ਸਾਹਿਤ, ਸੁਤੰਤਰਤਾ ਸੰਗਰਾਮ ਅਤੇ ਅਧਿਆਤਮ ਦਾ ਸੁਮੇਲ : ਭਾਈ ਸਾਹਿਬ ਰਣਧੀਰ ਸਿੰਘ - ਉਜਾਗਰ ਸਿੰਘ

ਸਿੱਖ ਵਿਰਾਸਤ ਬਹੁਤ ਅਮੀਰ ਹੈ, ਕਿਉਂਕਿ ਦਸ ਗੁਰੂ ਸਾਹਿਬਾਨ ਅਤੇ ਅਨੇਕ ਸੰਤਾਂ ਭਗਤਾਂ ਨੇ ਬਾਣੀ ਰਚਕੇ ਪੰਜਾਬੀ ਸਭਿਅਚਾਰ ਨੂੰ ਅਮੀਰ ਕੀਤਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖ ਵਿਰਾਸਤ ਦਾ ਨਚੋੜ ਹੈ। ਸਮੁੱਚਾ ਸਿੱਖ ਭਾਈਚਾਰ ਗੁਰਬਾਣੀ ਦੀ ਵਿਚਾਰਧਾਰਾ ਤੋਂ ਪ੍ਰੇਰਨਾ ਲੈ ਕੇ ਜੀਵਨ ਬਸਰ ਕਰ ਰਿਹਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ 'ਤੇ ਪਹਿਰਾ ਦਿੰਦਿਆਂ ਉਸ ਦੀ ਸੁਚੱਜੇ ਢੰਗ ਨਾਲ ਵਿਆਖਿਆ ਕਰਕੇ ਲੋਕਾਈ ਨੂੰ ਵਿਚਾਰਧਾਰਾ ਤੋਂ ਸੇਧ ਲੈਣ ਦੀ ਪ੍ਰੇਰਨਾ ਦੇਣ ਵਾਲੇ ਭਾਈ ਰਣਧੀਰ ਸਿੰਘ ਅਜਿਹੇ ਵਿਦਵਾਨ ਤੇ ਰੌਸ਼ਨ ਦਿਮਾਗ ਇਨਸਾਨ ਸਨ, ਜਿਨ੍ਹਾਂ ਨੇ ਗੁਰਬਾਣੀ ਤੇ ਗੁਰਮਤਿ ਨੂੰ ਸਮਰਪਤ ਹੋ ਕੇ ਜੀਵਨ ਬਸਰ ਕੀਤਾ। ਭਾਈ ਸਾਹਿਬ ਭਾਈ ਰਣਧੀਰ ਸਿੰਘ ਸਿੱਖ ਕੌਮ ਦੀ ਮਾਇਆਨਾਜ਼ ਹਸਤੀ ਸਨ। ਇੱਕ ਰੱਜੇ-ਪੁੱਜੇ ਘਰਾਣੇ ਦੇ ਲਾਡਲੇ ਦਾ ਗੁਰਸਿੱਖੀ ਮਾਰਗ ਤੇ ਚਲਣਾ ਤੇ ਫਿਰ ਸੰਸਾਰਿਕ ਸੁੱਖਾਂ ਨੂੰ ਤਿਆਗਣਾ ਅਚੰਭਤ ਗੱਲ ਸੀ। ਰਾਜ ਭਾਗ ਦੇ ਹਿੱਸੇਦਾਰ ਹੋਣ ਦੇ ਬਾਵਜੂਦ ਤਲਵਾਰ ਦੀ ਨੋਕ 'ਤੇ ਚਲਣਾ ਹਰ ਵਿਅਕਤੀ ਦੇ ਵਸ ਦੀ ਗੱਲ ਨਹੀਂ ਹੁੰਦੀ। ਉਨ੍ਹਾਂ ਦੇ ਪਿਤਾ ਨੱਥਾ ਸਿੰਘ ਨਾਭਾ ਰਿਆਸਤ ਵਿੱਚ ਹਾਈ ਕੋਰਟ ਦੇ ਜੱਜ ਸਨ। ਪਿਤਾ ਵੱਲੋਂ ਨਾਭਾ ਰਿਆਸਤ ਦੇ ਰਾਜਾ ਰਿਪੁਦਮਨ ਸਿੰਘ ਦੇ ਰਾਜ ਵਿੱਚ ਤਹਿਸੀਲਦਾਰ ਦੀ ਦਿਵਾਈ ਨੌਕਰੀ ਨੂੰ ਲੱਤ ਮਾਰਕੇ ਗੁਰਮਤਿ ਨੂੰ ਸਮਰਪਤ ਹੋ ਗਏ। ਸਿੱਖੀ ਦੇ ਰੰਗ ਵਿੱਚ ਰੰਗੇ ਹੋਏ ਗੁਰਮਤਿ ਮਾਰਗ ਦੇ ਪਾਂਧੀ, ਸਿਦਕ ਸਿਰੜ੍ਹ ਦੀ ਮੂਰਤ, ਸੁਤੰਤਰਤਾ ਸੰਗਰਾਮ ਦੀ ਗ਼ਦਰ ਲਹਿਰ ਦੇ ਨਾਇਕ, ਗੁਰਦੁਆਰਾ ਸੁਧਾਰ ਲਹਿਰ ਦੇ ਮੋਢੀ ਅਤੇ ਸਿੱਖ ਚਿੰਤਕ ਵਿਦਵਾਨ ਸਨ। ਭਾਈ ਰਣਧੀਰ ਸਿੰਘ ਦਾ ਸਰਕਾਰ ਪ੍ਰਸਤ ਘਰਾਣੇ ਵਿੱਚੋਂ ਫਰੰਗੀ ਵਿਰੋਧੀ ਬਗ਼ਾਵਤ ਦੀ ਮਿਸ਼ਾਲ ਲੈ ਕੇ ਚਲਣਾ ਇੱਕ ਕਰਾਂਤੀਕਾਰੀ ਕਦਮ ਸੀ। ਇੱਕ ਪ੍ਰਕਾਰ ਉਹ ਯੁਗ ਪਲਟਾਊ ਵਿਦਰੋਹ ਦੇ ਨਾਇਕ ਸਨ, ਇਸ ਕਰਕੇ ਉਨ੍ਹਾਂ ਨੂੰ ਸ਼੍ਰੋਮਣੀ ਦੇਸ਼ ਭਗਤ ਕਿਹਾ ਜਾ ਸਕਦਾ ਹੈ । ਨੌਕਰੀ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਸ਼ਾਮ ਸਿੰਘ ਅਟਾਰੀ ਦੇ ਪੋਤਰੇ ਦੇ ਕਹਿਣ 'ਤੇ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਬਤੌਰ ਹੋਸਟਲ ਸੁਪ੍ਰਇਨਟੈਂਟ ਲੱਗ ਗਏ। ਉਹ ਕਰਾਂਤੀਕਾਰੀ ਲਹਿਰ ਦੇ ਉਸਰਈਆਂ ਦੀ ਪਹਿਲੀ ਕਤਾਰ ਵਿੱਚ ਸਨ। ਸਿੰਘ ਸਭਾ ਲਹਿਰ ਨੂੰ ਗੁਰਦੁਆਰਾ ਸੁਧਾਰ ਲਹਿਰ ਦੀ ਪਿਉਂਦ ਦੇ ਕੇ ਗੁਰਦੁਆਰਾ ਲਹਿਰ ਵਿੱਚ ਰੂਹ ਫੂਕੀ ਸੀ।  