ਚੁੰਝਾਂ-ਪ੍ਹੌਂਚੇ  - ਨਿਰਮਲ ਸਿੰਘ ਕੰਧਾਲਵੀ

24.06.2024

ਕਿਸਾਨ ਜਥੇਬੰਦੀਆਂ ਨੇ ਸਮਰਥਨ ਮੁੱਲ ‘ਚ ਵਾਧਾ ਕੀਤਾ ਨਾਮੰਨਜ਼ੂਰ, ਐਮ.ਐਸ.ਪੀ. ‘ਤੇ ਗਾਰੰਟੀ ਮੰਗੀ-ਇਕ ਖ਼ਬਰ

ਅੰਬਾਂ ਦੀ ਭੁੱਖ ਅੰਬਾਕੜੀਆਂ ਨਾਲ ਕਦੋਂ ਮਿਟਦੀ ਐ, ਭਾਰਤ ਸਰਕਾਰੇ?

ਇਸ ਵਰ੍ਹੇ 4300 ਕਰੋੜਪਤੀ ਭਾਰਤ ਛੱਡ ਕੇ ਅਮਰੀਕਾ ਤੇ ਯੂ.ਏ.ਈ. ‘ਚ ਵਸਣਗੇ- ਇਕ ਖ਼ਬਰ

ਚਲ ਉੜ ਜਾ ਰੇ ਪੰਛੀ ਕਿ ਅਬ ਯੇਹ ਦੇਸ਼ ਹੂਆ ਬੇਗਾਨਾ।

ਸਵਿਸ ਬੈਂਕਾਂ ‘ਚ 70 ਫ਼ੀ ਸਦੀ ਘਟ ਗਿਆ ਭਾਰਤੀਆਂ ਦਾ ਧਨ- ਇਕ ਖ਼ਬਰ

ਡੇਕ ਦਾ ਗੁਮਾਨ ਕਰਦੀ, ਸਾਨੂੰ ਤੋਤਿਆਂ ਨੂੰ ਬਾਗ਼ ਬਥੇਰੇ।

ਮੈਨੂੰ ਰਾਜਭਵਨ ‘ਚ ਤਾਇਨਾਤ ਕੋਲਕਾਤਾ ਪੁਲਿਸ ਤੋਂ ਡਰ ਲਗਦੈ- ਰਾਜਪਾਲ, ਪੱਛਮੀ ਬੰਗਾਲ

ਮਾਂਏਂ ਮੈਨੂੰ ਡਰ ਲਗਦੈ, ਬੁਰਛਾ ਦਿਉਰ ਕੁਆਰਾ

35 ਸਾਲ ਪਹਿਲਾਂ ਵੀ ਇਕ ਵਾਰੀ ਬਾਦਲ ਦਲ ਹਾਸ਼ੀਏ ‘ਤੇ ਪੁੱਜ ਗਿਆ ਸੀ- ਇਕ ਖ਼ਬਰ

ਸੁਖਬੀਰ ਬਾਦਲ ਸ਼ਾਇਦ ਏਸੇ ਲਈ ਅਸਤੀਫ਼ਾ ਨਹੀਂ ਦਿੰਦਾ ਕਿ ਸ਼ਾਇਦ ਹੁਣ ਵੀ ਕਿਸਮਤ ਉਘੜ ਪਵੇ।

ਰੂਰਲ ਡੀਵੈਲਪਮੈਂਟ ਫੰਡ ਪ੍ਰੋਗਰਾਮ ਰੱਦ ਹੋਣ ਲਈ ਪੰਜਾਬ ਸਰਕਾਰ ਜ਼ਿੰਮੇਵਾਰ- ਰਵਨੀਤ ਬਿੱਟੂ

ਲਉ ਜੀ ਹੋ ਗਈ ਫ਼ਿਲਮ ਸ਼ੁਰੂ, ਹੁਣ ਅੱਗੇ ਅੱਗੇ ਦੇਖਿਉ ਜਲਵੇ

ਕੋਰ ਕਮੇਟੀ ਦੀ ਮੀਟਿੰਗ, ਬਾਦਲ ਦਲ ਦਾ ਅੰਦਰੂਨੀ ਸੰਕਟ ਹੋਰ ਗੰਭੀਰ ਹੋਣ ਲੱਗਾ- ਇਕ ਖ਼ਬਰ

ਭੰਡਾ ਭੰਡਾਰੀਆ ਕਿੰਨਾ ਕੁ ਭਾਰ, ਇਕ ਮੁੱਠ ਚੁੱਕ ਲੈ ਦੂਜੀ ਨੂੰ ਤਿਆਰ।

ਮੋਗਾ ਵਿਚ ਕਰੋੜਾਂ ਦੇ ਘਪਲੇ ‘ਚ ਮਾਲ ਪਟਵਾਰੀ ਗ੍ਰਿਫ਼ਤਾਰ- ਇਕ ਖ਼ਬਰ

ਬਈ ਕਮਾਲ ਕਰਦੇ ਓ, ਜੇ ਮਾਲ ਪਟਵਾਰੀ ਨਹੀਂ ਮਾਲ ਖਾਊ ਤਾਂ ਹੋਰ ਕੌਣ ਖਾਊ?

