ਦਿਵਿਆਂਗ ਬੱਚਿਆਂ ਦੇ ਸਰਬ-ਪੱਖੀ ਵਿਕਾਸ ਵਿੱਚ ਪਰਿਵਾਰ ਦੀ ਭੂਮਿਕਾ - ਪੂਜਾ ਸ਼ਰਮਾ
ਮਨੁੱਖ ਇੱਕ ਸਮਾਜਕ ਪ੍ਰਾਣੀ ਹੈ। ਉਹ ਆਪਣਾ ਜੀਵਨ ਪਰਿਵਾਰ, ਛੋਟੇ ਸਮੂਹ ਜਾਂ ਸਮਾਜ ਵਿੱਚ ਰਹਿ ਕੇ ਹੀ ਸਫ਼ਲ ਬਣਾਉਦਾ ਹੈ। ਮਨੁੱਖ ਦੀ ਜਿੰਦਗੀ ਵਿੱਚ ਪਰਿਵਾਰ ਦੀ ਸਭ ਤੋਂ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਪਰਿਵਾਰ ਹੀ ਉਸ ਦੇ ਵਿਚ ਕਦਰਾਂ ਕੀਮਤਾਂ, ਨੈਤਿਕ ਅਤੇ ਵਿਵਹਾਰਿਕ ਗੁਣ ਪੈਦਾ ਕਰਦਾ ਹੈ। ਸਭ ਤੋਂ ਪਹਿਲਾਂ ਵਿਚਾਰਾਂ ਦਾ ਆਦਾਨ ਪ੍ਰਦਾਨ ਪਰਿਵਾਰ ਵਿਚ ਹੀ ਸੰਭਵ ਹੁੰਦਾ ਹੈ। ਵਿਅਕਤੀ ਆਪਣੇ ਪਰਿਵਾਰ ਵਿੱਚ ਮੌਜੂਦ ਮੈਂਬਰ ਜਿਵੇਂ ਮਾਂ-ਬਾਪ, ਭਰਾ-ਭੈਣ, ਦਾਦਾ-ਦਾਦੀ, ਚਾਚਾ-ਚਾਚੀ ਨਾਲ ਪ੍ਰਤੱਖ ਰੂਪ ਵਿੱਚ ਜੁੜਿਆ ਹੁੰਦਾ ਹੈ। ਬਿਨਾਂ ਪਰਿਵਾਰ ਤੋਂ ਸਮਾਜ ਦਾ ਅਸਤਿਤਵ ਸੰਭਵ ਹੀ ਨਹੀਂ ਹੈ। ਵਿਅਕਤੀ ਦੀਆਂ ਜਨਮ ਤੋਂ ਮੌਤ ਤੱਕ ਸਾਰੀਆਂ ਕਿਰਿਆਵਾਂ ਪਰਿਵਾਰ ਵਿੱਚ ਹੀ ਹੁੰਦੀਆਂ ਹਨ।
ਸਰਲ ਸ਼ਬਦਾਂ ਵਿਚ ਕਿਹਾ ਜਾਵੇ ਤਾਂ ਪਰਿਵਾਰ ਸਮਾਜ ਦੀ ਇਕ ਛੋਟੀ ਇਕਾਈ ਹੁੰਦਾ ਹੈ ਜੋ ਪ੍ਰਤੱਖ ਜਾਂ ਅਪ੍ਰਤੱਖ ਰੂਪ ਵਿੱਚ ਬੱਚੇ ਦੇ ਸਮਾਜਿਕ, ਮਾਨਸਿਕ, ਭਾਵਨਾਤਮਕ, ਅਧਿਆਤਮਕ ਅਤੇ ਸੰਸਕ੍ਰਿਤਕ ਵਿਕਾਸ ਲਈ ਜਿੰਮੇਵਾਰ ਹੁੰਦਾ ਹੈ। ਪ੍ਰਸਿੱਧ ਸਮਾਜ ਸ਼ਾਸਤਰੀ ਚਾਰਲਸ ਕੂਲੇ ਦੇ ਅਨੁਸਾਰ ਪਰਿਵਾਰ ਇਕ ਅਜਿਹਾ ਮੌਲਿਕ ਸਮੂਹ ਹੈ ਜਿਸ ਨਾਲ ਬੱਚੇ ਦੇ ਸਮਾਜਿਕ ਜੀਵਨ ਅਤੇ ਆਦਰਸ਼ਾਂ ਦਾ ਨਿਰਮਾਣ ਹੁੰਦਾ ਹੈ। ਪਰਿਵਾਰ ਇਕ ਅਜਿਹਾ ਸੂਬਾ ਹੈ ਜੋ ਵਿਆਹ ਅਤੇ ਖੂਨ ਦੇ ਸੰਬੰਧਾਂ ਨਾਲ ਸੰਗਠਿਤ ਹੁੰਦਾ ਹੈ। ਪਰਿਵਾਰ ਸ਼ਬਦ ਪਰਿ ਅਤੇ ਵਾਰ ਤੋਂ ਬਣਿਆ ਹੈ ਪਰਿ ਦਾ ਅਰਥ ਹੈ ਚਾਰੇ ਪਾਸੇ ਅਤੇ ਵਾਰ ਭਾਵ ਦਿਨ, ਰੌਸ਼ਨੀ ਆਦਿ। ਪਰਿਵਾਰ ਭਾਵ ਜੋ ਆਪਣੀ ਸੰਸਕ੍ਰਿਤੀ, ਵਧੀਆ ਵਿਚਾਰ ਅਤੇ ਨੈਤਿਕ ਕਦਰਾਂ ਕੀਮਤਾਂ ਨੂੰ ਚਾਰੇ ਪਾਸੇ ਫੈਲਾਉਂਦਾ ਹੈ।
ਜੇਕਰ ਅਸੀਂ ਪ੍ਰਸਿੱਧ ਦਿਵਿਆਂਗ ਵਿਅਕਤੀਆਂ ਦੀਆਂ ਜੀਵਨੀਆਂ ਪੜ੍ਹੀਏ ਤਾਂ ਸਾਨੂੰ ਪਤਾ ਲੱਗੇਗਾ ਕੇ ਉਨ੍ਹਾਂ ਦੇ ਕਾਮਯਾਬ ਹੋਣ ਵਿੱਚ ਸਭ ਤੋਂ ਵੱਡੀ ਭੂਮਿਕਾ ਉਹਨਾਂ ਦੇ ਪਰਿਵਾਰ ਦੀ ਰਹੀ ਹੈ। ਇੱਥੇ ਮੈਂ ਵਿਸ਼ੇਸ਼ ਰੂਪ ਵਿੱਚ ਹੈਲਨ ਕੈਲਰ ਦੇ ਬਾਰੇ ਗੱਲ ਕਰਨਾ ਚਾਹਾਂਗੀ। ਜਦੋਂ ਹੈਲਨ ਕੈਲਰ ਬਹੁਤ ਛੋਟੀ ਸੀ ਉਸ ਦੀ ਅੱਖਾਂ ਦੀ ਰੌਸ਼ਨੀ ਅਤੇ ਉਨ੍ਹਾਂ ਦੇ ਸੁਣਨ ਦੀ ਸ਼ਕਤੀ ਚਲੀ ਗਈ। ਇਸ ਦੇ ਬਾਵਜੂਦ ਉਸ ਦੇ ਪਰਿਵਾਰ ਨੇ ਉਸ ਨੂੰ ਪੜ੍ਹਾਉਣ ਲਈ ਐੱਨ ਮੈਂਨਸਫੀਲਡ ਨਾਂ ਦੀ ਅਧਿਆਪਕਾ ਨੂੰ ਘਰ ਬੁਲਾਇਆ। ਜਿਸ ਦੇ ਸਦਕੇ ਹੈਲਨ ਕੈਲਰ ਬ੍ਰੇਲ ਲਿਪੀ ਨਾਲ ਪੜਣਾ ਸਿੱਖ ਗਈ ਅਤੇ ਇਕ ਮਹਾਨ ਲੇਖਿਕਾ ਅਤੇ ਸਮਾਜ ਸੁਧਾਰਕ ਦੇ ਰੂਪ ਵਿਚ ਵਿਲੱਖਣ ਪ੍ਰਤਿਭਾ ਬਣਕੇ ਸਾਰੇ ਸੰਸਾਰ ਵਿੱਚ ਪ੍ਰਸਿੱਧ ਹੋਈ।ਸਮਾਜ ਵਿੱਚ ਅਜਿਹੇ ਇੱਕ ਨਹੀਂ ਬਲਕਿ ਹਜ਼ਾਰਾਂ ਉਦਾਹਰਣ ਮੌਜੂਦ ਹਨ ਜਿੱਥੇ ਪਰਿਵਾਰ ਦੇ ਪੂਰਣ ਸਹਿਯੋਗ, ਪਿਆਰ ਅਤੇ ਸਕਾਰਾਤਮਕ ਰਵਈਏ ਕਾਰਣ ਦਿਵਿਆਂਗ ਵਿਅਕਤੀ ਸਮਾਜ ਵਿੱਚ ਆਪਣੀ ਅਲੱਗ ਥਾਂ ਬਣਾਉਣ ਵਿੱਚ ਕਾਮਯਾਬ ਹੋਏ ਹਨ|
CRIN ਦੇ ਅਨੁਸਾਰ ਦੁਨੀਆਂ ਭਰ ਵਿੱਚ 150 ਮਿਲੀਅਨ ਤੋਂ ਜਿਆਦਾ ਬੱਚੇ ਦਿਵਿਆਂਗ ਹਨ। ਸੁਣਨ ਦੀ ਅਸਮਰਥਤਾ ਵਾਲੇ 50% ਬੱਚੇ ਅਤੇ ਬੌਧਿਕ ਅਸਮਰਥਤਾ ਵਾਲੇ 60% ਬੱਚੇ ਯੌਨ ਸ਼ੋਸ਼ਣ ਦਾ ਸ਼ਿਕਾਰ ਹੁੰਦੇ ਹਨ। ਦਿਵਿਆਂਗ ਬੱਚਿਆਂ ਵਿੱਚੋਂ 90% 20 ਸਾਲ ਦੀ ਉਮਰ ਤੋਂ ਜਿਆਦਾ ਜਿਉਂਦੇ ਨਹੀਂ ਰਹਿੰਦੇ ਹਨ। ਜੇਕਰ ਭਾਰਤ ਦੀ ਗੱਲ ਕਰੀਏ ਤਾਂ ਭਾਰਤ ਵਿੱਚ 0-19 ਸਾਲ ਦੀ ਉਮਰ ਦੀ 1.67% ਆਬਾਦੀ ਦਿਵਿਆਂਗ ਹੈ। ਕਰੀਬ 12 ਮਿਲੀਅਨ ਬੱਚੇ ਦਿਵਿਆਂਗਤਾ ਦੇ ਨਾਲ ਜੀ ਰਹੇ ਹਨ। ਦਿਵਿਆਂਗ ਬੱਚਿਆਂ ਵਿੱਚੋਂ ਸਿਰਫ ਇੱਕ ਪ੍ਰਤੀਸ਼ਤ ਦੀ ਹੀ ਸਕੂਲ ਜਾਣ ਦੀ ਪਹੁੰਚ ਹੈ। ਸੈਰੇਬਰਲ ਪਾਲਸੀ ਨਾਲ ਪੀੜਿਤ ਬੱਚਿਆਂ ਵਿੱਚ ਕੁਪੋਸ਼ਣ ਇੱਕ ਗੰਭੀਰ ਸਮੱਸਿਆ ਹੈ। ਇੱਕ ਦਿਵਿਆਂਗ ਬੱਚੇ ਲਈ ਪਰਿਵਾਰ ਦੀ ਭੂਮਿਕਾ ਹੋਰ ਵੀ ਜਿਆਦਾ ਮਹੱਤਵਪੂਰਨ ਹੋ ਜਾਂਦੀ ਹੈ।
ਪਰਿਵਾਰ ਦਾ ਸਰੂਪ ਹਰ ਸਮਾਜ ਵਿੱਚ ਭਿੰਨ ਹੁੰਦਾ ਹੈ।ਇਥੋਂ ਤੱਕ ਕਿ ਇਕ ਹੀ ਸਮਾਜ ਦੇ ਵੱਖ ਵੱਖ ਰਾਜਾਂ ਦੇ ਵਿਸਥਾਰ ਵਿੱਚ ਭੂਗੋਲਿਕ, ਸਮਾਜਿਕ ਅਤੇ ਸੰਸਕ੍ਰਿਤਕ ਹਾਲਾਤ ਵੱਖ ਹੁੰਦੇ ਹਨ। ਇਸ ਲਈ ਪਰਿਵਾਰ ਦਾ ਸਰੂਪ ਵੀ ਇੱਕੋ ਜਿਹਾ ਨਹੀਂ ਹੁੰਦਾ। ਪਰਿਵਾਰ ਦੇ ਮੁੱਖ ਕਾਰਜ ਸੰਤਾਨ ਦੀ ਉਤਪੱਤੀ, ਪਾਲਣ ਪੋਸ਼ਣ, ਧਾਰਮਿਕ ਸੰਸਕਾਰ ਦੇਣਾ, ਵਿਦਿਆ ਪ੍ਰਦਾਨ ਕਰਨਾ, ਸਿਹਤ ਦੀ ਸੰਭਾਲ, ਵਧੀਆ ਨਾਗਰਿਕ ਬਨਣ ਦੇ ਗੁਣ ਜਿਵੇਂ ਪਿਆਰ, ਸਹਿਣਸ਼ੀਲਤਾ, ਅਨੁਸ਼ਾਸਨ, ਸਹਿਯੋਗ ਦੀ ਭਾਵਨਾ ਆਦਿ ਅਤੇ ਸਮਾਜਿਕ ਤੌਰ ਤਰੀਕੇ ਸਿਖਾਉਣਾ ਹੈ।