ਉਨ੍ਹਾਂ ਨੇ ਸਾਰੀ ਉਮਰ ਇੱਕ ਫਕੀਰ ਦਾ ਜੀਵਨ ਜੀਵਿਆ। ਭਾਈ ਰਣਧੀਰ ਸਿੰਘ ਸੰਤ ਸਰੂਪ ਬਹੁਗੁਣੀ ਮਹਾਨ ਮਹਾਂ ਪੁਰਸ਼ ਸਨ। ਉਹ ਬਹੁ-ਪੱਖੀ ਪ੍ਰਤਿਭਾ ਦੇ ਮਾਲਕ ਤੇ ਨਾਮ ਬਾਣੀ ਦੇ ਰਸੀਏ ਸਨ, ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਪੰਥ ਦੀ ਚੜ੍ਹਦੀ ਕਲਾ ਲਈ ਸਮਰਪਤ ਕਰ ਦਿੱਤਾ ਸੀ। ਉਨ੍ਹਾਂ ਦਾ ਸਮੁੱਚਾ ਜੀਵਨ ਇੱਕ 'ਗੁਰਮੁੱਖ ਗੁਰਸਿੱਖ' ਵਾਲਾ ਸੱਚਾ ਸੁੱਚਾ, ਸੱਚ ਨੂੰ ਕਮਾਉਣ ਵਾਲਾ ਪਰਉਪਕਾਰੀ ਸੀ। ਉਹ ਅਧਿਆਤਮਿਕ ਅਨੁਭਵ ਵਾਲੇ ਜਗਿਆਸੂ ਮਹਾਂ ਪਰਖ ਸਨ ਤੇ ਉਨ੍ਹਾਂ ਦਾ ਜੀਵਨ ਅੰਤਰਮੁਖੀ ਸੀ। ਉਨ੍ਹਾਂ ਦੀ ਜ਼ਿੰਦਗੀ ਦਾ ਮੁੱਖ ਮੰਤਵ ਤੇ ਸਿਧਾਂਤ ਗੁਰਬਾਣੀ ਦੀ ਵਿਆਖਿਆ, ਕੀਰਤਨ ਅਤੇ ਚਿੰਤਨ ਸੀ। ਉਨ੍ਹਾਂ ਨੇ ਅਖੰਡ ਕੀਰਤਨ ਜੱਥੇ ਦੀ ਟਕਸਾਲ ਦੀ ਸਥਾਪਨਾ ਕੀਤੀ ਤਾਂ ਜੋ ਸਿੱਖ ਜਗਤ ਗੁਰਬਾਣੀ ਦੇ ਕੀਰਤਨ ਨਾਲ ਲਿਵ ਲਾ ਕੇ ਆਪਣਾ ਜੀਵਨ ਸਫ਼ਲ ਕਰ ਸਕੇ। ਜੇਲ੍ਹ ਵਿੱਚੋਂ ਰਿਹਾ ਹੋਣ ਤੋਂ ਬਾਅਦ ਉਹ 30 ਸਾਲ ਤੋਂ ਥੋੜ੍ਹਾ ਵੱਧ ਸਮਾਂ  ਇਸ ਸੰਸਾਰ ਵਿੱਚ ਸਰੀਰਕ ਜਾਮੇ ਵਿੱਚ ਰਹੇ। ਸਮੁੱਚੇ ਦੇਸ਼ ਵਿੱਚ ਅੰਮ੍ਰਿਤ ਪ੍ਰਚਾਰ ਕਰਦੇ ਰਹੇ ਅਤੇ ਅਖੰਡ ਕੀਰਤਨ ਜਥੇ ਦੀਆਂ ਇਕਾਈਆਂ ਸਥਾਪਤ ਕਰਕੇ ਉਨ੍ਹਾਂ ਰਾਹੀਂ ਸਿੱਖ ਧਰਮ ਦੀ ਵਿਚਾਰਧਾਰਾ ਦਾ ਪ੍ਰਚਾਰ ਤੇ ਪ੍ਰਸਾਰ ਕਰਦੇ ਰਹੇ। ਅੱਜ ਵੀ ਅਖੰਡ ਕੀਰਤਨੀ ਜਥੇ ਧਰਮ ਪ੍ਰਚਾਰ ਕਰ ਰਹੇ ਹਨ। ਉਹ ਉਤਮ ਦਰਜੇ ਦੇ ਨਾਮ ਅਭਿਆਸੀ, ਚੋਟੀ ਦੇ ਅਣਥੱਕ ਤੇ ਨਿਸ਼ਕਾਮ ਕੀਰਤਨੀਏ, ਮਹਾਨ ਕਵੀ ਤੇ ਲੇਖਕ, ਨਿਧੜਕ ਜਰਨੈਲ, ਪੂਰਨ ਗ੍ਰਹਿਸਤੀ, ਨਿਮਰਤਾ, ਸ਼ਹਿਨਸੀਲਤਾ, ਧੀਰਜ ਤੇ ਦਇਆ ਦੇ ਪੁੰਜ ਸਨ। ਉਨ੍ਹਾਂ ਨੇ ਲਗਪਗ ਦੋ ਦਰਜਨ ਪੁਸਤਕਾਂ/ਟ੍ਰੈਕਟ/ਪੈਂਫਲਿਟ, ਜਿਨ੍ਹਾਂ ਵਿੱਚ ਜੇਲ੍ਹ ਚਿੱਠੀਆਂ (ਸਵੈ ਜੀਵਨੀ), ਗੁਰਮਤਿ ਨਾਮ ਅਭਿਆਸ ਕਮਾਈ, ਚਰਨ ਕੰਵਲ ਦੀ ਮਉਜ, ਗੁਰਮਤਿ ਸੱਚ ਨਿਰਣੈ, ਗੁਰਮਤਿ ਬਿਬੇਕ, ਗੁਰਮਤਿ ਗੌਰਵਤਾ, ਅਣਡਿਠੀ ਦੁਨੀਆਂ, ਗੁਰਮਤਿ ਅਧਿਆਤਮ ਕਰਮ ਫਿਲਾਸਫੀ, ਅਨਹਦ ਸ਼ਬਦ ਦਸਮ ਦੁਆਰ, ਸਚਖੰਡ ਦਰਸ਼ਨ, ਕਥਾ ਕੀਰਤਨ, ਨਾਮ ਤੇ ਨਾਮ ਦਾ ਦਾਤਾ ਸਤਿਗੁਰ, ਜੋਤਿ ਵਿਗਾਸ (1944), ਦਰਸ਼ਨ ਝਲਕਾਂ (1938), ਸਿੱਖ ਇਤਿਹਾਸ ਦੇ ਪ੍ਰਤੱਖ ਦਰਸ਼ਨ, ਜ਼ਾਹਿਰ ਜ਼ਹੂਰ ਗੁਰੂ ਗੋਬਿੰਦ ਸਿੰਘ, ਅੰਮ੍ਰਿਤ ਕੀ ਹੈ?, ਤੱਤ ਗੁਰਮਤਿ ਨਿਰਣਯ, ਬਾਬਾ ਵੈਦ ਰੋਗੀਆਂ ਦਾ, ਸੰਤ ਪਦ ਨਿਰਣੈ। ਗੁਰਮਤਿ ਰਮਜ਼ਾਂ,  ਹਓਮੈ ਨਾਲ ਵਿਰੋਧ, ਸਿੱਖ ਕੌਣ ਹੈ?, ਆਸਤਕ ਤੇ ਨਾਸਤਕ, ਅੰਮ੍ਰਿਤ ਕਲਾ, ਗਗਨ ਉਡਾਰੀ ਆਦਿ ਸ਼ਾਮਲ ਹਨ। ਉਨ੍ਹਾਂ ਵੱਲੋਂ ਰਚਿਆ ਗਿਆ ਸਾਹਿਤ ਪੰਥ ਨੂੰ ਇੱਕ ਮਹਾਨ ਦੇਣ ਹੈ। ਹਰ ਪੁਸਤਕ ਗੁਰਮਤਿ ਦੇ ਕਿਸੇ ਨਾ ਕਿਸੇ ਸਿਧਾਂਤ  ਉਤੇ ਗੁਰਬਾਣੀ ਰਾਹੀਂ ਰੌਸ਼ਨੀ ਪਾ ਕੇ, ਭਰਮ ਭੁਲੇਖੇ ਦੂਰ ਕਰਦੀ ਅਤੇ ਉਸ ਦਾ ਸਿੱਕਾ ਸਾਡੇ ਮਨਾ 'ਤੇ ਬਿਠਾ ਦਿੰਦੀ ਹੈ। ਸਿੱਖ ਇਤਿਹਾਸ ਵਿੱਚ ਕਿਸੇ ਸਿਮਰਨ-ਸਰੂਪ ਹੋਈ ਸ਼ਖ਼ਸੀਅਤ ਨੇ ਏਨਾ ਬਹੁ-ਪੱਖੀ ਧਾਰਮਿਕ ਸਾਹਿਤ ਨਹੀਂ ਰਚਿਆ। ਕਰਤਾਰ ਸਿੰਘ ਸਰਾਭਾ ਦੇ ਨਾਲ ਉਨ੍ਹਾਂ ਆਜ਼ਾਦੀ ਦੇ ਸੰਗਰਾਮ ਦੀ ਲੜੀ ਵਿੱਚ ਕੀਤੀਆਂ ਜਾਂਦੀਆਂ ਸਰਗਰਮੀਆਂ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਗ਼ਦਰੀਆਂ ਨੇ ਫ਼ੌਜੀ ਛਾਉਣੀਆਂ ਵਿੱਚ ਬਗ਼ਾਬਤ ਕਰਵਾਉਣ ਦਾ ਪ੍ਰੋਗਰਾਮ ਉਲੀਕਿਆ ਸੀ। ਭਾਈ ਰਣਧੀਰ ਸਿੰਘ ਦੀ ਡਿਊਟੀ ਫ਼ੀਰੋਜਪੁਰ ਛਾਉਣੀ ਜਾਣ ਦੀ ਲੱਗੀ ਸੀ। ਪੁਲਿਸ ਨੂੰ ਭਿਣਕ ਪੈ ਗਈ। ਬਗ਼ਾਬਤ ਨੂੰ ਰੋਕਣ ਲਈ ਅੰਗਰੇਜ਼ ਸਰਕਾਰ ਨੇ ਗ੍ਰਿਫ਼ਤਾਰੀਆਂ ਸ਼ੁਰੂ ਕਰ ਦਿੱਤੀਆਂ। ਮੁੱਲਾਂਪੁਰ ਤੋਂ ਭਾਈ ਰਣਧੀਰ ਸਿੰਘ ਰੇਲ ਗੱਡੀ ਵਿੱਚ 60 ਵਿਅਕਤੀਆਂ ਦੇ ਜਥੇ ਨਾਲ ਕੀਰਤਨ ਕਰਦੇ ਜਾ ਰਹੇ ਸਨ ਤਾਂ ਜੋ ਪੁਲਿਸ ਨੂੰ ਉਨ੍ਹਾਂ 'ਤੇ ਸ਼ੱਕ ਨਾ ਹੋਵੇ। ਕਰਤਾਰ ਸਿੰਘ ਸਰਾਭਾ ਨੇ ਮੌਕੇ 'ਤੇ ਹੀ ਭਾਈ ਸਾਹਿਬ ਦੇ ਜੱਥੇ ਨੂੰ ਗ੍ਰਿਫ਼ਤਾਰੀਆਂ ਦੀ ਜਾਣਕਾਰੀ ਦੇ ਦਿੱਤੀ, ਇਸ ਕਰਕੇ ਉਦੋਂ ਉਹ ਗ੍ਰਿਫ਼ਤਾਰੀ ਤੋਂ ਬਚ ਗਏ। ਇਸ ਤੋਂ ਪਹਿਲਾਂ ਉਨ੍ਹਾਂ ਛਾਉਣੀਆਂ ਵਿੱਚ ਬਗਾਬਤ ਕਰਵਾਉਣ ਲਈ ਗੁਜਰਵਾਲ ਪਿੰਡ ਵਿਖੇ ਮਾਲਵੇ ਦੇ ਗ਼ਦਰੀਆਂ ਦਾ ਵੱਡਾ ਇਕੱਠ 14 ਫ਼ਰਵਰੀ 1915 ਨੂੰ ਕੀਤਾ ਸੀ, ਜਿਸ ਵਿੱਚ ਵੱਡੇ ਗ਼ਦਰੀ ਬਾਬਿਆਂ ਨੇ ਹਿੱਸਾ ਲਿਆ ਸੀ। ਬਾਅਦ ਵਿੱਚ ਭਾਈ ਰਣਧੀਰ ਸਿੰਘ ਨੂੰ 9 ਮਈ 1915 ਨੂੰ ਨਾਭਾ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਉਨ੍ਹਾਂ ਨੂੰ  4 ਅਪ੍ਰੈਲ 1916 ਨੂੰ ਮੁਲਤਾਨ ਜੇਲ੍ਹ , ਜੁਲਾੲਂੀ 1917 ਹਜ਼ਾਰੀ ਬਾਗ, ਅਕਤੂਬਰ 1921 ਵਿੱਚ ਰਾਜਮੁੰਦਰੀ ਜੇਲ੍ਹ ਅਤੇ 1 ਦਸੰਬਰ 1922 ਨੂੰ ਨਾਗਪੁਰ ਆਦਿ ਕਈ ਥਾਵਾਂ ਤੇ ਰੱਖਿਆ ਗਿਆ।  ਮੁਲਤਾਨ ਜੇਲ੍ਹ ਦੇ ਸਮੇਂ ਉਨ੍ਹਾਂ ਨੇ ਜੇਲ੍ਹ ਸੁਧਾਰਾਂ ਲਈ ਵੀ ਜਦੋਜਹਿਦ ਕੀਤੀ ਅਤੇ ਸਿੱਖੀ ਸਰੂਪ ਅਨੁਸਾਰ ਜੇਲ੍ਹ ਵਿੱਚ ਰਹਿਣ ਸਮੇਂ ਉਨ੍ਹਾਂ ਨੇ 40 ਦਿਨ ਭੁੱਖ ਹੜਤਾਲ ਕਰਕੇ ਆਪਣੀਆਂ ਮੰਗਾਂ ਮਨਵਾਈਆਂ ਸਨ। ਜੇਲ੍ਹ ਵਿੱਚ ਹੀ ਉਨ੍ਹਾਂ ਦੀ ਮੁਲਾਕਾਤ ਸ਼ਹੀਦ ਭਗਤ ਸਿੰਘ ਨਾਲ ਹੋਈ ਸੀ। ਇਥੇ ਹੀ ਆ ਕੇ ਉਨ੍ਹਾਂ ਗ਼ਦਰੀ ਕਰਾਂਤੀਕਾਰ ਕਵੀ ਮੁਨਸ਼ਾ ਸਿੰਘ ਦੁਖੀ ਆ ਕੇ ਮਿਲੇ ਸਨ। ਇਨ੍ਹਾਂ 'ਤੇ ਦੂਜਾ ਲਾਹੌਰ ਸਾਜ਼ਸ ਕੇਸ ਅਧੀਨ 29 ਅਕਤੂਬਰ 1929 ਨੂੰ ਮੁਕੱਦਮਾ ਚਲਾਇਆ ਗਿਆ। ਭਾਈ ਰਣਧੀਰ ਸਿੰਘ ਨੂੰ 30 ਮਾਰਚ 1916 ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਤੇ ਜੇਲ੍ਹ ਵਿੱਚ ਭੇਜ ਦਿੱਤਾ ਗਿਆ, ਜਿਥੇ ਅਨੇਕਾਂ ਤਸੀਹੇ ਦਿੱਤੇ ਗਏ। ਸਾਰੀ ਪਰਿਵਾਰਿਕ ਜਾਇਦਾਦ ਜਬਤ ਕਰ ਲਈ। ਆਜ਼ਾਦੀ ਤੋਂ ਬਾਅਦ ਵੀ ਉਨ੍ਹਾਂ ਸਰਕਾਰ ਤੋਂ ਜਾਇਦਾਦ ਵਾਪਸ ਨਹੀਂ ਮੰਗੀ ਸੀ। 14 ਜਨਵਰੀ 1914 ਨੂੰ ਜਦੋਂ ਦਿੱਲੀ ਸਥਿਤ ਗੁਰਦੁਆਰਾ ਰਕਾਬਗੰਜ ਦੀ ਕੰਧ ਢਾਹੀ ਗਈ ਤਾਂ ਉਹ ਇੱਕ ਸ਼ਹੀਦੀ ਜੱਥਾ ਲੈ ਕੇ 3 ਮਈ 1914 ਨੂੰ ਲਾਹੌਰ ਗਏ ਸਨ, ਜਿਥੇ ਰੋਸ ਵਜੋਂ ਸਿੱਖਾਂ ਦਾ ਭਾਰੀ ਸਮਾਗਮ ਹੋ ਰਿਹਾ ਸੀ। ਚੀਫ਼ ਖਾਲਸਾ ਦੀਵਾਨ ਜੋ ਸਿੱਖਾਂ ਦੀ ਨੁਮਾਇੰਦਾ ਜਮਾਤ ਸੀ, ਉਸ ਨੇ 1914 ਵਿੱਚ ਸਰਕਾਰ ਦੇ ਕੰਧ ਢਾਹੁਣ ਦੇ ਫ਼ੈਸਲੇ ਦੇ ਹੱਕ ਵਿੱਚ ਮਤਾ ਪਾਸ ਕਰ ਦਿੱਤਾ। ਹਰਚੰਦ ਸਿੰਘ ਲਾਇਲਪੁਰ ਅਤੇ ਹਰਬੰਸ ਸਿੰਘ ਅਟਾਰੀ ਮਤੇ ਦੇ ਵਿਰੋਧ ਵਿੱਚ ਮੀਟਿੰਗ ਵਿੱਚੋਂ ਬਾਈਕਾਟ ਕਰਕੇ ਬਾਹਰ ਆ ਗਏ। ਭਾਈ ਰਣਧੀਰ ਸਿੰਘ ਨੇ ਹਰਚੰਦ ਸਿੰਘ ਲਾਇਲਪੁਰ ਨਾਲ ਮਿਲਕੇ ਵਿਰੋਧ ਕਰਨ ਦਾ ਸਾਰਾ ਕੰਮ ਆਪਣੇ ਹੱਥ ਲੈ ਲਿਆ। ਉਨ੍ਹਾਂ ਜ਼ਮਾਨੇ ਦੀ ਵੰਗਾਰ ਸੁਣੀ ਤੇ ਗੁਰਧਾਮਾ ਦੇ ਰਾਹ ਤੁਰ ਪਏ। ਉਹ ਆਧੁਨਿਕ ਯੁਗ ਦੇ ਮਹਾਨ ਤਪੱਸਵੀ, ਰਹੱਸਵਾਦੀ ਸੰਤ, ਕਵੀ ਤੇ ਵਾਰਤਕਕਾਰ ਸਨ। ਛੂਤ ਛਾਤ, ਵਹਿਮ ਭਰਮ ਅਤੇ ਊਚ ਨੀਚ ਦੇ ਸਖ਼ਤ ਵਿਰੋਧੀ ਸਨ। ਖਾਲਸਾ ਪੰਥ ਵੱਲੋਂ ਉਨ੍ਹਾਂ ਨੂੰ ਸਿੱਖ ਧਰਮ ਦੀ ਸੋਨ ਚਿੜੀ ਦਾ ਖਿਤਾਬ ਦੇ ਕੇ ਨਿਵਾਜਿਆ ਗਿਆ। ਜੇਲ੍ਹ ਵਿੱਚੋਂ ਰਿਹਾਈ ਤੋਂ ਬਾਅਦ ਭਾਈ ਰਣਧੀਰ ਸਿੰਘ ਨੂੰ 15 ਸਤੰਬਰ 1931 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਸਾਹਿਬ ਤੋਂ ਅਡੋਲ ਦ੍ਰਿੜ੍ਹਤਾ, ਨਿਸ਼ਕਾਮ ਕੁਰਬਾਨੀ ਅਤੇ ਗੁਰੂ ਪੰਥ ਦੀ ਉਘੀ ਸੇਵਾ ਲਈ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਤੋਂ ਵੀ ਸਿਰੋਪਾਓ ਦੀ ਬਖ਼ਸ਼ਿਸ਼ ਕੀਤੀ ਗਈ। ਉਨ੍ਹਾਂ ਦਾ ਸਾਰਾ ਜੀਵਨ ਆਦਰਸ਼ਕ ਸੀ। ਉਹ ਕਹਿਣੀ ਤੇ ਕਰਨੀ ਦੇ ਪੱਕੇ ਸਨ।  