ਦੋਸੀ ਕੌਣ, ਕੁਲਵਿੰਦਰ ਜਾਂ ਕੰਗਨਾ ?  ਸੰਵੇਦਨਸ਼ੀਲ ਮੁੱਦਾ ਲੋਕ ਕਚਹਿਰੀ ਵਿੱਚ - ਬਘੇਲ ਸਿੰਘ ਧਾਲੀਵਾਲ

ਬੀਤੇ ਦਿਨੀ ਚੰਡੀਗੜ ਏਅਰਪੋਰਟ ਤੇ ਹਿਮਾਚਲ ਪਰਦੇਸ਼ ਦੇ ਮੰਡੀ ਲੋਕ ਸਭਾ ਹਲਕੇ ਤੋ ਮੈਂਬਰ ਪਾਰਲੀਮੈਂਟ ਚੁਣੀ  ਗਈ ਬਹੁ ਚਰਚਿਤ ਫਿਲਮੀ ਅਭਿਨੇਤਰੀ ਕੰਗਨਾ ਰਣੌਤ ਨੂੰ ਲੈ ਕੈ  ਚਰਚਾਵਾਂ ਦਾ ਦੌਰ ਤੇਜੀ ਨਾਲ ਚੱਲ ਰਿਹਾ ਹੈ।ਉਹਦੇ ਵੱਲੋਂ ਏਅਰਪੋਰਟ ਤੇ ਤਾਇਨਾਤ ਸੀ ਆਈ ਐਸ ਐਫ ਦੀ ਮੁਲਾਜਮ ਬੀਬਾ ਕੁਲਵਿੰਦਰ ਕੌਰ ਨਾਲ ਜਾਮਾ ਤਲਾਸ਼ੀ ਨੂੰ ਲੈ ਕੇ ਕੀਤਾ ਗਿਆ ਝਗੜਾ ਵੱਡਾ ਤੂਲ ਫੜ ਗਿਆ ਹੈ।ਕੰਗਨਾ ਰਣੌਤ ਵੱਲੋਂ ਇਹ ਵਾ੍ਰ ਵਾਰ ਕਿਹਾ ਗਿਆ ਕਿ ਸੀ ਆਈ ਐਸ ਐਫ ਦੀ ਮੁਲਾਜਮ ਕੁਲਵਿੰਦਰ ਕੌਰ ਨੇ ਉਹਦੇ ਬਿਨਾ ਵਜਾਹ ਤੋ ਮੂੰਹ ਤੇ ਥੱਪੜ ਮਾਰਿਆ ਹੈ। ਜਦੋਕੀ ਕੁਲਵਿੰਦਰ ਵਾਲੇ ਪਾਸੇ ਤੋ ਜੋ ਸਚਾਈ ਨਿਕਲ ਕੇ ਸਾਹਮਣੇ ਆ ਰਹੀ ਹੈ,ਉਹ ਇਸਤਰਾਂ ਹੈ ਕਿ ਕੁਲਵਿੰਦਰ ਕੌਰ ਦਾ ਕੰਗਨਾ ਨਾਲ ਝਗੜਾ ਸਿਕਿਉਰਿਟੀ ਚੈਕ ਨੂੰ ਲੈ ਕੇ ਹੋਇਆ ਹੈ,ਕਿਉਂਕਿ ਜਿਸਤਰਾਂ ਦਾ ਕੰਗਨਾ ਦਾ ਸੁਭਾਅ ਹੈ ਉਹ ਆਪਣੇ ਮੈਂਬਰ ਪਾਰਲੀਮੈਂਟ ਚੁਣੇ ਹੋਣ ਤੇ ਤਲਾਸ਼ੀ ਦੇਣਾ ਆਪਣੀ ਬੇਇਜਤੀ ਸਮਝਦੀ ਹੋਵੇਗੀ।ਉਹ ਨਹੀ ਚਾਹੁੰਦੀ ਹੋਵੇਗੀ ਕਿ  ਕੋਈ ਮਾਮੂਲੀ ਮੁਲਾਜਮ ਜਾਂ ਅਧਿਕਾਰੀ,ਉਹ ਵੀ ਕੋਈ ਗੈਰ ਹਿੰਦੂ ਉਹਦੀ ਤਲਾਸ਼ੀ ਲੈਣ ਦੀ ਹਿੰਮਤ ਕਰੇ।