ਇੱਕ ਦਿਵਿਆਂਗ ਬੱਚੇ ਲਈ ਪਰਿਵਾਰ ਦੀ ਭੂਮਿਕਾ ਹੋਰ ਵੀ ਜਿਆਦਾ ਮਹੱਤਵਪੂਰਣ ਹੋ ਜਾਂਦੀ ਹੈ। ਮਾਂ-ਬਾਪ ਇੱਕ ਬੱਚੇ ਦੀ ਜ਼ਿੰਦਗੀ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਜਦੋਂ ਉਨ੍ਹਾਂ ਨੂੰ ਆਪਣੇ ਬੱਚੇ ਦੀ ਵਿਕਲਾਂਗਤਾ ਬਾਰੇ ਪਤਾ ਚਲਦਾ ਹੈ ਅਸਹਿ ਦੁੱਖ ਦੇ ਨਾਲ-ਨਾਲ ਉਨ੍ਹਾਂ ਦਾ ਸੰਘਰਸ਼ ਸ਼ੁਰੂ ਹੋ ਜਾਂਦਾ ਹੈ। ਆਮ ਤੌਰ ਤੇ ਸੱਚਾਈ ਨੂੰ ਸਵੀਕਾਰ ਨਾ ਕਰਨਾ, ਖੁਦ ਨੂੰ ਦੋਸ਼ ਦੇਣਾ, ਤਰਸ ਦੀ ਭਾਵਨਾ, ਸ਼ਰਮਿੰਦਗੀ ਜਾਂ ਤਣਾਅ ਦੀ ਭਾਵਨਾ ਹੁੰਦੀ ਹੈ। ਦਿਵਿਆਂਗ ਬੱਚੇ ਦੀ ਮੌਜੂਦਗੀ ਉਨ੍ਹਾਂ ਦੇ ਤਣਾਅ ਨੂੰ ਵਧਾਉਂਦੀ ਹੈ। ਕਦੇ-ਕਦੇ ਉਹ ਇਹ ਸੱਚ ਦਾ ਸਾਹਮਣਾ ਕਰਨ ਤੋਂ ਹੀ ਇਨਕਾਰੀ ਹੁੰਦੇ ਹਨ ਕਿ ਉਨ੍ਹਾਂ ਦੀ ਔਲਾਦ ਨੂੰ ਇਹ ਸਮੱਸਿਆ ਹੈ। ਬੱਚਾ ਆਪਣੇ ਮਾਂ-ਬਾਪ ਦੇ ਅਜੀਬ ਵਿਵਹਾਰ ਤੋਂ ਹੋਰ ਵੀ ਜ਼ਿਆਦਾ ਤਕਲੀਫ ਵਿੱਚ ਆ ਜਾਂਦਾ ਹੈ ਜਦੋਂ ਉਸਦੇ ਬਜਾਏ ਉਸ ਦੇ ਭੈਣ-ਭਰਾ ਨੂੰ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਹੈ।ਕਦੇ-ਕਦੇ ਕੁੱਝ ਮਾਂ-ਬਾਪ ਬੱਚੇ ਦੀ ਵੱਧ ਸੁਰੱਖਿਆ ਕਰਨ ਲੱਗ ਜਾਂਦੇ ਹਨ ਇਹ ਵੀ ਉਸਦੇ ਸਰਬਪੱਖੀ ਵਿਕਾਸ ਲਈ ਘਾਤਕ ਹੁੰਦਾ ਹੈ।ਇੱਕ ਦਿਵਿਆਂਗ ਬੱਚੇ ਕਾਰਣ ਉਨ੍ਹਾਂ ਦੀ ਵਿੱਤੀ ਹਾਲਤ ਵੀ ਪ੍ਰਭਾਵਿਤ ਹੁੰਦੀ ਹੈ। ਜੇਕਰ ਮਾਂ-ਬਾਪ ਵਿੱਤੀ ਰੂਪ ਵਿੱਚ ਸਮਰੱਥ ਹਨ ਤਾਂ ਬੱਚੇ ਪ੍ਰਤੀ ਉਨ੍ਹਾਂ ਦਾ ਰਵੱਈਆ ਸਕਾਰਾਤਮਕ ਹੁੰਦਾ ਹੈ ਜੇ ਅਸਮਰਥ ਹੋਣ ਤਾਂ ਬੋਝ ਦੀ ਭਾਵਨਾ ਉਨ੍ਹਾਂ ਅੰਦਰ ਪੈਦਾ ਹੁੰਦੀ ਹੈ। ਹਨ।ਵਾਸਤਵ ਵਿੱਚ ਭੈਣ-ਭਰਾ ਨਾਲ ਬੱਚੇ ਦਾ ਸਬੰਧ ਪਹਿਲਾ ਸਮਾਜਕ ਨੈਟਵਰਕ ਹੈ। ਇਸ ਦੇ ਅਧਾਰ ਤੇ ਹੀ ਉਹ ਘਰ ਤੋਂ ਬਾਹਰ ਲੋਕਾਂ ਨਾਲ ਜੁੜਦਾ ਹੈ। ਆਮ ਤੌਰ ਤੇ ਭੈਣ-ਭਰਾ ਦਾ ਰਵੱਈਆ ਦਿਵਿਆਂਗ ਪ੍ਰਤੀ ਪਿਆਰ ਅਤੇ ਹਮਦਰਦੀ ਭਰਿਆ ਹੁੰਦਾ ਹੈ।
ਮਾਂ-ਬਾਪ, ਭਰਾ-ਭੈਣ ਉਸ ਬੱਚੇ ਲਈ ਸਭ ਤੋਂ ਵੱਡਾ ਆਸਰਾ ਹੁੰਦੇ ਹਨ। ਜੇਕਰ ਉਨ੍ਹਾਂ ਦਾ ਰਵਈਆ ਉਸ ਬੱਚੇ ਪ੍ਰਤੀ ਪਿਆਰ, ਨਿਮਰਤਾ ਅਤੇ ਸਨਮਾਨ ਭਰਿਆ ਹੋਵੇਗਾ ਤਾਂ ਹੀ ਉਹ ਬੱਚਾ ਆਪਣੀ ਸਰੀਰਕ ਅਤੇ ਮਾਨਸਿਕ ਕਮਜ਼ੋਰੀ ਦੇ ਨਾਲ ਖੁਦ ਨੂੰ ਸਹਿਜ ਮਹਿਸੂਸ ਕਰ ਸਕੇਗਾ। ਆਓ ਦੇਖਦੇ ਹਾਂ ਇਕ ਦਿਵਿਆਂਗ ਬਚੇ ਦੇ ਸਰਬਪੱਖੀ ਵਿਕਾਸ ਵਿਚ ਪਰਿਵਾਰ ਦੀ ਭੂਮਿਕਾ ਕਿਹੋ ਜਿਹੀ ਹੈ।
1. ਬੱਚੇ ਨੂੰ ਉਸ ਦੀ ਦਿਵਿਆਂਗਤਾ ਨਾਲ ਸਵੀਕਾਰ ਕਰਨਾ- ਜਦੋਂ ਪਰਿਵਾਰ ਦੇ ਮੈਂਬਰ ਬੱਚੇ ਨੂੰ ਦਿਵਿਆਂਗ ਹੋਣ ਦੇ ਬਾਵਜੂਦ ਸਵੀਕਾਰ ਕਰਦੇ ਹਨ ਤਾਂ ਉਹ ਉਸਦੇ ਅਤੇ ਸਿਹਤਮੰਦ ਬੱਚੇ ਵਿਚਕਾਰ ਕੋਈ ਫ਼ਰਕ ਨਹੀਂ ਕਰਦੇ। ਇਸ ਦਾ ਬੱਚੇ ਦੇ ਮਾਨਸਿਕ ਵਿਕਾਸ ਤੇ ਸਕਾਰਾਤਮਕ ਪ੍ਰਭਾਵ ਪੈਂਦਾ ਹੈ। ਉਸ ਵਿੱਚ ਵੀ ਆਪਣੀ ਦਿਵਿਆਂਗਤਾ ਨੂੰ ਸਹਿਜ ਸੁਭਾਅ ਸਵੀਕਾਰ ਕਰਨ ਦੀ ਤਾਕਤ ਆ ਜਾਂਦੀ ਹੈ।
