ਸ੍ਰੀ ਅਕਾਲ ਤਖਤ ਸਾਹਿਬ ਤੋ ਜਲਾਵਤਨੀ ਜੋਧੇ ਦੀ ਉਪਾਧੀ ਪਾਉਣ ਵਾਲਾ ਜਿੰਦਾ ਸ਼ਹੀਦ ਸੀ ਭਾਈ ਗਜਿੰਦਰ ਸਿੰਘ - ਬਘੇਲ ਸਿੰਘ ਧਾਲੀਵਾਲ
ਭਾਈ ਗਜਿੰਦਰ ਸਿੰਘ ਕਿਸੇ ਆਮ ਵਿਅਕਤੀ ਦਾ ਨਾਮ ਨਹੀ,ਬਲਕਿ ਅਜਾਦ ਸਿੱਖ ਰਾਜ ਦੇ ਪਵਿੱਤਰ ਕੌਮੀ ਕਾਰਜ ਲਈ ਦ੍ਰਿੜ੍ਹ ਸੰਕਲਪ,ਤਾਅ-ਉਮਰ ਅਡੋਲ ਰਹਿਣ ਵਾਲੀ ਨਿੱਡਰ ਜਲਾ-ਵਤਨੀ ਸਤਿਕਾਰਿਤ ਸਖਸ਼ੀਅਤ ਹੈ ਗਜਿੰਦਰ ਸਿੰਘ ਹਾਈਜੈਕਰ। ਭਾਈ ਸਾਹਿਬ ਸਾਇਦ ਇੱਕੋ ਇੱਕ ਅਜਿਹੇ ਸਿੱਖ ਜੋਧੇ ਜਰਨੈਲ ਸਨ,ਜਿੰਨਾਂ ਨੇ ਆਪਣੀ ਸਾਰੀ ਜਿੰਦਗੀ ਬੜੀ ਦ੍ਰਿੜਤਾ,ਅਡੋਲਤਾ ਅਤੇ ਬੇ-ਗਰਜੀ ਨਾਲ ਬਗੈਰ ਕੌਂਮ ਨੂੰ ਨਿਹੋਰੇ ਦਿੱਤਿਆਂ ਅਜਾਦ ਸਿੱਖ ਰਾਜ ਦੀ ਪਰਾਪਤੀ ਦੀ ਜਦੋ ਜਹਿਦ ਦੇ ਲੇਖੇ ਲਾ ਦਿੱਤੀ। ਤਿੰਨ ਜੀਆਂ ਦੇ ਪਰਿਵਾਰ ਦੇ ਤਿੰਨ ਜਗਾਹ ਹੋ ਕੇ ਵਿਖਰ ਜਾਣ ਵਰਗਾ ਦੁੱਖ ਵੀ ਉਹਨਾਂ ਨੂੰ ਆਪਣੇ ਨਿਸ਼ਾਨੇ ਤੋ ਡੁਲਾ ਨਾ ਸਕਿਆ।ਉਹਨਾਂ ਦਾ ਜੀਵਨ ਭਾਂਵੇ ਮੁੱਢੋਂ ਹੀ ਸੰਘਰਸ਼ੀ ਰਿਹਾ,ਪਰ ਉਹਨਾਂ ਦਾ ਨਾਮ ਅੰਤਰਰਾਸ਼ਟਰੀ ਪੱਧਰ ਤੇ ਉੱਦੋਂ ਚਰਚਾ ਵਿੱਚ ਆਇਆ ਜਦੋ ਉਹਨਾਂ ਵੱਲੋਂ ਆਪਣੇ ਚਾਰ ਸਾਥੀਆਂ ਸਿਰਦਾਰ ਸਤਨਾਮ ਸਿੰਘ ਪਾਉਂਟਾ ਸਾਹਿਬ,ਮਾਸਟਰ ਕਰਨ ਸਿੰਘ, ਸਿਰਦਾਰ ਜਸਬੀਰ ਸਿੰਘ ਅਤੇ ਸਿਰਦਾਰ ਤੇਜਿੰਦਰਪਾਲ ਸਿੰਘ ਸਮੇਤ 29 ਸਤੰਬਰ 1981 ਨੂੰ ਦਿੱਲੀ ਤੋ ਏਅਰ ਇੰਡੀਆ ਦਾ ਜਹਾਜ ਅਹਵਾ ਕਰਕੇ ਲਹੌਰ (ਪਾਕਿਸਤਾਨ)ਲਿਜਾਇਆ ਗਿਆ। ਇਸ ਦੌਰਾਨ ਉਹਨਾਂ ਵੱਲੋਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਬਿਨ੍ਹਾਂ ਸ਼ਰਤ ਰਿਹਾਈ ਦੇ ਨਾਲ ਕੁਝ ਹੋਰ ਸ਼ਰਤਾਂ ਵੀ ਰੱਖੀਆਂ ਗਈਆਂ। ਇਸ ਕਾਰਵਾਈ ਨਾਲ ਜਿੱਥੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਗ੍ਰਿਫਤਾਰੀ ਦੀ ਚਰਚਾ ਕੌਮਾਂਤਰੀ ਪੱਧਰ ’ਤੇ ਹੋਈ, ਓਥੇ ਭਾਈ ਗਜਿੰਦਰ ਸਿੰਘ ਹੋਰਾਂ ਦਾ ਨਾਮ ਵੀ ਦੁਨੀਆ ਪੱਧਰ ਤੇ ਜਾਣਿਆ ਜਾਣ ਲੱਗਾ।ਯਾਦ ਰਹੇ ਕਿ 20 ਸਤੰਬਰ 1981 ਵਾਲੇ ਦਿਨ ਲਾਲਾ ਜਗਤ ਨਰਾਇਣ ਦੇ ਕਤਲ ਦੇ ਸਬੰਧ ਵਿੱਚ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੂੰ ਮਹਿਤਾ ਚੌਕ ਤੋਂ ਗ੍ਰਿਫਤਾਰ ਕਰ ਲਿਆ ਗਿਆ ਸੀ। ਇਸ ਦੌਰਾਨ ਸੰਗਤਾਂ ਅਤੇ ਪੁਲਿਸ ਦਰਮਿਆਨ ਹੋਈ ਗੋਲੀਬਾਰੀ ਵਿੱਚ ਗਿਆਰਾਂ ਵਿਅਕਤੀਆਂ ਦੀ ਸ਼ਹਾਦਤ ਹੋ ਗਈ ਸੀ । ਭਾਈ ਗਜਿੰਦਰ ਸਿੰਘ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਸੰਤ ਭਿੰਡਰਾਂ ਵਾਲਿਆਂ ਦੀ ਗ੍ਰਿਫਤਾਰੀ ਦੇ ਰੋਸ ਵਜੋਂ ਹੀ ਜਹਾਜ ਅਗਵਾ ਕੀਤਾ ਗਿਆ ਸੀ,ਜਿਸ ਵਿੱਚ ਜਹਾਜ ਦੇ ਅਮਲੇ ਦੇ ਛੇ ਵਿਅਕਤੀਆਂ ਸਮੇਤ 117 ਵਿਅਕਤੀ ਸਵਾਰ ਸਨ,ਪਰ ਸਿੱਖ ਅਗਵਾਕਾਰਾਂ ਦੇ ਇਸ ਖਤਰਨਾਕ ਕੰਮ ਦੀ ਖੂਬਸੂਰਤੀ ਇਹ ਸੀ ਕਿ ਉਹਨਾਂ ਨੇ ਖਾਲਸਾਈ ਪਰੰਪਰਾਵਾਂ ਤੇ ਪਹਿਰਾ ਦਿੰਦਿਆਂ ਜਹਾਜ ਵਿੱਚ ਸਵਾਰ ਔਰਤਾਂ ਅਤੇ ਬੱਚਿਆਂ ਨੂੰ ਤੁਰੰਤ ਛੱਡ ਦਿੱਤਾ ਸੀ। ਭਾਈ ਗਜਿੰਦਰ ਸਿੰਘ ਦਾ ਜਨਮ 19 ਨਵੰਬਰ 1951 ਨੂੰ ਪਟਿਆਲਾ ਵਿਖੇ ਹੋਇਆ। ਉਹ ਪੰਜ ਭੈਣ ਭਰਾਵਾਂ ਵਿੱਚੋਂ ਚੌਥੇ ਨੰਬਰ' ਤੇ ਸਨ । ਸੱਭ ਤੋਂ ਵੱਡੀ ਭੈਣ, ਬੀਬੀ ਹਰਪਾਲ ਕੌਰ, ਜੋ ਭਾਈ ਸਾਹਿਬ ਤੋਂ ਦੱਸ ਸਾਲ ਵੱਡੀ ਹੈ, ਬੀਬੀ ਹਰਪਾਲ ਕੌਰ ਤੋਂ ਛੋਟਾ ਭਰਾ, ਸਰਦਾਰ ਅਵਤਾਰ ਸਿੰਘ, ਜੋ ਭਾਈ ਸਾਹਿਬ ਤੋਂ ਪੰਜ ਸਾਲ ਵੱਡਾ ਸੀ। ਇਸ ਤੋਂ ਛੋਟੀ ਭੈਣ ਇੰਦਰਮੋਹਣ ਕੌਰ ਹੈ, ਜੋ ਭਾਈ ਸਾਹਿਬ, ਤੋਂ ਡੇਢ ਕੁ ਸਾਲ ਵੱਡੀ ਹੈ । ਭਾਈ ਸਾਹਿਬ ਤੋਂ ਛੋਟਾ ਭਰਾ, ਸਰਦਾਰ ਦਰਸ਼ਨ ਸਿੰਘ ਹੈ, ਜੋ ਗਜਿੰਦਰ ਸਿੰਘ ਤੋਂ ਤਕਰੀਬਨ ਸੱਤ ਕੁ ਸਾਲ ਛੋਟਾ ਹੈ । ਸੰਤਾਲੀ ਦੀ ਵੰਡ ਤੋਂ ਮਗਰੋਂ ਇਹ ਪਰਿਵਾਰ, ਭਾਰਤ ਵਾਲੇ ਪਾਸੇ ਦੇ ਪੰਜਾਬ ਦੇ ਪਟਿਆਲਾ ਸ਼ਹਿਰ ਆ ਕੇ ਵੱਸ ਗਿਆ ਸੀ।ਭਾਈ ਸਾਹਿਬ ਦਾ ਪਿਛੋਕੜ ਖਾਲਸਾ ਰਾਜ ਦੇ ਅਜੇਤੂ ਜਰਨੈਲ ਸ੍ਰ ਹਰੀ ਸਿੰਘ ਨਲੂਆ ਵੱਲੋਂ ਵਸਾਏ ਨਗਰ ਹਰੀਪੁਰ ਹਜਾਰਾ (ਪਾਕਿਸਤਾਨ)ਨਾਲ ਜੁੜਦਾ ਹੈ।ਇਹ ਪਿੰਡ ਉਹਨਾਂ ਦਾ ਪਿਛਲਾ ਪਿੰਡ ਸੀ, ਸਾਇਦ ਇਹੋ ਕਾਰਨ ਹੋਵੇਗਾ ਕਿ ਭਾਈ ਗਜਿੰਦਰ ਸਿੰਘ ਵੀ ਸਾਰੀ ਉਮਰ ਸਿੱਖ ਰਾਜ ਦੇ ਸੁਪਨਿਆਂ ਚ ਗੁਆਚਿਆ ਜਲਾਵਤਨੀ ਹੰਢਾਉਂਦਾ ਰਿਹਾ।ਉਹਨਾਂ ਦੇ ਮਨ ਅੰਦਰ ਅਜਾਦੀ ਦੀ ਤਾਂਘ ਦੇ ਭਾਂਬੜ ਬਲ਼ਦੇ ਰਹੇ। ਭਾਈ ਸਾਹਿਬ ਦੇ ਅੰਦਰਲੀ ਤਾਂਘ ਦਾ ਕਾਰਨ ਉਹਨਾਂ ਅੰਦਰ ਆਪਣੇ ਪੁਰਖਿਆਂ ਦੇ ਪਿੰਡ ਹਰੀਪੁਰ ਹਜਾਰਾ ਦੀ ਜਰਖੇਜ ਅਤੇ ਸਖਤ ਮਿੱਟੀ ਦਾ ਕ੍ਰਿਸ਼ਮਾ ਵੀ ਤਾਂ ਹੈ,ਜਿਹੜਾ ਉਹਨਾਂ ਦੇ ਅੰਦਰ ਆਪਣੇ ਗੁਆਚੇ ਸਿੱਖ ਰਾਜ ਦੀ ਲਟ-ਲਟ ਬਲ਼ਦੀ ਜੋਤ ਨੂੰ ਪਰਚੰਡ ਰੱਖਦਾ ਰਿਹਾ ਹੈ,ਉਹਨਾਂ ਦੇ ਅੰਦਰ ਕੌਂਮੀ ਜਜ਼ਬੇ ਦੇ ਠਾਠਾਂ ਮਾਰਦੇ ਸਮੁੰਦਰ ਦੀਆਂ ਲਹਿਰਾਂ ਨੂੰ ਉਹਨਾਂ ਦੇ ਦਗ ਦਗ ਕਰਦੇ ਚਿਹਰੇ ਤੋ ਤੈਰਦੀਆਂ ਮਹਿਸੂਸ ਕੀਤਾ ਜਾ ਸਕਦਾ ਸੀ।ਭਾਈ ਗਜਿੰਦਰ ਸਿੰਘ ਕੋਈ ਆਮ ਇਨਸਾਨ ਹੋ ਹੀ ਨਹੀ ਸਕਦਾ,ਉਹ ਆਪਣੇ ਆਪ ਵਿੱਚ ਇੱਕ ਸੰਘਰਸ਼ੀ ਮਨੁੱਖ ਵਜੋਂ ਜਿੰਦਗੀ ਭਰ ਜੀਵਿਆ ਅਤੇ ਤਾਅ-ਉਮਰ ਸਿੱਖ ਜੁਆਨੀ ਦਾ ਰਾਹ ਦਿਸੇਰਾ ਰਿਹਾ। ਇਹ ਮਾਣ ਬਹੁਤ ਟਾਵੇਂ ਵਿਰਲਿਆਂ ਦੇ ਹਿੱਸੇ ਆਉਂਦਾ ਹੈ,ਜਦੋਂ ਲੋਕ ਕਿਸੇ ਆਗੂ ਨੂੰ ਆਪਣੇ ਨਿਸਾਨੇ ਪ੍ਰਤੀ ਆਖਰੀ ਸਾਹ ਤੱਕ ਅਡੋਲਤਾ ਨਾਲ ਖੜਾ ਦੇਖਦੇ ਹਨ।ਭਾਈ ਗਜਿੰਦਰ ਸਿੰਘ ਜਿੱਥੇ ਦਲ ਖਾਲਸਾ ਜਥੇਬੰਦੀ ਦਾ ਬਾਨੀ ਆਗੂ ਸੀ,ਓਥੇ ਉਹ ਇੱਕ ਉੱਚ ਕੋਟੀ ਦਾ ਕਵੀ ਸੀ,ਜਿੰਨਾਂ ਦੀਆਂ ਲਿਖਤਾਂ ਨੇ ਦਿੱਲੀ ਦਰਬਾਰ ਨੂੰ ਕੰਬਣੀ ਛੇੜ ਦਿੱਤੀ ਸੀ।ਲਿਹਾਜਾ ਉਹਨਾਂ ਦੀਆਂ ਦੋ ਪੁਸਤਕਾਂ “ਪੰਜ ਤੀਰ ਹੋਰ” ਅਤੇ “ਗੰਗੂ ਦੀ ਰੂਹ” ਤੇ ਸਮੇ ਦੀ ਸਰਕਾਰ ਨੇ ਪਬੰਦੀ ਲਗਾ ਦਿੱਤੀ। ਉਹਨਾਂ ਵੱਲੋਂ ਆਪਣੇ ਸੰਘਰਸ਼ੀ ਜੀਵਨ ਤੋ ਪਹਿਲਾਂ ਅਤੇ ਦਰਮਿਆਨ ਕੁੱਲ ਨੌਂ ਪੁਸਤਕਾਂ ਲਿਖੀਆਂ ਗਈਆਂ,ਜਿੰਨਾਂ ਵਿੱਚ ਪੰਜ ਤੀਰ ਹੋਰ,ਗੰਗੂ ਦੀ ਰੂਹ,ਵਸੀਅਤਨਾਮਾ,ਸੂਰਜ ਤੇ ਖਾਲਿਸਤਾਨ,ਸਲਾਖਾਂ ਪਿੱਛੇ,ਸਮੇ ਦਾ ਸੱਚ,ਲਕੀਰ ਅਤੇ ਸੰਘਰਸ਼ ਸਲਾਖਾਂ ਤੇ ਸੱਜਣੀ ਸਾਮਿਲ ਹਨ।