ਅੰਤਰਰਾਸ਼ਟਰੀ ਯੋਗ ਦਿਵਸ ਤੇ ਵਿਸ਼ੇਸ਼ - ਪੂਜਾ ਸ਼ਰਮਾ
ਯੋਗ ਬਹੁਤ ਹੀ ਸੂਖਮ ਵਿਗਿਆਨ ਤੇ ਅਧਾਰਿਤ ਸਰੀਰਕ, ਮਾਨਸਿਕ ਅਤੇ ਅਧਿਆਤਮਿਕ ਅਨੁਸ਼ਾਸਨ ਹੈ ਜੋ ਮਨ, ਸਰੀਰ ਅਤੇ ਆਤਮਾ ਦੇ ਵਿਚਕਾਰ ਸਮਰਸਤਾ ਲਿਆਉਣ ਤੇ ਕੇਂਦਰਿਤ ਹੈ। ਯੋਗ ਸ਼ਬਦ ਸੰਸਕ੍ਰਿਤ ਦੇ ਯੁੱਜ ਧਾਤੂ ਤੋਂ ਲਿਆ ਗਿਆ ਹੈ ਜਿਸ ਦਾ ਅਰਥ ਹੈ ਜੁੜਨਾ। ਯੋਗ ਦਾ ਵਰਣਨ ਵੇਦਾਂ, ਉਪਨਿਸ਼ਦਾਂ, ਬੋਧ ਅਤੇ ਜੈਨ ਗ੍ਰੰਥਾਂ, ਦਰਸ਼ਨ ਸ਼ਾਸਤਰ, ਮਹਾਭਾਰਤ ਅਤੇ ਰਮਾਇਣ ਮਹਾਂਕਾਵਾ ਵਿੱਚ ਮਿਲਦਾ ਹੈ। ਯੋਗ ਵਿੱਦਿਆ ਵਿੱਚ ਭਗਵਾਨ ਸ਼ਿਵ ਨੂੰ ਪਹਿਲੇ ਯੋਗੀ ਜਾਂ ਪਹਿਲੇ ਗੁਰੂ ਦੇ ਰੂਪ ਵਿੱਚ ਮੰਨਿਆ ਜਾਂਦਾ ਹੈ। ਮਹਾਰਿਸ਼ੀ ਪਤੰਜਲੀ ਨੇ ਯੋਗ ਸੂਤਰ ਕਿਤਾਬ ਵਿੱਚ ਯੋਗ ਦੇ ਅੱਠ ਅੰਗਾਂ ਦਾ ਵਰਣਨ ਕੀਤਾ ਜਿਸ ਨੂੰ ਅਸ਼ਟਾਂਗ ਕਿਹਾ ਜਾਂਦਾ ਹੈ। ਇਹ ਯੋਗ ਦੇ ਅੱਠ ਅੰਗ ਹਨ ਯਮ, ਨਿਯਮ, ਆਸਨ, ਪ੍ਰਾਣਾਯਾਮ, ਪ੍ਰਤਿਆਹਾਰ, ਧਾਰਨਾ, ਧਿਆਨ ਅਤੇ ਸਮਾਧੀ। ਯੋਗ ਸਿਰਫ ਸਰੀਰਕ ਅਭਿਆਸ ਹੀ ਨਹੀਂ ਬਲਕਿ ਅਜਿਹਾ ਗਿਆਨ ਹੈ ਜੋ ਸਾਨੂੰ ਸਿਹਤਮੰਦ, ਖੁਸ਼ ਅਤੇ ਸ਼ਾਂਤੀਪੂਰਨ ਜੀਵਨ ਜਿਉਣਾ ਸਿਖਾਉਂਦਾ ਹੈ।
ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ 69ਵੀਂ ਸੰਯੁਕਤ ਰਾਸ਼ਟਰ ਮਹਾਸਭਾ2014 ਵਿੱਚ ਯੋਗ ਦਿਵਸ ਮਨਾਉਣ ਦਾ ਪ੍ਰਸਤਾਵ ਰੱਖਿਆ। 11 ਦਸੰਬਰ 2014 ਨੂੰ ਸੰਯੁਕਤ ਰਾਸ਼ਟਰ ਦੇ 193 ਮੈਂਬਰਾਂ ਨੇ ਇਸ ਪ੍ਰਸਤਾਵ ਨੂੰ ਮੰਨਿਆ ਅਤੇ 21 ਜੂਨ ਨੂੰ ਅੰਤਰ ਰਾਸ਼ਟਰੀ ਯੋਗ ਦਿਵਸ ਦੇ ਰੂਪ ਵਿੱਚ ਮਨਾਉਣ ਤੇ ਸਹਿਮਤੀ ਜਤਾਈ ਗਈ। ਯੋਗ ਦਿਵਸ ਮਨਾਉਣ ਲਈ 21 ਜੂਨ ਦਾ ਦਿਨ ਨਿਸ਼ਚਿਤ ਕਰਨ ਦਾ ਕਾਰ ਇਹ ਹੈ ਕਿ 21 ਜੂਨ ਉੱਤਰੀ ਗੋਲਾਰਧ ਵਿੱਚ ਸਭ ਤੋਂ ਲੰਬਾ ਦਿਨ ਹੁੰਦਾ ਹੈ। ਇਸ ਦਿਨ ਤੋਂ ਬਾਅਦ ਸੂਰਜ ਕਰਕ ਰੇਖਾ ਤੋਂ ਮੱਕਰ ਰੇਖਾ ਦੀ ਤਰਫ ਦੱਖਣ ਵੱਲ ਗਤੀ ਕਰਦਾ ਹੈ। ਇਥੇ ਇਹ ਗੱਲ ਧਿਆਨ ਯੋਗ ਹੈ ਕਿ ਹਿੰਦੂ ਪੰਚਾਂਗ ਅਨੁਸਾਰ ਇੱਕ ਸਾਲ ਵਿੱਚ ਦੋ ਸੰਗਰਾਂਦ ਹੁੰਦੀਆਂ ਹਨ ਜਿਸ ਵਿੱਚ ਸੂਰਜ ਆਪਣੀ ਸਥਿਤੀ ਬਦਲਦਾ ਹੈ। ਸੂਰਜ ਦੀ ਉੱਤਰ ਦਿਸ਼ਾ ਦੀ ਗਤੀ ਨੂੰ ਉਤਰਾਇਣ ਅਤੇ ਦੱਖਣੀ ਗਤੀ ਨੂੰ ਦਕਸ਼ੀਨਾਇਣ ਕਿਹਾ ਜਾਂਦਾ ਹੈ। ਇਸ ਦਿਨ ਨੂੰ ਯੋਗ ਅਤੇ ਅਧਿਆਤਮ ਦੇ ਲਈ ਜਰੂਰੀ ਮੰਨਿਆ ਜਾਂਦਾ ਹੈ। ਅੰਤਰਰਾਸ਼ਟਰੀ ਯੋਗ ਦਿਵਸ ਦਾ ਪਹਿਲਾ ਆਯੋਜਨ 21 ਜੂਨ 2015 ਨੂੰ ਕੀਤਾ ਗਿਆ।
ਯੋਗ ਦਿਵਸ ਮਨਾਉਣ ਦਾ ਮਹੱਤਵ ਲੋਕਾਂ ਵਿਚਕਾਰ ਸਰੀਰਕ ਅਤੇ ਮਾਨਸਿਕ ਸਿਹਤ ਨੂੰ ਵਧਾਉਣਾ ਹੈ। ਅੱਜ ਕੱਲ ਦੀ ਭੱਜ ਦੌੜ ਦੀ ਜ਼ਿੰਦਗੀ ਵਿੱਚ ਹਰ ਇਨਸਾਨ ਕਈ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਪੀੜਿਤ ਹੈ। ਯੋਗ ਦਿਵਸ ਮਨਾਉਣ ਦਾ ਉਦੇਸ਼ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨਾ ਹੈ ਕਿ ਯੋਗ ਨਾਲ ਸਰੀਰ ਦੇ ਨਾਲ ਨਾਲ ਮਾਨਸਿਕ ਬਿਮਾਰੀਆਂ ਤੋਂ ਵੀ ਛੁਟਕਾਰਾ ਪਾਇਆ ਜਾ ਸਕਦਾ ਹੈ।