2. ਵਿੱਦਿਆ ਪ੍ਰਾਪਤੀ ਦੇ ਮੌਕੇ ਉਪਲਬਧ ਕਰਵਾਉਣਾ- ਜੇਕਰ ਦਿਵਿਆਂਗ ਬੱਚੇ ਨੂੰ ਪੜ੍ਹਾਈ ਕਰਨ ਦੇ ਮੌਲਿਕ ਹੱਕ ਤੋਂ ਵਾਂਝਾ ਕਰ ਦਿੱਤਾ ਜਾਵੇ ਤਾਂ ਉਸ ਦੀ ਜ਼ਿੰਦਗੀ ਨਰਕ ਬਣ ਜਾਂਦੀ ਹੈ। ਪੜਾਈ ਇਕ ਅਜਿਹਾ ਗਹਿਣਾ ਹੈ ਜਿਸ ਨੂੰ ਧਾਰਨ ਕਰਕੇ ਉਹ ਸਮਾਜ ਵਿਚ ਆਤਮ ਨਿਰਭਰ ਹੋਣ ਦੇ ਨਾਲ ਸਨਮਾਨ ਅਤੇ ਕਾਮਯਾਬੀ ਹਾਸਲ ਕਰ ਸਕਦਾ ਹੈ। ਇਸ ਲਈ ਪਰਿਵਾਰ ਦਾ ਫ਼ਰਜ਼ ਬਣਦਾ ਹੈ ਕਿ ਉਹ ਬੱਚੇ ਨੂੰ ਵੱਧ ਤੋਂ ਵੱਧ ਪੜ੍ਹਨ ਲਈ ਪ੍ਰੇਰਿਤ ਕਰਨ ਅਤੇ ਉਸ ਨੂੰ ਵਧੀਆ ਵਾਤਾਵਰਣ ਵੀ ਮੁਹੱਈਆ ਕੀਤਾ ਜਾਵੇ ਤਾਂ ਜੋ ਉਸ ਵਿੱਚ ਸਾਰੀਆਂ ਪਰੇਸ਼ਾਨੀਆਂ ਨੂੰ ਸਹਿੰਦੇ ਹੋਏ ਪੜਨ ਅਤੇ ਅੱਗੇ ਵੱਧਣ ਦੀ ਲਾਲਸਾ ਬਣੀ ਰਹੇ।
3. ਬੱਚੇ ਨੂੰ ਆਤਮ ਨਿਰਭਰ ਬਣਾਉਣਾ- ਮਾਨਸਿਕ ਰੂਪ ਵਿਚ ਦਿਵਿਆਂਗ ਬਚੇ ਜਿਆਦਾ ਪੜ੍ਹ ਨਹੀਂ ਸਕਦੇ। ਇਸ ਲਈ ਹਰ ਪਰਿਵਾਰ ਦਾ ਫ਼ਰਜ਼ ਬਣਦਾ ਹੈ ਕਿ ਬੱਚਿਆਂ ਨੂੰ ਕੋਈ ਹੁਨਰ ਕੌਸ਼ਲ ਸਿਖਾਇਆ ਜਾਵੇ। ਕੋਈ ਇਸ ਤਰ੍ਹਾਂ ਦੀ ਵੋਕੇਸ਼ਨਲ ਟਰੇਨਿੰਗ ਦਿੱਤੀ ਜਾ ਸਕਦੀ ਹੈ ਜਿਸ ਨਾਲ ਉਹ ਆਪਣੇ ਪੈਰਾਂ ਤੇ ਖੜੇ ਹੋ ਜਾਣ ਅਤੇ ਉਨ੍ਹਾਂ ਨੂੰ ਦੂਸਰਿਆਂ ਦਾ ਮੁਹਤਾਜ ਨਾ ਰਹਿਣਾ ਪਵੇ। ਬੱਚੇ ਦੀ ਯੋਗਤਾ ਅਤੇ ਦਿਲਚਸਪੀ ਨੂੰ ਧਿਆਨ ਵਿੱਚ ਰੱਖ ਕੇ ਉਸ ਨੂੰ ਵੋਕੇਸ਼ਨਲ ਟ੍ਰੇਨਿੰਗ ਲਈ ਪ੍ਰੇਰਿਤ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਉਹਨਾਂ ਨੂੰ ਕੋਈ ਵੀ ਬੋਝ ਨਾ ਸਮਝੇ।
