ਹਾਕਮ - ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ

ਹਾਕਮ ਤਾਕਤ ਦੇ ਨਸ਼ਿਆਂ ਵਿੱਚ,
ਚੂਰ ਨਿੱਤ ਹੀ ਰਹਿੰਦੇ ਨੇ,
ਤਾਮੀਲੇ ਹੁਕਮਾਂ ਦੀ ਆਸ ਵਿੱਚ,
ਮਗ਼ਰੂਰ ਹਮੇਸ਼ਾ ਰਹਿੰਦੇ ਨੇ।

ਮੌਸਮ ਨਾ ਬਦਲੇ ਬਿਨਾ ਪੁੱਛੇ,
ਇਹ ਸਮਝਾਉਂਦੇ ਨੇ ਸਾਨੂੰ,
ਢਲ ਜਾਏ ਰਾਤ ਫੇਰ ਵੀ ਇਹ,
ਦਿਨ ਨੂੰ ਰਾਤ ਹੀ ਕਹਿੰਦੇ ਨੇ।

ਝੁਰਮਟ ਚਾਟੜਿਆਂ ਦਾ ਰੱਖਣ,
ਸਦਾ ਹੀ ਆਲ਼ ਦੁਆਲ਼ੇ,
ਜਿੱਥੇ ਵੀ ਇਹ ਜਾ ਜਾ ਕੇ,
ਹਰ ਦਿਨ ਉੱਠਦੇ ਬਹਿੰਦੇ ਨੇ।

ਨਹੀਂ ਹੋਣ ਦਿੰਦੇ ਬਹਾਰ ਨੂੰ,
ਖੁਸ਼ ਤਾਜ਼ਾ ਫੁੱਲਾਂ ਦੇ ਨਾਲ,
ਉਜਾੜੇ ਇਨ੍ਹਾਂ ਦੇ ਬਾਗਾਂ ਦੇ ਵਿੱਚ,
ਸਦਾ ਹੀ ਉੱਲੂ ਰਹਿੰਦੇ ਨੇ।

ਮਰਜ਼ੀ ਨਾਲ ਹੀ ਚਿੜੀਆਂ ਨੂੰ ਇਹ,
ਜੀਵਣ ਦਾ ਹੱਕ ਦੇਵਣ,
ਜੇ ਚਾਹੁਣ ਤਾਂ ਕਿਸੇ ਵੀ ਵੇਲੇ,
ਜਾਨਾਂ ਕੋਹ ਵੀ ਲੈਂਦੇ ਨੇ।

ਘਿਰੇ ਰਹਿੰਦੇ ਨੇ ਹਮੇਸ਼ਾਂ,
ਤਣੀਆਂ ਹੋਈਆਂ ਸੰਗੀਨਾਂ ਵਿੱਚ,
ਬਹਾਦਰ ਇੰਨੇ ਨੇ ਕਿ ਨਿਹੱਥੇ,
ਲੋਕਾਂ ਤੋਂ ਵੀ ਤਰਿੰਹਦੇ ਨੇ।

ਡਰਦੇ ਨੇ ਕਿ ਸੋਨੇ ਦੀ ਲੰਕਾ,
ਕਿਤੇ ਮਿੱਟੀ ਨਾ ਹੋ ਜਾਵੇ,
ਇਸੇ ਹੀ ਲਾਲਚ ਦੀ ਖ਼ਾਤਰ,
ਜਨਤਾ ਨਾਲ਼ ਲੋਹਾ ਲੈਂਦੇ ਨੇ।

ਗ਼ਰੀਬਾਂ ਦੇ ਮੂਹੋਂ ਖੋਹ ਖੋਹ ਕੇ,
ਗੋਗੜਾਂ ਭਰਨੇ ਵਾਲੇ,
ਹਰਾਮਖੋਰੀ ਦੀ ਮਸਤੀ ਵਿੱਚ,
ਫੇਰ ਸਾਹ ਵੀ ਔਖਾ ਲੈਂਦੇ ਨੇ।

ਦਬਕੇ ਅਤੇ ਦਮਗਜੇ ਹਮੇਸ਼ਾਂ,
ਹੈ ਇਨ੍ਹਾਂ ਦੀ ਬੋੱਲੀ ਵਿੱਚ,
ਸਤੇ ਹੋਏ ਇਨ੍ਹਾਂ ਦੇ ਜ਼ੁਲਮਾਂ ਤੋਂ,
ਹਾਵੇ 'ਤੇ ਆਹਾਂ ਸਹਿੰਦੇ ਨੇ।

ਭੁੱਲ ਜਾਂਦੇ ਨੇ ਤਖਤਾਂ ਉੱਤੇ,
ਰਾਜ ਇਹ ਕਰਨੇ ਵਾਲੇ,
ਕਿ ਕਦੀ ਤਖਤੀਆਂ ਦੇ ਹਾਰ ਵੀ,
ਸ਼ਿੰਗਾਰ ਬਣਾਉਣੇ ਪੈਂਦੇ ਨੇ।
ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