ਭਾਰਤ ਦੇ ਮੋਟੀ ਚਮੜੀ ਵਾਲੇ ਆਗੂਆਂ ਨੂੰ ਲੋਕਾਂ ਦੀਆਂ ਮੌਤਾਂ ਨਾਲ ਕੋਈ ਫਰਕ ਹੀ ਨਹੀਂ ਪੈਂਦਾ - ਜਤਿੰਦਰ ਪਨੂੰ
'ਬਦੀ ਦਾ ਪ੍ਰਤੀਕ' ਕਹਿ ਕੇ ਸਾਰੇ ਭਾਰਤ ਵਿੱਚ ਜਦੋਂ ਰਾਵਣ ਦੇ ਬੁੱਤਾਂ ਨੂੰ ਸਾੜਿਆ ਜਾ ਰਿਹਾ ਸੀ, ਅੰਮ੍ਰਿਤਸਰ ਤੋਂ ਉਸ ਵਕਤ ਇਹ ਖਬਰ ਆ ਗਈ ਕਿ ਰਾਵਣ ਸੜਦਾ ਵੇਖ ਰਹੇ ਲੋਕਾਂ ਉੱਤੇ ਦੋ ਰੇਲ ਗੱਡੀਆਂ ਆਣ ਚੜ੍ਹੀਆ ਤੇ ਸੱਠਾਂ ਤੋਂ ਵੱਧ ਲੋਕ ਮਾਰੇ ਗਏ ਹਨ। ਇਹ ਲੋਕ ਰੇਲਵੇ ਲਾਈਨਾਂ ਉੱਤੇ ਖੜੋ ਕੇ ਦਸਹਿਰੇ ਦੀ ਰੌਣਕ ਦਾ ਮਜ਼ਾ ਲੈ ਰਹੇ ਸਨ ਤੇ ਇਸ ਗੱਲ ਵੱਲ ਕਿਸੇ ਦਾ ਧਿਆਨ ਹੀ ਨਹੀਂ ਸੀ ਕਿ ਓਥੋਂ ਲੰਘਦੀਆਂ ਤਿੰਨ ਲਾਈਨਾਂ ਵਿੱਚੋਂ ਕਿਸੇ ਉੱਤੇ ਕਿਸੇ ਵਕਤ ਕੋਈ ਗੱਡੀ ਵੀ ਆ ਸਕਦੀ ਹੈ। ਅੰਮ੍ਰਿਤਸਰ-ਦਿੱਲੀ ਰੂਟ ਦੀਆਂ ਦੋ ਲਾਈਨਾਂ ਦੇ ਨਾਲ ਓਥੋਂ ਬਟਾਲਾ-ਗੁਰਦਾਸਪੁਰ ਵਾਲੀ ਰੇਲ ਲਾਈਨ ਵੀ ਲੰਘਦੀ ਹੈ ਤੇ ਦੋਵਾਂ ਰੂਟਾਂ ਦਾ ਨਿਖੇੜਾ ਓਥੋਂ ਹੋਣ ਕਾਰਨ ਦੋ ਫਾਟਕ ਨਾਲੋ ਨਾਲ ਬਣੇ ਹੋਏ ਹਨ, ਜਿਨ੍ਹਾਂ ਨੂੰ ਜੌੜੇ ਫਾਟਕ ਕਿਹਾ ਜਾਂਦਾ ਹੈ। ਅਚਾਨਕ ਇੱਕ ਪਾਸੇ ਤੋਂ ਗੱਡੀ ਆ ਗਈ, ਲੋਕ ਮਿੱਧੇ ਜਾਣ ਲੱਗੇ ਤਾਂ ਬਚਣ ਲਈ ਦੂਸਰੇ ਟਰੈਕ ਉੱਤੇ ਜਾ ਚੜ੍ਹੇ, ਜਿੱਥੇ ਦੂਸਰੇ ਪਾਸੇ ਤੋਂ ਗੱਡੀ ਆਉਂਦੀ ਪਈ ਸੀ। ਨਤੀਜੇ ਵਜੋਂ ਲਾਸ਼ਾਂ ਦੇ ਢੇਰ ਲੱਗਦੇ ਗਏ। ਇਸ ਹਾਦਸੇ ਨੂੰ ਕਈ ਪੱਖਾਂ ਤੋਂ ਵੇਖਣ ਤੇ ਸਬਕ ਸਿੱਖਣ ਦੀ ਲੋੜ ਹੈ, ਪਰ ਪਿਛਲੇ ਸਮੇਂ ਦਾ ਤਜਰਬਾ ਇਹੋ ਹੈ ਕਿ ਜਿੰਨੇ ਦਿਨ ਪੀੜਤਾਂ ਦੀਆਂ ਚੀਕਾਂ ਸੁਣਦੀਆਂ ਰਹਿੰਦੀਆਂ ਹਨ, ਚਰਚਾ ਹੁੰਦੀ ਹੈ ਤੇ ਫਿਰ ਕੁਝ ਨਹੀਂ ਹੁੰਦਾ। ਭਾਰਤ ਵਿੱਚ ਹੁੰਦੇ ਰੇਲ ਹਾਦਸਿਆਂ ਦਾ ਪਹਿਲਾ ਅਹਿਮ ਪੱਖ ਦੋ ਹਿੱਸਿਆਂ ਵਿੱਚ ਵੰਡ ਕੇ ਵੇਖਿਆ ਜਾਵੇ ਤਾਂ ਅਸਲੀ ਗੱਲ ਕੁਝ-ਕੁਝ ਪੱਲੇ ਪੈ ਸਕਦੀ ਹੈ। ਇੱਕ ਪੱਖ ਤਕਨੀਕੀ ਨੁਕਸਾਂ ਦਾ ਹੈ। ਇੱਕ ਥਾਂ ਰੇਲਵੇ ਲਾਈਨ ਵਿੱਚ ਕਿਤੇ ਕੋਈ ਪੇਚ ਢਿੱਲਾ ਰਹਿ ਗਿਆ, ਲਾਈਨ ਉੱਖੜ ਜਾਣ ਕਾਰਨ ਓਥੋਂ ਲੰਘਦੀ ਗੱਡੀ ਉਲਟ ਗਈ ਤੇ ਓਨੀ ਦੇਰ ਨੂੰ ਦੂਸਰੀ ਗੱਡੀ ਓਸੇ ਥਾਂ ਪਹੁੰਚ ਕੇ ਪਹਿਲੀ ਗੱਡੀ ਵਿੱਚ ਜਾ ਵੱਜੀ ਤੇ ਪੰਜਾਬ ਵਿੱਚ ਵਾਪਰੇ ਇਸ ਹਾਦਸੇ ਵਿੱਚ ਮੌਤਾਂ ਦੀ ਗਿਣਤੀ ਦੋ ਸੌ ਤੋਂ ਟੱਪ ਗਈ ਸੀ। ਇਹ ਕੁਝ ਕਈ ਥਾਂਈਂ ਵਾਪਰ ਚੁੱਕਾ ਹੈ। ਦੂਸਰਾ ਪੱਖ ਲਾਪਰਵਾਹੀ ਦੀ ਸਿਖਰ ਹੈ, ਜਿਸ ਕਾਰਨ ਢਾਈ ਦਹਾਕੇ ਪਹਿਲਾਂ ਕਾਨਪੁਰ ਨੇੜੇ ਇੱਕੋ ਹਾਦਸੇ ਵਿੱਚ ਤਿੰਨ ਸੌ ਸੱਠ ਦੇ ਕਰੀਬ ਮੌਤਾਂ ਹੋਈਆਂ ਸਨ। ਕਾਰਨ ਇਹ ਬਣਿਆ ਕਿ ਓਥੋਂ ਲੰਘਦੀ ਕਾਲਿੰਦੀ ਐਕਸਪ੍ਰੈੱਸ ਦੇ ਅੱਗੇ ਇੱਕ ਆਵਾਰਾ ਫਿਰਦੀ ਗਾਂ ਰੇਲਵੇ ਟਰੈਕ ਉੱਤੇ ਆ ਗਈ ਅਤੇ ਮਰਨ ਪਿੱਛੋਂ ਗੱਡੀ ਦੇ ਇੰਜਣ ਵਿੱਚ ਫਸਣ ਨਾਲ ਸਿਸਟਮ ਜਾਮ ਹੋ ਗਿਆ। ਇਹ ਹਾਦਸਾ ਰੇਲਵੇ ਸਿਗਨਲ ਦੇ ਬਰਾਬਰ ਹੋਇਆ ਅਤੇ ਅੱਧੀ ਗੱਡੀ ਅੱਗੇ ਤੇ ਅੱਧੀ ਪਿੱਛੇ ਹੋਣ ਕਾਰਨ ਸਿਗਨਲ ਵੀ ਹਰਾ ਜਗਦਾ ਫਸ ਗਿਆ। ਓਨੀ ਦੇਰ ਨੂੰ ਪੁਰਸ਼ੋਤਮ ਐਕਸਪ੍ਰੈੱਸ ਵੀ ਪਿੱਛੋਂ ਆ ਗਈ ਤੇ ਅੱਗੇ ਖੜੀ ਕਾਲਿੰਦੀ ਐਕਸਪ੍ਰੈੱਸ ਵਿੱਚ ਸਿੱਧੀ ਜਾ ਵੱਜਣ ਨਾਲ ਕਹਿਰ ਵਾਪਰ ਗਿਆ ਸੀ। ਦੂਸਰਾ ਅਹਿਮ ਪੱਖ ਖਤਰੇ ਬਾਰੇ ਦੱਸਣ ਦੇ ਬਾਵਜੂਦ ਉਸ ਨੂੰ ਲੋਕਾਂ ਵੱਲੋਂ ਅਣਗੌਲੇ ਕਰਨ ਦਾ ਹੈ। ਕੁੰਭ ਮੇਲੇ ਵੇਲੇ ਇੱਕ ਵਾਰੀ ਲੋਕਾਂ ਨੂੰ ਗੱਡੀਆਂ ਵਿੱਚ ਥਾਂ ਨਾ ਮਿਲੀ ਤਾਂ ਛੱਤਾਂ ਉੱਤੇ ਚੜ੍ਹ ਗਏ ਤੇ ਰਾਤ ਦੇ ਵਕਤ ਅੱਗੇ ਆਉਂਦੇ ਪੁਲ ਨਾਲ ਵੱਜ-ਵੱਜ ਕੇ ਹੇਠਾਂ ਡਿੱਗਦੇ ਗਏ ਸਨ। ਇਹੋ ਜਿਹੇ ਹਾਦਸੇ ਵੀ ਕਈ ਵਾਰੀ ਵਾਪਰ ਚੁੱਕੇ ਹਨ। ਕਿਸੇ ਵੱਡੇ ਮੇਲੇ ਵੇਲੇ ਇਹੋ ਜਿਹਾ ਹਾਦਸਾ ਹੋਣਾ ਆਮ ਜਿਹੀ ਗੱਲ ਹੁੰਦੀ ਹੈ। ਲੋਕ ਫਿਰ ਵੀ ਇਸ ਦੀ ਪਰਵਾਹ ਨਹੀਂ ਕਰਦੇ। ਤੀਸਰਾ ਪੱਖ ਸਾਡੇ ਮੇਲਿਆਂ ਮੌਕੇ ਵਰਤੀ ਜਾਂਦੀ ਆਮ ਲਾਪਰਵਾਹੀ ਦਾ ਹੈ। ਅੰਮ੍ਰਿਤਸਰ ਦੇ ਦਸਹਿਰਾ ਮੇਲੇ ਦੌਰਾਨ ਵਾਪਰੀ ਤਾਜ਼ਾ ਘਟਨਾ ਇਸੇ ਦਾ ਨਮੂਨਾ ਹੈ। ਪਿਛਲੇ ਕਈ ਸਾਲਾਂ ਤੋਂ ਉਸ ਥਾਂ ਇਹ ਮੇਲਾ ਕਰਵਾਇਆ ਜਾਂਦਾ ਸੀ, ਪ੍ਰਬੰਧਕ ਮਨਜ਼ੂਰੀ ਲੈਂਦੇ ਸਨ ਜਾਂ ਨਹੀਂ, ਇਹ ਤਾਂ ਪਤਾ ਨਹੀਂ, ਪਰ ਓਥੇ ਸੰਕਟ ਦੀ ਘੜੀ ਬਾਰੇ ਸੋਚਣ ਦੀ ਲੋੜ ਕਦੀ ਵੀ ਨਹੀਂ ਸੀ ਸਮਝੀ ਗਈ। ਜੇ ਸਮਝੀ ਗਈ ਹੁੰਦੀ ਤਾਂ ਸਥਾਨਕ ਪ੍ਰਸ਼ਾਸਨ ਜਾਂ ਰੇਲਵੇ ਵਿਭਾਗ ਦੇ ਅਧਿਕਾਰੀਆਂ ਨੂੰ ਏਦਾਂ ਦੀ ਥਾਂ ਉਚੇਚੇ ਬੈਰੀਕੇਡ ਵਗੈਰਾ ਲਾਉਣ ਬਾਰੇ ਸੋਚਣਾ ਚਾਹੀਦਾ ਸੀ, ਤਾਂ ਕਿ ਲੋਕ ਕਿਸੇ ਹਾਦਸੇ ਦਾ ਸ਼ਿਕਾਰ ਨਾ ਹੋਣ। ਇਹੋ ਨਹੀਂ, ਉਨ੍ਹਾਂ ਨੂੰ ਇਹੋ ਜਿਹੇ ਮੌਕੇ ਰੇਲ ਗੱਡੀ ਦੇ ਡਰਾਈਵਰ ਨੂੰ ਵੀ ਕਹਿ ਦੇਣਾ ਚਾਹੀਦਾ ਸੀ ਕਿ ਉਹ ਉਸ ਥਾਂ ਤੋਂ ਸਪੀਡ ਹੌਲੀ ਰੱਖੇ ਤਾਂ ਕਿ ਲੋਕ ਬਚੇ ਰਹਿਣ। ਇਹੋ ਜਿਹੀ ਕਿਸੇ ਤਰ੍ਹਾਂ ਦੀ ਕੋਈ ਹਦਾਇਤ ਨਹੀਂ ਸੀ ਕੀਤੀ ਗਈ। ਹਾਦਸਾ ਹੋਣ ਪਿੱਛੋਂ ਜਿੱਥੇ ਕਿਤੇ ਚਰਚਾ ਹੋ ਰਹੀ ਹੈ, ਉਹ ਹਰ ਵਿਅਕਤੀ ਸਿਰਫ ਅੰਮ੍ਰਿਤਸਰ ਦੇ ਇਸ ਹਾਦਸੇ ਤੱਕ ਸੀਮਤ ਹੋ ਕੇ ਗੱਲ ਕਰਦਾ ਹੈ। ਤਿੰਨ ਦਰਜਨ ਦੇ ਕਰੀਬ ਸ਼ਹਿਰਾਂ ਤੋਂ ਛਪਦੇ ਹਿੰਦੀ ਦੇ ਇੱਕ ਕੌਮੀ ਅਖਬਾਰ ਨੇ ਇਹ ਹੈਰਾਨੀ ਭਰੀ ਰਿਪੋਰਟ ਛਾਪੀ ਹੈ ਕਿ ਸਿਰਫ ਲੁਧਿਆਣੇ ਵਿੱਚ ਹੀ ਪੰਜ ਥਾਂਈਂ ਰੇਲਵੇ ਲਾਈਨਾਂ ਦੇ ਨਾਲ-ਨਾਲ ਰਾਵਣ ਦੇ ਪੁਤਲੇ ਫੂਕੇ ਜਾ ਰਹੇ ਸਨ। ਅੰਮ੍ਰਿਤਸਰ ਵਿੱਚ ਕਿੰਨੇ ਥਾਂਈਂ ਸਨ ਤੇ ਜਲੰਧਰ ਜਾਂ ਹੋਰ ਥਾਂਈਂ ਇਹੋ ਜਿਹੇ ਕਿੰਨੇ ਰਾਵਣ ਰੇਲਵੇ ਲਾਈਨਾਂ ਕਿਨਾਰੇ ਸਾੜੇ ਗਏ ਹੋਣਗੇ, ਇਸ ਦੀ ਸੂਚੀ ਛਾਪਣ ਦੀ ਥਾਂ ਇੱਕ ਅਖਬਾਰ ਨੇ ਇਹ ਲਿਖਿਆ ਹੈ ਕਿ ਸਾਰੇ ਪੰਜਾਬ ਵਿੱਚੋਂ ਇਹੋ ਜਿਹੀਆਂ ਇੱਕੀ ਥਾਂਵਾਂ ਬਣਦੀਆਂ ਹਨ। ਇਨ੍ਹਾਂ ਸਭਨਾਂ ਥਾਂਵਾਂ ਬਾਰੇ ਰੇਲਵੇ ਵਿਭਾਗ ਨੂੰ ਪਤਾ ਕਿਉਂ ਨਹੀਂ ਲੱਗਾ ਤੇ ਜੇ ਲੱਗਾ ਤਾਂ ਕੋਈ ਪ੍ਰਬੰਧ ਕਿਉਂ ਨਾ ਕੀਤੇ ਗਏ, ਇਸ ਬਾਰੇ ਨਾ ਕਿਸੇ ਨੇ ਬਹੁਤਾ ਪੁੱਛਣਾ ਹੈ ਤੇ ਨਾ ਕਿਸੇ ਨੇ ਜਵਾਬਦੇਹੀ ਤੈਅ ਕਰਨੀ ਹੈ।ਭਾਰਤ ਦੀ ਸਰਕਾਰ ਅਤੇ ਭਾਰਤੀਅਤਾ ਦੀ ਬੁਲੰਦੀ ਦੇ ਹੱਦੋਂ ਬਾਹਰੇ ਢੰਡੋਰੇਬਾਜ਼ ਇਹ ਗੱਲ ਬੜੇ ਮਾਣ ਨਾਲ ਕਹੀ ਜਾਂਦੇ ਹਨ ਕਿ ਭਾਰਤ ਅਗਲੇ ਸਾਲਾਂ ਵਿੱਚ ਸੰਸਾਰ ਦਾ ਅਗਵਾਨੂੰ ਦੇਸ਼ ਬਣਨ ਵਾਲਾ ਹੈ। ਚੰਗੀ ਗੱਲ ਹੈ ਕਿ ਬਣ ਜਾਵੇ, ਪਰ ਗੱਲ ਸਿਰਫ ਅਗਵਾਨੂੰ ਕਹਾਉਣ ਦੀ ਨਹੀਂ, ਮਿਆਰਾਂ ਦੀ ਵੀ ਹੈ। ਪੰਜਾਬੀ ਦਾ ਮੁਹਾਵਰਾ ਹੈ ਕਿ 'ਗੱਲੀਂ ਬਾਤੀਂ ਮੈਂ ਵੱਡੀ, ਕਰਤੂਤੀਂ ਵੱਡੀ ਜੇਠਾਣੀ'। ਅਸੀਂ ਗੱਲਾਂ ਵਿੱਚ ਵੱਡੇ ਹਾਂ, ਮਿਆਰਾਂ ਵਿੱਚ ਬਹੁਤ ਊਣੇ ਹਾਂ। ਜਿਹੜੇ ਅਮਰੀਕਾ, ਬ੍ਰਿਟੇਨ ਅਤੇ ਹੋਰ ਵਿਕਸਤ ਦੇਸ਼ਾਂ ਨਾਲ ਮੁਕਾਬਲਾ ਕਰਨ ਨੂੰ ਤਾਂਘਦੇ ਹਾਂ, ਉਨ੍ਹਾਂ ਵਿੱਚ ਇਹੋ ਜਿਹਾ ਕੋਈ ਸਮਾਗਮ ਹੋਣਾ ਹੋਵੇ ਤਾਂ ਇਸ ਬਾਰੇ ਪਹਿਲਾ ਫੈਸਲਾ ਇਹ ਹੁੰਦਾ ਹੈ ਕਿ ਅੱਗ ਦਾ ਭਾਂਬੜ ਮੱਚਣਾ ਹੈ ਤਾਂ ਇਹ ਜਨਤਕ ਵਸੇਬੇ ਦੀਆਂ ਥਾਂਵਾਂ ਤੋਂ ਦੂਰ ਕਿਸੇ ਗਰਾਊਂਡ ਵਿੱਚ ਕਰਵਾਇਆ ਜਾਵੇ। ਦੂਸਰਾ ਇਹ ਕਿ ਉਸ ਥਾਂ ਅੱਗ ਬੁਝਾਉਣ ਅਤੇ ਕਿਸੇ ਹਾਦਸੇ ਵਕਤ ਜ਼ਖਮੀ ਹੋ ਰਹੇ ਲੋਕਾਂ ਨੂੰ ਸੰਭਾਲਣ ਲਈ ਐਂਬੂਲੈਂਸ ਗੱਡੀਆਂ ਤੇ ਡਾਕਟਰੀ ਟੀਮਾਂ ਦਾ ਉਚੇਚਾ ਅਤੇ ਅਗੇਤਾ ਪ੍ਰਬੰਧ ਕੀਤਾ ਜਾਵੇ। ਭਾਰਤ ਦਾ ਬਾਬਾ ਆਦਮ ਨਿਰਾਲਾ ਹੈ। ਹਜ਼ਾਰਾਂ ਕੀ, ਕਈ ਵਾਰ ਦਿੱਲੀ ਵਿੱਚ ਲੱਖਾਂ ਵਰਗੀ ਭੀੜ ਵਾਲੇ ਮੈਦਾਨ ਵਿੱਚ ਅਸੀਂ ਇਸ ਦੇਸ਼ ਦੇ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਤੱਕ ਨੂੰ ਜਾਂਦੇ ਅਤੇ ਰਸਮਾਂ ਪੂਰੀਆਂ ਕਰ ਕੇ ਫਿਰ ਰਾਵਣ ਦੇ ਬੁੱਤ ਵੱਲ ਤੀਰ ਚਲਾ ਕੇ ਫੋਟੋ ਖਿਚਵਾਉਂਦੇ ਵੇਖਦੇ ਹਾਂ। ਜਿੰਨੀ ਭੀੜ ਓਥੇ ਹੁੰਦੀ ਹੈ, ਕਿਸੇ ਦਿਨ ਜ਼ਰਾ ਜਿੰਨੀ ਚਿੰਗਾੜੀ ਭੜਕ ਗਈ ਤਾਂ ਸਭ ਕਿਸਮਾਂ ਦੇ ਅਹਿਮ ਵਿਅਕਤੀ ਘਿਰੇ ਰਹਿ ਜਾਣਗੇ ਜਾਂ ਫਿਰ ਉਹ ਕੁਝ ਕਰਨਗੇ, ਜੋ ਡੱਬਵਾਲੀ ਵਿੱਚ ਕੀਤਾ ਸੀ। ਦਸੰਬਰ 1995 ਵਿੱਚ ਡੱਬਵਾਲੀ ਵਿੱਚ ਡੀ ਏ ਵੀ ਪਬਲਿਕ ਸਕੂਲ ਦਾ ਸਮਾਗਮ ਸੀ। ਅਚਾਨਕ ਅੱਗ ਭੜਕੀ ਤੇ ਫਿਰ ਕਾਬੂ ਤੋਂ ਬਾਹਰ ਹੋ ਗਈ। ਸਮਾਗਮ ਇੱਕ ਮੈਰਿਜ ਪੈਲੇਸ ਵਿੱਚ ਹੋ ਰਿਹਾ ਸੀ। ਡਿਪਟੀ ਕਮਿਸ਼ਨਰ ਤੇ ਹੋਰ ਅਹਿਮ ਵਿਅਕਤੀ ਸਟੇਜ ਉੱਤੇ ਸਨ ਤੇ ਉਨ੍ਹਾਂ ਦੇ ਪਿੱਛੇ ਕੰਧ ਵਿੱਚ ਕੋਈ ਦਰਵਾਜ਼ਾ ਨਹੀਂ ਸੀ। ਉਨ੍ਹਾਂ ਨੇ ਅੱਗ ਬੁਝਾਉਣ ਦੇ ਪ੍ਰਬੰਧਾਂ ਦੀ ਚਿੰਤਾ ਕਰਨ ਦੀ ਥਾਂ ਆਪ ਨਿਕਲਣ ਵਾਸਤੇ ਜਦੋਂ ਵੇਖਿਆ ਕਿ ਮੁੱਖ ਦਰਵਾਜ਼ੇ ਵੱਲ ਭੀੜ ਹੈ ਤਾਂ ਟਰੈਕਟਰ ਟਰਾਲੀ ਦੀ ਟੱਕਰ ਨਾਲ ਪਿਛਲੀ ਕੰਧ ਨੂੰ ਤੁੜਵਾ ਕੇ ਨਿਕਲ ਗਏ ਤੇ ਲੋਕ ਸੜ ਕੇ ਮਰਦੇ ਰਹੇ ਸਨ। ਉਸ ਕਾਂਡ ਵਿੱਚ ਮਾਰੇ ਗਏ ਪੰਜ ਸੌ ਚਾਲੀ ਲੋਕਾਂ ਵਿੱਚੋਂ ਇੱਕ ਸੌ ਸੱਤਰ ਸਿਰਫ ਬੱਚੇ ਸਨ। ਭਾਰਤ ਵਿੱਚ ਕਿਸੇ ਥਾਂ ਰਾਮ ਲੀਲਾ ਜਾਂ ਕੋਈ ਦਸਹਿਰਾ ਆਦਿ ਦਾ ਕੋਈ ਵੀ ਸਮਾਗਮ ਹੁੰਦਾ ਜਦੋਂ ਵੀ ਵੇਖਦੇ ਹਾਂ, ਮੈਨੂੰ ਹਰ ਵਾਰੀ ਉਹ ਡੱਬਵਾਲੀ ਦਾ ਕਾਂਡ ਯਾਦ ਆ ਜਾਂਦਾ ਹੈ, ਬੱਚਿਆਂ ਦੀਆਂ ਭੜਥਾ ਬਣੀਆਂ ਲਾਸ਼ਾਂ ਦਿੱਸਦੀਆਂ ਹਨ, ਵੀ ਆਈ ਪੀ ਲੋਕਾਂ ਦਾ ਖਿਸਕ ਜਾਣਾ ਚੇਤੇ ਆਉਂਦਾ ਤੇ ਮਨ ਮਸੋਸਿਆ ਜਾਂਦਾ ਹੈ। ਕਾਸ਼! ਇਹ ਸਾਰਾ ਕੁਝ ਇਸ ਦੇਸ਼ ਦੇ ਲੀਡਰਾਂ ਦੀ ਨੀਂਦ ਉਡਾ ਸਕਦਾ। ਬਦਕਿਸਮਤੀ ਨਾਲ ਭਾਰਤ ਦੇ ਲੀਡਰਾਂ ਦੀ ਚਮੜੀ ਬੜੀ ਮੋਟੀ ਹੈ, ਉਨ੍ਹਾਂ ਨੂੰ ਏਸੇ ਲਈ ਏਦਾਂ ਦੀਆਂ ਗੱਲਾਂ ਨਾਲ ਫਰਕ ਨਹੀਂ ਪੈਂਦਾ।
21 OCT. 2018