ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

10.06.2024

ਸਮਝੌਤੇ ਦੀ ਦਸ ਸਾਲ ਦੀ ਮਿਆਦ ਪੂਰੀ ਹੋਣ ਬਾਅਦ ਹੈਦਰਾਬਾਦ ਹੁਣ ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਦੀ ਸਾਂਝੀ ਰਾਜਧਾਨੀ ਨਹੀਂ ਰਿਹਾ-ਇਕ ਖ਼ਬਰ

ਦਸ ਸਾਲਾਂ ਦਾ ਹੀ ਸਮਝੌਤਾ ਪੰਜਾਬ ਤੇ ਹਰਿਆਣੇ ਦਾ ਹੋਇਆ ਸੀ, ਪਰ

58 ਸਾਲਾਂ ਬਾਅਦ ਵੀ ਚੰਡੀਗੜ੍ਹ ਪੰਜਾਬ ਨੂੰ ਨਹੀਂ ਦਿਤਾ ਬੇਈਮਾਨ ਸਰਕਾਰਾਂ ਨੇ।

ਸੁਖਬੀਰ ਬਾਦਲ ਦਾ ਅਸਤੀਫ਼ਾ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਉਣ ਦਾ ਇਕੋ ਇਕ ਰਾਹ ਹੈ- ਸਰਬਜੀਤ ਸਿੰਘ ਭੂਟਾਨੀ

ਪੰਥ ਦਰਦੀਉ ਘੋੜਾ ਬਦਲ ਦਿਉ ਨਹੀਂ ਤਾਂ ਆਉਣ ਵਾਲੀਆਂ ਨਸਲਾਂ ਨੇ ਮਾਫ਼ ਨਹੀਂ ਕਰਨਾ ਤੁਹਾਨੂੰ।

ਬਾਈਡੇਨ ਦੀ ਯੋਜਨਾ ਸਫ਼ਲ, ਹਮਾਸ ਤੇ ਇਜ਼ਰਾਈਲ ਜੰਗਬੰਦੀ ਲਈ ਤਿਆਰ-ਇਕ ਖ਼ਬਰ

ਲਾਈ ਜਾਵੇ ਬੁਝਾਈ ਜਾਵੇ, ਤੇਲ ਜੜ੍ਹਾਂ ਵਿਚ ਪਾਈ ਜਾਵੇ

ਮੱਧ ਪ੍ਰਦੇਸ਼ ‘ਚ ਦਲਿਤ ਸਰਪੰਚ ਨੇ ਅਹੁਦਾ ਛੱਡਣ ਤੋਂ ਇਨਕਾਰ ਕੀਤਾ ਤਾਂ ਜਾਤ ਅਭਿਮਾਨੀਆਂ ਨੇ ਦਰਖ਼ਤ ਨਾਲ਼ ਬੰਨ੍ਹ ਕੇ ਕੁੱਟਿਆ- ਇਕ ਖ਼ਬਰ

ਸਭ ਕਾ ਸਾਥ, ਸਭ ਕਾ ਵਿਕਾਸ।

ਪੰਜਾਬ ਦੇ ਨਤੀਜੇ ਆਮ ਆਦਮੀ ਪਾਰਟੀ ਦੀ ਸਰਕਾਰ ਵਿਰੁੱਧ- ਜਾਖੜ

ਆਪਣੀ ਪੀੜ੍ਹੀ ਹੇਠ ਵੀ ਸੋਟਾ ਫੇਰ ਲਉ ਜਨਾਬ।

ਹਾਸ਼ੀਏ ਤੇ ਜਾ ਚੁੱਕੇ ਅਕਾਲੀ ਦਲ ਨੂੰ ਬਚਾਉਣ ਲਈ ਬਾਦਲ ਪਰਵਾਰ ਨੂੰ ਬਦਲਣੀ ਪਵੇਗੀ ਆਪਣੀ ਰਣਨੀਤੀ- ਇਕ ਖ਼ਬਰ

ਨਾ ਬਈ ਨਾ! ਸਾਡਾ ਵਾਅਦਾ ਐ ਕਿਸੇ ਨਾਲ ਕਿ ਅਕਾਲੀ ਦਲ ਨੂੰ ਪੰਜਾਬ ‘ਚੋ ਖ਼ਤਮ ਕਰਨੈ

ਲੋਕ ਸਭਾ ਚੋਣਾਂ ‘ਚ 13 ’ਚੋਂ ਦਸ ਅਕਾਲੀ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ- ਇਕ ਖ਼ਬਰ

ਕੀ ਖੱਟਿਆ ਮੈਂ ਤੇਰੀ ਹੀਰ ਬਣ ਕੇ?

