ਕਿਤੇ ਇਹ ਨਾ ਹੋਵੇ ਕਿ ਅਸੀਂ ਨੈੱਟ ਨੂੰ ਵਰਤਦੇ ਰਹੀਏ ਨੈੱਟ ਸਾਨੂੰ ਹੀ ਵਰਤ ਜਾਵੇ, - ਹਰਲਾਜ ਸਿੰਘ ਬਹਾਦਰਪੁਰ
ਜਦੋਂ ਕਿਸੇ ਨੂੰ ਕਿਸੇ ਪਾਸਿਉਂ ਤੋੜਨਾ ਹੋਵੇ ਤਾਂ ਉਸ ਨੂੰ ਦੂਜੇ ਪਾਸੇ ਜੋੜਨ ਦਾ ਪ੍ਰਬੰਧ ਵੀ ਕਰਨਾ ਪੈਂਦਾ ਹੈ, ਜਿਵੇਂ ਕਿ ਕਿਸੇ ਦੇ ਹੱਥ ਵਿੱਚੋਂ ਪਹਿਲੀ ਵਸਤੂ ਛੁਡਾਉਣ ਲਈ ਉਸ ਦੇ ਹੱਥ ਵਿੱਚ ਦੂਜੀ ਨਵੀਂ ਵਸਤੂ ਦੇਣੀ ਪੈਂਦੀ ਹੈ, ਇਸੇ ਤਰ੍ਹਾਂ ਸਾਡੇ ਕੋਲੋਂ ਵੀ ਅਸਲੀ ਧਰਤੀ, ਕਿਰਤ ਅਤੇ ਸਾਡਾ ਸੱਭਿਆਚਾਰ ਛੁਡਾਉਣ ਲਈ ਸਾਨੂੰ ਨੈੱਟ ਦੀ ਨਕਲੀ ਧਰਤੀ ਨਕਲੀ ਕਿਰਤ ਅਤੇ ਬਿਗਾਨੇ ਸੱਭਿਆਚਾਰ ਨਾਲ ਜੋੜਿਆ ਜਾ ਰਿਹਾ ਹੈ। ਬੇਸ਼ੱਕ ਵੱਡੀਆਂ ਕੰਪਨੀਆਂ ਦੇ ਮਾਲਕ ਹੁਣ ਵੀ ਆਪਣੀਆਂ ਵਸਤੂਆਂ ਦੇ ਭਾਅ ਆਪਣੀਆਂ ਮਨਮਰਜੀਆਂ ਅਨੁਸਾਰ ਤੈਅ ਕਰਕੇ ਅੰਨੀ ਲੁੱਟ ਕਰਦੇ ਹੋਏ ਸਮੇਂ ਸਮੇਂ ਦੀਆਂ ਸਰਕਾਰਾਂ ਨੂੰ ਖਰੀਦ ਕੇ ਦੇਸ਼ ਦੇ ਸਮੁੱਚੇ ਪ੍ਰਬੰਧ ਉੱਤੇ ਕਾਬਜ ਹੋ ਚੁੱਕੇ ਹਨ ਪਰ ਹਾਲੇ ਵੀ ਅਜਿਹੀ ਨੀਤੀ ਵਾਲਿਆਂ ਦੀ ਭੁੱਖ ਨਹੀਂ ਮਿਟਦੀ, ਹੁਣ ਉਹ ਚਾਹੁੰਦੇ ਹਨ ਕਿ ਦੇਸ਼ ਦੀ ਸਮੁੱਚੀ ਧਰਤੀ ਦੇ ਮਾਲਕ ਵੀ ਅਸੀਂ ਹੀ ਹੋਈਏ, ਕਿਉਂਕਿ ਧਰਤੀ ਹੀ ਸੱਭ ਤੋਂ ਵੱਡਾ ਕੁਦਰਤੀ ਕਾਰਖਾਨਾ ਹੈ ਜਿਸ ਵਿੱਚ ਅਨੇਕਾ ਪ੍ਰਕਾਰ ਦਾ ਅਨਾਜ ਅਤੇ ਜੜੀਆਂ ਬੂਟੀਆਂ ਦੀ ਪੈਦਾਵਾਰ ਹੁੰਦੀ ਹੈ, ਧਰਤੀ ਵਾਲੀ ਅਜਿਹੀ ਉਪਜ ਹੋਰ ਕਿਸੇ ਵੀ ਤਰਾਂ ਦੇ ਕਾਰਖਾਨੇ ਵਿੱਚ ਪੈਦਾ ਨਹੀਂ ਕੀਤੀ ਜਾ ਸਕਦੀ, ਕੋਈ ਵੀ ਕਾਰਖਾਨਾ ਧਰਤੀ ਦੀ ਉਪਜ ਤੋਂ ਬਗੈਰ ਚੱਲ ਨਹੀਂ ਸਕਦਾ, ਕਾਰਖਾਨਿਆਂ ਨੂੰ ਪੈਦਾਵਾਰ ਕਰਨ ਲਈ ਧਰਤੀ ਦੀ ਲੋੜ ਹੈ ਪਰ ਧਰਤੀ ਨੂੰ ਪੈਦਾਵਾਰ ਕਰਨ ਲਈ ਕਾਰਖਾਨਿਆਂ ਦੀ ਜਰੂਰਤ ਨਹੀਂ ਪੈਂਦੀ। ਬੇਸ਼ੱਕ ਕਾਰਖਾਨੇ ਵੀ ਅੱਜ ਸਾਡੀ ਮੁੱਢਲੀ ਲੋੜ ਬਣ ਚੁੱਕੇ ਹਨ ਪਰ ਧਰਤੀ ਦੀ ਕੁਦਰਤੀ ਉਪਜ (ਪੈਦਾਵਾਰ) ਉਹ ਨਿਆਮਤ ਹੈ ਜੋ ਆਦਿ ਮਾਨਵ ਤੋਂ ਲੈ ਕੇ ਅੱਜ ਤੱਕ ਦੇ ਅਧੁਨਿਕ ਮਨੁੱਖ ਸਮੇਤ ਹਰ ਤਰਾਂ ਦੇ ਜੀਵ ਜੰਤੂਆਂ, ਬਨਾਸਪਤੀ ਅਦਿ ਦਾ ਪਾਲਣ ਪੋਸਣ ਕਰ ਰਹੀ ਹੈ, ਸਮੁੱਚੀ ਧਰਤੀ ਦੇ ਜੀਵ ਜੰਤੂਆਂ ਨੂੰ ਜੀਵਤ ਰਹਿਣ ਲਈ ਧਰਤੀ ਦੀ ਲੋੜ ਹੈ ਨਾ ਕਿ ਕਾਰਖਾਨਿਆਂ ਦੀ। ਕਾਰਖਾਨਿਆਂ ਨੇ ਸਾਨੂੰ ਸੁੱਖ ਸਹੂਲਤਾਂ ਤਾਂ ਬਹੁਤ ਦਿੱਤੀਆਂ ਹਨ ਪਰ ਇਹਨਾ ਦੇ ਮਾੜੇ ਪ੍ਰਭਾਵਾਂ ਕਾਰਨ ਜਿੱਥੇ ਮਨੁੱਖਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਬਹੁਤ ਸਾਰੇ ਕੁਦਰਤੀ ਜੀਵ ਜੰਤੂਆਂ ਦੀਆਂ ਨਸਲਾਂ ਨੂੰ ਵੀ ਸਦਾ ਲਈ ਖਤਮ ਕਰ ਦਿੱਤਾ ਹੈ। ਜਿਸ ਤਰਾਂ ਮਨੁੱਖ ਨੇ ਆਪਣੀ ਚਲਾਕ ਬੁੱਧੀ ਰਾਹੀਂ ਸਮੁੱਚੇ ਜੀਵ ਜੰਤੂਆਂ ਦੀ ਸਾਂਝੀ ਧਰਤੀ ਨੂੰ ਆਪਣੇ ਲਈ ਰਾਖਵੀਂ ਕਰਦਿਆਂ ਬਹੁਤੇ ਜੀਵ ਜੰਤੂਆਂ ਦੀਆਂ ਨਸਲਾਂ ਨੂੰ ਤਬਾਹ ਅਤੇ ਬਹੁਤਿਆਂ ਨੂੰ ਆਪਣੀਆਂ ਲੋੜਾਂ ਲਈ ਵਰਤਣਾ ਸ਼ੁਰੂ (ਗੁਲਾਮ) ਕਰ ਲਿਆ ਹੈ ਉਸੇ ਤਰਾਂ ਹੁਣ ਮਨੁੱਖਾਂ ਵਿੱਚੋਂ ਚਲਾਕ ਬੁੱਧੀ ਵਾਲੇ ਗਿਣਤੀ ਦੇ ਮਨੁੱਖ ਧਰਤੀ ਨੂੰ ਆਪਣੀ ਨਿੱਜੀ ਜਾਇਦਾਦ ਅਤੇ ਸਮੁੱਚੀ ਮਨੁੱਖਾ ਜਾਤੀ ਨੂੰ ਆਪਣੀ ਗੁਲਾਮ ਬਣਾਉਣਾ ਚਾਹੁੰਦੇ ਹਨ। ਅੱਜ ਸਾਡੇ ਦੇਸ਼ ਦੀ ਧਰਤੀ ਕਿਸੇ ਨਾ ਕਿਸੇ ਰੂਪ ਵਿੱਚ ਸਾਰੇ ਦੇਸ਼ ਵਾਸੀਆਂ ਦੀ ਸ਼ਾਂਝੀ ਧਰਤੀ ਹੈ, ਕਿਸੇ ਕੋਲ ਘੱਟ ਹੈ ਕਿਸੇ ਕੋਲ ਵੱਧ ਹੈ, ਆਪੋ ਆਪਣੀਆਂ ਲੋੜਾਂ ਅਨੁਸਾਰ ਵੱਖੋ ਵੱਖਰੀ ਪੈਦਾਵਾਰ ਹੋ ਰਹੀ ਹੈ, ਕੋਈ ਖੇਤੀ ਕਰ ਰਿਹਾ ਹੈ ਕੋਈ ਮਜ਼ਦੂਰੀ ਕਰ ਰਿਹਾ ਹੈ ਕੋਈ ਮਜ਼ਦੂਰ ਵੀ ਖੇਤੀ ਕਰ ਰਿਹਾ ਹੈ ਕੋਈ ਆਪਣੀ ਮਰਜੀ ਦੇ ਕੰਮ ਦੀ ਮਜ਼ਦੂਰੀ ਕਰ ਰਿਹਾ ਹੈ ਭਾਵ ਕਿ ਸੱਭ ਨੂੰ ਰੁਜਗਾਰ ਮਿਲ ਰਿਹਾ ਹੈ। ਜੇ ਇਸ ਦੇਸ਼ ਦੀ ਧਰਤੀ ਦਾ ਮਾਲਕ ਸਿਰਫ ਇੱਕ ਹੀ ਹੋਇਆ ਫਿਰ ਅਸੀਂ ਸਾਰੇ ਗੁਲਾਮ ਮਜ਼ਦੂਰ ਹੋਵਾਂਗੇ, ਮਾਲਕ ਆਪਣੀ ਮਰਜੀ ਦੀ ਫਸਲ ਪੈਦਾ ਕਰੇਗਾ ਆਪਣੀ ਮਨਮਰਜੀ ਨਾਲ ਫਸਲ ਅਤੇ ਮਜ਼ਦੂਰੀ ਦਾ ਭਾਅ ਤੈਅ ਕਰੇਗਾ, ਉਹ ਮਾਲਕ ਫਿਰ ਸਾਨੂੰ ਸਾਰਿਆਂ ਨੂੰ ਜਿਉਂਦੇ ਰੱਖਣ ਲਈ ਮਜ਼ਦੂਰੀ ਰਾਹੀਂ ਭੋਜਨ ਵੀ ਉਨੇ ਕੁ ਲੋਕਾਂ ਨੂੰ ਹੀ ਦੇਵੇਗਾ ਜਿੰਨੇ ਮਜ਼ਦੂਰਾਂ ਦੀ ਉਸ ਨੂੰ ਲੋੜ ਹੋਵੇਗੀ ਬਾਕੀਆਂ ਨੂੰ ਮਰਨ ਲਈ ਛੱਡ ਦੇਵੇਗਾ, ਸਾਡੇ ਕੋਲ ਕੋਈ ਹੱਕ ਵੀ ਨਹੀਂ ਹੋਣਗੇ, ਇਹ ਹੋਵੇਗੀ ਅਸਲੀ ਗੁਲਾਮੀ। ਗੁਲਾਮਾਂ ਦੀ ਨਾ ਕੋਈ ਆਪਣੀ ਧਰਤੀ ਹੁੰਦੀ ਹੈ, ਨਾ ਕਿਰਤ ਅਤੇ ਨਾ ਕੋਈ ਆਪਣਾ ਸੱਭਿਆਚਾਰ ਹੁੰਦਾ ਹੈ। ਸਾਡੇ ਲਈ ਅਜਿਹੀ ਗੁਲਾਮੀ ਦਾ ਤਾਣਾ ਬਾਣਾ ਨੈੱਟ ਰਾਹੀਂ ਬੁਣਿਆ ਜਾ ਰਿਹਾ ਹੈ, ਇਸ ਨੈੱਟ ਰਾਹੀਂ ਜਿੱਥੇ ਸਾਨੂੰ ਆਪਣੀ ਧਰਤੀ, ਕਿਰਤ ਅਤੇ ਸੱਭਿਆਚਾਰ ਨਾਲ਼ੋਂ ਤੋੜਿਆ ਜਾ ਰਿਹਾ ਹੈ ਉੱਥੇ ਸਾਡੇ ਸਮੇਂ, ਸ਼ਰਮ ਅਤੇ ਮਿਲ ਵਰਤਣ ਵਾਲ਼ੇ ਸੰਸਕਾਰਾਂ ਨੂੰ ਵੀ ਖਤਮ ਕੀਤਾ ਜਾ ਰਿਹਾ ਹੈ, ਅਫਸੋਸ ਕਿ ਅਸੀਂ ਬਿਨਾ ਸੋਚੇ ਸਮਝੇ ਨੈੱਟ ਦੀ ਇਸ ਚਾਲ ਵਿੱਚ ਬੁਰੀ ਤਰ੍ਹਾਂ ਫਸਦੇ ਜਾ ਰਹੇ ਹਾਂ। ਅਸੀਂ ਲੋੜੀਂਦੀ ਖੇਤੀ ਜਾਂ ਲੋੜੀਂਦੇ ਕਾਰਖਾਨਿਆਂ ਵਿੱਚ ਸਰੀਰਕ ਮਿਹਨਤ ਵਾਲਾ ਕੰਮ ਕਰਕੇ ਕਮਾਈ ਕਰਨ ਦੀ ਥਾਂ ਨੈੱਟ ਤੇ ਬਣੇ ਵੱਖਰੇ ਵੱਖਰੇ ਬੇਲੋੜੇ ਸਾਧਨਾਂ (ਫੇਸਬੁੱਕ ਇੰਸਟਾਗ੍ਰਾਮ ਅਦਿ) ਰਾਹੀ ਚੰਗੀ, ਮੰਦੀ ਅਤੇ ਬੇਲੋੜੀ ਸਮੱਗਰੀ ਸਾਂਝੀ ਕਰਕੇ ਕਮਾਈ ਕਰਨ ਵੱਲ ਨੂੰ ਦੌੜ ਰਹੇ ਹਾਂ, ਯਾਦ ਰੱਖਿਓ ਇਸ ਨੈੱਟ ਤੇ ਪੈਸੇ ਕਮਾਏ ਜਾ ਸਕਦੇ ਹਨ ਪਰ ਭੋਜਨ ਪੈਦਾ ਨਹੀਂ ਕੀਤਾ ਜਾ ਸਕਦਾ, ਸਾਨੂੰ ਨੈੱਟ ਤੋਂ ਕਮਾਏ ਪੈਸਿਆਂ ਨਾਲ ਭੋਜਨ ਵੀ ਤਾਂ ਹੀ ਮਿਲ ਰਿਹਾ ਹੈ ਕਿਉਂਕਿ ਹਾਲੇ ਬਹੁਤ ਸਾਰੇ ਲੋਕ ਅੰਨ ਪੈਦਾ ਕਰ ਰਹੇ ਹਨ, ਸਾਡੀਆਂ ਮੁਢਲੀਆਂ ਲੋੜਾਂ ਲਈ ਸਾਜੋ ਸਮਾਨ ਵੀ ਸਰੀਰਕ ਮਿਹਨਤ ਰਾਹੀਂ ਹੀ ਤਿਆਰ ਹੁੰਦਾ ਨਾ ਕਿ ਨੈੱਟ ਰਾਹੀਂ। ਨੈੱਟ ਇੱਕ ਵਧੀਆ ਸੰਚਾਰ ਸਾਧਨ ਤਾਂ ਹੈ ਜਿਸ ਰਾਹੀਂ ਤੁਸੀਂ ਆਡੀਓ, ਵੀਡੀਓ ਜਾਂ ਲਿਖਤੀ ਸਮੱਗਰੀ ਇੱਕ ਦੂਜੇ ਕੋਲ ਭੇਜ ਸਕਦੇ ਹੋਂ, ਪਰ ਮਨੁੱਖ ਦੀਆਂ ਮੁਢਲੀਆਂ ਲੋੜਾਂ ਰੋਟੀ, ਕੱਪੜਾ ਅਤੇ ਮਕਾਨ ਲਈ ਸਮੱਗਰੀ ਨਾ ਤਾਂ ਨੈੱਟ ਦੀ ਧਰਤੀ ਤੇ ਪੈਦਾ ਹੁੰਦੀ ਹੈ ਨਾ ਇਹ ਨੈੱਟ ਰਾਹੀਂ ਇੱਕ ਥਾਂ ਤੋਂ ਦੂਜੀ ਥਾਂ ਤੇ ਭੇਜੀ ਜਾ ਸਕਦੀ ਹੈ ਜਿਸ ਹਿਸਾਬ ਨਾਲ ਅਸੀਂ ਨੈੱਟ ਦੀ ਖੇਤੀ ਵੱਲ ਦੌੜ ਰਹੇ ਹਾਂ ਅਤੇ ਸਾਨੂੰ ਇਸ ਤੋਂ ਕਮਾਈ ਹੋ ਰਹੀ ਹੈ ਉਸ ਹਿਸਾਬ ਨਾਲ ਖੇਤੀ ਜਾਂ ਕਾਰਖਾਨਿਆਂ ਦੇ ਸਰੀਰਕ ਮਿਹਨਤ ਵਾਲੇ ਕੰਮ ਤਾਂ ਕਿਸੇ ਨੇ ਵੀ ਨਹੀਂ ਕਰਨੇ, ਸਰੀਰਕ ਮਿਹਨਤ ਵਾਲੇ ਕੰਮ ਕਰਕੇ ਅਸੀਂ ਰਾਜੀ ਨਹੀਂ ਹਾਂ, ਜਮੀਨਾਂ ਨਾਲ ਸਾਡਾ ਪਿਆਰ ਨਹੀਂ ਰਿਹਾ, ਜਮੀਨਾਂ ਨਾਲ ਪਿਆਰ ਵੀ ਉਹਨਾ ਨੂੰ ਹੀ ਹੁੰਦਾ ਹੈ ਜੋ ਕਿਸੇ ਨਾ ਕਿਸੇ ਰੂਪ ਵਿੱਚ ਜਮੀਨਾਂ ਨਾਲ ਜੁੜੇ ਹੋਏ ਹੋਣ, ਜਮੀਨਾਂ ਵੇਚ ਕੇ ਅਸੀਂ ਨੈੱਟ ਦੇ ਸਾਧਨ ਮੁਬਾਇਲ ਬਗੈਰਾ ਖਰੀਦਣ ਨੂੰ ਆਪਣੀ ਸ਼ਾਨ ਸਮਝਦੇ ਹਾਂ, ਕਾਰਪੋਰੇਟ ਘਰਾਣਿਆਂ ਤੋਂ ਜਮੀਨਾਂ ਨੂੰ ਬਚਾਉਣ ਲਈ ਵੱਡੀ ਉਮਰ ਦੇ ਲੋਕ ਜੋ ਮਿੱਟੀ ਨਾਲ ਜੁੜੇ ਹੋਏ ਹਨ ਉਹ ਮੋਦੀ ਵਰਗੇ ਦੇਸ਼ ਵੇਚੂ ਲੀਡਰਾਂ ਵਿਰੁੱਧ ਧਰਨਿਆਂ ਮੁਜਾਹਰਿਆਂ ਰਾਹੀਂ ਲੜ ਰਹੇ ਹਨ, ਨਵੀਂ ਪੀੜ੍ਹੀ ਕੁੱਝ ਕੁ ਤਾਂ ਦੇਸ਼ ਦੀ ਧਰਤੀ ਉੱਤੇ ਹੀ ਰਹਿਣਾ ਪਸੰਦ ਨਹੀਂ ਕਰਦੀ ਜੋ ਦੇਸ਼ ਵਿੱਚ ਰਹੇਗੀ ਉਹ ਆਪਣੀ ਅਸਲੀ ਧਰਤੀ ਉੱਤੇ ਰਹਿਣ ਦੀ ਥਾਂ ਨੈੱਟ ਦੀ ਉਸਾਰੀ ਨਕਲੀ ਧਰਤੀ ਤੇ ਸਵਾਰ ਹੋ ਚੁੱਕੀ ਹੈ, ਬਜੁਰਗ ਕਿੰਨਾ ਕੁ ਚਿਰ ਲੜਨਗੇ? ਜਿਸ ਤਰਾਂ ਅਸੀਂ ਨੈੱਟ ਨਾਲ ਜੁੜਦੇ ਜਾ ਰਹੇ ਇਸ ਨੂੰ ਵੇਖ ਕੇ ਤਾਂ ਮੈਨੂੰ ਇਹ ਨੈੱਟ ਚਿੱਟੇ (ਨਸ਼ਿਆਂ) ਨਾਲੋਂ ਵੀ ਵੱਧ ਖਤਰਨਾਕ ਲੱਗ ਰਿਹਾ ਹੈ, ਕਿਤੇ ਇਹ ਨਾ ਹੋਵੇ ਕਿ ਸਾਨੂੰ ਇਸ ਨੈੱਟ ਦੀ ਨਕਲੀ ਧਰਤੀ ਅਤੇ ਕਮਾਈ ਨਾਲ ਜੋੜ ਕੇ ਕਾਰਪੋਰੇਟ ਸਾਡੇ ਕੋਲੋਂ ਸਾਡੀ ਅਸਲੀ ਧਰਤੀ ਤੇ ਕਮਾਈ ਹੀ ਨਾ ਖੋਹ ਲੈਣ, ਅਸੀਂ ਕਾਰਪੋਰੇਟਾਂ ਦੀਆਂ ਚਾਲਾਂ ਨੂੰ ਨਾ ਸਮਝਦੇ ਹੋਏ ਸਾਡੇ ਜਿਉਂਦੇ ਰਹਿਣ ਲਈ ਲੋੜੀਂਦੇ ਖੇਤੀ ਅਤੇ ਕਾਰਖਾਨਿਆਂ ਦੇ ਕੰਮ ਦੀ ਕਿਰਤ ਨੂੰ ਛੱਡ ਕੇ ਨੈੱਟ ਤੇ ਪਾਉਣ ਲਈ ਬੇਲੋੜੀ ਸਮੱਗਰੀ ਤਿਆਰ ਕਰਨ ਵਾਲੀ ਬੇਲੋੜੀ ਕਿਰਤ ਕਰਨ ਨੂੰ ਪਹਿਲ ਦੇ ਕੇ ਅਮੀਰ ਬਣਨ ਦੀ ਦੌੜ ਵਿੱਚ ਅੰਨੇਵਾਹ ਦੌੜ ਰਹੇ ਹਾਂ, ਨੈੱਟ ਸਮੱਗਰੀ ਨੂੰ ਮੈਂ ਬੇਲੋੜੀ ਇਸ ਲਈ ਕਹਿ ਰਿਹਾ ਹਾਂ ਕਿ ਸਾਨੂੰ ਜਿਉਂਦੇ ਰਹਿਣ ਲਈ ਇਸ ਦੀ ਲੋੜ ਨਹੀਂ ਹੈ, ਖੇਤੀ ਅਤੇ ਕਾਰਖਾਨਿਆਂ ਦਾ ਕੰਮ ਸਾਡੀ ਜਿੰਦਗੀ ਦੀ ਲੋੜ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਸਾਨੂੰ ਜਿਉਂਦੇ ਰਹਿਣ ਲਈ ਨੈੱਟ ਦੀ ਲੋੜ ਹੀ ਨਹੀਂ ਹੈ, ਦੂਜੀ ਗੱਲ ਕਿ ਇਸ ਹਵਾ ਵਿੱਚ ਚੱਲ ਰਹੇ ਨੈੱਟ ਕਾਰਖਾਨੇ ਦਾ ਮਾਲਕ ਇੱਕ ਹੈ ਉਹ ਕਦੇ ਵੀ ਇਸ ਨੂੰ ਬੰਦ ਕਰ ਸਕਦਾ ਹੈ ਜਾਂ ਇਹ ਵੀ ਕਹਿ ਸਕਦਾ ਹੈ ਕਿ ਤੁਸੀਂ ਨੈੱਟ ਤੇ ਸਮੱਗਰੀ ਪਾਓ ਜਾਂ ਨਾ ਪਾਓ ਪਰ ਇਸ ਦਾ ਤੁਹਾਨੂੰ ਪੈਸਾ ਕੋਈ ਨਹੀ ਮਿਲੇਗਾ, ਫਿਰ ਤੁਹਾਡੇ ਕੋਲ ਇਸ ਦਾ ਕੀ ਬਦਲ ਹੋਵੇਗਾ, ਕੀ ਇਹ ਬਿਗਾਨੀ ਛਾਹ ਤੇ ਮੁੱਛਾਂ ਮੁੰਨਵਾਉਣ ਵਾਲੀ ਗੱਲ ਨਹੀਂ ਹੈ? ਸਾਨੂੰ ਸਾਡੀ ਧਰਤੀ ਨਾਲੋਂ ਤੋੜਨ ਲਈ ਜੋ ਸਾਡੇ ਜਿਉਂਦੇ ਰਹਿਣ ਲਈ ਅਤੀ ਜਰੂਰੀ ਹੈ ਉਸ ਖੇਤੀ ਅਤੇ ਇਸ ਦੇ ਸਹਾਇਕ ਧੰਦਿਆਂ ਨੂੰ ਘਾਟੇ ਦੇ ਸੌਦੇ ਕਹਿ ਕੇ ਬਦਨਾਮ ਕੀਤਾ ਜਾ ਰਿਹਾ ਹੈ, ਹੱਥੀਂ ਕੰਮ ਕਰਨ ਨੂੰ ਬੇਇੱਜਤੀ ਸਮਝਿਆ ਜਾ ਰਿਹਾ ਹੈ, ਸਾਡੇ ਦੇਸ਼ ਦੀ ਧਰਤੀ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਕਿ ਇਹ ਤਾਂ ਰੇਹਾਂ ਸਪ੍ਰੇਹਾਂ ਨਾਲ ਪ੍ਰਦੂਸ਼ਤ ਹੋ ਚੁੱਕੀ ਹੈ, ਸਾਡੇ ਦੇਸ਼ ਦੇ ਨੌਜੁਆਨ ਆਪਣੇ ਘਰ ਰਹਿ ਕੇ ਸੌਖੀ ਕਿਰਤ ਕਰਨ ਦੀ ਥਾਂ ਆਪਣੀਆਂ ਕੀਮਤੀ ਜਮੀਨਾ ਵੇਚ ਕੇ ਜਾਂ ਕੋਈ ਹੋਰ ਹੀਲਾ ਵਸੀਲਾ ਵਰਤ ਕੇ ਆਪਣੀ ਬਹੁਮੁੱਲੀ ਛੇ ਰੁੱਤਾਂ ਦੇ ਵਾਤਾਵਰਣ ਵਾਲੀ ਧਰਤੀ ਨੂੰ ਛੱਡ ਕੇ ਠੰਡੇ ਜਾਂ ਤੱਤੇ ਵਾਤਾਵਰਣਾਂ ਵਾਲ਼ੇ ਵਿਦੇਸ਼ਾਂ ਵਿੱਚ ਜਾ ਕੇ ਔਖੀ ਤੋਂ ਔਖੀ ਮਜ਼ਦੂਰੀ ਕਰਨ ਨੂੰ ਪਹਿਲ ਦੇ ਰਹੇ ਹਨ। ਸਾਨੂੰ ਆਪਣੀ ਧਰਤੀ ਅਤੇ ਕਿਰਤ ਨਾਲ਼ੋਂ ਤੋੜਨ ਲਈ ਨੈੱਟ ਰਾਹੀਂ ਚੱਲੀ ਜਾ ਰਹੀ ਇਸ ਚਾਲ ਵਿੱਚੋਂ ਨਿਕਲ ਕੇ ਨੈੱਟ ਲਈ ਬੇਲੋੜੀ ਸਮੱਗਰੀ ਤਿਅਰ ਕਰਨ ਦੀ ਥਾਂ ਖੇਤੀ, ਖੇਤੀ ਦੇ ਸਹਾਇਕ ਧੰਦਿਆਂ ਅਤੇ ਕਾਰਖਾਨਿਆਂ ਵਿੱਚ ਲੋੜੀਂਦੀ ਹੱਥੀਂ ਮਿਹਨਤ ਕਰਨੀ ਚਾਹੀਂਦੀ ਹੈ ਤਾਂ ਕਿ ਇਸ ਸੱਚੀ ਕਿਰਤ ਰਾਹੀਂ ਅਸੀਂ ਆਪਣੇ ਆਪ ਨੂੰ ਅਤੇ ਅਪਣੇ ਦੇਸ਼ ਨੂੰ ਖੁਸ਼ਹਾਲ ਬਣਾ ਸਕੀਏ। ਅਸੀਂ ਹਰ ਉਮਰ ਦੇ ਲੋਕ ਦਿਨ ਰਾਤ ਨੈੱਟ ਚਲਾ ਕੇ ਬੈਠੇ ਰਹਿੰਦੇ ਹਾਂ ਚੰਗੀ, ਮੰਦੀ ਅਤੇ ਬੇਲੋੜੀ ਸਮੱਗਰੀ ਨੈੱਟ ਉੱਤੇ ਚਾੜ੍ਹਦੇ ਰਹਿੰਦੇ ਹਾਂ, ਫਿਰ ਉਹਨਾ ਤੇ ਬੇਲੋੜੀਆਂ ਪਸੰਦਾ, ਬੇਪਸੰਦਾਂ, ਟਿੱਪਣੀਆਂ, ਫਾਲਤੂ ਦੀਆਂ ਬਹਿਸਾਂ ਕਰਨ ਅਤੇ ਉਹਨਾ ਨੂੰ ਸ਼ਾਝੀਆਂ ਕਰਨ ਤੇ ਆਪਣਾ ਕੀਮਤੀ ਸਮਾਂ ਬਰਬਾਦ ਕਰਦੇ ਰਹਿੰਦੇ ਹਾਂ, ਜਦੋਂ ਅਸੀਂ ਨੈੱਟ ਚਲਾ ਕੇ ਬੈਠ ਜਾਂਦੇ ਹਾਂ ਤਾਂ ਉਸੇ ਸਮੇਂ ਅਸੀਂ ਵਰਤੇ ਜਾਣੇ ਸ਼ੁਰੂ ਹੋ ਜਾਂਦੇ ਹਾਂ, ਅਸੀਂ ਬਿਨਾ ਮਜ਼ਦੂਰੀ ਤੋਂ ਕਿਸੇ ਲਈ ਕੰਮ ਕਰਨਾ ਸ਼ੁਰੂ ਕਰ ਦਿੰਦੇ ਹਾਂ, ਸਾਡਾ ਸਮਾਂ ਸੱਭ ਤੋਂ ਵੱਧ ਕੀਮਤੀ ਹੁੰਦਾ ਹੈ, ਨੈੱਟ ਵਾਲ਼ੇ ਵੀ ਉਸੇ ਸਮੱਗਰੀ (ਪੋਸਟ) ਦੇ ਵੱਧ ਪੈਸੇ ਦਿੰਦੇ ਹਨ ਜਿਸ ਤੇ ਵੱਧ ਗਿਣਤੀ ਲੋਕਾਂ ਦਾ ਜਿਆਦਾ ਸਮਾਂ ਖਰਾਬ ਹੋਇਆ ਹੁੰਦਾ ਹੈ ਭਾਵ ਕਿ ਜੋ ਸਮੱਗਰੀ ਲੋਕਾਂ ਨੂੰ ਵੱਧ ਤੋਂ ਸਮਾਂ ਨੈੱਟ ਨਾਲ ਜੋੜ ਕੇ ਰੱਖਦੀ ਹੈ। ਇਸ ਲਈ ਆਪਣੀ ਕਿਰਤ ਨੂੰ ਛੱਡ ਕੇ ਨੈੱਟ ਨੂੰ ਆਪਣੀ ਜਿੰਦਗੀ ਦਾ ਹਿੱਸਾ ਨਾ ਬਣਾਓ, ਜੇ ਤੁਸੀਂ ਨੈੱਟ ਨੂੰ ਆਪਣੇ ਜੀਵਨ ਦਾ ਹਿੱਸਾ ਬਣਾ ਰਹੇ ਹੋਂ ਤਾਂ ਨੈੱਟ ਤੁਹਾਡੇ ਜੀਵਨ ਦੇ ਹਿੱਸੇ ਨੂੰ ਖਾ ਜਾਵੇਗਾ, ਨਾ ਹੀ ਨੈੱਟ ਨੂੰ ਆਪਣੀ ਕਮਾਈ ਦਾ ਸਾਧਨ ਬਣਾਓ, ਜੇ ਤੁਸੀਂ ਨੈੱਟ ਤੋਂ ਕਮਾਈ ਕਰ ਰਹੇ ਹੋਂ ਤਾਂ ਤੁਸੀਂ ਆਪਣੇ ਚਾਹੁਣ ਵਾਲਿਆਂ ਦੇ ਸਮੇਂ ਨੂੰ ਬਰਬਾਦ ਕਰਨ ਦਾ ਕਮੀਸ਼ਨ (ਦਲਾਲੀ) ਖਾ ਰਹੇ ਹੋਂ ਅਤੇ ਨੈੱਟ ਮਾਲਕਾਂ ਦੀ ਕਮਾਈ ਦਾ ਸੰਦ ਬਣ ਰਹੇ ਹੋਂ। ਇਹ ਨੈੱਟ ਤੁਹਾਨੂੰ ਤੁਹਾਡੀ ਧਰਤੀ, ਕਿਰਤ ਅਤੇ ਤੁਹਾਡੇ ਸੱਭਿਆਚਾਰ ਨਾਲੋਂ ਤੋੜਨ ਦੀ ਵੱਧ ਕੀਮਤ ਵੀ ਦੇ ਦੇਵੇਗਾ ਤਾਂ ਕਿ ਤੁਸੀਂ ਜਲਦੀ ਆਪਣੀ ਧਰਤੀ, ਕਿਰਤ ਅਤੇ ਸੱਭਿਆਚਾਰ ਨਾਲ਼ੋਂ ਟੁੱਟ ਕੇ ਇਸ ਉੱਤੇ ਨਿਰਭਰ ਹੋ ਜਾਵੋਂ, ਪਰ ਜਦੋਂ ਇਸ ਨੈੱਟ ਨੇ ਤੁਹਾਡੀ ਧਰਤੀ ਅਤੇ ਕਿਰਤ ਕਰਨ ਦੀ ਸ਼ਕਤੀ ਖੋਹ ਲਈ ਫਿਰ ਤੁਸੀਂ ਆਪਣੀ ਇਸ ਧਰਤੀ ਤੇ ਕਿਰਤ ਕਰਨ ਅਤੇ ਖੁਲ੍ਹ ਕੇ ਤੁਰਨ ਨੂੰ ਵੀ ਤਰਸੋਂਗੇ, ਨੈੱਟ ਚਲਾਉਣਾ ਤਾਂ ਦੂਰ ਦੀ ਗੱਲ ਹੈ, ਤੁਹਾਨੂੰ ਆਪਣਾ ਪੇਟ ਪਾਲਣਾ ਵੀ ਔਖਾ ਹੋ ਜਾਵੇਗਾ, ਹੁਣ ਵੀ ਕਿੰਨੀਆਂ ਕੁ ਕੰਪਨੀਆਂ ਹਨ ਜੋ ਆਪਣੇ ਮਜ਼ਦੂਰਾਂ ਨੂੰ ਫੋਨ ਅੰਦਰ ਲੈ ਕੇ ਜਾਣ ਦੀ ਇਜਾਜਤ ਦਿੰਦੀਆਂ ਹਨ? ਜਦੋਂ ਖੇਤੀ ਸਮੇਤ ਸਮੁੱਚੇ ਕਾਰਖਾਨਿਆਂ ਦਾ ਮਾਲਕ ਇੱਕ ਹੋਇਆ ਫਿਰ ਇਹ ਫੋਨ ਅਤੇ ਨੈੱਟ ਨਹੀਂ ਚੱਲਣੇ ਨਾ ਹੀ ਫਿਰ ਧਰਨੇ ਮੁਜਾਹਰੇ ਹੋਣੇ ਹਨ ਫਿਰ ਤਾਂ ਮਜ਼ਦੂਰੀ ਮੰਗਣ ਲਈ ਵੀ ਬੇਨਤੀਆਂ ਹੀ ਕਰਨੀਆਂ ਪੈਣਗੀਆਂ ਫਿਰ ਪਤਾ ਲੱਗੇਗਾ ਕਿ ਅਸਲੀ ਗੁਲਾਮੀ ਕੀ ਹੁੰਦੀ ਹੈ, ਪਹਿਲਾਂ ਤਾਂ ਅੰਗ੍ਰੇਜਾਂ ਨੇ ਸਾਡੇ ਤੇ ਧੱਕੇ ਨਾਲ ਕਬਜਾ ਕੀਤਾ ਸੀ ਜੋ ਲੋਕਾਂ ਨੇ ਛੁੱਡਾ ਵੀ ਲਿਆ ਸੀ, ਹੁਣ ਅਗਲਿਆਂ ਨੇ ਕਬਜ਼ਾ ਨਹੀਂ ਕਰਨਾ ਹੁਣ ਤਾਂ ਤੁਹਾਡੀ ਜਮੀਨ ਤੁਹਾਡੇ ਕੋਲੋਂ ਮੁੱਲ ਖਰੀਦਣੀ ਹੈ ਵੇਚੀ ਹੋਈ ਵਸਤੂ ਤੇ ਵੇਚਣ ਵਾਲੇ ਦਾ ਹੱਕ ਸਦਾ ਲਈ ਖਤਮ ਹੋ ਜਾਂਦਾ ਹੈ। ਮੇਰਾ ਇਸ ਤਰ੍ਹਾਂ ਕਹਿਣ ਤੋ ਭਾਵ ਇਹ ਨਹੀਂ ਹੈ ਕਿ ਆਪਾਂ ਨੈੱਟ ਨੂੰ ਤਿਆਗ ਹੀ ਦੇਈਏ, ਨਹੀਂ ਤਿਆਗਣਾ ਨਹੀਂ ਹੈ ਪਰ ਇਸ ਦੀ ਵਰਤੋਂ ਆਪਣੀ ਜਰੂਰੀ ਲੋੜ ਲਈ ਹੀ ਕਰੀਏ, ਕਿਤੇ ਇਹ ਨਾ ਹੋਵੇ ਕਿ ਅਸੀਂ ਨੈੱਟ ਨੂੰ ਬੇਲੋੜਾ ਵਰਤਦੇ ਰਹੀਏ ਨੈੱਟ ਸਾਨੂੰ ਹੀ ਵਰਤ ਜਾਵੇ। ਅੱਜ ਦੇਸ਼ ਦੀ ਵਾਂਗਡੋਰ ਉਹਨਾ ਮਾੜੇ ਲੀਡਰਾਂ ਦੇ ਹੱਥ ਵਿੱਚ ਆ ਚੁੱਕੀ ਹੈ ਜੋ ਕਾਰਪੋਰੇਟਾਂ ਦੀਆਂ ਕਠਪੁਤਲੀਆਂ ਬਣ ਕੇ ਦੇਸ਼ ਦੀ ਜੰਤਾ ਦੇ ਭਲੇ, ਨੌਜੁਆਨੀ ਨੂੰ ਆਪਣੇ ਦੇਸ਼ ਨਾਲ ਜੋੜਨ ਅਤੇ ਖੇਤੀ ਨੂੰ ਲਾਹੇਬੰਦ ਧੰਦਾ ਬਣਾਉਣ ਦੀ ਥਾਂ ਸਾਨੂੰ ਜਾਤਾਂ, ਧਰਮਾਂ, ਸੂਬਿਆਂ ਦੇ ਝਗੜਿਆਂ ਅਤੇ ਇੱਕ ਦੂਜੇ ਦੇ ਵਿਰੁੱਧ ਲੜਵਾ ਕੇ ਖੁਦ ਦੇਸ਼ ਨੂੰ ਵੇਚਣ ਤੇ ਲੱਗੇ ਹੋਏ ਹਨ।ਇਸ ਲਈ ਸਾਨੂੰ ਸਾਰਿਆਂ ਜਾਤਾਂ, ਧਰਮਾਂ, ਸੂਬਿਆਂ ਦੇ ਝਗੜਿਆਂ ਅਤੇ ਇੱਕ ਦੂਜੇ ਦੇ ਵਿਰੋਧਾਂ ਨੂੰ ਛੱਡ ਕੇ ਸਾਡੇ ਦੇਸ਼ ਦੀ ਸਮੁੱਚੀ ਮਨੁੱਖਤਾ ਦੇ ਭਲੇ ਲਈ ਇੱਕ ਹੋ ਕੇ ਖੁਦ ਸੋਚਣਾ ਪਵੇਗਾ ਕਿ ਅਸੀਂ ਆਪਣੀ ਧਰਤੀ, ਹੋਂਦ, ਕਿਰਤ ਅਤੇ ਸੱਭਿਆਚਾਰ ਨੂੰ ਕਿਵੇਂ ਬਚਾਉਣਾ ਹੈ।
ਤਾਰੀਖ 08-08-2024
ਹਰਲਾਜ ਸਿੰਘ ਬਹਾਦਰਪੁਰ,
ਪਿੰਡ ਤੇ ਡਾਕਖਾਨਾ ਬਹਾਦਰਪੁਰ,
ਤਹਿਸੀਲ ਬੁੱਢਲਾਡਾ, ਜਿਲਾ ਮਾਨਸਾ ਪੰਜਾਬ ।
ਪਿੰਨ ਕੋਡ :-151501, ਫੋਨ ਨੰਬਰ :- 9417023911
e-mail :- harlajsingh7@gmail.com