4. ਚੰਗੇ ਇਨਸਾਨ ਦੇ ਗੂਣ ਵਿਕਸਿਤ ਕਰਨਾ- ਪਰਿਵਾਰ ਪਹਿਲੀ ਪਾਠਸ਼ਾਲਾ ਹੈ ਜਿਥੇ ਇਕ ਬੱਚਾ ਬਹੁਤ ਸਾਰੇ ਗੁਣ ਆਪਣੇ ਵੱਡਿਆਂ ਦੀ ਨਕਲ ਕਰਕੇ ਸਿਖਦਾ ਹੈ। ਇਹ ਦੇਖਿਆ ਜਾਂਦਾ ਹੈ ਕਈ ਪਰਿਵਾਰ ਅਜਿਹੇ ਬੱਚਿਆਂ ਨਾਲ ਵਿਤਕਰੇ ਭਰਿਆ ਵਤੀਰਾ ਕਰਦੇ ਹਨ ਜਿਸ ਨਾਲ ਉਸਦੇ ਮਨ ਵਿੱਚ ਆਪਣੀ ਭੈਣ ਭਰਾ ਲਈ ਘਿਰਣਾ ਅਤੇ ਈਰਖਾ ਵਰਗੇ ਭਾਵ ਪੈਦਾ ਹੋ ਜਾਂਦੇ ਹਨ। ਇਸ ਲਈ ਪਰਿਵਾਰ ਦੇ ਹਰ ਮੈਂਬਰ ਦਾ ਫਰਜ਼ ਹੈ ਕਿ ਦਿਵਿਆਂਗ ਬੱਚਿਆਂ ਨੂੰ ਦੂਸਰੇ ਬੱਚਿਆਂ ਵਾਂਗ ਹੀ ਸਮਝਣ ਤਾਂ ਕਿ ਉਹ ਵੀ ਆਪਣੇ ਵਿੱਚ ਚੰਗੇ ਇਨਸਾਨ ਦੇ ਗੁਣ ਜਿਵੇਂ ਪਿਆਰ, ਹਮਦਰਦੀ, ਸਹਿਯੋਗ ਦੀ ਭਾਵਨਾ, ਪਰਉਪਕਾਰ ਆਦਿ ਗੁਣ ਧਾਰਨ ਕਰ ਸਕਣ।
5. ਸਵੈ-ਮਾਨ ਅਤੇ ਮਜਬੂਤ ਇੱਛਾ ਸ਼ਕਤੀ ਦਾ ਵਿਕਾਸ-
ਪਰਿਵਾਰ ਉਹ ਮਜ਼ਬੂਤ ਕੜੀ ਹੈ ਜੋ ਬੱਚੇ ਵਿੱਚ ਸਵੈ-ਮਾਨ ਦੀ ਭਾਵਨਾ, ਆਤਮ ਵਿਸ਼ਵਾਸ ਅਤੇ ਮਜਬੂਤ ਇੱਛਾ ਸ਼ਕਤੀ ਪੈਦਾ ਕਰ ਸਕਦਾ ਹੈ। ਜੇਕਰ ਇੱਕ ਬੱਚੇ ਵਿੱਚ ਇਹਨਾ ਗੁਣਾਂ ਦਾ ਵਿਕਾਸ ਬਚਪਨ ਵਿੱਚ ਹੀ ਹੋ ਜਾਵੇ ਤਾਂ ਉਹ ਜ਼ਿੰਦਗੀ ਦੀ ਹਰ ਮੁਸੀਬਤ ਦਾ ਸਾਹਮਣਾ ਬਹੁਤ ਹੌਂਸਲੇ ਨਾਲ ਕਰਦਾ ਹੈ। ਇਸ ਲਈ ਬੱਚੇ ਦੇ ਸਵੈ-ਮਾਣ ਦਾ ਵਿਕਾਸ ਕਰਨਾ ਪਰਿਵਾਰਕ ਮੈਂਬਰਾਂ ਦੀ ਜ਼ਿੰਮੇਵਾਰੀ ਹੈ। ਜਦੋਂ ਅਸੀਂ ਦਿਵਿਆਂਗ ਬੱਚੇ ਨੂੰ ਘਰ ਦੇ ਮਹੱਤਵਪੂਰਣ ਫੈਸਲਿਆਂ ਵਿੱਚ ਭਾਗੀਦਾਰ ਬਣਾਉਂਦੇ ਹਾਂ ਤਾਂ ਉਸ ਦੇ ਸਵੈ-ਮਾਣ ਵਿਚ ਵਾਧਾ ਹੁੰਦਾ ਹੈ ਅਤੇ ਜਦੋਂ ਕੋਈ ਘਰੇਲੂ ਜਿੰਮੇਦਾਰੀ ਉਸ ਦੇ ਮਜ਼ਬੂਤ ਮੋਢਿਆਂ ਤੇ ਰੱਖੀ ਜਾਵੇ ਤਾਂ ਉਸ ਦੀ ਇੱਛਾ ਸ਼ਕਤੀ ਦੀ ਪਰਖ ਹੁੰਦੀ ਹੈ ਅਤੇ ਇਸ ਦੇ ਵਿਕਾਸ ਵਿੱਚ ਵੀ ਸਹਾਈ ਹੁੰਦਾ ਹੈ।