ਸੂਤਰਾਂ ਤੋ ਮਿਲੀਆਂ ਖਬਰਾਂ ਮੁਤਾਬਿਕ ਕੰਗਨਾ ਨੇ ਤਲਾਸ਼ੀ ਲੈਣ ਸਮੇ ਕੁਲਵਿੰਦਰ ਨਾਲ ਤਕਰਾਰ ਕਰਦਿਆਂ ਉਹਦੇ ਨਾਮ ਨਾਲ ਕੌਰ  ਲੱਗਾ ਹੋਣ ਕਰਕੇ ਉਹਨੂੰ ਨਫਰਤੀ ਭਾਸ਼ਾ ਵਿੱਚ ਖਾਲਿਸਤਾਨੀ ਕਹਿ ਦਿੱਤਾ, ਜਿਸਤੋ ਗੱਲ ਵੱਧ ਗਈ ਅਤੇ ਸੁਣਿਆ ਜਾ ਰਿਹਾ ਹੈ ਕਿ ਕੁਲਵਿੰਦਰ ਨੇ ਬੀਬੀ ਕੰਗਨਾ ਦੇ ਮੂੰਹ ਤੇ ਥੱਪੜ ਮਾਰ ਦਿੱਤਾ। ਸੋ ਇਹ ਤਾਂ ਹੋਇਆ ਉਹ ਮਾਮਲਾ ਜਿਸਦੀ ਚਰਚਾ ਚੱਲ ਰਹੀ ਹੈ,ਪਰ ਅਸਲ ਵਿੱਚ ਇਹ ਘਟਨਾ ਵਾਪਰੀ ਕਿਵੇਂ  ਜਾਨਣ ਦੇ ਲਈ ਇਸ ਮਾਮਲੇ ਦੀ ਤਹਿ ਤੱਕ ਜਾਣਾ ਹੋਵੇਗਾ। ਸੀ ਆਈ ਐਸ ਐਫ ਦੀ ਮੁਲਾਜਮ ਬੀਬੀ ਕੁਲਵਿੰਦਰ ਕੌਰ ਨੇ ਭਾਂਵੇਂ ਕਿਸੇ ਨਸਲੀ ਨਫਰਤ ਵਿੱਚ ਨਹੀ ਬਲਕਿ ਨਸਲੀ ਨਫਰਤ ਦਾ ਸ਼ਿਕਾਰ ਹੁੰਦਿਆਂ ਇਹ ਕਦਮ ਚੁੱਕਿਆ।ਕੰਗਨਾ ਰਣੌਤ ਨੇ ਜਿੱਥੇ ਘਟਨਾ ਮੌਕੇ ਕੁਲਵਿੰਦਰ ਕੌਰ ਤੇ ਨਸਲੀ ਟਿੱਪਣੀਆਂ ਕੀਤੀਆਂ,ਓਥੇ ਉਹਨੇ ਥੱਪੜ ਵਾਲੀ ਘਟਨਾ ਤੋ ਬਾਅਦ ਵੀ ਸਰੇਆਮ ਪੰਜਾਬ ਅੰਦਰ ਅੱਤਵਾਦ ਪਣਪਣ ਦੇ ਬੇਤੁਕੇ ਇਲਜਾਮ ਲਾਏ ਗਏ,ਜਿੰਨਾਂ ਤੋ ਸਪੱਸਟ ਹੋ ਜਾਂਦਾ  ਹੈ ਕਿ ਕੰਗਨਾ ਨੇ ਕੁਲਵਿੰਦਰ ਨੂੰ ਮੌਕੇ ਤੇ ਵੀ ਉਕਸਾਇਆ ਅਤੇ ਬਾਅਦ ਵਿੱਚ ਸਮੁੱਚੇ ਸਿੱਖ ਭਾਈਚਾਰੇ ਤੇ ਲਾਏ ਦੋਸ਼ ਉਹਦੀ ਫਿਰਕੂ ਨਫਰਤੀ ਸੋਚ ਦਾ ਪਰਦਾ ਫਾਸ ਕਰਦੇ ਹਨ। ਅਜਿਹੇ ਵਿੱਚ ਸੱਚ ਜਾਣਦਿਆਂ ਵੀ ਕੁਲਵਿੰਦਰ ਨੂੰ ਗਲਤ ਠਹਿਰਾਉਣਾ ਪੰਜਾਬੀ ਗੈਰਤ ਦੀ ਤੌਹੀਨ ਕਰਨ ਵਰਗਾ ਵਰਤਾਰਾ ਹੋਵੇਗਾ। ਕੁਲਵਿੰਦਰ ਜਿਸ ਪਿਛੋਕੜ ਤੋ ਆਈ ਹੈ,ਉਹ ਪਿਛੋਕੜ,ਉਹ ਵਿਰਸਾ ਉਹਨੂੰ ਗੈਰਤ ਲਈ ਮਰ ਮਿਟਣ ਦੀ ਗੁੜਤੀ ਦਿੰਦਾ ਹੈ, ਉਹ ਭਾਵੇਂ ਦੇਸ਼ ਦੀਆਂ ਹੱਦਾਂ ਸਰਹੱਦਾਂ ਦੀ ਰਾਖੀ ਦੀ ਗੱਲ ਹੋਵੇ,ਫਸਲਾਂ ਨਸਲਾਂ ਦੀ ਰਾਖੀ ਦੀ ਗੱਲ ਹੋਵੇ ਜਾਂ ਫਿਰ ਕਿਤੇ ਵੀ ਆਪਣੀ ਡਿਊਟੀ ਦੌਰਾਨ ਫਰਜ ਨਿਭਾਉਣ ਦੀ ਗੱਲ ਹੋਵੇ,ਪੰਜਾਬ ਦੇ ਅਣਖੀ ਖੂਨ ਨੇ ਆਪਣਾ ਅਸਰ ਦਿਖਾਉਣਾ ਹੀ ਹੁੰਦਾ ਹੈ।ਇਸ ਦੀ ਮਿਸਾਲ ਆਪਣੇ ਧਰਮ ਦੀ ਖਾਤਰ ਸਿਸਟਮ ਨਾਲ ਟਕਰਾ ਜਾਣ ਵਾਲੇ ਹਜਾਰਾਂ ਸਿੱਖ ਸ਼ਹੀਦਾਂ ਤੋ ਵੀ ਮਿਲਦੀ ਹੈ,ਜਿੰਨਾਂ ਨੇ ਜੂਨ 1984 ਵਿੱਚ ਆਪਣੇ ਜਾਨ ਤੋ ਪਿਆਰੇ ਪਵਿੱਤਰ ਅਸਥਾਨ  ਸੱਚਖੰਡ ਸ੍ਰੀ ਦਰਬਾਰ ਸਾਹਿਬ ਤੇ ਚੜਕੇ ਆਈਆਂ ਭਾਰਤੀ ਫੌਜਾਂ  ਨਾਲ ਆਖਰੀ ਦਮ ਤੱਕ ਬੁਲੰਦ ਹੌਸਲੇ ਨਾਲ ਲੋਹਾ ਲਿਆ ਅਤੇ ਓਨੀ ਦੇਰ ਤੱਕ ਟੈਂਕਾਂ ਨੂੰ ਵੀ ਅੰਦਰ ਨਹੀ ਆਉਣ ਦਿੱਤਾ ਜਿੰਨੀ ਦੇਰ ਤੱਕ ਇੱਕ ਵੀ ਸਿੰਘ ਦੀ ਸ਼ਾਹ ਰਗ ਵਿੱਚ ਖੂੰਨ ਦਾ ਵਹਾਓ ਚੱਲਦਾ ਰਿਹਾ।ਉਸ ਤੋ ਉਪਰੰਤ ਚੱਲੇ ਸਿੱਖ ਸੰਘਰਸ਼ ਦੌਰਾਨ ਬੰਦੀ ਬਣਾਏ ਗਏ ਸਿੱਖ ਪਿਛਲੇ ਤੀਹ ਤੀਹ ਸਾਲਾਂ ਤੋ ਵੀ ਵੱਧ ਸਮੇ ਤੋ ਜੇਲਾਂ ਵਿੱਚ ਅਣ-ਮਨੁੱਖੀ  ਜਿੰਦਗੀ ਜਿਉਂ ਰਹੇ ਹਨ,ਪਰ ਕਿਸੇ ਇੱਕ ਨੇ ਵੀ ਰਿਹਾਈ ਦੀ ਭੀਖ ਨਹੀ ਮੰਗੀ ਅਤੇ ਸਾਰੇ ਸਿੰਘ ਜੇਲਾਂ ਵਿੱਚੋਂ ਵੀ ਚੜ੍ਹਦੀ ਕਲਾ ਦਾ ਪ੍ਰਗਟਾਵਾ ਕਰਦੇ ਹਨ।ਉਹ ਵੱਖਰੀ ਗੱਲ ਹੈ ਕਿ ਸਿੱਖ ਕੌਂਮ ਸਾਂਤਮਈ ਮੋਰਚੇ  ਲਾ ਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰ  ਰਹੀ ਹੈ। ਬੀਤੇ ਦਿਨਾਂ ਦੀ ਏਅਰਪੋਰਟ ਵਾਲੀ ਘਟਨਾ ਤੋਂ ਬਾਅਦ ਜਿਸਤਰਾਂ ਸ਼ੋਸ਼ਲ ਮੀਡੀਏ ਤੇ ਕੁਲਵਿੰਦਰ ਕੌਰ ਦੇ ਹੱਕ ਵਿੱਚ ਅਵਾਜ ਚੁੱਕੀ ਜਾ ਰਹੀ ਹੈ,ਉਹਦੇ ਤੋ ਇਹ ਵੀ ਸਪੱਸਟ ਹੁੰਦਾ ਹੈ ਕਿ ਹਰ ਸਿੱਖ ਦੇ ਚੇਤਨ ਅਵਚੇਤਨ ਵਿੱਚ ਕਿਤੇ ਨਾ ਕਿਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਪ੍ਰਭੂ ਸੰਪਨ ਸੱਤਾ ਦਾ ਸੰਕਲਪ ਪਿਆ ਹੈ ਅਤੇ ਜਦੋ ਕੋਈ ਅਜਿਹਾ ਵਰਤਾਰਾ ਸੁਤੇ ਸਿਧ ਵਾਪਰਦਾ ਹੈ,ਤਾਂ ਉਹਦੀ ਹਮਾਇਤ ਵੀ ਸੁਤੇ ਸਿਧ ਹੋ ਜਾਣੀ ਸੁਭਾਵਿਕ ਹੈ।  ਕੁਲਵਿੰਦਰ ਪਿਛਲੇ 15 ਸਾਲਾਂ ਤੋ ਸੀ ਆਈ ਐਸ ਐਫ ਵਿੱਚ ਡਿਉਟੀ ਕਰ ਰਹੀ ਹੈ।ਕੁਲਵਿੰਦਰ ਦਾ ਪਤੀ ਵੀ ਸੀ ਆਈ ਐਸ ਐਫ ਵਿੱਚ ਹੀ ਮੁਲਾਜਮ ਹੈ। ਕੁਲਵਿੰਦਰ ਦਾ ਪਰਿਵਾਰਿਕ ਪਿਛੋਕੜ ਫੌਜ ਅਤੇ ਕਿਸਾਨੀ ਪਰਿਵਾਰ ਨਾਲ ਸਬੰਧਤ ਹੈ।ਉਹਦੇ ਤਾਇਆ  ਜੀ ਮਿਲਟਰੀ ਵਿੱਚੋਂ ਔਨਰੇਰੀ ਕਪਤਾਨ ਰਿਟਾਇਰ ਹੋਏ ਹਨ।ਜਦੋਕਿ ਉਹਨਾਂ ਦਾ ਪਿਤਾ ਖੇਤੀ ਵਾੜੀ ਕਰਦਾ ਹੈ।