ਲਾਹਨਤ ਹੈ ਸਾਰੇ ਚੰਗਿਆਂ ਤੇ, ਸਲਾਮ ਹੈ ਸ਼ਰਾਬੀਆਂ ਨੂੰ - ਹਰਲਾਜ ਸਿੰਘ ਬਹਾਦਰਪੁਰ
ਹਰੇਕ ਪਿੰਡ ਵਿੱਚ ਜਿੰਨੇ ਗੁਰਦੁਆਰੇ, ਮੰਦਰ ਆਦਿ ਧਾਰਮਿਕ ਸਥਾਨ ਹਨ ਸਾਰੇ ਸ਼ਰਾਬ ਪੀਣ ਨੂੰ ਮਾੜਾ ਕਹਿੰਦੇ ਹਨ, ਹਰੇਕ ਪਿੰਡ ਵਿੱਚ ਕਿੰਨੇ ਗੁਰਸਿੱਖ ਹਨ, ਕਿੰਨੇ ਬਿਆਸ ਵਾਲੇ ਹਨ, ਕਿੰਨੇ ਸਿਰਸੇ ਵਾਲੇ ਹਨ ਸਾਰੇ ਸ਼ਰਾਬ ਪੀਣ ਨੂੰ ਮਾੜਾ ਕਹਿੰਦੇ ਹਨ, ਪਿੰਡ ਵਿੱਚ ਕਿੰਨੀਆਂ ਇਸਤਰੀਆਂ ਹਨ ਜੋ ਸ਼ਰਾਬ ਤੋਂ ਦੁਖੀ ਹਨ ਅਤੇ ਸ਼ਰਾਬ ਪੀਣ ਨੂੰ ਮਾੜਾ ਕਹਿੰਦੀਆਂ ਹਨ, ਕਿੰਨੇ ਲੋਕ ਉਹ ਵੀ ਹਨ ਜੋ ਆਪਣੇ ਘਰ ਸ਼ਰਾਬ ਤਾਂ ਹਰ ਰੋਜ ਪੀਂਦੇ ਹਨ, ਪਰ ਕਿਸੇ ਤੋਂ ਸ਼ਰਾਬ ਲੈ ਕੇ ਪੀਣ ਨੂੰ ਬੇਇੱਜ਼ਤੀ ਮੰਨਦੇ ਹਨ ਭਾਵ ਰੱਜੇ ਪੁੱਜੇ ਹਨ, ਕੁੱਝ ਉਹ ਲੋਕ ਵੀ ਹਨ ਜੋ ਕਿਸੇ ਧਰਮ ਨਾਲ ਵੀ ਨਹੀਂ ਜੁੜੇ, ਕੁੱਝ ਰੱਜੇ ਪੁੱਜੇ ਵੀ ਨਹੀਂ ਹਨ ਪਰ ਸ਼ਰਾਬ ਨਹੀਂ ਪੀਂਦੇ, ਇਸ ਤਰਾਂ ਤਾਂ ਜੇ ਸਾਰਿਆਂ ਦਾ ਜੋੜ ਲਾਈਏ ਫਿਰ ਤਾਂ ਮੁਫਤ ਦੀ ਸ਼ਰਾਬ ਪੀਣ ਵਾਲੇ ਬਹੁਤ ਥੋੜੇ ਲੋਕ ਨਿਕਲਣਗੇ, ਫਿਰ ਉਹ ਥੋੜੇ ਜਿਹੇ ਲੋਕ ਸਰਪੰਚੀ ਦੀ ਚੋਣ ਦਾ ਪਾਸਾ ਪਲਟਣ ਦੀ ਤਾਕਤ ਕਿਵੇਂ ਰੱਖਦੇ ਹਨ ? ਇਸ ਦਾ ਮਤਲਬ ਕਿ ਪਿੰਡ ਦੇ ਸਾਰੇ ਸਿੱਖ, ਬਿਆਸ ਵਾਲੇ, ਸਿਰਸੇ ਵਾਲੇ ਭਾਵ ਸਾਰੇ ਧਰਮੀ ਅਤੇ ਧਰਮਾਂ ਦੇ ਪ੍ਰਚਾਰਕ ਜਿੰਨਾ ਨੂੰ ਗੱਲਬਾਤ ਵੀ ਕਰਨੀ ਆਉਂਦੀ ਹੈ, ਆਪਣੀ ਗੱਲ ਕਹਿਣ ਲਈ ਪਲੇਟਫਾਰਮ, ਸਟੇਜਾਂ ਅਤੇ ਧਾਰਮਿਕ ਸਥਾਨ ਵੀ ਹਨ, ਸਾਰੀਆਂ ਇਸਤਰੀਆਂ, ਸਾਰੇ ਰੱਜੇ ਪੁੱਜੇ ਕਹਾਉਣ ਵਾਲੇ, ਜਾਂ ਹੋਰ ਜੋ ਸ਼ਰਾਬ ਨਹੀਂ ਪੀਂਦੇ ਇਹ ਸਾਰੇ ਚੰਗੇ ਲੋਕ ਇਕੱਠੇ ਹੋ ਕੇ ਵੀ ਵੋਟਾਂ ਵਿੱਚ ਸ਼ਰਾਬ ਮੰਗਣ ਵਾਲਿਆਂ ਦੇ ਮੁਕਾਬਲੇ ਜੀਰੋ ਹਨ, ਫਿਰ ਤਾਂ ਇਹੀ ਕਹਿਣਾ ਪਵੇਗਾ ਕਿ ਇਹਨਾ ਸਾਰਿਆਂ ਤੋਂ ਤਾਂ ਥੋੜੇ ਜਿਹੇ ਸ਼ਰਾਬੀ ਹੀ ਵੱਧ ਤਾਕਤ ਰੱਖਦੇ ਹਨ, ਫਿਰ ਤਾਂ ਸਾਰੇ ਪੰਚ ਅਤੇ ਸਰਪੰਚ ਵੀ ਸ਼ਰਾਬੀ ਹੀ ਬਣਨੇ ਚਾਹੀਂਦੇ ਹਨ, ਬਾਕੀ ਦੇ ਸਾਰਿਆਂ ਨੂੰ ਤਾਂ ਇਕੱਠੇ ਹੋ ਕੇ ਆਤਮਹੱਤਿਆ ਕਰ ਲੈਣੀ ਚਾਹੀਂਦੀ ਹੈ, ਕਿਉਂਕਿ ਤੁਹਾਡੇ ਸਾਰਿਆਂ ਦਾ ਜਿਉਣ ਦਾ ਵੀ ਕੀ ਫਾਇਦਾ ਜਦੋਂ ਤੁਸੀਂ ਸਾਰੇ ਚੰਗੇ ਲੋਕ ਇੰਨੀ ਵੀ ਤਾਕਤ ਨਹੀਂ ਰੱਖਦੇ ਕਿ ਤੁਸੀਂ ਸ਼ਰਾਬੀਆਂ ਵਾਂਗ ਇਹ ਕਹਿ ਸਕੋਂ ਕਿ ਨਸ਼ੇ ਵੰਡਣ ਵਾਲੇ ਨੂੰ ਜਿੱਤਣ ਨਹੀਂ ਦੇਵਾਂਗੇ, ਜਦੋਂ ਕਿ ਸ਼ਰਾਬੀ ਸ਼ਰੇਆਮ ਕਹਿੰਦੇ ਹਨ ਕਿ ਨਸ਼ੇ ਵੰਡਣ ਵਗੈਰ ਕੋਈ ਜਿੱਤ ਨਹੀਂ ਸਕਦਾ, ਮੈਂ ਤਾਂ ਇਹੀ ਕਹਾਂਗਾ ਕਿ ਸਲਾਮ ਹੈ ਸ਼ਰਾਬੀਆਂ ਦੇ ਜਜ਼ਬੇ ਨੂੰ ਅਤੇ ਲਾਹਨਤ ਹੈ ਸਾਡੇ ਸਾਰੇ ਚੰਗੇ ਕਹਾਉਣ ਵਾਲਿਆਂ ਤੇ, ਸਾਡੀ ਸਾਰਿਆਂ ਦੀ ਦੇਣ ਵੀ ਜਾਂ ਲੋੜ ਵੀ ਕੀ ਹੈ ਜਦੋਂ ਅਸੀਂ ਸਾਰੇ ਧਰਮੀ ਅਤੇ ਚੰਗੇ ਬੰਦੇ ਰਲ ਕਿ ਪਿੰਡ ਵਿੱਚ ਇੱਕ ਸਰਪੰਚ ਵੀ ਨਹੀਂ ਚੁਣ ਸਕਦੇ[
ਹਰਲਾਜ ਸਿੰਘ ਬਹਾਦਰਪੁਰ,
ਪਿੰਡ ਤੇ ਡਾਕਖਾਨਾ ਬਹਾਦਰਪੁਰ,
ਤਹਿਸੀਲ ਬੁੱਢਲਾਡਾ, ਜਿਲਾ ਮਾਨਸਾ ਪੰਜਾਬ ।
ਪਿੰਨ ਕੋਡ :-151501, ਫੋਨ ਨੰਬਰ :- 9417023911
e-mail :- harlajsingh7@gmail.com