ਚੋਰ ਅੱਖ - ਕਹਾਣੀ - ਅਵਤਾਰ ਐਸ. ਸੰਘਾ
ਆਸਟਰੇਲੀਆ ਵਿੱਚ ਟੈਕਸੀ ਸਟੈਂਡ ਨੂੰ ਟੈਕਸੀ ਰੈਂਕ ਕਹਿੰਦੇ ਹਨ। ਬਹੁਤੇ ਵੱਡੇ ਰੈਂਕ ਦੋ ਕੁ ਵਲ਼ ਖਾਂਦੇ ਹੁੰਦੇ ਹਨ। ਟੈਕਸੀਆਂ ਆ ਆ ਕੇ ਪਿੱਛੇ ਲਗਦੀਆਂ ਰਹਿੰਦੀਆਂ ਹਨ।ਅਗਲੀਆਂ ਅੱਗੇ ਨੂੰ ਤੁਰਦੀਆਂ ਰਹਿੰਦੀਆਂ ਹਨ ਤੇ ਪਿਛਲੀਆਂ ਉਨ੍ਹਾਂ ਦੀ ਥਾਂ ਲੈਂਦੀਆਂ ਰਹਿੰਦੀਆਂ ਹਨ। ਟੈਕਸੀ ਫੜ੍ਹਨ ਤੋਂ ਬਾਅਦ ਡਰਾਇਵਰ ਦਾ ਇਹ ਫਰਜ਼ ਹੈ ਕਿ ਉਹ ਗ੍ਰਾਹਕ/ਮੁਸਾਫਿਰ ਨੂੰ ਉਸਦੇ ਦੱਸੇ ਹੋਏ ਰੂਟ ਮੁਤਾਬਿਕ ਲੈ ਕੇ ਜਾਵੇ। ਇਨ੍ਹਾਂ ਮਹਾਂਗਰਰਾਂ ਵਿੱਚ ਕਈ ਥਾਵਾਂ ਨੂੰ ਦੋ ਤਿੰਨ ਰੂਟ ਵੀ ਜਾਂਦੇ ਹਨ- ਇੱਕ ਤੇਜ਼ ਮੋਟਰਵੇਅ ਵਾਲ਼ਾ, ਦੂਜਾ ਘੱਟ ਤੇਜ਼ ਹਾਈਵੇਅ ਵਾਲਾ ਤੇ ਤੀਜਾ ਉਸਤੋਂ ਵੀ ਘੱਟ ਆਮ ਸੜਕਾਂ ਵਾਲ਼ਾ।
ਸ਼ਨੀਵਾਰ ਦਾ ਦਿਨ ਸੀ। ਸਮਾਂ ਸਵੇਰੇ 9 ਕੁ ਵਜੇ ਦਾ ਸੀ।ਲਾਈਨ ਵਿੱਚ ਲੱਗੀ ਹੋਈ ਕੈੱਨ ਦੀ ਗੱਡੀ ਹੁਣ ਸਭ ਤੋਂ ਮੂਹਰੇ ਪਹੁੰਚ ਗਈ ਸੀ। ਦੋ ਕੁ ਮਿੰਟਾਂ ਵਿੱਚ ਇੱਕ 40 ਕੁ ਸਾਲ ਦੀ ਗੋਰੀ ਉੱਪਰੋਂ ਉਤਰੀ ਤੇ ਕੈੱਨ ਦੀ ਗੱਡੀ ਵਿੱਚ ਬੈਠ ਗਈ।
"ਵਹੇਅਰ ਗੋਇੰਗ ਪਲੀਜ਼?", ਕੈੱਨ ਨੇ ਪੁੱਛਿਆ।
"ਪੈਰਾਮੈਟਾ ਸ਼ਾਪਿੰਗ ਸੈਂਟਰ ਪਲੀਜ਼।"
ਜਾਬ ਚੰਗੀ ਸੀ 50 ਕੁ ਡਾਲਰ ਦੀ ਤਾਂ ਹੈ ਹੀ ਸੀ। ਕੈੱਨ ਨੇ ਮੀਟਰ ਚਲਾਇਆ ਤੇ ਲੈ ਕੇ ਰੈਂਕ ਤੋਂ ਬਾਹਰ ਨਿਕਲ ਗਿਆ। ਬਾਕੀ ਸਵਾਲ ਰੈਂਕ ਦੇ ਅੰਦਰ ਪੁੱਛਣੇ ਕਈ ਵਾਰ ਨੁਕਸਾਨ ਦੇਹ ਵੀ ਸਾਬਿਤ ਹੋ ਜਾਂਦੇ ਹਨ। ਅਗਲਾ ਸਵਾਲ ਪੁੱਛਣਾ ਹੁੰਦਾ ਏ ਸਵਾਰੀ ਮੀਟਰ ਤੇ ਪੈਸਿਆਂ ਦਾ ਭੁਗਤਾਨ ਕਰੇਗੀ ਜਾਂ ਉੱਕਦਾ ਮੁੱਕਦਾ। ਕੈੱਨ ਨੇ ਇਹ ਸਵਾਲ ਪੁੱਛਿਆ ਤੇ ਸਵਾਰੀ ਨੇ ਮੀਟਰ ਚਲਵਾ ਕੇ ਹੀ ਜਾਣਾ ਚਾਹਿਆ।
"ਹਾਈਵੇਅ ਰਾਹੀਂ ਜਾਓਗੇ ਜਾਂ ਮੋਟਰਵੇਅ ਰਾਹੀਂ?" ਕੈੱਨ ਨੇ ਸਵਾਲ ਕੀਤਾ।
"ਮੈਂ ਬਹੁਤ ਕਾਹਲੀ ਵਿੱਚ ਹਾਂ। ਪਲੀਜ਼ ਮੋਟਰਵੇਅ ਰਾਹੀਂ ਚੱਲੋ।"
ਕੈੱਨ ਰੈਂਕ ਚੋਂ ਨਿਕਲ ਕੇ ਪਹਿਲਾਂ 2 ਕੁ ਕਿਲੋਮੀਟਰ ਆਮ ਸੜਕ ਤੇ ਗਿਆ ਤੇ ਫਿਰ ਮੋਟਰਵੇ 4 ਤੇ ਪੈ ਗਿਆ। ਸਵਾਰੀ ਸੋਚਦੀ ਸੀ ਕਿ 10-12 ਮਿੰਟ ਵਿੱਚ ਪੈਰਾਮੈਟਾ ਪਹੁੰਚ ਜਾਵੇਗੀ। ਮੀਟਰ ਆਪਣੀ ਰਫਤਾਰ ਤੇ ਚੱਲੀ ਜਾ ਰਿਹਾ ਸੀ। ਕੈੱਨ ਕਦੀ ਕਦੀ ਚੋਰ ਅੱਖ ਨਾਲ ਉਸ ਵੱਲ ਦੇਖ ਲੈਂਦਾ ਸੀ। ਉਸ ਨੂੰ ਪਤਾ ਸੀ ਕਿ ਭਾੜਾ 50 ਕੁ ਡਾਲਰ ਦਾ ਮਸਾਂ ਸੀ। ਜਦ ਗੱਡੀ ਕੰਬਰਲੈਂਡ ਹਾਈਵੇਅ ਵਾਲਾ ਨਿਕਾਸ (Exit) ਟੱਪੀ ਤਾਂ ਮੂਹਰੇ ਟ੍ਰੈਫਿਕ ਖੜ੍ਹੀ ਹੋਣ ਲੱਗ ਪਈ।
"ਟੂ ਸਲੋਅ! ਵਹੱਟ ਹੈਪਨਡ ?"ਸਵਾਰੀ ਬੋਲੀ।
"ਲਗਦਾ ਏ ਮੂਹਰੇ ਕੁਝ ਹੋ ਗਿਆ ਏ। ਹੋ ਸਕਦਾ ਏ ਐਕਸੀਡੈਂਟ ਹੋ ਗਿਆ ਹੋਵੇ। ਟ੍ਰੈਫਿਕ ਤਾਂ ਪੂਰੀ ਤਰ੍ਹਾਂ ਰੁਕਦੀ ਜਾ ਰਹੀ ਏ।" ਕੈੱਨ ਨੇ ਉਸਨੂੰ ਅੰਗਰੇਜ਼ੀ ਵਿੱਚ ਦੱਸਿਆ।
ਮੀਟਰ ਤੇ ਤਾਂ ਹੁਣੇ 40 ਡਾਲਰ ਬਣ ਗਏ ਹਨ। ਕੀ ਕੀਤਾ ਜਾਵੇ? ਪਿਛਲਾ ਨਿਕਾਸ (Exit) ਹੁਣੇ ਲੰਘਿਆ ਏ। ਅਗਲਾ ਨਿਕਾਸ ਅਜੇ ਦੂਰ ਏ। ਸਵਾਰੀ ਕਾਫੀ ਔਖੀ ਸੀ।
"ਯੂ ਨੌਮੀਨੇਟਡ ਦਾ ਰੂਟ ਆਫ ਮੋਟਰਵਅ। ਮੈਂ ਤਾਂ ਤੁਹਾਨੂੰ ਪੁੱਛਿਆ ਸੀ ਕਿ ਕਿਸ ਰੂਟ ਜਾਣਾ ਚਾਹੋਗੇ। ਜੇਕਰ ਮੈਂ ਹਾਈਵੇਅ ਰਾਹੀਂ ਲੈ ਜਾਂਦਾ ਤਾਂ ਤੁਸੀਂ ਹੁਣ ਤੱਕ ਪਹੁੰਚੇ ਹੋਏ ਹੋਣਾ ਸੀ। ਹੁਣ ਤਾਂ ਟ੍ਰੈਫਿਕ ਤੁਰੂਗੀ ਤਾਂ ਹੀ ਆਪਾਂ ਤੁਰਾਂਗੇ। ਮੀਟਰ ਚੱਲਦਾ ਹੀ ਰਹੇਗਾ।"
ਟ੍ਰੈਫਿਕ ਥੋੜ੍ਹੀ ਜਿਹੀ ਤੁਰੀ। ਮੁਸਾਫਿਰ ਦੇ ਚਿਹਰੇ ਤੇ ਚਮਕ ਆਈ। ਟ੍ਰੈਫਿਕ ਫਿਰ ਖੜ੍ਹ ਗਈ। ਸਵਾਰੀ ਰੋਣਹਾਕੀ ਹੋ ਗਈ। ਕੈੱਨ ਨੇ ਚੋਰ ਅੱਖ ਨਾਲ ਦੇਖਿਆ ਮੀਟਰ ਤੇ 80 ਡਾਲਰ ਹੋ ਗਏ। ਮੂਹਰਲਾ ਨਿਕਾਸ ਅਜੇ 5 ਕਿਲੋਮੀਟਰ ਦੂਰ ਸੀ। ਕੁਝ ਵੀ ਕੀਤਾ ਨਹੀਂ ਜਾ ਸਕਦਾ ਸੀ। ਕਾਨੂੰਨ ਮੁਤਾਬਿਕ ਚੁੱਪ ਕਰਕੇ ਟਰੈਫਿਕ ਦੇ ਚੱਲਣ ਦੀ ਹੀ ਉਡੀਕ ਕਰਨੀ ਪੈਣੀ ਸੀ। ਰੂਟ ਮੁਸਾਫਿਰ ਦਾ ਆਪਣਾ ਚੁਣਿਆ ਹੋਇਆ ਸੀ। ਜੇ ਸਵਾਰੀ ਖੁਦ ਅੱਖਾਂ ਪਾੜ ਪਾੜ ਕੇ ਮੀਟਰ ਵੱਲ ਝਾਕ ਰਹੀ ਸੀ ਤਾਂ ਕੈੱਨ ਚੁਸਤੀ ਤੇ ਚੋਰ ਅੱਖਾਂ ਨਾਲ ਹੀ ਮੀਟਰ ਵੱਲ ਦੇਖਦਾ ਸੀ। ਟੈਕਸੀ ਅੰਦਰ ਲੱਗਾ ਕੈਮਰਾ ਮੁਸਾਫਿਰ ਤੇ ਕੈੱਨ ਦੀਆਂ ਤਸਵੀਰਾਂ ਵੀ ਖਿੱਚੀ ਜਾ ਰਿਹਾ ਸੀ ਤੇ ਆਵਾਜ਼ ਵੀ ਰਿਕਾਰਡ ਕਰੀ ਜਾ ਰਿਹਾ ਸੀ। ਕੈੱਨ ਨੇ ਸੋਚਿਆ ਸਵਾਰੀ ਤੋਂ ਇਹ ਵੀ ਪਤਾ ਕਰ ਲਿਆ ਜਾਵੇ ਕਿ ਉਹਨੇ ਸਪੱਸ਼ਟ ਰੂਪ ਵਿੱਚ ਸ਼ਾਪਿੰਗ ਸੈਂਟਰ ਹੀ ਜਾਣਾ ਏ ਜਾਂ ਨੇੜੇ ਕਿਸੇ ਹੋਰ ਅਦਾਰੇ ਵਿੱਚ ਜਾਂ ਘਰ ਵਿੱਚ। ਇੰਜ ਕਰਨ ਨਾਲ ਸਵਾਰੀ ਝੱਟ ਉਤਰ ਕੇ ਪੈਸੇ ਦਿੱਤੇ ਬਗੈਰ ਤੁਰ ਜਾਣ ਤੇ ਫੜ੍ਹੀ ਵੀ ਜਾ ਸਕਦੀ ਸੀ ਉਸਨੇ ਗੱਲਾਂ ਗੱਲਾਂ ਵਿੱਚ ਪਤਾ ਕਰ ਲਿਆ ਕਿ ਸਵਾਰੀ ਕਿਸ ਗਲੀ ਵਿੱਚ ਕਿਹੜੇ ਨੰਬਰ ਘਰ ਜਾ ਰਹੀ ਸੀ। ਖੈਰ ਸਵਾਰੀ ਓਨੀ ਸ਼ੈਤਾਨ ਤੇ ਚਲਾਕ ਨਹੀਂ ਸੀ। ਸਵਾਰੀ ਤਾਂ ਸਿਰਫ ਹਾਲਾਤ ਤੋਂ ਦੁਖੀ ਸੀ ਕਿਸੇ ਵਿਅਕਤੀ ਵਿਸ਼ੇਸ਼ ਤੋਂ ਨਹੀਂ। ਟ੍ਰੈਫਿਕ ਰੁਕਣਾ ਕੁਦਰਤੀ ਵਰਤਾਰਾ ਸੀ। ਇਹ ਕਿਸੇ ਬੰਦੇ ਦੇ ਕਸੂਰ ਕਰਕੇ ਨਹੀਂ ਸੀ ਵਾਪਰਿਆ।
ਟ੍ਰੈਫਿਕ ਹੁਣ ਹੌਲੀ ਹੌਲੀ ਚੱਲ ਪਈ ਸੀ। ਸਵਾਰੀ ਮਾੜੀ ਮਾੜੀ ਖੁਸ਼ ਲੱਗ ਰਹੀ ਸੀ। ਕੈੱਨ ਨਾ ਬਹੁਤਾ ਖੁਸ਼ ਜਾਹਰ ਹੋ ਰਿਹਾ ਸੀ ਤੇ ਨਾ ਹੀ ਉਦਾਸ। ਦਿਲੋਂ ਉਹ ਖੁਸ਼ ਸੀ ਕਿਉਂਕਿ ਭਾੜਾ ਹੁਣ 100 ਦੇ ਨੇੜੇ ਪਹੁੰਚ ਗਿਆ ਸੀ। ਮੂਹਰੇ ਪੈਰਾਮੈਟਾ ਦਾ ਚਰਚ ਸਟਰੀਟ ਵਾਲਾ ਨਿਕਾਸ ਨੇੜੇ ਹੀ ਸੀ। ਕੈੱਨ ਦੀ ਸੋਚ ਇਵੇਂ ਉਡਾਰੀ ਲਗਾ ਰਹੀ ਸੀ---
ਲੱਗਦਾ ਏ 110 ਤਾਂ ਬਣ ਹੀ ਜਾਣਗੇ। ਜਦੋਂ ਮੈਂ ਪੈਰਾਮੈਟਾ ਦੇ ਰੈਂਕ ਤੇ ਖੜ੍ਹੇ ਡਰਾਇਵਰਾਂ ਨੂੰ ਦੱਸਾਂਗਾ ਕਿ ਧੀਮੀਂ ਟ੍ਰੈਫਿਕ ਨੇ ਕਮਾਲ ਕਰਤੀ, ਉਹ ਤਾਂ ਹੈਰਾਨ ਰਹਿ ਜਾਣਗੇ। 50 ਡਾਲਰ ਵਾਲਾ ਭਾੜਾ 110 ਡਾਲਰ ਬਣ ਗਿਆ ਸੀ। ਉਹ ਵੀ ਉਸ ਦਿਨ ਜਿਹੜਾ ਟੈਕਸੀ ਲਈ ਮਾੜਾ ਮੰਨਿਆ ਜਾਂਦਾ ਏ-- ਸ਼ਨੀਵਾਰ ਦੀ ਸਵੇਰ ਦੀ ਸ਼ਿਫਟ। ਜਾ ਕੇ ਦੇਖਦੇ ਹਾਂ, ਉਹ ਕੀ ਕਹਿੰਦੇ ਹਨ।
