ਟਰੰਪ ਕਲੰਕ - ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ

ਕਲੰਕ ਜਿਹਾ ਟਰੰਪ, ਲੋਕਾਂ ਫੇਰ ਮੱਥੇ ਲਾਇਆ,
ਅਮਰੀਕੀ ਠੱਗ ਵਾਈਟ ਹਾਊਸ ਵਿੱਚ, ਫੇਰ ਆ ਧਾਇਆ।

ਪਰਵਾਹ ਨਹੀਂ ਕਿਸੇ ਦੀ, ਐਸਾ ਹੈ ਅੱਖੜ ਬੰਦਾ,
ਕਰਨੋਂ ਕਦੀ ਨਾ ਸੰਗੇ, ਹਰ ਇੱਕ ਗੰਦਾ ਧੰਦਾ।

ਬਦਮਾਸ਼ੀ ਪੂਰੀ ਟੌਹਰ ਨਾਲ, ਨਿਰਲੱਜ ਦਿਖਾਵੇ,
ਜਿਵੇਂ ਉਲਟਾ ਚੋਰ ਅਦਾਲਤੇ, ਜੱਜ ਤਾਈਂ ਡਰਾਵੇ।

ਫੌਜਦਾਰੀ, ਦੀਵਾਨੀ ਕੇਸ, ਕਈ ਖੁਰਦ ਹੋਣਗੇ,
ਕੁਰੱਪਟ ਜੱਜ ਤੇ ਵਕੀਲ, ਉਸ ਦੇ ਨਾਲ ਖਲੋਣਗੇ।

ਸੋਨੇ ਦੀ ਅਮਰੀਕਾ ਕਹਿੰਦਾ, ਹੁਣ ਬਣਨੇ ਵਾਲੀ,
ਸਯਾਦ ਹੈ ਹੁਣ ਬਣ ਬੈਠਾ, ਲੋਕੋ ਬਾਗ਼ ਦਾ ਮਾਲੀ!

ਵਾਅਦੇ ਬੜੇ ਨੇ ਵੱਡੇ, ਪੂਰਾ ਕੋਈ ਨ੍ਹੀਂ ਕਰਨਾ,
ਲੋਕਾਂ ਨੂੰ ਹੀ ਆਖਰ, ਹਰ ਡੰਨ ਪੈਣਾ ਭਰਨਾ।

ਨਫਰਤ ਦੀਆਂ ਕਈ ਕੰਧਾਂ, ਹੋਰ ਵੀ ਉੱਚੀਆਂ ਹੋਣੀਆਂ,
ਗਰੀਬਾਂ ਦੀਆਂ ਕਈ ਜਾਨਾਂ, ਦੇਖਿਓ ਟਰੰਪ ਨੂੰ ਰੋਣੀਆਂ।

ਸੋਨੇ ਦੇ ਵਿਚ ਮੜ੍ਹਿਆ ਹੋਇਆ, ਦਿਲ ਇਹ ਕਾਲਾ,
ਕੱਢੇਗਾ ਇਹ ਦੁਨੀਆਂ ਦਾ, ਨਿੱਤ ਨਵਾਂ ਦੀਵਾਲਾ।

'ਕਮਲਾ' ਕਮਲ਼ੀ ਦੂਜੇ ਪਾਸੇ, ਰਹੀ ਨਖਰੇ ਕਰਦੀ,
ਜ਼ੁਲਫਾਂ ਸਭ ਖਿਲਾਰ ਕੇ ਵੀ, ਲੱਭ ਸਕੀ ਨਾ ਦਰਦੀ।

ਵੋਟਰ ਉਸ ਦੀਆਂ ਅਦਾਵਾਂ, ਦੇਖ ਨਾ ਹੋਏ ਲੱਟੂ,
ਫਾਹ ਨਾ ਸਕੇ ਸ਼ਿਕਾਰ, ਉਸ ਦੇ ਫੰਧੇ 'ਤੇ ਪੱਟੂ।

ਪੈਰ ਪੈਰ ਤੇ ਸ਼ਰਾਫਤ ਦੀ, ਦੇਖੋ ਹੁੰਦੀ ਹੇਠੀ,
ਐਸੀ ਹਾਲਤ ਦੁਨੀਆ ਦੀ, ਅਸੀਂ ਕਦੀ ਨਾ ਦੇਖੀ।
ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