6 ਸਮਾਜਿਕ ਅਤੇ ਭਾਵਨਾਤਮਕ ਕਲਿਆਣ- ਦਿਵਿਆਂਗ ਬੱਚਿਆਂ ਦਾ ਸਮਾਜਿਕ ਅਤੇ ਭਾਵਨਾਤਮਕ ਕਲਿਆਣ ਪਰਿਵਾਰ ਦੇ ਵਿੱਚ ਹੀ ਸੰਭਵ ਹੈ। ਪਰਿਵਾਰ ਦੇ ਮੈਂਬਰ ਆਪਣੇ ਬੱਚੇ ਵਿੱਚ ਭਾਵਨਾਤਮਕ ਸਮਰਥਨ ਪ੍ਰਦਾਨ ਕਰਕੇ ਅਤੇ ਸਮਾਜਿਕ ਗਤੀਵਿਧੀਆਂ ਅਤੇ ਪ੍ਰੋਗਰਾਮ ਵਿੱਚ ਦਿਵਿਆਂਗ ਬੱਚੇ ਦੀ ਭਾਗੀਦਾਰੀ ਨੂੰ ਉਤਸਾਹਿਤ ਕਰਕੇ ਉਸ ਨੂੰ ਅੱਗੇ ਵਧਾਉਣ ਵਿੱਚ ਮਦਦ ਕਰਦੇ ਹਨ।
ਅੰਤ ਵਿੱਚ ਮੈਂ ਕਹਿਣਾ ਚਾਹੁੰਦੀ ਹਾਂ ਕਿ ਦਿਵਿਆਂਗ ਬੱਚੇ ਵਿਚ ਹੀਣਭਾਵਨਾ ਸ਼ੁਰੂਆਤ ਪਰਿਵਾਰ ਵਿੱਚ ਹੀ ਹੋ ਜਾਂਦੀ ਹੈ। ਇਸ ਲਈ ਪਰਿਵਾਰ ਦੀ ਭੂਮਿਕਾ ਬਹੁਤ ਅਹਿਮ ਹੁੰਦੀ ਹੈ ਕਿ ਉਹ ਕਿਸ ਤਰ੍ਹਾਂ ਸੰਤੁਲਨ ਬਣਾ ਕੇ ਦਿਵਿਆਂਗ ਬੱਚੇ ਦੀ ਸ਼ਖ਼ਸੀਅਤ ਵਿਚ ਵਧੀਆ ਗੁਣ ਪੈਦਾ ਕਰਨ ਅਤੇ ਇਸ ਦੇ ਨਾਲ ਹੀ ਉਸ ਦੀ ਨਜਾਇਜ ਮੰਗ ਨੂੰ ਨਜ਼ਰ ਅੰਦਾਜ਼ ਕਰਕੇ ਉਸ ਨੂੰ ਜ਼ਿੱਦੀ, ਝਗੜਾਲੂ ਬਨਣ ਤੋਂ ਬਚਾਉਣ। ਭਾਵ ਉਸ ਨਾਲ ਵਤੀਰਾ ਕਿਹੋ ਜਿਹਾ ਹੋਵੇ ਜੋ ਇਕ ਆਮ ਬੱਚੇ ਨਾਲ ਹੁੰਦਾ ਹੈ। ਉਸ ਨੂੰ ਉਹ ਸਾਰੀਆਂ ਸਹੂਲਤਾਂ ਅਤੇ ਮੌਕੇ ਦਿੱਤੇ ਜਾਣ ਜੋ ਤੰਦਰੁਸਤ ਬੱਚੇ ਨੂੰ ਮਿਲਦੇ ਹਨ। ਇਹ ਸਭ ਉਸ ਦੇ ਸਰਬਪੱਖੀ ਵਿਕਾਸ ਵਿਚ ਸਹਾਈ ਹੋਵੇਗਾ। ਕਿਉਂਕਿ ਉਹ ਬੋਝ ਨਹੀਂ ਬਲਕਿ ਜ਼ਿੰਮੇਵਾਰੀ ਹੈ ਅਤੇ ਪਰਿਵਾਰਕ ਫ਼ਰਜ਼ ਵੀ।