'ਸੱਚ ਦੇ ਰੂਬਰੂ' - ਮੇਜਰ ਸਿੰਘ ਬੁਢਲਾਡਾ

'ਏਕਲਵਿਆ ਬਨਾਮ ਦਰੋਣਾਚਾਰੀਆ'
'ਏਕਲਵਿਆ' ਅਤੇ 'ਦਰੋਣਾਚਾਰੀਆ' ਦੀ ਕਹਾਣੀ ਨੂੰ ਭਾਵੇਂ ਕਿ ਕਾਫ਼ੀ ਲੋਕ ਜਾਣਦੇ ਹਨ। ਫਿਰ ਵੀ ਇਕ ਵਾਰ ਇਸ ਪ੍ਰਚਲਤ ਕਹਾਣੀ ਤੇ ਸੰਖੇਪ ਜਿਹੀ ਝਾਤ ਮਾਰ ਲ‌ਈਏ।
ਕਿਹਾ ਜਾਂਦਾ ਹੈ ਕਿ "ਏਕਲਵਿਆ' ਤੀਰ ਅੰਦਾਜ਼ੀ ਸਿੱਖਣ ਲਈ 'ਕਾਰਵਾਂ ਪਾਂਡਵਾਂ' ਦੇ ਗੁਰੂ 'ਦਰੋਣਾਚਾਰੀਆ' ਜੀ ਦੇ ਪਾਸ ਗਿਆ, ਜਦੋਂ  ਕੌਰਵਾਂ ਪਾਂਡਵਾਂ ਦੇ ਗੁਰੂ ਦਰੋਣਾਚਾਰੀਆ ਨੇ ਏਕਲਵਿਆ ਨੂੰ ਅਛੂਤ ਜ਼ਾਤੀ ਨਾਲ ਸਬੰਧਿਤ ਹੋਣ ਕਰਕੇ ਆਪਣੇ ਨੇੜੇ ਢੁੱਕਣ ਨਾ ਦਿੱਤਾ।"
ਫਿਰ ਕਹਿੰਦੇ "ਏਕਲਵਿਆ ਨੇ ਜੰਗਲ ਵਿੱਚ ਆਕੇ ਦਰੋਣਾਚਾਰੀਆ ਦੀ ਮਿੱਟੀ ਦੀ ਮੂਰਤੀ ਬਣਾਕੇ ਉਸਨੂੰ ਗੁਰੂ ਮੰਨਕੇ ਨਿੱਤ ਨਮਸਕਾਰ ਕਰਕੇ ਤੀਰ ਅੰਦਾਜ਼ੀ ਦਾ ਅਭਿਆਸ ਕਰਨ ਲੱਗ ਪਿਆ ਅਤੇ ਅਖੀਰ ਸਫ਼ਲ ਹੋ ਗਿਆ। ਇਕ ਵਾਰ ਦਰੋਣਾਚਾਰੀਆ ਜੀ ਆਪਣੇ ਸ਼ਿਸ਼ 'ਅਰਜਨ' ਜੀ ਨਾਲ ਜੰਗਲਾਂ ਵਿੱਚੋਂ ਲੰਘ ਰਹੇ ਸੀ, ਜਿਹਨਾਂ ਨੂੰ ਵੇਖਕੇ ਇਕ ਕੁੱਤਾ ਉੱਚੀ ਉੱਚੀ ਭੌਂਕਣ ਲੱਗ ਪਿਆ।ਜਦ ਏਕਲਵਿਆ ਨੂੰ ਪਤਾ ਲੱਗਾ ਇਹ ਕੁੱਤਾ ਤਾਂ ਮੇਰੇ ਗੁਰੂ ਨੂੰ ਭੌਂਕ ਰਿਹਾ ਹੈ, ਤਾਂ ਉਸਨੇ ਦੂਰੋਂ ਬਹੁਤ ਸਾਰੇ ਤੀਰ ਛੱਡੇ, ਜਿਸ ਨਾਲ ਕੁੱਤੇ ਦਾ ਮੂੰਹ ਤੀਰਾਂ ਨਾਲ ਭਰ ਗਿਆ। ਕੁੱਤਾ ਇਕ ਦਮ ਚੁੱਪ ਹੋ ਗਿਆ। ਇਕ ਦਮ ਕੁੱਤੇ ਦੇ ਚੁੱਪ ਹੋਣ ਤੇ ਦਰੋਣਾਚਾਰੀਆ ਜੀ ਅਤੇ ਅਰਜਨ ਹੈਰਾਨ ਹੋ ਗਏ,ਜਦ ਉਹਨਾਂ ਅੱਗੇ ਜਾਕੇ ਕੁੱਤੇ ਦੇ ਮੂੰਹ ਵਿੱਚ ਵੱਜੇ ਤੀਰ ਵੇਖੇ ਤਾਂ ਦਰੋਣਾਚਾਰੀਆ ਜੀ ਹੈਰਾਨ ਰਹਿ ਗਏ, ਇਸ ਤਰਾਂ ਦਾ ਤੀਰ ਅੰਦਾਜ਼ੀ ਕੌਣ ਹੋ ਸਕਦਾ? ਕੁਝ ਕੁ ਸਮੇਂ ਬਾਅਦ ਏਕਲਵਿਆ ਵੀ ਗੁਰੂ ਦੇ ਸਾਹਮਣੇ ਆ ਖੜ੍ਹਾ ਹੋਇਆ, ਆਪਣੀ ਜਾਣ ਪਛਾਣ ਕਰਵਾਈ, ਇਹ ਸੁਣਕੇ ਦਰੋਣਾਚਾਰੀਆ ਜੀ ਬੇਹੱਦ ਹੈਰਾਨ ਪ੍ਰੇਸ਼ਾਨ!
ਫਿਰ ਏਕਲਵਿਆ ਨੇ ਗੁਰੂ ਦਰੋਣਾਚਾਰੀਆ ਨੂੰ ਗੁਰੂ ਦਖਸ਼ਣਾ ਲੈਣ ਲਈ ਤਰਲਾ ਕੀਤਾ, ਤਾਂ ਦਰੋਣਾਚਾਰੀਆ ਨੇ  ਇਹ ਸੋਚਕੇ ਕਿ ਮੇਰੇ ਸਿਖਾਏ ਸ਼ਿਸ਼ਾਂ ਤੋਂ ਕੋਈ ਉੱਪਰ ਨਾ ਹੋਵੇ, ਧੱਕੇ ਨਾਲ ਬਣੇ ਚੇਲੇ ਦਾ ਅੰਗੂਠਾ ਦਖਸ਼ਣਾ ਵਿੱਚ ਲੈ ਲਿਆ।"
ਇਸ ਤਰਾਂ ਦੀ ਇਹ ਕਹਾਣੀ ਮਹਾਂਭਾਰਤ ਵਿੱਚੋਂ ਆਈ ਹੈ। ਇਸ ਤਰਾਂ ਇਤਿਹਾਸ ਮਿਥਿਹਾਸ ਦੀਆਂ ਅਨੇਕਾਂ ਕਹਾਣੀਆਂ ਭਾਰਤ ਦੇ ਲੋਕਾਂ ਦੇ ਖੂਨ ਵਿੱਚ ਰਚੀਆਂ ਹੋਈਆਂ ਹਨ , ਜਿਹਨਾਂ ਨੂੰ ਆਮ ਲੋਕਾਂ ਤੋਂ ਇਲਾਵਾ ਚੰਗੇ ਪੜ੍ਹੇ ਲਿਖੇ ਲੋਕ ਵੀ (ਬਿਨਾਂ ਸੋਚੇ ਵਿਚਾਰੇ) ਮੰਨ ਰਹੇ ਹਨ, ਜਿਹਨਾਂ ਵਿੱਚ ਵਿਦਵਾਨ ਅਖਵਾਉਣ ਵਾਲੇ ਲੋਕ ਵੀ ਸ਼ਾਮਲ ਹਨ।
ਆਓ ਅੱਜ ਇਸ ਕਹਾਣੀ ਨੂੰ ਡੁੰਘਾਈ ਤੱਕ ਸਮਝਣ ਦੀ ਕੋਸ਼ਿਸ਼ ਕਰੀਏ, ਇਸ ਦੀ ਸਚਾਈ ਕੀ ਹੈ।
ਕਾਫ਼ੀ ਲੋਕਾਂ ਨੂੰ ਪਤਾ ਹੈ, ਕਿ ਏਕਲਵਿਆ 'ਭੀਲ' ਜਾਤੀ ਨਾਲ ਸਬੰਧਤ ਸੀ, ਜਿਹੜੀ ਕਿ ਅਖੌਤੀ ਅਛੂਤ ਜਾਤੀਆਂ ਵਿੱਚ ਆਉਂਦੀ ਹੈ। 'ਭੀਲ' ਭਾਰਤ ਦੀ ਇੱਕ ਪ੍ਰਾਚੀਨ ਜਾਤੀ ਹੈ, ਜੋ ਮੁੱਖ ਤੌਰ 'ਤੇ ਆਦਿਵਾਸੀ ਸਮੂਹਾਂ ਵਿੱਚ ਆਉਂਦੀ ਹੈ। ਭੀਲ ਭਾਰਤ ਦੇ ਪੂਰਬੀ ਅਤੇ ਕੇਂਦਰੀ ਹਿੱਸਿਆਂ ਵਿੱਚ ਵਸਦੇ ਹਨ, ਜਿਸ ਵਿੱਚ ਮੁੱਖ ਰੂਪ ਵਿੱਚ ਮੱਧ ਪ੍ਰਦੇਸ਼, ਗੁਜਰਾਤ, ਮਹਾਂ ਰਾਸ਼ਟਰ, ਛੱਤੀਸਗੜ੍ਹ ਅਤੇ ਰਾਜਸਥਾਨ ਆਦਿ ਸ਼ਾਮਲ ਹਨ।
'ਭੀਲ'  ਧਨੁਸ਼ ਵਿਦਿਆ ਦੇ ਕੁਸ਼ਲਤਾਪੂਰਵਕ ਮਾਹਰ ਮੰਨੇ ਜਾਂਦੇ ਹਨ ਅਤੇ ਇਤਿਹਾਸਕ ਤੌਰ 'ਤੇ ਸ਼ਿਕਾਰ ਕਰਨਾ ਅਤੇ ਕੁਦਰਤੀ ਸਰੋਤਾਂ ਤੇ ਨਿਰਭਰ ਰਹਿਣਾ ਉਹਨਾਂ ਦੇ ਜੀਵਨ ਦਾ ਹਿੱਸਾ ਰਿਹਾ ਹੈ।
ਜਿਸ ਕਰਕੇ ਏਕਲਵਿਆ ਦਾ ਖ਼ਾਨਦਾਨ ਧਨੁਸ਼ ਵਿਦਿਆ ਦੇ ਖ਼ਾਨਦਾਨੀ ਮਾਹਰ ਸਨ, ਇਸ ਲਈ ਉਸਨੂੰ ਆਪਣੇ ਪੁਰਖਿਆਂ ਨੂੰ ਛੱਡਕੇ ਕਿਸੇ ਕੋਲੋਂ ਇਸ ਕਲਾ ਨੂੰ ਸਿੱਖਣ ਦੀ ਜ਼ਰੂਰਤ ਨਹੀਂ ਸੀ।
ਮੰਨ ਲਵੋ ਉਸ ਵਕਤ ਦਰੋਣਾਚਾਰੀਆ ਜੀ ਦੀ ਜ਼ਿਆਦਾ ਹੀ ਮਾਨਤਾ ਹੋਵੇ, ਇਸ ਕਰਕੇ ਏਕਲਵਿਆ ਨੇ ਉਸਨੂੰ ਗੁਰੂ ਧਾਰਨ ਦੀ ਮਨ ਵਿਚ ਧਾਰ ਲਈ ਹੋਵੇ। ਪਰ ਉਸਨੂੰ ਇਹ ਵੀ ਪਤਾ ਹੋਵੇਗਾ ਹੀ, ਉਸ ਟਾਇਮ ਉਹ ਕੌਰਵਾਂ ਪਾਂਡਵਾਂ ਦਾ ਗੁਰੂ, ਦਰੋਣਾਚਾਰੀਆ ਜੀ ਉੱਚ ਕੋਟੀ ਦਾ ਬ੍ਰਾਹਮਣ ਹੈ। (ਜਿਸ ਦੇ ਅੱਗੋ ਦੀ ਅਛੂਤ ਜਾਤੀ ਦੇ ਲੋਕ ਲੰਘ ਵੀ ਨਹੀਂ ਸਕਦੇ ਸੀ। ਗੱਲ ਕਰਨੀ ਤਾਂ ਦੂਰ ਗੱਲ ਹੈ।)
ਉਸ ਨੂੰ ਕਿਵੇਂ ਸਵੀਕਾਰ ਕਰੇਗਾ ?