ਟੈਕਸੀ ਮੋਟਰਵੇਅ ਤੋਂ ਨਿਕਲ ਕੇ ਬਾਹਰ ਆ ਗਈ। ਪੰਜ ਕੁ ਮਿੰਟ ਵਿੱਚ ਹੀ ਉਹ ਉਸ ਥਾਂ ਤੇ ਪਹੁੰਚ ਗਈ ਜਿੱਥੇ ਮੁਸਾਫਿਰ ਨੇ ਜਾਣਾ ਸੀ। ਚਿੜਚਿੜੇ ਮੂੰਹ ਨਾਲ 110 ਡਾਲਰ ਦੇ ਕੇ ਸਵਾਰੀ ਆਖਰ ਉੱਤਰ ਗਈ। ਕੈੱਨ ਅੰਤਾਂ ਦਾ ਖੁਸ਼ ਸੀ। ਨੇੜੇ ਹੀ ਪੈਰਾਮੈਟਾ ਦਾ ਵੱਡਾ ਟੈਕਸੀ ਰੈਂਕ ਸੀ। ਕੈੱਨ ਨੇ ਗੱਡੀ ਮੋੜੀ ਤੇ ਘੁਮਾ ਕੇ ਰੈਂਕ ਤੇ ਲੱਗੀ ਲਾਈਨ ਦੇ ਪਿੱਛੇ ਲਗਾ ਦਿੱਤੀ। ਉੱਥੇ ਉਹਨੂੰ ਅਚਾਨਕ ਉਸਦੇ ਤਿੰਨ ਚਾਰ ਵਾਕਫ ਡਰਾਇਵਰ ਮਿਲ ਪਏ-- ਹਰਜੀਤ ਉਰਫ ਹੈਰੀ, ਮਲਕੀਤ ਉਰਫ ਮਾਈਕਲ, ਲਾਹੌਰ ਵਾਲਾ ਅਲੀ ਤੇ ਕਰਾਚੀ ਵਾਲਾ ਅਸ਼ਰਫ।
"ਅੱਜ ਇਧਰ ਨੂੰ ਕਿਵੇਂ ਆ ਗਿਆ", ਹੈਰੀ ਨੇ ਕੈੱਨ ਨੂੰ ਪੁੱਛਿਆ।
"ਓਏ ਹੈਰੀ, ਅੱਜ ਤਾਂ ਮਜ਼ਾ ਹੀ ਆ ਗਿਐ। ਬਲੈਕਟਾਊਨ ਤੋਂ ਪੈਰਾਮੈਟਾ 110 ਡਾਲਰ।
"ਕੈੱਨ, ਝੂਠ ਵੀ ਉਨਾ ਕੁ ਬੋਲਣਾ ਚਾਹੀਦਾ ਜਿੰਨਾ ਕੁ ਠੀਕ ਲੱਗੇ। ਤੈਨੂੰ 110 ਡਾਲਰ ਕੌਣ ਦੇ ਗਿਐ?"
"ਹੈਰੀ ਸੌਂਹ ਰੱਬ ਦੀ। ਮੋਟਰਵੇਅ ਤਾਂ ਜਾਮ ਹੀ ਹੋ ਗਿਆ ਸੀ। ਸਵਾਰੀ ਨੇ ਆਪ ਚੁਣਿਆ ਸੀ। ਕਹਿੰਦੀ ਮੋਟਰਵੇਅ ਰਾਹੀਂ ਜਾਣਾ ਏ ਮਿੰਟਾਂ ਸਕਿੰਟਾਂ ਵਿੱਚ, ਹਾਈਵੇਅ ਰਾਹੀਂ ਨਹੀਂ। ਜਦ ਰੱਬ ਦਿੰਦਾ ਏ ਤਾਂ ਛੱਪਰ ਫਾੜ ਕੇ ਦਿੰਦਾ ਏ। ਮੀਟਰ ਤੇ ਬਣਿਆ ਭਾੜਾ ਤਾਂ ਉਸ ਗੋਰੀ ਨੂੰ ਦੇਣਾ ਹੀ ਪੈਣਾ ਸੀ।"
"ਕਮਾਲ ਹੋ ਗਈ, ਕੈੱਨ। ਜੇ ਮੈਂ ਤੈਨੂੰ ਕੱਲ ਐਤਵਾਰ ਦੀ ਮੇਰੇ ਨਾਲ ਵਾਪਰੀ ਸੁਣਾਵਾਂ ਫਿਰ ਤਾਂ ਤੂੰ ਟੱਬਰ ਸਮੇਤ ਧਰਤੀ ਵਿੱਚ ਧੱਸ ਜਾਵੇਂਗਾ।"
"ਕੀ ਵਾਪਰ ਗਿਐ? ਏਅਰਪੋਰਟ ਗਿਆ ਸੀ? ਸਿਟੀ ਗਿਆ ਸੀ?"
"ਨਾ, ਨਾ, ਰੱਬ ਨੇ ਸਿੱਧਾ 500 ਡਾਲਰ ਸੁੱਟ ਦਿੱਤਾ।"
"ਸੱਚ! ਇਹ ਕਿਵੇਂ ਹੋ ਗਿਐ? ਮੈਂ ਤਾਂ ਅੱਜ ਤੱਕ ਸਿਰਫ ਦੋ ਡਰਾਈਵਰ ਦੇਖੇ ਜਿਨ੍ਹਾਂ ਨੂੰ 400 ਦੀ ਜਾਬ ਪਈ ਸੀ। ਤੂੰ ਤਾਂ ਰਿਕਾਰਡ ਹੀ ਤੋੜ ਦਿੱਤਾ। ਹੋਇਆ ਕੀ ਸੀ? ਸੁਣਾ ਤਾਂ ਸਹੀ?"
"ਮੈਂ ਟੈਕਸੀ ਰੈਂਕ ਦੇ ਮੂਹਰਿਓ ਤੀਜੇ ਨੰਬਰ ਤੇ ਸਾਂ। ਦੋ ਗੋਰੀਆਂ ਤੇ ਨਾਲ ਇੱਕ ਛੇ ਕੁ ਸਾਲ ਦਾ ਮੁੰਡਾ। ਮੈਂ ਧਿਆਨ ਨਾਲ ਦੇਖ ਰਿਹਾ ਸਾਂ ਕਿ ਉਹ ਸਭ ਤੋਂ ਮੂਹਰਲੇ ਡਰਾਈਵਰ ਨਾਲ ਕੋਈ ਗਿੱਟਮਿਟ ਕਰ ਰਹੀਆਂ ਸਨ। ਡਰਾਈਵਰ ਨੇ ਉਹਨਾਂ ਨੂੰ ਉਹਨਾਂ ਦਾ ਪਹੁੰਚਣ ਵਾਲਾ ਟਿਕਾਣਾ ਪੁੱਛੇ ਬਗੈਰ ਕੁਝ ਬੋਲਿਆ। ਸ਼ਾਇਦ ਕੋਈ ਭਾਨ ਨਾਲ ਸੰਬੰਧਿਤ ਗੱਲ ਸੀ। ਇਹ ਸੁਣ ਕੇ ਉਹ ਚੁੱਪ ਕਰ ਗਈਆਂ। ਇਹਨਾਂ ਵਿੱਚੋਂ ਇੱਕ ਗੋਰੀ ਆਪਣੀ ਸਿਗਰੇਟ ਮੁਕਾ ਰਹੀ ਸੀ। ਇੰਨੇ ਚਿਰ ਵਿੱਚ ਦੋ ਸਵਾਰੀਆਂ ਉਪਰ ਰੇਲਵੇ ਕਨਕੋਰਸ ਤੋਂ ਉੱਤਰੀਆਂ ਤੇ ਆ ਕੇ ਮੂਹਰਲੀਆਂ ਦੋਹਾਂ ਗੱਡੀਆਂ ਵਿੱਚ ਬੈਠ ਗਈਆਂ। ਇਹ ਗੱਡੀਆਂ ਤੁਰ ਗਈਆਂ। ਵਾਰੀ ਮੇਰੀ ਸੀ। ਗੋਰੀ ਦੀ ਸਿਗਰਟ ਵੀ ਖਤਮ ਹੋ ਗਈ ਸੀ। ਦੋਨੋਂ ਜਣੀਆਂ ਤੇ ਲੜਕਾ ਮੇਰੀ ਗੱਡੀ ਵਿੱਚ ਬੈਠ ਗਏ। ਇੱਕ ਗੋਰੀ ਅੱਧਖੜ ਸੀ ਤੇ ਦੂਜੀ ਉਹਦੀ ਜਵਾਨ ਧੀ। ਮੈਂ ਪੁੱਛਿਆ ਕਿ ਉਹ ਕਿੱਥੇ ਜਾ ਰਹੇ ਹਨ। ਉਹ ਬੋਲੀ ਬਲਿਊ ਮਾਉਂਟੇਨਜ਼ (Blue Mountains) । ਮੈਂ ਸੁਣ ਕੇ ਚੁੱਪ ਕਰ ਗਿਆ। ਪਹਿਲਾਂ ਗੱਡੀ ਤੋਰੀ ਤੇ ਰੈਂਕ ਤੋਂ ਬਾਹਰ ਕੱਢੀ। ਜਦ ਡਰਾਈਵਰ ਇੱਕ ਵਾਰੀ ਰੈਂਕ ਤੋਂ ਬਾਹਰ ਨਿਕਲ ਜਾਵੇ ਫਿਰ ਸਵਾਰੀ ਕਾਬੂ ਹੋ ਗਈ ਹੁੰਦੀ ਏ। ਇਸ ਹਾਲਤ ਵਿੱਚ ਵਿਚਾਰਾਂ ਦਾ ਕੋਈ ਮਤਭੇਦ ਹੋ ਜਾਵੇ ਤਾਂ ਡਰਾਈਵਰ ਤੇ ਸਵਾਰੀ ਇਸ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਦੇ ਹਨ। ਜੇ ਇਹ ਮੱਤਭੇਦ ਰੈਂਕ ਦੇ ਅੰਦਰ ਹੀ ਪੈਦਾ ਹੋ ਜਾਵੇ ਤਾਂ ਸਵਾਰੀ ਇੱਕ ਦਮ ਗੱਡੀ ਚੋਂ ਬਾਹਰ ਨਿਕਲ ਜਾਂਦੀ ਏ ਤੇ ਦੂਜੀ ਗੱਡੀ ਫੜ੍ਹ ਲੈਂਦੀ ਏ।"
"ਨਾਓ ਟੈੱਲ ਮੀ ਵਹੇਅਰ ਯੂ ਆਰ ਗੋਇੰਗ ਟੂ?"
"ਬਲਿਊ ਮਾਉਂਟੇਨਜ਼ (Blue Mountains) " ਅੱਧਖੜ ਗੋਰੀ ਬੋਲੀ।
"ਕੀ ਤੁਹਾਨੂੰ ਪਤਾ ਏ ਕਿ ਨੇਪੀਅਨ ਦਰਿਆ ਤੋਂ ਬਾਅਦ ਦੁੱਗਣਾ ਕਿਰਾਇਆ ਲੱਗੇਗਾ?" ਹੈਰੀ ਕਹਿੰਦਾ ਕਿ ਉਸਨੇ ਪੁੱਛਿਆ।
"ਨਹੀਂ, ਕੌਣ ਕਹਿੰਦਾ?"
