ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

16.09.2024

 ਭਾਜਪਾ ਲਈ ਗੀਤ ਗਾਉਣ ਵਾਲਾ ਗਾਇਕ 48 ਘੰਟਿਆਂ ਬਾਅਦ ਹੀ ਮੁੜਿਆ ਭਾਜਪਾ ਵਿਚ- ਇਕ ਖ਼ਬਰ

ਸਈਓ ਕਹੀਓ ਅਹਿਮਦ ਪਿਆਰੇ ਨੂੰ, ਦਿਲ ਤਰਸੇ ਇਕ ਨਜ਼ਾਰੇ ਨੂੰ।

ਭਾਰਤ ‘ਚ 2024 ਦੀਆਂ ਆਮ ਚੋਣਾਂ ਨਿਰਪੱਖ ਨਹੀਂ ਸਨ- ਸੈਮ ਪਿਤਰੋਦਾ

ਢਾਬ ਤੇਰੀ ਦਾ ਗੰਧਲ਼ਾ ਪਾਣੀ, ਉੱਤੋਂ ਬੂਰ ਹਟਾਵਾਂ।

ਸਾਬਕਾ ਉੱਪ ਪ੍ਰਧਾਨ ਮੰਤਰੀ ਦੇਵੀ ਲਾਲ ਦੇ ਪੋਤਰੇ ਨੇ ਵੀ ਭਾਜਪਾ ਛੱਡੀ-ਇਕ ਖ਼ਬਰ

ਕਿਤੋਂ ਬੋਲ ਵੇ ਪੁਰਾਣਿਆਂ ਯਾਰਾ, ਲੱਡੂਆਂ ਨੂੰ ਜੀਅ ਕਰਦਾ।

ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਲਾਲਪੁਰਾ ਨੇ ਗੁਰੂ ਨਾਨਕ ਨੂੰ ਵਿਸ਼ਨੂੰ ਦਾ ਅਵਤਾਰ ਦੱਸਿਆ- ਇਕ ਖ਼ਬਰ

ਜੋ ਆਖੋਗੇ ਮੈਂ ਬੋਲਾਂਗਾ, ਬਸ ਕੁਰਸੀ ਦੀ ਮਿਆਦ ਵਧਾ ਦਿਉ ਜੀ

ਅਮਰੀਕਾ ਦੀ ਮਿੱਤਰ ਦੇਸ਼ਾਂ ਦੀ ਸੂਚੀ ਵਿਚ ਭਾਰਤ ਦਾ ਅੱਵਲ ਨੰਬਰ- ਅਮਰੀਕੀ ਉੱਚ ਅਧਿਕਾਰੀ

ਇਥੇ ਹਰ ਕੋਈ ਆਪਣੇ ਮਤਲਬ ਦਾ, ਕੋਈ ਬਣਦਾ ਕਿਸੇ ਦਾ ਯਾਰ ਨਹੀਂ।

ਜੰਮੂ-ਕਸ਼ਮੀਰ ਅਤੇ ਹਰਿਆਣੇ ‘ਚ ਚੋਣਾਂ ਕਾਰਨ ਪੰਜਾਬ ‘ਚ 16 ਨਾਕੇ ਲਾਏ- ਚੋਣ ਅਧਿਕਾਰੀ

ਨੱਚਾਂ ਮੈਂ ਅੰਬਾਲੇ, ਮੇਰੀ ਧਮਕ ਜਲੰਧਰ ਪੈਂਦੀ।

ਕਮਲਾ ਹੈਰਿਸ ਅਤੇ ਟਰੰਪ ਵਿਚਕਾਰ ਤਿੱਖੀ ਬਹਿਸ, ਦੋਵਾਂ ਨੇ ਆਪਣਾ ਆਪਣਾ ਪੱਖ ਰੱਖਿਆ- ਇਕ ਖ਼ਬਰ

ਕੁੱਕੜਾਂ ਵਾਂਗੂੰ ਲੜਦੇ, ਕਿੱਸਾ ਕੁਰਸੀ ਦਾ।

ਪੰਚਾਇਤੀ ਵੋਟਾਂ ਸਾਡੀ ਆਪਸੀ ਭਾਈਚਾਰਕ ਸਾਂਝ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ- ਕਿਸਾਨ ਆਗੂ

