ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

24.09.2024

ਖੇਡਾਂ ਵਿਚ ਭਾਰਤ ਦੀ ਅਜਿਹੀ ਦੁਰਦਸ਼ਾ ਕਿਉਂ ਹੈ?- ਇਕ ਸਵਾਲ

ਕਾਦਰਯਾਰ ਜੇ ਕੋਲ ਗਵਾਹ ਹੁੰਦੇ, ਕਹਿੰਦੇ ਖੋਲ੍ਹ ਹਕੀਕਤ ਸਾਰੀ।

ਆਖਰ ਮਾਇਆਵਤੀ ਨੂੰ ਬਹੁਜਨ ਰਾਜਨੀਤੀ ਵਲ ਮੁੜਨਾ ਪਿਆ- ਇਕ ਖ਼ਬਰ

ਹੱਥਾਂ ਵਿਚੋਂ ਲਾਲ ਗੁਆਇਆ, ਧਿਰ ਨੂੰ ਪਿਆਰੀ ਕਰ ਕੇ।

ਹਰਿਆਣਾ ਚੋਣਾਂ ‘ਚ ਭਾਜਪਾ ਨੇ ਵਾਅਦਿਆਂ ਦੀ ਲਾਈ ਝੜੀ- ਇਕ ਖ਼ਬਰ

ਲੌਂਗ ਘੜਾ ਦਊਂਗਾ, ਗੁੱਸਾ ਛੱਡ ਮੁਟਿਆਰੇ।

ਅਮੀਰ ਤੇ ਗ਼ਰੀਬ ਵਿਦਿਆਰਥੀਆਂ ਦੇ ਅਲੱਗ ਅਲੱਗ ਅਧਿਆਪਕ ਕਿਉਂ?- ਭਗਵੰਤ ਮਾਨ

ਵੱਢੀ ਦੇ ਕੇ ਜ਼ਮੀਨ ਦੇ ਬਣੇ ਮਾਲਕ, ਬੰਜਰ ਜ਼ਿਮੀਂ ਰੰਝੇਟੇ ਨੂੰ ਆਈਆ ਈ।

ਫ਼ਿਲਮ ਇੰਡਸਟਰੀ ਵਲੋਂ ਮੈਨੂੰ ਕੋਈ ਸਮਰਥਨ ਨਹੀਂ ਮਿਲਿਆ- ਕੰਗਨਾ ਰਣੌਤ

ਏਡਾ ਤੇਰਾ ਕਿਹੜਾ ਦਰਦੀ, ਸੁੱਤੀ ਪਈ ਨੂੰ ਪੱਖੀ ਦੀ ਝੱਲ ਮਾਰੇ।

ਰਾਹੁਲ ਗਾਂਧੀ ਐਸੀ ਹਨ੍ਹੇਰੀ ਹੈ ਜੋ ਰੋਕੀ ਨਹੀਂ ਜਾ ਸਕਦੀ- ਰਾਜਾ ਵੜਿੰਗ

ਉਹੀਓ ਮੇਰਾ ਵੀਰ ਲਗਦਾ, ਕੰਨੀਂ ਨੱਤੀਆਂ ਸੰਧੂਰੀ ਸਿਰ ਸਾਫ਼ਾ

ਭਗਵੰਤ ਮਾਨ ਦੀ ਸਰਕਾਰ ਦੇ ਚਾਰ ਮੰਤਰੀਆਂ ਨੇ ਅਸਤੀਫ਼ੇ ਦਿਤੇ- ਇਕ ਖ਼ਬਰ

ਉਨ੍ਹੀਂ ਅਸਤੀਫ਼ੇ ਦਿਤੇ ਨਹੀਂ ਸਗੋਂ ਉਨ੍ਹਾਂ ਤੋਂ ਅਸਤੀਫ਼ੇ ਲਏ ਗਏ।

12 ਸਾਲ ਦੇ ਬੱਚੇ ਨੇ 30 ਦਿਨਾਂ ‘ਚ 154 ਸਫ਼ਿਆਂ ਦੀ ਕਿਤਾਬ ਲਿਖ ਦਿਤੀ-ਇਕ ਖ਼ਬਰ