"ਜਦ ਗੱਡੀ ਸਿਡਨੀ ਦੇ ਕਿਸੇ ਵੀ ਪਾਸੇ ਸ਼ਹਿਰ ਤੋਂ ਬਾਹਰ ਜਾਂਦੀ ਏ ਤਾਂ ਬਾਹਰਲੇ ਸਫਰ ਦਾ ਭਾੜਾ ਦੁੱਗਣਾ ਹੁੰਦਾ ਏ। ਜੇ ਨਹੀਂ ਯਕੀਨ ਆਉਂਦਾ ਤਾਂ ਔਹ ਗੱਡੀ ਉੱਪਰ ਲਿਖਿਆ ਹੋਇਆ ਨੰਬਰ ਮਿਲਾ ਲਓ ਤੇ ਸਾਡੇ ਦਫਤਰ ਤੋਂ ਪੁੱਛ ਲਓ।"
"ਓ ਕੇ. ਨੋ ਪ੍ਰਾਬਲਮ।"
"ਮੈਂ ਸੋਚਿਆ ਸਵਾਰੀਆਂ ਟਿਕ ਗਈਆਂ ਸਨ," ਹੈਰੀ ਦੱਸਦਾ ਗਿਆ।
"ਟੈਕਸੀ ਮੋਟਰਵੇਅ ਤੇ ਪੈ ਗਈ। ਸਫਰ ਦੀਆਂ ਧੱਜੀਆਂ ਉਡਾਉਂਦੀ ਹੋਈ ਟੈਕਸੀ ਨੇਪੀਅਨ ਦਰਿਆ ਪਾਰ ਕਰ ਗਈ। ਮੀਟਰ ਤੇ 100 ਡਾਲਰ ਬਣ ਗਿਆ। ਮੈਂ ਇਹ 100 ਮੰਗ ਲਿਆ। ਗੋਰੀ ਨੇ ਦੇ ਦਿੱਤਾ", ਹੈਰੀ ਦੱਸਦਾ ਗਿਆ।
"ਹੁਣ ਅੱਗੇ ਸਫਰ ਲੰਬਾ ਵੀ ਸੀ ਤੇ ਪਹਾੜੀ ਵੀ ਸੀ। ਮੀਟਰ ਮੈਂ ਦੁਬਾਰਾ ਚਲਾ ਦਿੱਤਾ ਕਿ ਅਗਲੇ ਭਾੜੇ ਨੂੰ ਦੁਗਣਾ ਕਰਕੇ ਮੰਗਣਾ ਸੌਖਾ ਹੋ ਜਾਵੇ। ਕੀ ਤੁਸੀਂ ਖਾਸ ਬਲਿਊ ਮਾਊਂਟੇਨਜ਼ ਸਟੇਸ਼ਨ ਤੇ ਜਾਣਾ ਹੈ ਜਾਂ ਹੋਰ ਕਿਤੇ," ਹੈਰੀ ਕਹਿੰਦਾ ਮੈਂ ਸਵਾਰੀਆਂ ਦਾ ਆਖਰੀ ਟਿਕਾਣਾ ਜਾਨਣਾ ਚਾਹਿਆ।
"ਅਸੀਂ ਮੈਡਲੋਬਾਥ (Medlow Bath) ਜਾਣਾ ਏ। ਉੱਥੇ ਹੋਟਲ ਵਿੱਚ ਇੱਕ ਵਿਆਹ ਹੈ। ਇਹ ਹੋਟਲ ਮੋਟਰਵੇਅ ਦੇ ਉੱਪਰ ਹੀ ਏ," ਗੋਰੀ ਬੋਲੀ।
ਟੈਕਸੀ ਹਲਕੀਆਂ ਹਲਕੀਆਂ ਪਹਾੜੀਆਂ ਚੋੱ ਲੰਘਦੀ ਗਈ। ਆਖਿਰਕਾਰ ਅਸੀਂ ਮੈਡਲੋਬਾਥ ਹੋਟਲ ਦੇ ਮੂਹਰੇ ਪਹੁੰਚ ਗਏ। ਮੀਟਰ ਤੇ ਭਾੜਾ 150 ਸੀ। ਮੈਂ ਦੁੱਗਣਾ ਕਰਕੇ 300 ਮੰਗਿਆ। ਗੋਰੀ 300 ਦੇ ਕੇ ਬਾਕੀ ਸਵਾਰੀਆਂ ਸਮੇਤ ਗੱਡੀ ਚੋਂ ਉਤਰ ਗਈ। ਮੈਂ ਗੱਡੀ ਵਾਪਸ ਮੋੜੀ ਤੇ ਖੁਸ਼ੀ ਵਿੱਚ ਝੂਮਦਾ ਲਿਓਨੇ (Leonay) ਤੱਕ ਆ ਗਿਆ। ਜਦ ਕੰਪਿਊਟਰ ਦੇਖਿਆ ਤਾਂ ਇਥੋਂ ਹਵਾਈ ਅੱਡੇ ਦੀ ਜਾਬ ਪੈ ਗਈ। ਜਦ ਸਾਈਡ ਤੇ ਨੂੰ ਜਾਬ ਵਾਲੀ ਥਾਂ ਤੇ ਗਿਆ ਤਾਂ ਦੇਖਿਆ ਕਿ ਇੱਕ ਗੋਰਾ ਬਰੀਫਕੇਸ ਲਈ ਖੜ੍ਹਾ ਸੀ। ਮੈਂ ਚੁੱਕਿਆ ਤੇ 160 ਵਿੱਚ ਏਅਰਪੋਰਟ ਜਾ ਕੇ ਲਾਹ ਦਿੱਤਾ। ਫਿਰ ਗੱਡੀ ਏਅਰਪੋਰਟ ਦੇ ਟੈਕਸੀ ਰੈਂਕ ਤੇ ਲਗਾ ਦਿੱਤੀ। ਇੱਕ ਘੰਟਾ ਇੰਤਜ਼ਾਰ ਤੋਂ ਬਾਅਦ ਇੱਕ ਸਿਰਫ 30 ਡਾਲਰ ਦੀ ਜਾਬ ਮਿਲੀ। ਇਹ ਜਾਬ ਕਰਕੇ ਫਿਰ ਆਪਣੇ ਰੈਂਕ ਪੈਰਾਮੈਟਾ ਆ ਗਿਆ। ਜਦ ਬੁੰਦਿਆਂ ਨੂੰ 600 ਡਾਲਰ ਦਾ ਗੱਫਾ ਦੱਸਿਆ ਤਾਂ ਸਾਰੇ ਹੈਰਾਨ ਰਹਿ ਗਏ। ਇਵੇਂ ਹੋਇਆ ਸੀ ਮੇਰੇ ਨਾਲ।"
ਹੈਰੀ ਇਹ ਗੱਲ ਕਰਕੇ ਹਟਿਆ ਹੀ ਸੀ ਕਿ ਉਸਦੀ ਵਾਰੀ ਆ ਗਈ। ਉਹ ਸਵਾਰੀ ਲੈ ਕੇ ਦੌੜ ਗਿਆ। ਕੈੱਨ ਨੂੰ ਹੈਰੀ ਬਾਰੇ ਹੋਰ ਗੱਲ ਕਰਨ ਦਾ ਮੌਕਾ ਮਿਲ ਗਿਆ।
"ਅਲੀ ਜੋ ਹੈਰੀ ਦੱਸ ਕੇ ਗਿਆ ਏ ਕੀ ਇਹ ਸੱਚ ਏ? 600 ਡਾਲਰ ਚਾਰ ਕੁ ਘੰਟਿਆਂ ਵਿੱਚ ਹੀ? ਕੈੱਨ ਨੇ ਅਲੀ ਨਾਲ ਗੱਲ ਕੀਤੀ।
"ਪੈਸੇ ਤਾਂ ਹੈਰੀ ਨੂੰ ਬਣ ਗਏ ਸੀ ਪਰ ਹੋਰ ਜੋ ਕੁਝ ਵਾਪਰਿਆ ਸੀ ਉਹ ਉਸਨੇ ਦੱਸਿਆ ਹੀ ਨਹੀਂ। ਹਰਾਮੀ ਦੀ ਚੰਗੀ ਖਿਚਾਈ ਹੋਈ ਸੀ। ਉਹਦਾ ਤਾਂ ਇਹ ਹਾਲ ਏ ਆਪਣੀਆਂ ਕੱਛ ਵਿੱਚ ਤੇ ਦੂਜੇ ਦੀਆਂ ਹੱਥ ਵਿੱਚ।" ਅਲੀ ਦੱਸਣ ਲਈ ਕਾਹਲਾ ਸੀ।
"ਕੀ ਹੋਇਆ ਸੀ ?"
"ਪਤਾ ਲੱਗਾ ਏ ਕਿ ਹੈਰੀ ਟੈਕਸੀ ਵਿੱਚ ਬੈਠੀ ਗੋਰੀ ਕੁੜੀ ਨਾਲ ਅੱਖ ਮਿਲਾਉਣ ਲੱਗ ਪਿਆ ਸੀ। ਅੱਧਖੜ ਮਾਂ ਮਾੜਾ ਮਾੜਾ ਸੌਣ ਲੱਗ ਪਈ ਸੀ। ਬੱਚਾ ਬਾਹਰ ਪਹਾੜਾਂ ਦਾ ਨਜ਼ਾਰਾ ਦੇਖ ਰਿਹਾ ਸੀ। ਕੁੜੀ ਇਹਦੇ ਵੱਲ ਘੱਟ ਧਿਆਨ ਦੇ ਰਹੀ ਸੀ। ਹੈਰੀ ਉਸ ਵੱਲ ਆਪਣੇ ਮੂਹਰਲੇ ਸ਼ੀਸ਼ੇ ਵਿੱਚ ਦੀ ਦੇਖੀ ਜਾ ਰਿਹਾ ਸੀ। ਉਸ ਸਮੇਂ ਤਾਂ ਕੁੜੀ ਨੇ ਆਪਣੀ ਮਾਂ ਨੂੰ ਕੁਝ ਨਹੀਂ ਦੱਸਿਆ। ਬਾਅਦ ਵਿੱਚ ਘਰ ਜਾ ਕੇ ਲੜਕੀ ਨੇ ਮਾਂ ਨੂੰ ਡਰਾਈਵਰ ਦੇ ਚਾਲਿਆਂ ਬਾਰੇ ਸਭ ਕੁਝ ਦੱਸ ਦਿੱਤਾ। ਟੈਕਸੀ ਦਾ ਨੰਬਰ ਉਸਨੇ ਨੋਟ ਕਰ ਹੀ ਲਿਆ ਸੀ।"
"ਫਿਰ ਕੀ ਹੋਇਆ?"
"ਮਾਂ ਨੇ ਘਰ ਜਾ ਕੇ ਟੈਕਸੀ ਬੇਸ (Taxi Base) ਨੂੰ ਫੋਨ ਮਿਲਾਇਆ ਤੇ ਡਰਾਈਵਰ ਦੀ ਹਰਕਤ ਬਾਰੇ ਸਭ ਕੁਝ ਬਿਆਨ ਕਰ ਦਿੱਤਾ। ਮੂਹਰੇ ਤੈਨੂੰ ਪਤਾ ਹੀ ਹੈ ਕੌਣ ਏ। ਐਂਡਰਿਊ ਰਾਬਿਨਸਨ, ਇਨਫੋਰਸਮੈਂਟ ਅਫਸਰ।"
"ਫਿਰ ਕੀ ਬਣਿਆ?"