ਭੱਠ ਪਿਆ ਸੋਨਾ, ਜਿਹੜਾ ਕੰਨਾਂ ਨੂੰ ਖਾਵੇ।

ਰਾਹੁਲ ਨੂੰ ਕੋਈ ਹੱਥ ਨਹੀਂ ਲਾ ਸਕਦਾ, ਅਸੀਂ ਵੀ ਚੂੜੀਆਂ ਨਹੀਂ ਪਾਈਆਂ ਹੋਈਆਂ- ਰਾਜਾ ਵੜਿੰਗ

ਜੱਟ ਪੰਦਰਾਂ ਮੁਰੱਬਿਆਂ ਵਾਲ਼ਾ, ਮੋਢੇ ‘ਤੇ ਗੰਡਾਸੀ ਰੱਖਦਾ।

ਸੁਖਬੀਰ ਬਾਦਲ ਦੀ ਪ੍ਰਧਾਨਗੀ ਬਚਣ ਨਾਲ਼ ਹੀ ਅਕਾਲੀ ਦਲ ਕਾਇਮ ਰਹਿ ਸਕੇਗਾ- ਪਰਮਜੀਤ ਸਿੰਘ ਸਰਨਾ

ਗੱਪ ਦੀ ਉਦੋਂ ਇੰਤਹਾ ਹੁੰਦੀ, ਟਟੀਹਰੀ ਆਖਦੀ ਆਸਮਾਨ ਮੈਂ ਥੰਮ੍ਹਿਆਂ ਏਂ।

ਡਰੱਗ ਇੰਸਪੈਕਟਰ ਨਸ਼ਾ ਤਸਕਰਾਂ ਦੀ ਸਹਾਇਤਾ ਕਰਦਾ ਫੜਿਆ ਗਿਆ- ਇਕ ਖ਼ਬਰ

ਫ਼ਕਰਦੀਨਾਂ ਇਸ ਦੇਸ਼ ਦਾ ਕੀ ਬਣਸੀ, ਜਿੱਥੇ ਵਾੜ ਹੀ ਖੇਤ ਨੂੰ ਖਾਂਵਦੀ ਹੈ।

ਕੇਜਰੀਵਾਲ ਦੀ ਜ਼ਮਾਨਤ ‘ਤੇ ਭਗਵੰਤ ਮਾਨ ਨੇ ਕਿਹਾ,’ ਸੱਚ ਦੀ ਜਿੱਤ ਹੋਈ ਹੈ’।

ਇਹ ਸੱਚ ਦੀ ਜਿੱਤ ਨਹੀਂ, ਭਾਜਪਾ ਦੀ ਚਾਲ ਹੈ ਹਰਿਆਣੇ ‘ਚ ਕਾਂਗਰਸ ਨੂੰ ਠਿੱਬੀ ਮਾਰਨ ਦੀ।

ਗ਼ੈਰ-ਸਰਕਾਰੀ ਸੰਸਥਾਵਾਂ ਲਈ ਇੰਟਰਨੈਸ਼ਨਲ ਫੰਡ ਲੈਣਾ ਭਾਰਤ ਸਰਕਾਰ ਨੇ ਮੁਸ਼ਕਲ ਕੀਤਾ- ਅਮਰੀਕੀ ਸੈਨੇਟਰ

ਸੈਨੇਟਰ ਸਾਹਿਬ ਇਲੈਕਟੋਰਲ ਬਾਂਡਾਂ ਰਾਹੀਂ ਜਿੰਨਾ ਮਰਜ਼ੀ ਭੇਜੋ, ਕੋਈ ਰੋਕ ਨਹੀਂ।

ਮੈਂ ਨਵੀਂ ਪੀੜ੍ਹੀ ਦੀ ਨੁਮਾਇੰਦਗੀ ਕਰਦੀ ਹਾਂ- ਕਮਲਾ ਹੈਰਿਸ

ਮੈਂ ਮਾਝੇ ਦੀ ਜੱਟੀ, ਗੁਲਾਬੂ ਨਿਕਾ ਜਿਹਾ।

ਸ਼ਾਹਬਾਜ਼ ਸਰਕਾਰ ਵਲੋਂ ਨਿਆਂਪਾਲਿਕਾ ‘ਤੇ ਕਬਜ਼ਾ ਕਰਨ ਦੀਆਂ ਤਿਆਰੀਆਂ-ਇਕ ਖ਼ਬਰ

ਨਮਾਜ਼ ਪੜ੍ਹਨ ਦੇ ਬਹਾਨੇ ਜਾ ਵੜ ਚੀਫ਼ ਜਸਟਿਸ ਦੇ ਘਰ।

========================================================