ਚੁੰਝਾਂ- ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
ਐਮ.ਪੀ. ਅੰਮ੍ਰਿਤਪਾਲ ਸਿੰਘ ਦੀ ਚੋਣ ਨੂੰ ਹਾਈ ਕੋਰਟ ਵਿਚ ਚੁਣੌਤੀ- ਇਕ ਖ਼ਬਰ
ਨਾਲ ਠਾਣੇਦਾਰ ਦੇ ਖਹਿੰਦੀ, ਚੁੱਕੀ ਹੋਈ ਲੰਬੜਾਂ ਦੀ।
ਬੇਅਦਬੀ ਵਲ ਬੇਰੁਖ਼ੀ ਵਿਖਾਉਣ ਵਾਲਿਆਂ ਦਾ ਹਸ਼ਰ ਮਾੜਾ ਹੋਵੇਗਾ- ਪਰਗਟ ਸਿੰਘ
ਕੀੜੇ ਪੈਣਗੇ ਮਰੇਂਗੀ ਸੱਪ ਲੜਕੇ, ਮਿੱਤਰਾਂ ਨੂੰ ਦਗਾ ਦੇਣੀਏਂ।
ਸੰਸਦ ‘ਚ ਚਰਨਜੀਤ ਸਿੰਘ ਚੰਨੀ ਅਤੇ ਰਵਨੀਤ ਸਿੰਘ ਬਿੱਟੂ ਇਕ-ਦੂਜੇ ਨਾਲ ਉਲਝੇ- ਇਕ ਖ਼ਬਰ
ਕੂੰਡੇ ਟੁੱਟ ਗਏ, ਘੋਟਣੇ ਭੱਜ ਗਏ, ਤਕੀਏ ਮਲੰਗ ਲੜ ਪਏ।
ਅਮਰੀਕੀ ਰਾਸ਼ਟਰਪਤੀ ਦੀ ਚੋਣ ਉਮੀਦਵਾਰੀ ’ਚੋਂ ਬਾਈਡਨ ਹੋਏ ਲਾਂਭੇ-ਇਕ ਖ਼ਬਰ
ਭੱਠ ਪਿਆ ਸੋਨਾ, ਜਿਹੜਾ ਕੰਨਾਂ ਨੂੰ ਖਾਵੇ।
ਆਪਣੇ ਮਿੱਤਰਾਂ ਨੂੰ ਖੁਸ਼ ਕਰਨ ਲਈ ਪੰਜਾਬ ਵਰਗੇ ਰਾਜਾਂ ਨਾਲ ਬਜਟ ਵਿਚ ਧੋਖਾ ਕੀਤਾ ਗਿਆ- ਰਾਜਾ ਵੜਿੰਗ
ਮਿੱਤਰਾਂ ਦੇ ਫੁਲਕੇ ਨੂੰ, ਨੀਂ ਮੈਂ ਖੰਡ ਦਾ ਪਲੇਥਣ ਲਾਵਾਂ।
ਕੇਂਦਰ ਸਰਕਾਰ ਦੀ ਨੀਅਤ ਅਤੇ ਨੀਤੀ ਦੋਵੇਂ ਖੋਟੇ- ਸਰਵਣ ਸਿੰਘ ਪੰਧੇਰ
ਢਾਬ ਤੇਰੀ ਦਾ ਗੰਧਲਾ ਪਾਣੀ, ਉੱਤੋਂ ਬੂਰ ਹਟਾਵਾਂ।
ਹਰਿਆਣਾ ਪੁਲਿਸ ਦੇ ਅਫ਼ਸਰਾਂ ਨੂੰ ਗੈਲੰਟਰੀ ਐਵਾਰਡਾਂ ਨੂੰ ਹਾਈਕੋਰਟ ‘ਚ ਚੁਣੌਤੀ- ਇਕ ਖ਼ਬਰ
ਲੋਕੋ ਜਾਗਦੇ ਰਹਿਣਾ, ਗੱਡੀ ਜ਼ਾਲਮਾਂ ਦੀ ਆਈ।
ਸੁਖਬੀਰ ਬਾਦਲ ਨੇ ਅਕਾਲ ਤਖ਼ਤ ‘ਤੇ ਪੇਸ਼ ਹੋ ਕੇ ‘ਜਥੇਦਾਰ’ ਨੂੰ ਲਿਖਤੀ ਸਪਸ਼ਟੀਕਰਨ ਦਿਤਾ- ਇਕ ਖ਼ਬਰ
ਕੀਤੇ ਤੂੰ ਜੋ ਐਬ ਹਦਾਇਤੁੱਲਾ, ਨਹੀਂ ਕਿਸੇ ਦੇ ਵਹਿਮ ਗੁਮਾਨ ਅੰਦਰ।
ਮੁੱਖ ਮੰਤਰੀ ਮਾਨ ਵਲੋਂ ਨੀਤੀ ਆਯੋਗ ਦੀ ਮੀਟਿੰਗ ਦੇ ਬਾਈਕਾਟ ਦਾ ਐਲਾਨ- ਇਕ ਖ਼ਬਰ
ਆਹ ਲੈ ਫੜ ਮਿੱਤਰਾ, ਮੇਰੇ ਬਾਂਕਾਂ ਮੇਚ ਨਾ ਆਈਆਂ।
ਕਿਸਾਨ ਪੰਦਰਾਂ ਅਗਸਤ ਨੂੰ ਕੱਢਣਗੇ ਟ੍ਰੈਕਟਰ ਮਾਰਚ- ਇਕ ਖ਼ਬਰ
ਸਿੰਘ ਸੂਰਮੇ ਸ਼ੇਰ ਦਲੇਰ ਬਾਂਕੇ, ਕੱਸਣ ਘੋੜੀਆਂ ਜੀਨਾਂ ਸਵਾਰੀਆਂ ਨੀ।
ਸਰਕਾਰ ਨੇ ਸੰਸਦ ‘ਚ ਕਿਹਾ ਕਿ ਬਿਹਾਰ ਨੂੰ ਵਿਸ਼ੇਸ਼ ਦਰਜਾ ਦੇਣ ਦਾ ਮਾਮਲਾ ਨਹੀਂ ਬਣਦਾ- ਇਕ ਖ਼ਬਰ
ਤੇਰਾ ਕੱਖ ਨਹੀਂ ਬਚਨੀਏਂ ਰਹਿਣਾ, ਛੜਿਆਂ ਦਾ ਹੱਕ ਮਾਰ ਕੇ।
ਮੋਦੀ ਸਰਕਾਰ ਜੰਮੂ-ਕਸ਼ਮੀਰ ਵਿਚ ਕੁਝ ਨਹੀਂ ਬਦਲ ਸਕੀ- ਉਮਰ ਅਬਦੁੱਲਾ
ਰੋਂਦੀ ਮਾਂ ਸੁੰਦਰ ਦੀ ਖੜ੍ਹ ਕੇ, ਕਿਹੜਾ ਦੇਵੇ ਧੀਰਾਂ।
ਕੇਂਦਰੀ ਬਜਟ ‘ਚ ਸਰਕਾਰ ਹਰਿਆਣੇ ਦਾ ਨਾਂ ਲੈਣਾ ਹੀ ਭੁੱਲ ਗਈ- ਦੀਪੇਂਦਰ ਹੁੱਡਾ
ਮਾਰੀਂ ਨਾ, ਖਿਚੜੀ ‘ਚ ਵੇ ਲੂਣ ਭੁੱਲ ਗਈ।
ਰਾਹੁਲ ਗਾਂਧੀ ਨੇ ਭਾਰਤੀ ਇਮਤਿਹਾਨ ਪ੍ਰਣਾਲੀ ਨੂੰ ‘ਫਰਾਡ’ ਕਰਾਰ ਦਿਤਾ- ਇਕ ਖ਼ਬਰ
ਸਿਆਲ਼ਾਂ ਦੇ ਵਿਹੜੇ ਨਿੰਮ ਜੋ, ਉਹਦੇ ਪੱਤ ਗਏ ਕੁਮਲਾਅ।
ਮਮਤਾ ਨੇ ਨੀਤੀ ਆਯੋਗ ਦੀ ਮੀਟਿੰਗ ‘ਚੋਂ ਕੀਤਾ ਵਾਕਆਊਟ- ਇਕ ਖ਼ਬਰ
ਅੰਨ੍ਹਿਆਂ ਦੀ ਮੰਡੀ ਦਾ, ਛੱਡ ਦੇ ਸਾਕ ਕੁਸੰਗਾ।