ਅਗਲੀ ਗੱਲ, ਰਾਜ ਦਰਬਾਰ ਵਿੱਚ ਰਹਿਣ ਵਾਲਾ ਦਰੋਣਾਚਾਰੀਆ ਕੋਈ ਆਮ ਤਾਂ ਤੁਰਿਆ ਫਿਰਦਾ ਨਹੀਂ ਹੋਣਾ, ਜਿਥੇ ਜੀ ਕਰਿਆ ਅੱਗੇ ਹੋਕੇ ਮਿਲ ਪਿਆ, ਦਰੋਣਾਚਾਰੀਆ ਕੋਲ ਰਾਜ ਦਰਬਾਰ ਵਿੱਚ ਉੱਚਾ ਰੁਤਬਾ ਸੀ,ਜਿਸ ਦੇ ਨਾਲ ਸੈਨਾ ਦੇ ਸਿਪਾਹੀ ਚਲਦੇ ਸੀ, ਅਛੂਤ ਤਾਂ ਕੀ, ਕੋਈ ਹੋਰ ਵੀ ਛੇਤੀ ਕਿਤੇ ਉਸ ਨੂੰ ਮਿਲ ਨਹੀਂ ਸਕਦਾ ਸੀ। ਵੱਡੀ ਪੁੱਛ ਪੜਤਾਲ ਵੀ ਹੁੰਦੀ ਸੀ। ਫਿਰ ਅਜਿਹੇ ਹਾਲਾਤ ਵਿੱਚ ਇਕ ਅਛੂਤ ਵਿਆਕਤੀ ਨੂੰ ਰਾਜ ਦਰਬਾਰ ਵਿੱਚ ਦਰੋਣਾਚਾਰੀਆ ਨੂੰ ਮਿਲਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।‌ ਇਸ ਲਈ ਇਸ ਕਹਾਣੀ ਵਿੱਚ ਤਰਕ ਦੇ ਆਧਾਰ ਤੇ ਕਿਤੇ ਸਚਾਈ ਦਿਸਦੀ ਨਹੀਂ ਹੈ।
ਭਾਰਤ ਦੇ ਇਤਿਹਾਸ ਵਿੱਚ ਮਿਥਿਹਾਸ ਭਾਰੂ ਹੈ, ਹਰ ਇਕ ਨੂੰ ਸੋਚ ਵਿਚਾਰ ਕੇ ਮੰਨਣਾ ਚਾਹੀਦਾ ਹੈ।
ਇਹ ਕਹਾਣੀ ਉਸੇ ਤਰਾਂ ਦੀ ਹੈ, ਜਿਵੇਂ ਰਵਿਦਾਸ ਜੀ ਨੂੰ ਪਿਛਲੇ ਜਨਮ ਵਿੱਚ ਬ੍ਰਾਹਮਣ ਦੇ ਘਰ ਪੈਦਾ ਕੀਤਾ, ਕਬੀਰ ਜੀ ਨੂੰ ਬ੍ਰਾਹਮਣੀ ਦੇ ਪੇਟੋਂ ਪੈਦਾ ਕਰਿਆ ਅਤੇ ਹੋਰ ਨਾਮਦੇਵ ਜੀ ਆਦਿ ਭਗਤਾਂ ਦਾ ਗੁਰੂ ਰਾਮਾਨੰਦ ਜੀ ਨੂੰ ਬਣਾਇਆ ਹੈ।
ਇਸ ਲਈ ਕਿਹਾ ਜਾ ਸਕਦਾ ਹੈ ਕਿ:-
ਜੰਗਲਾਂ 'ਚ ਰਹਿਣ ਵਾਲੇ ਆਦਿ ਵਾਸੀ 'ਭੀਲ਼'
ਹੁੰਦੇ ਖ਼ਾਨਦਾਨੀ ਤੀਰ-ਅੰਦਾਜ਼ ਮੇਰੇ ਦੋਸਤੋ।
ਥੋੜੀ ਉਮਰੇ ਇਹਨਾਂ ਦੇ ਬੱਚੇ ਸਿੱਖ ਜਾਂਦੇ,
ਤੀਰ-ਅੰਦਾਜੀ ਵਾਲੇ ਸਾਰੇ 'ਰਾਜ਼' ਮੇਰੇ ਦੋਸਤੋ।
'ਏਕਲੱਵਯਾ' ਵੀ ਸੀ ਇਹਨਾਂ ਦਾ ਹੀ ਮੁੰਡਾ,
ਜੀਹਦੀ ਤੀਰ-ਅੰਦਾਜੀ ਤੇ ਸੀ ਨਾਜ਼ ਮੇਰੇ ਦੋਸਤੋ।
'ਏਕਲੱਵਯਾ' ਦਰੋਣਾਚਾਰੀਆ ਨੂੰ ਕਿਉਂ ਦਿਉ ਅਗੂੰਠਾ,
ਕਿਉਂ ਉਹਦੇ ਅੱਗੇ ਕਰੂ ਫਰਿਆਦ ਮੇਰੇ ਦੋਸਤੋ?
ਜੋ ਸ਼ੂਦਰਾਂ ਦੇ ਪਰਛਾਵਿਆਂ ਤੋਂ ਭਿੱਟੇ ਜਾਂਦੇ,
'ਏਕਲੱਵਯਾ' ਦੇ ਨਾਲ ਕੀ ਸੀ ਲਿਹਾਜ਼ ਮੇਰੇ ਦੋਸਤੋ?
'ਦੱਕਸਣਾਂ' 'ਚ 'ਅਗੂੰਠੇ' ਵਾਲੀ ਲੱਗੇ ਝੂਠ ਕਹਾਣੀ,
ਵੇਖਿਆ ਜਾਵੇ ਤਰਕ ਦੇ ਲਿਹਾਜ਼ ਮੇਰੇ ਦੋਸਤੋ।
ਮੇਜਰ ਸਿੰਘ ਬੁਢਲਾਡਾ
94176 42327