ਕੁਲਵਿੰਦਰ ਦਾ ਭਰਾ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦਾ ਆਗੂ ਹੈ,ਜਿਸ ਕਰਕੇ ਕਿਸਾਨੀ ਅੰਦੋਲਨ ਦੌਰਾਨ ਜਿੱਥੇ ਸਮੁੱਚਾ ਪੰਜਾਬ ਕਿਸਾਨੀ ਅੰਦੋਲਨ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਸ਼ਾਮਲ ਰਿਹਾ,ਓਥੇ ਕੁਲਵਿੰਦਰ ਦੇ ਮਾਤਾ ਵੀ ਕਿਸਾਨੀ ਅੰਦੋਲਨ ਵਿੱਚ ਦਿੱਲੀ ਦੀਆਂ ਵਰੂਹਾਂ ਤੇ ਬੈਠ ਕੇ ਸੰਘਰਸ਼ ਕਰਨ ਵਾਲਿਆਂ ਵਿੱਚ ਉਸ ਮੌਕੇ ਸ਼ਾਮਲ ਰਹੇ ਸਨ,ਜਦੋ ਕੰਗਨਾ ਰਣੌਤ ਨੇ ਅੰਦੋਲਨ ਵਿੱਚ ਸਾਮਲ ਪੰਜਾਬੀ ਮਹਿਲਾਵਾਂ ਨੂੰ ਸੌ ਸੌ,ਦੋ ਦੋ, ਸੌ ਵਿੱਚ ਕਿਰਾਏ ਤੇ ਆਉਣ ਵਾਲੀਆਂ ਜਨਾਨੀਆਂ ਕਹਿ ਕੇ ਪੰਜਾਬ ਦੀ ਅਣਖ ਨੂੰ ਵੰਗਾਰਿਆ ਸੀ।ਉਸ ਮੌਕੇ ਵੀ ਕੰਗਨਾ ਨੂੰ ਕਿਸਾਨ ਮਜਦੂਰ ਔਰਤਾਂ ਸਮੇਤ ਪੰਜਾਬੀਆਂ ਦੇ ਗੁਸੇ ਦਾ ਸ਼ਿਕਾਰ ਹੋਣਾ ਪਿਆ ਸੀ।ਪਰੰਤੂ ਉਸ ਹੰਕਾਰੀ ਲੜਕੀ ਨੇ  ਗਲਤੀ ਦੀ ਮੁਆਫੀ ਮੰਗਣ ਦੀ ਬਜਾਏ ਪੰਜਾਬ ‘ਤੇ ਹੋਰ ਵੀ ਮੰਦੀ ਭਾਸ਼ਾ ਵਿੱਚ ਨਸਲੀ ਟਿਪਣੀਆਂ ਕਰਨੀਆਂ ਜਾਰੀ ਰੱਖੀਆਂ ਸਨ।ਸਾਇਦ ਇਸ ਦੇ ਇਨਾਮ ਵਜੋਂ ਹੀ ਭਾਰਤੀ ਜਨਤਾ ਪਾਰਟੀ ਨੇ ਕੰਗਨਾ ਨੂੰ ਹਿਮਾਚਲ ਪਰਦੇਸ ਦੇ ਮੰਡੀ ਲੋਕ ਸਭਾ ਹਲਕੇ ਤੋ ਟਿਕਟ ਦੇਕੇ ਨਿਵਾਜਿਆ ਅਤੇ ਹਿਮਾਚਲ ਦੇ ਲੋਕਾਂ ਨੇ ਕੰਗਨਾ ਨੂੰ ਵੱਡੇ ਬਹੁਮੱਤ ਨਾਲ ਜਿਤਾ ਕੇ ਮੈਂਬਰ ਪਾਰਲੀਮੈਂਟ ਬਣਾ ਦਿੱਤਾ। ਜੇਕਰ ਗੱਲ ਏਥੇ ਤੱਕ ਹੀ ਸੀਮਤ ਰਹਿੰਦੀ ਫਿਰ ਸਮਝਿਆ ਜਾ ਸਕਦਾ ਸੀ ਕਿ ਬੀਬਾ ਜੀ ਨੇ ਸਿੱਖਾਂ ਅਤੇ ਪੰਜਾਬੀਆਂ ਖਿਲਾਫ ਇਹ ਸਾਰਾ ਜਹਿਰ ਸਾਇਦ ਕੁਰਸੀ ਦੀ ਪਰਾਪਤੀ  ਲਈ ਉਗਲਿਆ ਹੋਵੇਗਾ,ਪਰ ਜਿਸਤਰਾਂ ਬੀਬਾ ਕੰਗਨਾ ਰਣੌਤ ਨੇ ਚੰਡੀਗੜ ਏਅਰਪੋਰਟ ਤੇ ਹੰਗਾਮਾ ਕਰਕੇ ਸਿੱਖਾਂ ਪ੍ਰਤੀ  ਨਫਰਤੀ ਭਾਸ਼ਾ ਦਾ ਇਸਤੇਮਾਲ ਕੀਤਾ,ਉਹਦੇ ਤੋ ਸਮਝਿਆ ਜਾ ਸਕਦਾ ਹੈ ਕਿ ਬੀਬੀ ਕੰਗਨਾ ਦੇ ਮਨ ਅੰਦਰ ਸਿੱਖਾਂ ਪ੍ਰਤੀ ਕਿੰਨੀ ਕੁ ਜਹਿਰ ਭਰੀ ਹੋਈ ਹੈ,ਜਿਸਨੂੰ ਉਹਨੇ ਮੈਂਬਰ ਪਾਰਲੀਮੈਂਟ ਚੁਣੇ ਜਾਂਣ ਤੋ ਤੁਰੰਤ ਬਾਅਦ ਹੀ ਉਜਾਗਰ ਕਰ ਦਿੱਤਾ। ਕੰਗਨਾ ਰਣੌਤ ਹੁਣ ਇੱਕ ਅਭਨੇਤਰੀ ਜਾਂ ਸਿਆਸੀ ਨੇਤਾ ਜਾਂ ਸਾਂਸਦ ਨਹੀ ਬਲਕਿ ਉਹ ਹੁਣ ਅਜਿਹਾ ਕਿਰਦਾਰ ਬਣ ਗਿਆ ਹੈ ਜਿਹੜਾ ਫਿਰਕੂ ਨਫਰਤ ਦੇ ਪਰਚਾਰ ਨਾਲ ਇੱਕ ਖਿਤੇ ਤੋਂ ਲੈ ਕੇ ਸੂਬੇ ਅਤੇ ਉਸ ਤੋ ਬਾਅਦ ਸਮੁੱਚੇ ਮੁਲਕ ਵਿੱਚ ਫਿਰਕੂ ਨਫਰਤ ਦੇ  ਭਾਂਬੜ ਬਾਲਣ ਲਈ ਕਾਹਲ਼ਾ ਪਿਆ ਹੋਇਆ ਹੈ। ਉਹਨੂੰ ਜਾਪਦਾ ਹੈ ਕਿ ਸਾਇਦ ਮੈਂਬਰ ਪਾਰਲੀਮੈਂਟ ਬਣ ਕੇ ਉਹਨਾਂ ਨੂੰ ਅਜਿਹੇ ਗੈਰ ਇਖਲਾਕੀ,ਗੈਰ ਸਮਾਜੀ ਅਤੇ ਗੈਰ ਜੁੰਮੇਵਾਰਾਨਾ ਹਰਕਤਾਂ ਕਰਨ ਦੀ ਖੁੱਲ ਮਿਲ ਗਈ ਹੈ।