ਉਹ ਐਫ.ਸੀ.ਕਾਲਜ ਲਾਹੌਰ ਦੀ ਹਾਕੀ ਟੀਮ ਦੇ ਕਪਤਾਨ ਵੀ ਸਨ। ਭਾਈ ਸਾਹਿਬ ਭਾਈ ਰਣਧੀਰ ਸਿੰਘ ਦਾ ਜਨਮ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਨਾਰੰਗਵਾਲ ਵਿਖੇ 7 ਜੁਲਾਈ 1878 ਨੂੰ ਪਿਤਾ ਸ੍ਰ.ਨੱਥਾ ਸਿੰਘ ਅਤੇ ਮਾਤਾ ਪੰਜਾਬ ਕੌਰ ਦੀ ਕੁੱਖੋਂ ਹੋਇਆ। ਉਨ੍ਹਾਂ ਨੇ ਆਪਣੀ ਮੁੱਢਲੀ ਸਿਖਿਆ ਮਾਲਵਾ ਖਾਲਸਾ ਸਕੂਲ ਲੁਧਿਆਣਾ ਤੋਂ ਪ੍ਰਾਪਤ ਕੀਤੀ। ਸਕੂਲ ਵਿੱਚ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਿੱਖ ਧਰਮ ਨਾਲ ਜੋੜਨ ਲਈ ਸਕੂਲ ਵਿੱਚ 'ਭੁਝੰਗੀ ਸਭਾ' ਬਣਾਈ ਜਿਸ ਦੇ ਉਹ ਪ੍ਰਧਾਨ ਸਨ। ਸਾਰੇ ਵਿਦਿਆਰਥੀਆਂ ਨੂੰ ਖੰਡੇ ਬਾਟੇ ਦੀ ਪਾਹੁਲ ਦੇ ਕੇ ਅੰਮ੍ਰਿਤਧਾਰੀ ਬਣਾਇਆ ਗਿਆ। ਫਿਰ ਉਨ੍ਹਾਂ ਨੂੰ ਉਚ ਪੜ੍ਹਾਈ ਲਈ ਲਾਹੌਰ ਭੇਜ ਦਿੱਤਾ ਗਿਆ। ਭਾਈ ਰਣਧੀਰ ਸਿੰਘ ਨੇ 1900 ਵਿੱਚ ਬੀ.ਏ., ਐਫ.ਸੀ.ਕਾਲਜ ਲਾਹੌਰ ਤੋਂ ਪਾਸ ਕੀਤੀ। ਉਨ੍ਹਾਂ ਦਾ ਨਾਮ ਬਸੰਤ ਸਿੰਘ ਸੀ ਪ੍ਰੰਤੂ ਅੰਮ੍ਰਿਤ ਛੱਕਣ ਤੋਂ ਬਾਅਦ ਰਣਧੀਰ ਸਿੰਘ ਰੱਖਿਆ ਗਿਆ। ਉਨ੍ਹਾਂ ਦਾ ਵਿਆਹ ਬੀਬੀ ਕਰਤਾਰ ਕੌਰ ਨਾਲ ਹੋਇਆ। ਉਨ੍ਹਾਂ ਦਾ ਇੱਕ ਲੜਕਾ ਬਲਬੀਰ ਸਿੰਘ ਅਤੇ  ਇੱਕ ਲੜਕੀ ਪੰਜਾਬ ਕੌਰ  ਸਨ। ਭਾਈ ਰਣਧੀਰ ਦੀ ਵਿਰਾਸਤ ਨੂੰ ਬਲਬੀਰ ਸਿੰਘ ਦਾ ਦੋਹਤਾ ਜੁਝਾਰ ਸਿੰਘ ਸੰਭਾਲ ਰਿਹਾ ਹੈ। ਭਾਈ ਰਣਧੀਰ ਸਿੰਘ 16 ਅਪ੍ਰੈਲ 1961 ਨੂੰ ਸਵਰਗਵਾਸ ਹੋ ਗਏ