ਜਿਸ ਪੱਲੇ ਫੁੱਲ ਬੱਧੇ ਹੋਵਣ, ਆਵੇ ਬਾਸ ਰੁਮਾਲੋਂ।

ਅਮਰੀਕਾ ਨੇ ਭਾਰਤ ਨੂੰ 297 ਕਲਾਕ੍ਰਿਤੀਆਂ ਵਾਪਸ ਕੀਤੀਆਂ- ਇਕ ਖ਼ਬਰ

ਹੁਣ ਮੈਨੂੰ ਕੁਝ ਨਾ ਕਹੀਂ, ਮੈਂ ਚਰਖ਼ਾ ਸੰਦੂਕ ਲਿਆਈ।

ਗ਼ਲਤ ਬਿਆਨਬਾਜ਼ੀ ਤੇ ਵਿਵਾਦਾਂ ਨਾਲ ਹਮੇਸ਼ਾ ਸਬੰਧ ਰਿਹੈ ਕੰਗਨਾ ਰਣੌਤ ਦਾ- ਇਕ ਖ਼ਬਰ

ਸੋਨੇ ਦੇ ਤਵੀਤ ਵਾਲ਼ੀਏ, ਤੇਰੀ ਹਰ ਮੱਸਿਆ ਬਦਨਾਮੀ।

ਸਲਾਮਤੀ ਕੌਂਸਲ ‘ਚ ਭਾਰਤ ਦੀ ਸੀਟ ਦੀ ਅਮਰੀਕਾ ਨੇ ਕੀਤੀ ਹਮਾਇਤ- ਇਕ ਖ਼ਬਰ

ਆਉਂਦੀ ਜਾਂਦੀ ਨੂੰ ਘੜਾ ਚੁਕਾਉਂਦਾ, ਮਗਰੋਂ ਮਾਰਦਾ ਗੋਡਾ।

ਵਿਧਾਇਕਾਂ ਦੀ ਤਨਖ਼ਾਹ ਤੇ ਭੱਤੇ ਤਿੰਨ ਗੁਣਾਂ ਕਰਨ ਦੀ ਸਿਫ਼ਾਰਿਸ਼- ਇਕ ਖ਼ਬਰ

ਕੀ ਲਗਦੇ ਸੰਤੀਏ ਤੇਰੇ, ਜਿਨ੍ਹਾਂ ਨੂੰ ਰਾਤੀਂ ਖੰਡ ਪਾਈ ਸੀ।

ਬਿਹਾਰ ‘ਚ ਸਿੱਖਾਂ ਨੇ ਆਪਣੇ ਹੱਕਾਂ ਲਈ ਚੁੱਕੀ ਆਵਾਜ਼- ਇਕ ਖ਼ਬਰ

ਇਕ ਮੰਜੇ ਹੋ ਚਲੀਏ, ਚੰਨ ਛੁਪਿਆ ਟਹਿਕਦੇ ਤਾਰੇ।

‘ਕਵਾਡ’ ਆਗੂਆਂ ਨੇ ਚੀਨ ਵਿਰੁੱਧ ਇਕਜੁਟਤਾ ਦਾ ਕੀਤਾ ਪ੍ਰਗਟਾਵਾ- ਇਕ ਖ਼ਬਰ

ਕੋਠੀ ‘ਚੋਂ ਲਿਆ ਦੇ ਘੁੰਗਰੂ, ਬੱਗੇ ਬਲਦ ਖਰਾਸੇ ਜਾਣਾ।

ਦਰਿਆਵਾਂ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਕੋਈ ਸਰਕਾਰ ਵੀ ਸੰਜੀਦਾ ਨਹੀਂ ਰਹੀ- ਸੀਚੇਵਾਲ

ਖੇਤ ਤਾਂ ਆਪਣਾ ਡਬਰਿਆਂ ਖਾ ਲਿਆ, ਮੇਰਾ ਕਾਲਜਾ ਧੜਕੇ।

==============================================