ਉਹ ਜਾਣਦੀ ਹੈ ਜਾਂ ਨਹੀ ਪਰ ਇਹ ਕੌੜਾ ਸੱਚ ਹੈ ਕਿ ਕੰਗਨਾ ਵੱਲੋਂ ਕੀਤੀ ਨਸਲੀ ਟਿੱਪਣੀ ਦੀ ਬਦੌਲਤ ਜਿਸਤਰਾਂ ਪੰਜਾਬ ਦੇ ਲੋਕ ਕੁਲਵਿੰਦਰ ਅਤੇ ਕੰਗਨਾ ਦੇ ਹੱਕ ਵਿੱਚ ਆਪੋ ਆਪਣੀਆਂ ਟਿੱਪਣੀਆਂ ਸ਼ੋਸ਼ਲ ਮੀਡੀਏ ਤੇ ਸਾਂਝੀਆਂ ਕਰ ਰਹੇ ਹਨ,ਉਸ ਤੋ ਸਮਝਣਾ ਕੋਈ ਔਖਾ ਨਹੀ ਕਿ ਕੰਗਨਾ ਦੀ ਟਿੱਪਣੀ ਪੰਜਾਬ ਦੀ ਸਾਂਤ  ਫ਼ਿਜਾ ਵਿੱਚ ਅਜਿਹਾ ਜਹਿਰ ਘੋਲ ਸਕਦੀ ਹੈ,ਜਿਸ ਦਾ ਅਸਰ ਪੰਜਾਬ ਤੋ ਪਾਰ ਸਮੁੱਚੇ ਭਾਰਤ ਤੱਕ ਨੂੰ ਪ੍ਰਭਾਵਤ ਕਰ ਸਕਦਾ ਹੈ ਅਤੇ ਇਸ ਫਿਰਕੂ ਨਫਰਤ ਦੀ ਅੱਗ ਵਿੱਚ ਹਿੰਦੂ, ਸਿੱਖ ਅਤੇ ਮੁਸਲਮ ਸਾਰੇ ਹੀ ਬੁਰੀ ਤਰਾਂ ਸੁਲਝੇ ਜਾ ਸਕਦੇ ਹਨ।  ਇਹ ਅਜਿਹੀ ਚਿੰਗਾਰੀ ਹੈ,ਜਿਹੜੀ ਬਲ਼ਦਿਆਂ ਹੀ ਪਲਾਂ ਵਿੱਚ ਸਾਰਾ ਕੁੱਝ ਸਾੜ ਕੇ ਸੁਆਹ ਕਰ ਸਕਦੀ ਹੈ। ਪੰਜਾਬੀਆਂ ਨੂੰ 1947 ਦੀ ਦੇਸ਼ ਵੰਡ ਅਤੇ 1984 ਦੇ ਕਤਲੇਆਮ ਪਹਿਲਾਂ ਹੀ ਚੈਨ ਨਹੀ ਲੈਣ ਦੇ ਰਹੇ ,ਉਹ ਨਹੀ  ਚਾਹੁੰਦੇ ਕਿ  ਇੱਕ ਵਾਰ ਫਿਰ  ਆਪਣੀ ਨਸਲਕੁਸ਼ੀ ਦਾ ਰਾਹ ਪੱਧਰਾ ਕਰਨ ਅਤੇ ਮਾਨਵਤਾ ਨੂੰ ਤੜਫ ਤੜਫ ਕੇ ਦਮ ਤੋੜਦਿਆਂ ਦੇਖਣ।ਸੋ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦੀ ਹਾਈਕਮਾਂਨ ਨੂੰ ਬੀਤੇ ਤੋ ਸਬਕ ਲੈਂਦਿਆਂ ਕੰਗਨਾ ਰਣੌਤ  ਵਰਗੀ ਬੇਲਗਾਮ ਮਹਿਲਾ ਆਗੂ ਨੂੰ ਤੁਰੰਤ ਲਗਾਮ ਦੇਣੀ ਚਾਹੀਦੀ ਹੈ,ਤਾਂ ਕਿ ਘੱਟ ਗਿਣਤੀਆਂ ਖਿਲਾਫ ਕੀਤੇ  ਜਾ ਰਹੇ ਫਿਰਕੂ ਨਫਰਤ ਦੇ ਪਰਚਾਰ ਨੂੰ ਵਿਰਾਮ ਲੱਗ ਸਕੇ ਅਤੇ ਆਪਸੀ ਭਾਈਚਾਰਾ ਕਾਇਮ ਰਹਿ ਸਕੇ।