ਇਸ ਤੋ ਇਲਾਵਾ ਬਹੁਤ ਕੁੱਝ ਅਣ ਛਪਿਆ ਵੀ ਹੋਵੇਗਾ,ਜਿਹੜਾ ਉਹਨਾਂ ਨੂੰ ਚਾਹੁਣ ਵਾਲੇ ਪਾਠਕ ਅਕਸਰ ਹੀ ਫੇਸਬੁੱਕ ਤੇ ਲਗਾਤਾਰ ਪੜ੍ਹਦੇ ਆ ਰਹੇ ਹਨ।ਉਹਨਾਂ ਆਪਣੀ ਜਿੰਦਗੀ ਦੇ 41 ਸਾਲ ਜਲਾਵਤਨੀ ਹੰਢਾਉਂਦਿਆਂ ਗੁਜਾਰੇ ਹਨ।ਇਸ ਵਿੱਚ 13 ਸਾਲ ਅਤੇ ਕੁੱਝ ਮਹੀਨਿਆਂ ਦੀ ਜੇਲ੍ਹ ਦੀ ਸਜ਼ਾ ਵੀ ਸਾਮਲ ਹੈ। ਇਸ ਸਮੇ ਦੌਰਾਨ ਇਸ ਅਡੋਲ ਜਰਨੈਲ ਦੀ ਧਰਮ ਪਤਨੀ ਅਤੇ ਸਪੁੱਤਰੀ ਨੂੰ ਵੀ ਵੱਖ ਵੱਖ ਮੁਲਕਾਂ ਵਿੱਚ ਧੱਕੇ ਖਾਣ ਲਈ ਮਜਬੂਰ ਹੋਣਾ ਪਿਆ। ਬੇਟੀ ਇੰਗਲੈਂਡ ਵਿੱਚ,ਪਤਨੀ ਜਰਮਨ ਵਿੱਚ ਅਤੇ ਭਾਈ ਸਾਹਿਬ ਖੁਦ ਪਾਕਿਸਤਾਨ ਵਿੱਚ ਜਲਾਵਤਨ ਰਹਿ ਕੇ ਅਜਾਦ ਖਾਲਸਾ ਰਾਜ ਲਈ ਚਾਰਾਜੋਈ ਕਰਦੇ ਹੋਏ ਕੌਂਮੀ ਜਜ਼ਬਿਆਂ ਦੀ ਤਰਜਮਾਨੀ ਕਰਦੇ ਰਹੇ। ਡਾ ਗੁਰਦੀਪ ਸਿੰਘ ਜਗਵੀਰ ਪਰਿਵਾਰ ਸਬੰਧੀ ਲਿਖਦੇ ਹੋਏ ਕਹਿੰਦੇ ਹਨ ਕਿ ‘ਸ੍ਰ ਗਜਿੰਦਰ ਸਿੰਘ ਦੀ ਬੇਟੀ ਬਿਕਰਮ ਜੀਤ ਕੌਰ ਇਸ ਵਕਤ ਇੰਗਲੈਂਡ ਵਿਚ ਹੈ ਜੋ ਆਪਣੇ ਸਰਦਾਰ ਗੁਰਪਰੀਤ ਸਿੰਘ ਜੀ ਦੇ ਨਾਲ ਆਪਣਾ ਗ੍ਰਹਿਸਥ ਜੀਵਨ ਬਿਤਾ ਰਹੀ ਹੈ। ਬੱਚੀ ਬਿਕ੍ਰਮ ਜੀਤ ਕੌਰ ਦਾ ਅਨੰਦ ਕਾਰਜ ਸਰਦਾਰ ਮੰਗਲ ਸਿੰਘ ਅਤੇ ਬੀਬੀ ਰਣਜੀਤ ਕੌਰ ਦੇ ਬੇਟੇ ਸਰਦਾਰ ਗੁਰਪ੍ਰੀਤ ਸਿੰਘ ਦੇ ਨਾਲ 29 ਜੁਲਾਈ 