ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
ਰਾਮਦੇਵ ਨੇ ਦੁਕਾਨਾਂ ‘ਤੇ ਮਾਲਕਾਂ ਦੇ ਨਾਮ ਲਿਖਣ ਦੇ ਹੁਕਮ ਨੂੰ ਜਾਇਜ਼ ਠਹਿਰਾਇਆ- ਇਕ ਖ਼ਬਰ
ਅੱਜ ਕਲ ਬਾਬੇ ਦੇ ਆਪਣੇ ਸਿਤਾਰੇ ਗਰਦਿਸ਼ ‘ਚ ਹਨ, ਮਾਲਕਾਂ ਨੂੰ ਖੁਸ਼ ਕਰਨ ਲਈ ਬਿਆਨ ਦਿਤੈ।
ਦੇਸ਼ ਨੂੰ ਤੇਜ਼ੀ ਨਾਲ ਵਿਕਾਸ ਦੀਆਂ ਲੀਹਾਂ ‘ਤੇ ਲਿਜਾਣ ਵਾਲਾ ਬਜਟ ਪੇਸ਼ ਕਰਾਂਗੇ-ਸੀਤਾਰਮਨ
ਬੀਬੀ ਰਹਿਣ ਦੇ ਵਿਕਾਸ ਨੂੰ, ਹੁਣ ਤਾਂ ਰੇਲਗੱਡੀਆਂ ਵੀ ਰੋਜ਼ ਹੀ ਲੀਹੋਂ ਲਹਿਣ ਲੱਗ ਪਈਆਂ ਹਨ।
ਕੇਜਰੀਵਾਲ ਜੇਲ੍ਹ ‘ਚ ਜਾਣ ਬੁੱਝ ਕੇ ਘੱਟ ਕੈਲੋਰੀ ਵਾਲ਼ੀ ਖੁਰਾਕ ਖਾ ਰਹੇ ਹਨ- ਉੱਪ ਰਾਜਪਾਲ, ਦਿੱਲੀ
ਅੱਜ ਪਤਾ ਲੱਗਿਐ ਕਿ ਉੱਪ ਰਾਜਪਾਲ ਸਾਹਿਬ ਡਾਇਟੀਸ਼ੀਅਨ ਵੀ ਹਨ।
ਲੋਕਾਂ ਨੂੰ ਚੰਗਾ ਇਲਾਜ ਦੇਣ ‘ਚ ਪੰਜਾਬ ਸਰਕਾਰ ਹੋਈ ਫੇਲ੍ਹ- ਰਾਜਾ ਵੜਿੰਗ
ਵੜਿੰਗ ਸਾਬ, ਤੁਹਾਡੀ ਸਰਕਾਰ ਵੇਲੇ ਕਿਹੜਾ ਪਿੰਡ ਪਿੰਡ ‘ਚ ਧਨੰਤਰ ਵੈਦ ਬੈਠੇ ਸੀ।
ਹੜ੍ਹਾਂ ਨਾਲ਼ ਨਜਿੱਠਣ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਤਿਆਰ- ਕੁਲਦੀਪ ਸਿੰਘ ਧਾਲੀਵਾਲ
ਹਰ ਸਾਲ ਹੀ ਸਰਕਾਰ ਇੰਜ ਕਹਿੰਦੀ ਐ, ਇਹ ਤਾਂ ਹੜ੍ਹਾਂ ਆਇਆਂ ‘ਤੇ ਹੀ ਪਤਾ ਲੱਗੂ।
ਹਰਿਆਣਾ ਦੇ ਸਿੱਖਾਂ ਨੂੰ ਇਕਜੁੱਟ ਕਰਨ ਲਈ ‘ਹਰਿਆਣਾ ਸਿੱਖ ਏਕਤਾ ਦਲ’ ਬਣਾਇਆ- ਇਕ ਖ਼ਬਰ
ਥੋੜ੍ਹਾ ਚਿਰ ਠਹਿਰੋ, ਇਹ ਵੀ ਦਲਦਲ ਬਣਿਆ ਸਮਝੋ।
ਸੌਦਾ ਸਾਧ ਨੂੰ ਮਾਫ਼ੀ ਦਿਵਾਉਣ ‘ਚ ਗਿਆਨੀ ਗੁਰਬਚਨ ਸਿੰਘ ਦੇ ਮੋਹਰੀ ਰੋਲ ਵਿਰੁੱਧ ਹੋ ਰਿਹਾ ਤਿੱਖਾ ਪ੍ਰਤੀਕਰਮ- ਇਕ ਖ਼ਬਰ
ਸੱਪ ਲੰਘੇ ‘ਤੇ ਲਕੀਰ ਕੁੱਟੀ ਦਾ ਕੀ ਫ਼ਾਇਦਾ, ਅਗਲਾ ਕਰੋੜਪਤੀ ਬਣਿਆ ਬੈਠੈ।