ਰਵਨੀਤ ਸਿੰਘ ਬਿੱਟੂ ਦਾ ਖ਼ਾਲਿਸਤਾਨੀਆ ਪ੍ਰਤੀ ਹੇਜ ਭਾਜਪਾ ਵਿਚਾਰਧਾਰਾ ਦੇ ਉਲਟ- ਨਿਧੜਕ ਸਿੰਘ ਬਰਾੜ

ਬਰਾੜ ਸਾਹਿਬ ਮੱਛੀ ਫੜਨ ਲਈ ਅਗਲਿਆਂ ਨੇ ਕੁੰਡੀ ਨੂੰ ਮਾਸ ਦਾ ਟੁਕੜਾ ਲਾਇਆ

84 ਦੇ ਬਲੂ ਸਟਾਰ ਆਪਰੇਸ਼ਨ ‘ਚ ਇੰਗਲੈਂਡ ਸਰਕਾਰ ਦੀ ਭੂਮਿਕਾ ਦੀ ਜਾਂਚ ਹੋਵੇ- ਲੇਬਰ ਪਾਰਟੀ

ਲੇਬਰ ਪਾਰਟੀ ਜੀ, ਪਹਿਲਾਂ ਵੀ ਤੁਹਾਡੀਆਂ ਸਰਕਾਰਾਂ ਰਹੀਆਂ ਉਦੋਂ ਕਿਉਂ ਨਾ ਜਾਂਚ ਕਰਵਾਈ?

ਸਵਾਤੀ ਮਾਲੀਵਾਲ ਨੇ ‘ਇੰਡੀਆ’ ਗੱਠਜੋੜ ਦੇ ਆਗੂਆਂ ਨੂੰ ਚਿੱਠੀ ਲਿਖੀ- ਇਕ ਖ਼ਬਰ

ਚਿੱਠੀਆਂ ਸਾਹਿਬਾਂ ਜੱਟੀ ਨੇ, ਲਿਖ ਮਿਰਜ਼ੇ ਵਲ ਪਾਈਆਂ।

ਹੁਣ ਚੰਦੂਮਾਜਰਾ ਨੇ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦੀ ਕੀਤੀ ਮੰਗ- ਇਕ ਖ਼ਬਰ

ਗੰਗਾ ਗਏ ਗੰਗਾ ਰਾਮ, ਜਮਨਾ ਗਏ ਜਮਨਾ ਦਾਸ।

ਦੇਸ਼ ‘ਚ ਪੇਪਰ ਲੀਕ ਵਿਰੋਧੀ ਕਾਨੂੰਨ ਬਣਨ ਨਾਲ ਸਖ਼ਤੀ ਵਧ ਜਾਵੇਗੀ- ਇਕ ਖ਼ਬਰ

ਪੇਪਰ ਲੀਕ ਕਰਨ ਵਾਲੀ ਜੁੰਡਲੀ ਵੀ ਕਹਿੰਦੀ ਹੋਣੀ ਆਂ, ‘ ਤੂ ਡਾਲ ਡਾਲ ਹਮ ਪਾਤ ਪਾਤ ’

ਅਮਰੀਕਾ-ਭਾਰਤ ਵਿਚਾਲੇ ਦੋਸਤੀ ਦਾ ਵਿਲੱਖਣ ਰਿਸ਼ਤਾ ਹੈ- ਵ੍ਹਾਈਟ ਹਾਊਸ

ਲੈਣ ਦੇਣ ਦੇ ਸਭ ਰਿਸ਼ਤੇ ਸੱਜਣਾਂ, ਬਾਕੀ ਸਭ ਗੱਲਾਂ ਕਹਿਣ ਦੀਆਂ।

ਡਲਹੌਜ਼ੀ ‘ਚ ਪੰਜਾਬੀਆਂ ‘ਤੇ ਹਮਲਾ ਕੰਙਣਾ ਰਣੌਤ ਦੇ ਥੱਪੜ ਮਾਰਨ ਕਾਰਨ ਨਹੀਂ ਹੋਇਆ- ਹਿਮਾਚਲ ਪੁਲਿਸ

ਹਿਮਾਚਲ ਪੁਲਿਸ ਜੀ, ਪੰਜਾਬੀਆਂ ਨੇ ਹੋਰ ਕਿਹੜਾ ਕੰਙਣਾ ਦੇ ਕੰਙਣ ਲਾਹ ਲਏ ਸਨ।

ਕੋਰ ਕਮੇਟੀ ਦੀ ਮੀਟਿੰਗ ‘ਚ ਸ਼ਾਮਲ ਹੋਣ ਲਈ ਕਿਸੇ ਨੇ ਸੱਦਾ ਨਹੀਂ ਭੇਜਿਆ- ਢੀਂਡਸਾ

ਨ੍ਹਾਤੀ ਧੋਤੀ ਰਹਿ ਗਈ, ਉੱਤੇ ਮੱਖੀ ਬਹਿ ਗਈ।

==========================================================