ਭਾਜਪਾ ਦਾ ਵੋਟ ਸ਼ੇਅਰ ਵਧਣਾ ਅਕਾਲੀ ਦਲ ਲਈ ਖ਼ਤਰੇ ਦੀ ਘੰਟੀ-ਚੰਦੂਮਾਜਰਾ

ਤੁਹਾਡੇ ਹੀ ਆਕਾ ਦੇ ਬੀਜੇ ਹੋਏ ਕੰਡੇ ਹਨ ਚੰਦੂਮਾਜਰਾ ਸਾਹਿਬ।

ਚੰਡੀਗੜ੍ਹ ਏਅਰਪੋਰਟ ‘ਤੇ ਸੁਰੱਖਿਆ ਕਰਮਚਾਰੀ ਕੁਲਵਿੰਦਰ ਕੌਰ ਨੇ ਕੰਙਣਾਂ ਰਣੌਤ ਦੇ ਮਾਰਿਆ ਥੱਪੜ-ਇਕ ਖ਼ਬਰ

ਬੱਲੇ ਨੀ ਪੰਜਾਬ ਦੀਏ ਸ਼ੇਰ ਬੱਚੀਏ।

ਸਰਕਾਰ ਗਠਨ ਦੇ ਵਿਚਕਾਰ ਜੇ.ਡੀ.ਯੂ.ਨੇ ਅਗਨੀਵੀਰ ਸਕੀਮ ‘ਤੇ ਸਮੀਖਿਆ ਮੰਗੀ- ਇਕ ਖ਼ਬਰ

ਤੇਰੇ ਬੂਹੇ ਅੱਗੇ ਡਾਂਗ ਖੜਕਾਉਣੀ ਦਾਰੂ ਪੀ ਕੇ ਮਿੱਤਰਾਂ ਨੇ।

ਕੰਙਣਾ ਨੇ ਹਾਲੇ ਵੀ ਸਬਕ ਨਹੀਂ ਸਿੱਖਿਆ, ਫੇਰ ਪੰਜਾਬ ਬਾਰੇ ਦਿਤਾ ਵਿਵਾਦਤ ਬਿਆਨ- ਸੁਖਪਾਲ ਖਹਿਰਾ

ਵਾਰਸਸ਼ਾਹ ਨਾ ਆਦਤਾਂ ਜਾਂਦੀਆਂ ਨੇ, ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ।

ਅਸੀਂ (ਅਕਾਲੀ) ਤਾਂ ‘ਨੋਟਾ’ ਬਣ ਗਏ ਹਾਂ, ਨਾ ਇਧਰ ਦੇ ਰਹੇ ਉਧਰ ਦੇ ਰਹੇ- ਚੰਦੂ ਮਾਜਰਾ

ਬਥੇਰਾ ਕਮਾ ਲਿਆ, ਉਹੀ ਛਕ ਕੇ ਢਿੱਡ ‘ਤੇ ਹੱਥ ਫੇਰਿਆ ਕਰੋ।

ਮੋਦੀ ਨੇ ਅਡਵਾਨੀ ਅਤੇ ਜੋਸ਼ੀ ਨਾਲ ਮੁਲਾਕਾਤ ਕੀਤੀ-ਇਕ ਖ਼ਬਰ

ਜਿਨ੍ਹਾਂ ਰਾਹਾਂ ਦੀ ਮੈਂ ਸਾਰ ਨਾ ਜਾਣਾ, ਉਨ੍ਹੀਂ ਰਾਹੀਂ ਵੇ ਮੈ ਮੈਨੂੰ ਤੁਰਨਾ ਪਿਆ।

ਲੋਕ ਸਭਾ ਲਈ ਚੁਣੇ ਗਏ 93% ਸੰਸਦ ਮੈਂਬਰ ਕਰੋੜਪਤੀ- ਏ.ਡੀ.ਆਰ.ਰਿਪੋਰਟ

ਰੋਕੜਾਂ ਬੰਨ੍ਹ ਪੱਲੇ ਵਿਚ ਮੈਦਾਨ ਉਤਰੀਂ, ਹਾਰੀ ਸਾਰੀ ਦੀ ਨਹੀਂ ਇਹ ਖੇਡ ਯਾਰਾ।

ਪਾਰਟੀ ਨੂੰ ਨਿਜੀ ਹਿਤ ਤਿਆਗ ਕੇ ਵੱਡੇ ਫ਼ੈਸਲੇ ਲੈਣ ਦੀ ਲੋੜ-ਮਨਪ੍ਰੀਤ ਸਿੰਘ ਇਆਲੀ

ਬਿੱਲੀ ਦੇ ਗਲ਼ ਟੱਲੀ ਵੀ ਬੰਨ੍ਹੋਗੇ ਕਿ ਬਿਆਨਾਂ ਤੱਕ ਹੀ ਸੀਮਤ ਰਹੋਗੇ।

==========================================================