'ਸ਼੍ਰੋਮਣੀ ਕਮੇਟੀ 'ਤੇ ਸਿੱਖ' - ਮੇਜਰ ਸਿੰਘ 'ਬੁਢਲਾਡਾ'
ਸਿੱਖ਼ੀ ਵਿਚਾਰਧਾਰਾ ਨੂੰ ਪ੍ਰਫੁੱਲਿਤ ਕਰਨ ਲਈ,
'ਸ਼੍ਰੋਮਣੀ ਕਮੇਟੀ' ਬਣਾਈ ਸੀ ਜੁੰਮੇਵਾਰ ਬਾਬਾ!
ਹਰ ਥਾਂ ਹੋਵੇ ਸਿੱਖੀ ਦਾ ਬੋਲ ਬਾਲਾ,
ਲੋਕ ਸਿੱਖੀ ਨੂੰ ਚਾਹੁਣ ਵਿੱਚ ਸੰਸਾਰ ਬਾਬਾ!
'ਅਕਾਲ ਤਖ਼ਤ' ਤੋਂ ਹੁਕਮਨਾਮਿਆਂ ਲਈ,
ਇਹਨਾਂ ਥਾਪੇ ਨੇ ਜੋ 'ਜਥੇਦਾਰ' ਬਾਬਾ!
ਜੋ ਹੁਕਮ ਪ੍ਰਧਾਨ ਦਾ ਮੰਨ ਡੋਬਣ ਆਪਣਿਆਂ ਨੂੰ,
ਗ਼ੈਰਾਂ ਨੂੰ ਬਿਨ ਮੁਆਫ਼ੀ ਦਿੰਦੇ ਤਾਰ ਬਾਬਾ!
ਜਿਸ ਦਿਨ ਤੋਂ ਸਿਆਸਦਾਨਾਂ ਕਰਿਆ ਕਬਜ਼ਾ,
ਇਹਦੇ 'ਚ ਆ ਗਿਆ ਵੱਡਾ ਨਿਘਾਰ ਬਾਬਾ!
ਬੇੜੀ ਸਿੱਖੀ ਦੀ ਇਹਨਾਂ 'ਹੁਕਮਰਾਨਾਂ' ,
ਡੋਬ ਦਿੱਤੀ ਹੈ ਮਝਧਾਰ ਬਾਬਾ!
ਡੇਰੇ, ਸੰਪਰਦਾਵਾਂ, ਆਪਣੇ ਰਾਗ ਅਲਾਪਦੇ ਨੇ,
ਆਪੇ ਬਣਾਈਆਂ ਮਰਿਯਾਦਾ ਅਨੁਸਾਰ ਬਾਬਾ!
ਇਸ ਤੋਂ 'ਸੋਧ' ਕਰਕੇ 'ਰਹਿਤ ਮਰਯਾਦਾ' ਵੀ,
ਅੱਜ ਤੱਕ ਬਣਾਈ ਨਾ ਗਈ ਇਕਸਾਰ ਬਾਬਾ!
'ਸੋ ਸਾਲ' ਤੋਂ ਟੱਪ ਚੁੱਕੀ ਇਸ ਸੰਸਥਾ ਨੇ,
ਕੰਮ ਕੀਤੇ ਨਾ ਜੋ ਇਸਦੇ ਸੀ ਕਰਨਹਾਰ ਬਾਬਾ!
ਨਾ ਇਹਨੇ ਪ੍ਰਚਾਰ ਲਈ ਕੋਈ ਬਣਾਇਆ 'ਚੈਨਲ'
ਨਾ ਕੋਈ ਚਲਾਇਆ ਮਜ਼ਬੂਤ ਅਖ਼ਬਾਰ ਬਾਬਾ!
ਇਤਿਹਾਸ ਮਿਥਿਹਾਸ ਨੂੰ ਵੱਖ ਕਰਨ ਲਈ,
ਇਹਦਾ ਨਿਰਾਸ਼ਾਜਨਕ ਹੈ ਕਿਰਦਾਰ ਬਾਬਾ!