ਦਿਲਜੀਤ ਦੁਸਾਂਝ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਟਰੂਡੋ ਨੂੰ ਵੀ ਕੀਲਿਆ- ਇਕ ਖ਼ਬਰ
ਜੱਗੇ ਜੱਟ ਦੇ ਕਬੂਤਰ ਚੀਨੇ, ਨਦੀਉਂ ਪਾਰ ਚੁਗਦੇ।
ਮਰਹੂਮ ਸ਼ਿਵ ਸੈਨਾ ਨੇਤਾ ਸੁਧੀਰ ਸੂਰੀ ਦੇ ਦੋ ਬੇਟੇ ਰੰਗਦਾਰੀ ਵਸੂਲਣ ਦੇ ਦੋਸ਼ ‘ਚ ਗ੍ਰਿਫ਼ਤਾਰ - ਇਕ ਖ਼ਬਰ
ਗੁਰੂ ਜਿਨ੍ਹਾਂ ਦੇ ਟੱਪਣੇ, ਚੇਲੇ ਜਾਣ ਛੜੱਪ।
ਭੜਕਾਊ ਭਾਸ਼ਨ ਦੇਣ ‘ਤੇ ਸ਼ਿਵ ਸੈਨਾ ਆਗੂ ਵਿਰੁੱਧ ਐਫ.ਆਈ.ਆਰ. ਦਰਜ- ਇਕ ਖ਼ਬਰ
ਦੇਰ ਆਇਦ, ਦਰੁਸਤ ਆਇਦ।
ਕਾਂਗਰਸ ਨੇ ਲੋਕ ਸਭਾ ‘ਚ ਡਿਪਟੀ ਸਪੀਕਰ ਦੇ ਅਹੁਦੇ ਦੀ ਮੰਗ ਕੀਤੀ- ਇਕ ਖ਼ਬਰ
ਨੰਗੇ ਮੂੰਹ ਦਾ ਮੁੱਲ ਪੁੱਛਦਾ, ਮੁੰਡਾ ਬਟੂਆ ਹੱਥਾਂ ਵਿਚ ਫੜ ਕੇ।
ਭਗਵੰਤ ਮਾਨ ਨੇ ਵਾਪਸ ਕੀਤੇ ਬਿੱਲ ਨੂੰ ਲੈ ਕੇ ਰਾਜਪਾਲ ‘ਤੇ ਮੁੜ ਨਿਸ਼ਾਨਾ ਸਾਧਿਆ- ਇਕ ਖ਼ਬਰ
ਅੱਗ ਭੜਕਦੀ ਭੜਕਦੀ ਭੜਕ ਜਾਂਦੀ, ਪੌਣ ਛੇੜਦੀ ਜਦ ਅੰਗਿਆਰਿਆਂ ਨੂੰ।
ਰਾਹੁਲ ਗਾਂਧੀ ਇਕ ਸਿਆਸ਼ਤਦਾਨ ਦੇ ਤੌਰ ‘ਤੇ ਕਾਫ਼ੀ ਪਰਿਪੱਕ ਹੋ ਗਏ ਹਨ- ਅਮਰਤਿਆ ਸੇਨ
ਉਸ ਬਲੀ ਸ਼ਹਿਜ਼ਾਦੇ ਦਾ ਤੇਜ਼ ਭਾਰੀ, ਜਿਸ ਕਿਲ੍ਹੇ ਨੂੰ ਮੋਰਚਾ ਲਾਇਆ ਈ।
ਸ਼ੰਭੂ ਬਾਰਡਰ ਖੁਲ੍ਹਦਿਆਂ ਹੀ ਕਿਸਾਨ ਕਰਨਗੇ ਦਿੱਲੀ ਵਲ ਕੂਚ- ਡੱਲੇਵਾਲ
ਕਰ ਕੂਚ ਹਜ਼ਾਰਿਓਂ ਛੱਡ ਭਾਈਆਂ, ਟਿੱਲੇ ਬਾਲ ਗਦਾਈ ਦੇ ਚੱਲਿਆ ਈ।
ਬਾਦਲਕਿਆਂ ਨੇ ਦਿੱਲੀ, ਨਾਗ।ਪੁਰ ਨਾਲ਼ ਰਲ਼ ਕੇ ਗ਼ਲਤੀਆਂ ਨਹੀਂ ਸਗੋਂ ਮਹਾਂਪਾਪ ਕੀਤੇ ਹਨ-ਖਾਲੜਾ ਮਿਸ਼ਨ
ਲਿਖਿਆ ਵਿਚ ਕੁਰਾਨ ਕਿਤਾਬ ਦੇ ਜੀ, ਗੁਨਾਹਗਾਰ ਖੁਦਾ ਦਾ ਚੋਰ ਹੈ ਜੀ।
====================================================================