"ਉਹਨੇ ਹੈਰੀ ਨੂੰ ਫੋਨ ਮਿਲਾਇਆ। ਇਹਨੂੰ ਕੋਈ ਜਵਾਬ ਨਾ ਆਵੇ। ਹੁਣ ਉਹਨੇ ਇਹਨੂੰ ਦਫਤਰ ਵਿੱਚ ਸੱਦਿਆ ਹੋਇਆ ਏ। ਹੋ ਸਕਦਾ ਚੇਤਾਵਨੀ ਦੇ ਕੇ ਛੱਡ ਦੇਵੇ ਜਾਂ ਕੁਝ ਸ਼ਿਫਟਾਂ ਕੈਂਸਲ ਕਰ ਦੇਵੇ। ਤੈਨੂੰ ਉਹ ਪੂਰੀ ਗੱਲ ਦੱਸ ਕੇ ਨਹੀਂ ਗਿਆ। 600 ਡਾਲਰ ਦੱਸ ਕੇ ਆਪਣਾ ਰੋਅਬ ਝਾੜ ਗਿਐ। ਕੀਤੀ ਕਰਤੂਤ ਦਾ ਕੀ ਬਣਨਾ ਅਜੇ ਪਤਾ ਨਹੀਂ ਬਾਕੀ ਤੂੰ ਦੇਖ ਲੈ ਕੀ ਬਣੂ।"
ਅਲੀ ਨੇ ਸਾਰਾ ਭਾਂਡਾ ਫੋੜ ਦਿੱਤਾ।
"ਅਲੀ, ਤੈਨੂੰ ਪਤਾ ਹੀ ਏ ਇਹ ਦੇਸ਼ ਨੈਤਿਕਤਾ ਅਤੇ ਕਸਟਮਰ ਕੇਅਰ ਤੇ ਕਿੰਨਾ ਜ਼ੋਰ ਪਾਉਂਦੇ ਹਨ ਜਦ ਇਹ ਸਾਨੂੰ ਕੰਮਾਂ ਤੇ ਲਗਾਉਂਦੇ ਹਨ। ਅਸੀਂ ਫਿਰ ਵੀ ਕਰਤੂਤਾਂ ਕਰਨ ਤੋਂ ਬਾਜ਼ ਨਹੀਂ ਆਉਂਦੇ। ਬਾਂਦਰਾਂ ਨੂੰ ਬਨਾਰਸ ਦੀਆਂ ਟੋਪੀਆਂ। ਅਸੀਂ ਅਰਧ ਵਿਕਸਿਤ ਸਮਾਜ ਚੋਂ ਆਏ ਹਾਂ। ਸਿਡਨੀ ਦਾ ਸਮਾਜ ਪੂਰਨ ਰੂਪ ਵਿੱਚ ਵਿਕਸਿਤ ਹੈ। ਇਹਨਾਂ ਦੇਸ਼ਾਂ ਵਿੱਚ ਦਾਖਲ ਹੁੰਦੇ ਸਾਰ ਅਸੀਂ ਭੰਬੱਤਰ ਜਾਂਦੇ ਹਾਂ। ਸਾਡੇ ਦਿਮਾਗ ਵਿੱਚ ਐਸੇ ਖਿਆਲ ਪਾਏ ਗਏ ਹੁੰਦੇ ਹਨ ਕਿ ਗੋਰੀਆਂ ਜਿਹਦੇ ਨਾਲ ਮਰਜ਼ੀ ਤੁਰ ਪੈਂਦੀਆਂ ਹਨ। ਇਧਰ ਆ ਕੇ ਅਸੀਂ ਕਈ ਭੁਲੇਖਿਆਂ ਦਾ ਸ਼ਿਕਾਰ ਵੀ ਹੋ ਜਾਂਦੇ ਹਾਂ। ਕੋਝੀਆਂ ਹਰਕਤਾਂ ਕਰ ਬੈਠਦੇ ਹਾਂ। ਗੋਰੇ ਚੁੱਪ ਚਪੀਤੇ ਵੀ ਸਾਡੇ ਬਾਰੇ ਸਭ ਕੁਝ ਜਾਣਦੇ ਹੁੰਦੇ ਹਨ। ਇਹ ਇੱਕ ਦੋ ਚਤਾਵਨੀਆਂ ਦੇ ਕੇ ਸਾਨੂੰ ਸੁਧਾਰਨ ਦੀ ਕੋਸ਼ਿਸ਼ ਕਰਦੇ ਹਨ। ਫਿਰ ਕਿਤੇ ਜਾ ਕੇ ਸਾਡੇ ਖਿਲਾਫ ਵੱਡਾ ਐਕਸ਼ਨ ਲੈਂਦੇ ਹਨ।"
"ਕੈੱਨ ਤੂੰ ਠੀਕ ਫਰਮਾਇਆ ਏ। ਤੈਨੂੰ ਪਤਾ ਪਿੱਛੇ ਜਿਹੇ ਦੋ ਡਰਾਈਵਰਾਂ ਦੇ ਖਿਲਾਫ ਵੱਡਾ ਐਕਸ਼ਨ ਹੋਇਆ ਸੀ। ਇੱਕ ਮਿਸਰ ਦਾ ਸੀ ਤੇ ਦੂਜਾ ਬੰਗਲਾਦੇਸ਼ ਦਾ ਸੀ। ਜਦ ਤੁਹਾਡੇ ਖਿਲਾਫ ਕੋਈ ਅਨੁਸ਼ਾਸਨੀ ਕਾਰਵਾਈ ਹੋਈ ਹੁੰਦੀ ਏ ਤਾਂ ਇਸਦਾ ਅਸਰ ਬਹੁਤ ਦੂਰ ਤੱਕ ਪਹੁੰਚਦਾ ਏ। ਕੰਪਿਊਟਰ ਦੇ ਵਿੱਚ ਤੁਹਾਡਾ ਸਾਰਾ ਡਾਟਾ ਇਕਦਮ ਨਿਕਲ ਆਉਂਦਾ ਏ। ਤੁਸੀਂ ਹੋਰ ਥਾਵਾਂ ਤੇ ਜਾ ਕੇ ਵੀ ਨੌਕਰੀ ਨਹੀਂ ਲੱਭ ਸਕਦੇ। ਚੰਗਾ ਹੁਣ ਮੇਰੀ ਵੀ ਵਾਰੀ ਆਉਣ ਲੱਗੀ ਏ ਜੋ ਕੁਝ ਮੈਂ ਤੈਨੂੰ ਹੈਰੀ ਬਾਰੇ ਦੱਸਿਆ ਏ ਨਾ ਇਹ ਉਹਨੂੰ ਪੁੱਛੀ ਤੇ ਨਾ ਹੀ ਇਹ ਕਿਸੇ ਹੋਰ ਨਾਲ ਸਾਂਝਾ ਕਰੀਂ। ਅੱਲਾ, ਖੈਰ ਕਰੇ।"
"ਚੰਗਾ ਅਲੀ! ਅੱਗੇ ਵਾਸਤੇ ਵੀ ਮਿਲਦਾ ਗਿਲਦਾ ਰਿਹਾ ਕਰੀਂ।"
"ਓਕੇ।"