ਸੁੰਦਰਤਾ - ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ
ਦਬੰਗ ਤੇ ਨਿਸੰਗ ਨੱਢੀ, ਕਰੇ ਅਠਖੇਲੀਆਂ,
ਜਿਹਦੀਆਂ ਅਦਾਵਾਂ ਸਾਨੂੰ, ਲੱਗਣ ਪਹੇਲੀਆਂ।
ਗੁੰਦਿਆ ਸਰੀਰ, ਅੰਗ ਅੰਗ ਨਸ਼ਿਆਇਆ ਏ,
ਸੋਚ ਸੋਚ ਜਿਵੇਂ ਉਹਨੂੰ, ਰੱਬ ਨੇ ਬਣਾਇਆ ਏ।
ਇੱਕ ਪੱਟ ਪਾਂਵਦੀ, ਤੇ ਇੱਕ ਪੱਟ ਲਾਹੰਵਦੀ,
ਕੋਈ ਵੀ ਪੁਸ਼ਾਕ, ਉਹਦੇ ਮੇਚ ਨਹੀਂਉਂ ਆਂਵਦੀ।
ਤੀਰ ਉਹਦੇ ਨੈਣਾਂ ਦੇ ਨੇ, ਸੀਨਿਆਂ ਨੂੰ ਵਿੰਨ੍ਹਦੇ,
ਸ਼ੋਖ ਜਿਹੇ ਹਾਸੇ ਜਾਣੋਂ, ਰੂਹਾਂ ਤਾਈਂ ਸਿੰਜਦੇ।
ਤੱਕ ਲਵੇ ਜਿਹੜਾ ਉਹਨੂੰ, ਗਵਾ ਲਵੇ ਕਈ ਕੁੱਛ,
ਰਾਹਾਂ ਵਿੱਚ ਰੁਲ਼ ਜਾਵੇ, ਘਰ ਉਹਦਾ ਪੁੱਛ ਪੁੱਛ।
ਡੰਗਿਆ ਹੈ ਕਈਆਂ ਨੂੰ, ਤੇ ਲੁੱਟੇ ਗਏ ਨੇ ਜਨ ਕਈ,
ਰੋਗ ਡਾਢੇ ਲਾਏ ਕਈਆਂ, ਗਏ ਨਸ਼ਈ ਬਣ ਕਈ।
ਕਈਆਂ ਨੂੰ ਨਾ ਚੈਨ ਦਿਨੇ, ਰਾਤ ਨੂੰ ਨਾ ਨੀਂਦ ਏ,
ਕਈਆਂ ਨੂੰ ਨਾ ਬਾਕੀ ਹੁਣ, ਜਿਉਣ ਦੀ ਉਮੀਦ ਏ।
ਤੋਬਾ ਤੋਬਾ ਸਾਰੇ ਪਾਸੇ, ਬੱਲੇ ਬੱਲੇ ਹੋਈ ਐ,
ਐਹੋ ਜਿਹੀ ਆਫ਼ਤ ਤੋਂ, ਬਚਿਆ ਬੱਸ ਕੋਈ ਐ।
ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