2006 ਵਾਲੇ ਦਿਨ, ਸਾਊਥਾਲ ਦੀ ਮਿਸ਼ਨਰੀ ਸੁਸਾਇਟੀ ਦੇ ਮਾਤਾ ਸੁੰਦਰੀ ਦੀਵਾਨ ਹਾਲ ਵਿੱਚ ਸੰਪੂਰਨ ਹੋਇਆ ਸੀ। ਪੱਲੇ ਦੀ ਰਸਮ ਉਸ ਵੇਲੇ ਸਾਰੀ ਕੌਮ ਵੱਲੋਂ ਹੀ ਅਦਾ ਹੋ ਗਈ ਜਦੋਂ ਉਸ ਦਿਨ ਦੇਸ਼ ਵਿਦੇਸ਼ ਤੋਂ ਆਈ ਸੰਗਤ ਨੇ ਇਸ ਬੱਚੀ ਨੂੰ ਪੰਥ ਦੀ ਬੇਟੀ ਹੋਣ ਦਾ ਮਾਣ ਬਖਸ਼ਿਆ। ਬੱਚੀ ਬਿਕਰਮ ਜੀਤ ਕੌਰ ਅਤੇ ਬੱਚੇ ਗੁਰਪਰੀਤ ਸਿੰਘ ਦੇ ਗ੍ਰਹਿ ਸਤਿਗੁਰੂ ਜੀ ਨੇ, ਬੱਚੀ ਅਵਨੀਤ ਕੌਰ ਅਤੇ ਪੁੱਤਰ ਸੁਖਰਾਜ ਸਿੰਘ ਦੀ ਦਾਤ ਬਖਸ਼ੀ ਹੈ। ਭਾਈ ਗਜਿੰਦਰ ਸਿੰਘ ਦੀ ਪੰਥ ਪ੍ਰਤੀ ਵੱਡੀ ਕੁਰਬਾਨੀ ਨੂੰ ਦੇਖਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਸਿਰਦਾਰ ਗਜਿੰਦਰ ਸਿੰਘ ਨੂੰ 'ਜਲਾਵਨੀ ਸਿੱਖ ਯੋਧੇ' ਦੀ ਉਪਾਧੀ ਦੇਣ ਦਾ ਫ਼ੈਸਲਾ ਲਿਆ ਗਿਆ ਅਤੇ ਇਸ ਸੰਬੰਧੀ ਇਕ ਖ਼ਤ ਸਿਰਦਾਰ ਗਜਿੰਦਰ ਸਿੰਘ ਨੂੰ ਭੇਜਿਆ ਗਿਆ ਕਿ 'ਗੁਰੂ ਪੰਥ ਦੇ ਸਰਵਉੱਚ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਮਿਤੀ 3 ਅੱਸੂ ਸੰਮਤ ਨਾਨਕਸ਼ਾਹੀ 552 ਮੁਤਾਬਕ 18 ਸਤੰਬਰ 2020 ਨੂੰ ਪੰਜ ਸਿੰਘ ਸਾਹਿਬਾਨ ਦੀ ਹੋਈ ਇਕੱਤਰਤਾ ਵਿੱਚ ਆਪ ਜੀ ਨੂੰ ਪੰਥ ਪ੍ਰਤੀ ਕੀਤੀਆਂ ਸੇਵਾਵਾਂ ਲਈ 'ਜਲਾਵਤਨੀ ਸਿੱਖ ਯੋਧਾ' ਦੀ ਉਪਾਧੀ ਨਾਲ ਸਨਮਾਨਿਤ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਸਬੰਧੀ ਸਤਿਕਾਰਯੋਗ ਸਿੰਘ ਸਾਹਿਬ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਵਲੋਂ ਹੋਏ ਆਦੇਸ਼ ਅਨੁਸਾਰ ਆਪ ਜੀ ਨੂੰ ਸਨਮਾਨ ਦੇਣ ਦੀ ਮਿਤੀ ਨਿਯਤ ਕਰਕੇ ਸੂਚਿਤ ਕੀਤਾ ਜਾਵੇਗਾ।ਸ੍ਰੀ ਅਕਾਲ ਤਖਤ ਸਾਹਿਬ ਤੋ ਫੈਸਲਾ ਲੈ ਲਏ ਜਾਣ ਦੇ ਬਾਅਦ ਵੀ ਉਹਨਾਂ ਨੂੰ ਸਨਮਾਨ ਨਾ ਦੇਣਾ ਭਾਈ ਗਜਿੰਦਰ ਸਿੰਘ ਵਰਗੀ ਸੱਚੀ ਸੁੱਚੀ ਸਖਸ਼ੀਅਤ ਦੇ ਨਾਲ ਭਾਰੀ ਅਨਿਆ ਹੈ।ਉਹ ਸੱਚਮੁੱਚ ਜਿਉਂਦਾ ਸ਼ਹੀਦ ਸੀ,ਜਿਸਨੇ ਪਰਿਵਾਰ ਨੂੰ ਖੇਰੂੰ ਖੇਰੂੰ ਹੋਣ ਦੀ ਸ਼ਰਤ ਤੇ ਵੀ ਆਖਰੀ ਸਾਹ ਤੱਕ ਕੌਂਮ ਦੀ ਅਜਾਦੀ ਦੀ ਜੋਤ ਨੂੰ ਬਲਦੇ ਰੱਖਿਆ ਅਤੇ ਜਿਉਂਦੇ ਜੀਅ ਨਾਂ ਹੀ ਦਿੱਲੀ ਦਰਬਾਰ ਤੋ ਕੋਈ ਰਹਿਮ ਦੀ ਭੀਖ ਮੰਗੀ ਅਤੇ ਨਾ ਹੀ ਕੌਂਮ ਨੂੰ ਆਪਣੇ ਦੁੱਖਾਂ ਦਰਦਾਂ ਦਾ ਵਾਸਤਾ ਪਾਕੇ ਪਰਿਵਾਰ ਲਈ ਕੋਈ ਸਵਾਲ ਹੀ ਪਾਇਆ,ਬਲਕਿਉਹਨਾਂ ਦੀਆਂ ਲਿਖਤਾਂ ਡੋਲਣ ਵਾਲਿਆਂ ਨੂੰ ਵੀ ਹੌਸਲਾ ਅਤੇ ਹਿੰਮਤ ਦਿੰਦੀਆਂ ਰਹੀਆਂ।ਉਹਨਾਂ ਦੇ ਵਿਛੋੜੇ ਦਾ ਕੌਂਮ ਨੂੰ ਪਿਆ ਘਾਟਾ ਕਦੇ ਵੀ ਪੂਰਿਆ ਨਹੀ ਜਾ ਸਕੇਗਾ,ਪਰੰਤੂ ਉਹਨਾਂ ਦੇ ਕਾਰਜ ਸਿੱਖ ਜੁਆਨੀ ਲਈ ਪਰੇਰਨਾ ਸਰੋਤ ਹੋਣਗੇ।ਉਹਨਾਂ ਦਾ ਅਜੇਤੂ,ਅਡੋਲ,ਅਡਿੱਗ ਅਤੇ ਦ੍ਰਿੜ੍ਹ ਸੰਕਲਪ ਜਰਨੈਲ ਵਾਲਾ ਸੰਘਰਸ਼ੀ ਜੀਵਨ ਸਿੱਖ ਮਨਾਂ ਦੇ ਪੁੰਗਰਦੇ ਬਲਬਲਿਆਂ ਅੰਦਰ ਅਜਾਦੀ ਦੀ ਤਾਂਘ ਪੈਦਾ ਕਰੇਗਾ,ਲਿਹਾਜ਼ਾ ਗਜਿੰਦਰ ਸਿੰਘ ਮੁੜ ਮੁੜ ਪੈਦਾ ਹੁੰਦੇ ਰਹਿਣਗੇ।