ਅੰਤਰਰਾਸ਼ਟਰੀ ਯੋਗਾ ਦਿਵਸ 2024 ਦੀ ਥੀਮ ਹੈ “ਔਰਤਾਂ ਦੇ ਸ਼ਕਤੀਕਰਨ ਲਈ ਯੋਗ”। ਔਰਤਾਂ ਇਸ ਸ੍ਰਿਸ਼ਟੀ ਦਾ ਅਭਿਨ ਅੰਗ ਹਨ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਦੀ ਇੱਕ ਰਿਪੋਰਟ ਦੇ ਅਨੁਸਾਰ ਔਰਤਾਂ ਮਨੁੱਖੀ ਸੰਸਾਧਨਾਂ ਦਾ 50% ਹਿੱਸਾ ਬਣਾਉਣੀਆਂ ਹਨ ਜੋ ਕਿ ਮਹਾਨ ਸਮਰੱਥਾ ਵਾਲੇ ਮਨੁੱਖ ਤੋਂ ਬਾਅਦ ਸਭ ਤੋਂ ਵੱਡਾ ਮਨੁੱਖੀ ਸਰੋਤ ਹੈ। ਪਰਿਵਾਰ ਵਿੱਚ ਔਰਤਾਂ ਦੀ ਭੂਮਿਕਾ ਦੀਆਂ ਕਿਸਮਾਂ ਪਤਨੀ, ਨੇਤਾ, ਪ੍ਰਸ਼ਾਸਨ, ਪਰਿਵਾਰਕ ਆਮਦਨ ਦੇ ਪ੍ਰਬੰਧਕ ਅਤੇ ਸਭ ਤੋਂ ਮਹੱਤਵਪੂਰਨ ਮਾਂ ਦੀ ਹੈ। ਮਾਂ ਘਰ ਦੀ ਕੇਂਦਰੀ ਸ਼ਖਸੀਅਤ ਹੈ ਜੋ ਆਪਣਾ ਸਮਾਂ, ਮਿਹਨਤ ਅਤੇ ਸੋਚ ਪਰਿਵਾਰ ਦੇ ਸਾਰੇ ਮੈਂਬਰਾਂ ਦੀ ਭਲਾਈ ਲਈ ਸਮਰਪਿਤ ਕਰਦੀ ਹੈ। ਇਸ ਲਈ ਇੱਕ ਔਰਤ ਦੀ ਸਰੀਰਕ, ਮਾਨਸਿਕ ਅਤੇ ਭਾਵਨਾਤਮਕ ਸਿਹਤ ਬਹੁਤ ਜਰੂਰੀ ਬਣ ਜਾਂਦੀ ਹੈ।
ਗੈਰ ਸਿਹਤਮੰਦ ਖਾਣ ਪੀਣ ਅਤੇ ਵਿਅਸਤ ਸਮਾਂ ਸਾਰਣੀ ਦੀਆਂ ਆਦਤਾਂ ਕਾਰਨ ਔਰਤਾਂ ਬਹੁਤ ਸਾਰੀਆਂ ਬਿਮਾਰੀਆਂ ਨੂੰ ਸੱਦਾ ਦੇ ਦਿੰਦੀਆਂ ਹਨ। ਅੱਜ ਹਰ ਚੌਥੀ ਔਰਤ PCOS ਅਤੇ ਬਾਂਝਪਣ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੀ ਹੈ। ਨੈਸ਼ਨਲ ਸੈਂਟਰ ਫੋਰ ਬਾਇਓ ਟੈਕਨੋਲੋਜੀ ਦੇ ਅਨੁਸਾਰ ਸ਼ਹਰੀ ਭਾਰਤੀ ਔਰਤਾਂ ਦੀ ਆਬਾਦੀ ਦਾ ਲਗਭਗ 23% ਹਿੱਸਾ ਮੋਟਾਪੇ ਦਾ ਸ਼ਿਕਾਰ ਹੈ।
ਯੋਗ ਕਿਸ਼ੋਰ ਅਵਸਥਾ, ਮਾਂ ਬਣਨ, ਮੀਨੋ ਪੋਜ ਅਤੇ ਬੁਢਾਪੇ ਦੀਆਂ ਵੱਖ-ਵੱਖ ਤਬਦੀਲੀਆਂ ਦੌਰਾਨ ਔਰਤਾਂ ਨੂੰ ਸਰੀਰਕ ਅਤੇ ਮਾਨਸਿਕ ਪੱਖੋਂ ਸਿਹਤ ਮੰਦ ਰੱਖਦਾ ਹੈ। ਵੱਖ-ਵੱਖ ਆਸਣਾਂ ਜਿਵੇਂ ਕਿ ਗੋਮੁਖ ਆਸਨ, ਚੱਕਰ ਆਸਨ ਵਸ਼ਿਸ਼ਟ ਆਸਨ, ਭੁਜੰਗਾਸਨ, ਸੇਤੂਬੰਧ ਆਸਨ, ਸੂਰਜ ਨਮਸਕਾਰ ਅਤੇ ਪ੍ਰਾਣਾਯਾਮ ਜਿਵੇਂ ਕਿ ਭਸਤ੍ਰਿਕਾ, ਅਨੂਲੋਮ ਵਿਲੋਮ, ਭ੍ਰਾਮਰੀ ਅਤੇ ਕਪਾਲ ਭਾਤੀ ਪ੍ਰਾਣਾਯਾਮ ਨੂੰ ਨਿਯਮਿਤ ਰੂਪ ਵਿੱਚ ਕਰਨ ਨਾਲ ਸਰੀਰ ਅਤੇ ਮਨ ਦਾ ਸੰਤੁਲਨ ਕਾਇਮ ਹੁੰਦਾ ਹੈ ਅਤੇ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ।
ਭਾਰਤ ਸਰਕਾਰ ਦਾ ਆਯੁਸ਼ ਮੰਤਰਾਲਾ ਦੇਸ਼ ਭਰ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਪ੍ਰੋਗਰਾਮ ਉਲੀਕਦਾ ਹੈ। ਰਾਜ ਸਰਕਾਰ ਅਤੇ ਸਰਕਾਰੀ ਅਦਾਰਿਆਂ ਵਿੱਚ ਕਰਮਚਾਰੀਆਂ ਲਈ ਯੋਗ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ। ਸਿਹਤ ਪ੍ਰਤੀ ਆਮ ਜਨਤਾ ਨੂੰ ਜਾਗਰੂਕ ਕਰਨ ਲਈ ਯੋਗ ਦੇ ਉੱਤੇ ਵਿਸ਼ੇਸ਼ ਪ੍ਰੋਗਰਾਮ ਅਤੇ ਸੈਮੀਨਾਰ ਟੀਵੀ ਅਤੇ ਰੇਡੀਓ ਤੇ ਪ੍ਰਸਾਰਿਤ ਕੀਤੇ ਜਾਂਦੇ ਹਨ ਜਿਸ ਵਿੱਚ ਯੋਗ ਮਾਹਿਰਾ ਦੇ ਨਾਲ ਇੰਟਰਵਿਊ ਅਤੇ ਲਾਈਵ ਯੋਗ ਪ੍ਰੋਗਰਾਮ ਸ਼ਾਮਿਲ ਹੁੰਦੇ ਹਨ।
ਆਓ ਅਸੀਂ ਸਾਰੇ ਮਿਲ ਕੇ ਅੰਤਰਰਾਸ਼ਟਰੀ ਯੋਗ ਦਿਵਸ ਵਿੱਚ ਵੱਧ ਚੜ ਕੇ ਹਿੱਸਾ ਲਈਏ। ਇਸ ਸਾਲ ਸਿਰਫ ਔਰਤਾਂ ਹੀ ਨਹੀਂ ਬਲਕਿ ਸਮੂਹ ਦੇਸ਼ ਵਾਸੀ ਆਪਣੀ ਸਿਹਤ ਪ੍ਰਤੀ ਜਾਗਰੂਕ ਹੋਈਏ ਅਤੇ 21 ਜੂਨ ਅੰਤਰਰਾਸ਼ਟਰੀ ਯੋਗ ਦਿਵਸ ਦੇ ਦਿਨ ਇਹ ਸੰਕਲਪ ਲਈਏ ਕਿ ਨਿਯਮਿਤ ਰੂਪ ਵਿੱਚ ਯੋਗ ਨੂੰ ਆਪਣਾ ਸਾਥੀ ਬਣਾਵਾਂਗੇ ਅਤੇ ਖੁਸ਼ਹਾਲ ਰਾਸ਼ਟਰ ਨਿਰਮਾਣ ਵਿੱਚ ਆਪਣਾ ਬਣਦਾ ਯੋਗਦਾਨ ਪਾਵਾਂਗੇ।
ਪੂਜਾ ਸ਼ਰਮਾ
ਸਟੇਟ ਐਵਾਰਡ ਅੰਗਰੇਜ਼ੀ ਲੈਕਚਰਾਰ
ਨਵਾਂ ਸ਼ਹਿਰ