ਗੁਰੂਆਂ ਦੇ ਜਨਮ ਦਿਹਾੜੇ ਸਹੀ ਮਨਾਉਣ ਲਈ,
ਨਾ ਇਤਿਹਾਸ ਮਿਥਿਹਾਸ ਦੀ ਕੀਤੀ ਚੀਰ ਫਾੜ ਬਾਬਾ!
ਸੱਚ ਝੂਠ ਦਾ ਨਿਤਾਰਾ ਕਰ ਲੋਕਾਂ ਵਿੱਚ
ਨਹੀਂ ਕਰਦੇ ਦਿਸਦੇ ਕਿਤੇ ਪ੍ਰਚਾਰ ਬਾਬਾ!
ਇਸਨੇ ਐਸੀਆਂ ਕਿਤਾਬਾਂ ਵੀ ਛਾਪ ਦਿੱਤੀਆਂ,
ਜੋ ਤੁਹਾਡਾ ਘਟਾਉਦੀਆਂ ਨੇ ਸਤਿਕਾਰ ਬਾਬਾ!
ਤੁਸਾਂ ਦੀ ਗੋਲਕ ਨੂੰ ਵੱਡੀ ਸੰਨ ਲਾਉਂਦੇ,
ਕਰਕੇ ਦੁਰ-ਉਪਯੋਗ ਤੇ ਝੂਠਾ ਵਪਾਰ ਬਾਬਾ!
ਜਿਹਨਾਂ ਕੰਮਾਂ ਤੋਂ ਤੁਸੀਂ ਰੋਕਿਆ ਸੀ,
ਉਹ ਕੰਮ ਕਰਨ ਇਹ ਸ਼ਰੇ ਬਾਜ਼ਾਰ ਬਾਬਾ!
'ਤੁਹਾਡੀ' ਹਜ਼ੂਰੀ ਵਿੱਚ ਕਈ ਥਾਂ ਫ਼ਰਕ ਰਖਦੇ,
ਇਹ ਅਖੌਤੀ ਉੱਚੇ-ਨੀਵਿਆਂ ਦੇ ਵਿਚਕਾਰ ਬਾਬਾ!
ਸਾਰੇ 'ਜਥੇਦਾਰਾਂ' ਨੂੰ ਸਭ ਕੁਝ ਪਤਾ ਹੁੰਦੇ ਹੋਏ,
ਪਾਵੇ ਕੋਈ ਨਾ ਇਹਨਾਂ ਨੂੰ ਫਿਟਕਾਰ ਬਾਬਾ!
ਗੁਰਮਤਿ ਦੇ ਧਾਰਨੀ ਰਹੇ ਨਾ ਸਿੱਖ ਬਹੁਤੇ,
ਇਹ ਮਨਮੱਤ ਦੇ ਹੋ ਗਏ ਸ਼ਿਕਾਰ ਬਾਬਾ!
'ਬ੍ਰਾਹਮਣਵਾਦ' ਇਹਦੇ ਤੇ ਜ਼ਿਆਦਾ ਹੋਇਆ ਭਾਰੂ,
ਇਹਨਾਂ ਤੁਹਾਡੀ ਸੋਚ ਨੂੰ ਦਿੱਤਾ ਵਿਸਾਰ ਬਾਬਾ!
ਨਾ ਮਾਤਰ ਰਹਿ ਗਏ ਹੁਣ ਸਿੱਖ ਤੇਰੇ,
ਜੋ ਸੱਚ ਦਾ ਕਰਨ ਵਪਾਰ ਬਾਬਾ!
'ਮੇਜਰ' ਚਾਹੁੰਦਾ ਹਰ ਕੋਈ ਗੁਰਮਤਿ ਅਨੁਸਾਰ ਚੱਲੇ,
ਹੋਵੇ ਸਿਖੀ ਵਿੱਚ ਵੱਡਾ ਸੁਧਾਰ ਬਾਬਾ!
ਮੇਜਰ ਸਿੰਘ 'ਬੁਢਲਾਡਾ'
94176 42327