਂ ਰੌਲ਼ਾ ਪੈ ਗਿਆ, ਬਈ ਐਵੇਂ ਰੌਲਾ ਪੈ ਗਿਆ।
ਮੋਦੀ ਸਰਕਾਰ ਸਾਰੀ ਖੇਤੀ ਬਾੜੀ ਪੈਦਾਵਾਰ ਨੂੰ ਘੱਟੋ-ਘੱਟ ਸਮਰਥਨ ਮੁੱਲ ‘ਤੇ ਖਰੀਦੇਗੀ- ਸ਼ਿਵ ਰਾਜ ਚੌਹਾਨ
ਤੇਰਾ ਲਾਰਾ ਵੇ ਸ਼ਰਾਬੀਆਂ ਦੀ ਗੱਪ ਵਰਗਾ।
ਇਸੇ ਸੈਸ਼ਨ ਦੌਰਾਨ ਹੀ ਸਰਕਾਰ ਕਿਸਾਨਾਂ ਨੂੰ ਐਮ.ਐਸ.ਪੀ. ਦੀ ਕਾਨੂੰਨੀ ਗਰੰਟੀ ਦੇਵੇ-ਕਾਂਗਰਸ
ਉਹ ਕਹੇ ਘੱਟ ਨਾ ਤੋਲੀਂ, ਉਹ ਕਹੇ ਥੜ੍ਹੇ ‘ਤੇ ਨਾ ਚੜ੍ਹੀਂ।
ਤਨਖਾਹੀਏ ਬਾਦਲ ਟੋਲੇ ਨੂੰ ਸਿਆਸੀ ਰੂਪ ਵਿਚ ਪੰਥ ਕਦੇ ਵੀ ਪ੍ਰਵਾਨ ਨਹੀਂ ਕਰੇਗਾ- ਖਾਲੜਾ ਮਿਸ਼ਨ
ਗੈਨ ਗ਼ਰਕ ਤੂਫ਼ਾਨ ਦੇ ਵਿਚ ਹੋਏ, ਜਿਹੜੇ ਰੱਬ ਦਾ ਹੁਕਮ ਨਾ ਮੰਨਦੇ ਨੇ।
ਧਾਮੀ ਦੇ ਮੁੱਦੇ ‘ਤੇ ਬੀਬਾ ਹਰਸਿਮਰਤ ਕੌਰ ਬਾਦਲ ਚੁੱਪ ਕਿਉਂ ਹੈ?- ਬੀਬੀ ਗੁਲਸ਼ਨ
ਤੇਰੀ ਆਈ ਮੈਂ ਮਰ ਜਾਂ, ਤੇਰਾ ਵਾਲ਼ ਵੀ ਵਿੰਗਾ ਨਾ ਹੋਵੇ।
ਕਿਸਾਨ ਜਥੇਬੰਦੀਆਂ ਨੂੰ ਇਕ ਵਾਰ ਇਕ ਮੁੱਠ ਹੋ ਕੇ ਦਿੱਲੀ ਘੇਰਨੀ ਪਵੇਗੀ- ਟਿਕੈਤ
ਲੱਤਾਂ ਵਾਲ਼ੇ ਭੂਤ ਕਦੋਂ ਗੱਲਾਂ ਨਾਲ ਮੰਨਦੇ।
ਜਸਟਿਸ ਲੋਇਆ ਬਾਰੇ ਮਹੂਆ ਮੋਇਤਰਾ ਦੀ ਟਿੱਪਣੀ ‘ਤੇ ਲੋਕ ਸਭਾ ‘ਚ ਹੰਗਾਮਾ- ਇਕ ਖ਼ਬਰ
ਜਦੋਂ ਸੱਚੀਆਂ ਸੁਣਾਈਆਂ ਨੀਂ, ਬੜਾ ਦੁਖ ਲੱਗਿਆ, ਬੜਾ ਦੁਖ ਲੱਗਿਆ।
ਧਨਖੜ ਨੂੰ ਹਟਾਉਣ ਦਾ ਨੋਟਿਸ ਅਫ਼਼ਸੋਸਜਨਕ- ਕਿਰਨ ਰਿਜੀਜੂ
ਤੈਨੂੰ ਤਾਪ ਚੜ੍ਹੇ, ਮੈਂ ਹੂੰਗਾਂ।
ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਬਾਦਲ ਦਲ ਨੇ ਅਕਾਲ ਤਖ਼ਤ ਦੀ ਮਰਿਆਦਾ ਨੂੰ ਲਾਈ ਢਾਅ- ਪ੍ਰੋ.ਘੱਗਾ
ਵਾਦੜੀਆਂ ਸਜਾਦੜੀਆਂ, ਨਿਭਣ ਸਿਰਾਂ ਦੇ ਨਾਲ਼।
ਨਾਮਜ਼ਦਗੀ ਕਾਗ਼ਜ਼ ਦਾਖ਼ਲ ਕਰਨ ਵੇਲੇ ਕਾਂਗਰਸ ਅਤੇ ‘ਆਪ’ ਵਰਕਰਾਂ ‘ਚ ਭਿੜੰਤ ਹੋਈ- ਇਕ ਖ਼ਬਰ
‘ਰੌਣਕ ਮੇਲੇ’ ਤੋਂ ਬਿਨਾਂ ਕਾਹਦੀਆਂ ਚੋਣਾਂ।
ਕਿਸਾਨ ਸਮਝ ਗਏ ਹਨ ਕਿ ਮੋਦੀ ਉਨ੍ਹਾਂ ਦੇ ਵਿਰੁੱਧ ਹਨ- ਖੜਗੇ
ਖੜਗੇ ਜੀ! ਕਿਸਾਨ ਤਾਂ ਬਹੁਤ ਦੇਰ ਦੇ ਸਮਝ ਗਏ ਹਨ, ਤੁਸੀਂ ਹੀ ਘੁੰਡ ਕੱਢ ਕੇ ਨੱਚਦੇ ਹੋ।
ਸ਼੍ਰੋਮਣੀ ਕਮੇਟੀ ਪ੍ਰਧਾਨ ਅਕਾਲ ਤਖ਼ਤ ਦੇ ਫ਼ੈਸਲੇ ਨੂੰ ਲਾਗੂ ਕਰਵਾਉਣ ਦੀ ਬਜਾਇ ਬਹਾਨੇ ਬਣਾ ਰਿਹੈ- ਪੰਥਕ ਤਾਲਮੇਲ ਕਮੇਟੀ
ਇਸ ਪ੍ਰਧਾਨ ਨੂੰ ਏਸ ਸਦੀ ਦੇ ਸਭ ਤੋਂ ਵੱਡੇ ਕੜਛੇ ਦਾ ਖ਼ਿਤਾਬ ਦੇਣਾ ਚਾਹੀਦਾ ਹੈ।
ਕਿਸਾਨੀ ਮੰਗਾਂ ਨੂੰ ਅਣਗੌਲ਼ੇ ਕਰ ਕੇ ਸਰਕਾਰਾਂ ਦੇਸ਼ ਦੀ ਤਬਾਹੀ ਕਰ ਰਹੀਆਂ ਹਨ- ਲੱਖੋਵਾਲ
ਮੱਤ ਕੌਣ ਦੇਵੇ ਏਸ ਸਰਕਾਰ ਨੂੰ, ਮੱਝਾਂ ਜਾਂਦੀਆਂ ਛੱਪੜ ਦੀ ਗਾਰ ਨੂੰ।
====================================================================