ਕੁਝ ਤੁਰ ਗਏ ਤੇ ਕੁਝ ਤੂੰ ਤੋਰ ‘ਤੇ, ਫੱਟਾ ਲਾ ਲੈ ‘ਖਾਲੀ ਦਲ’ ਦਾ।
ਸੁਖਬੀਰ ਬਾਦਲ ਨੇ ਸੁਮੇਧ ਸੈਣੀ ਨਾਲ ਯਾਰੀ ਨਿਭਾਉਣ ਲਈ ਸਰਬਜੀਤ ਸਿੰਘ ਵਿਰੁੱਧ ਖੜ੍ਹਾ ਕੀਤਾ ਉਮੀਦਵਾਰ- ਮਾਝੀ
ਤੈਨੂੰ ਦੇਖਿਆਂ ਸਬਰ ਨਾ ਆਵੇ, ਯਾਰਾ ਤੇਰਾ ਘੁੱਟ ਭਰ ਲਾਂ।
ਚੋਣ ਪ੍ਰਚਾਰ ਲਈ ਜਾ ਰਹੀ ਪਰਨੀਤ ਕੌਰ ਨੇ ਹਾਦਸਾਗ੍ਰਸਤ ਪਰਵਾਰ ਦੀ ਮਦਦ ਲਈ ਆਪਣਾ ਕਾਫ਼ਲਾ ਰੋਕਿਆ- ਇਕ ਖ਼ਬਰ
ਵੋਟਾਂ ਦੇ ਦਿਨਾਂ ‘ਚ ਹੀ ਅਜਿਹੇ ਚੋਂਚਲੇ ਹੁੰਦੇ ਹਨ, ਅੱਗੇ ਪਿੱਛੇ ਨਹੀਂ।
ਕਿਸਾਨ ਆਪਣੀ ਲੀਡਰੀ ਚਮਕਾਉਣ ਲਈ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਹਨ- ਤਰਨਜੀਤ ਸਿੰਘ ਸੰਧੂ
ਨੀ ਉਹ ਲੰਬੜਾਂ ਦਾ ਮੁੰਡਾ ਬੋਲੀ ਹੋਰ ਬੋਲਦਾ।
ਅੱਛੇ ਦਿਨ ਨਹੀਂ, ਪੁਰਾਣੇ ਦਿਨ ਵਾਪਸ ਲਿਆਏਗੀ ਕਾਂਗਰਸ- ਗੁਰਜੀਤ ਔਜਲਾ
ਕੀ ਗੱਲ ਔਜਲਾ ਸਾਹਿਬ, ਕਿਤੇ ਫੇਰ ਐਮਰਜੰਸੀ ਲਗਾਉਣ ਦਾ ਇਰਾਦਾ ਤਾਂ ਨਹੀਂ!
ਕਾਂਗਰਸ ਨੇ ਦੂਜੇ ਰਾਜਾਂ ਨੂੰ ਪੰਜਾਬ ਦਾ ਪਾਣੀ ਦੇ ਕੇ ਮਾਰੂਥਲ ਵਲ ਧਕੇਲਿਆ- ਸੁਖਬੀਰ ਬਾਦਲ
ਤੁਸੀਂ ਨਹਿਰ ਦੇ ਕੰਢੇ ਦੋ ਦੋ ਫੁੱਟ ਉੱਚੇ ਕਰ ਕੇ ਹਰਿਆਣੇ ਨੂੰ ਵਧੇਰੇ ਪਾਣੀ ਕਿਹੜੀ ਖੁਸ਼ੀ ‘ਚ ਦਿਤਾ ਸੀ?
ਪੰਜਾਬ ਦੀ ‘ਆਪ’ ਸਰਕਾਰ ਨੇ ਸੂਬੇ ਦੇ ਉਦਯੋਗ ਅਤੇ ਖੇਤੀ ਨੂੰ ਤਬਾਹ ਕੀਤਾ- ਮੋਦੀ
ਜਿਹੜੇ ਸਾਡੇ ਹੱਕ ‘ਚ ਖਲੋਏ ਨੇ, ਸਭ ਸਾਨੂੰ ਯਾਦ ਨੇ।
ਪੰਜਾਬ ਦੇ ਚੋਣ ਦੰਗਲ ’ਚੋਂ ਗ਼ਾਇਬ ਰਹੇ ਨਵਜੋਤ ਸਿੰਘ ਸਿੱਧੂ- ਇਕ ਖ਼ਬਰ
ਚਰਖ਼ਾ ਕਿੰਜ ਕੱਤਾਂ, ਮੇਰਾ ਚਿੱਤ ਪੁੰਨੂੰ ਵਲ ਧਾਵੇ।
ਬਹਿਬਲ ਕਲਾਂ ਗੋਲ਼ੀ-ਕਾਂਡ ਕੇਸ ਵੀ ਫਰੀਦਕੋਟ ਤੋਂ ਚੰਡੀਗੜ੍ਹ ਦੀ ਅਦਾਲਤ ‘ਚ ਤਬਦੀਲ- ਇਕ ਖ਼ਬਰ
ਵਾਰਸ ਸ਼ਾਹ ਤੇ ਰਾਂਝਣੇ ਸੋਗ ਹੋਇਆ, ਮਿਲਣ ਰੰਗਪੁਰ ਵਿਚ ਵਧਾਈਆਂ ਵੇ।
ਅਮਰੀਕਾ ਦਾ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਸਾਰੇ 34 ਮਾਮਲਿਆਂ ‘ਚ ਦੋਸ਼ੀ ਕਰਾਰ- ਇਕ ਖ਼ਬਰ
ਮੂੰਹ ਉਂਗਲਾਂ ਘੱਤ ਕੇ ਕਹਿਣ ਸਭੇ, ਕਾਰੇ ਕਰਨ ਥੀਂ ਇਹ ਨਾ ਸੰਗਦਾ ਏ।
ਬਾਈਡਨ ਨੇ ਟਰੰਪ ਨੂੰ ਨਿਆਂ ਪ੍ਰਣਾਲੀ ਦਾ ਸਨਮਾਨ ਕਰਨ ਲਈ ਕਿਹਾ- ਇਕ ਖ਼ਬਰ
ਦਾਰੂ ਪੀ ਕੇ ਮਿੱਤਰਾਂ ਨੇ, ਤੇਰੇ ਬੂਹੇ ਅੱਗੇ ਡਾਂਗ ਖੜਕਾਉਣੀ।
ਮੋਦੀ ਪਹਿਲੇ ਪ੍ਰਧਾਨ ਮੰਤਰੀ ਹਨ ਜਿਨ੍ਹਾਂ ਨੇ ਨਫ਼ਰਤੀ ਭਾਸ਼ਣਾਂ ਨਾਲ ਅਹੁਦੇ ਦਾ ਮਾਣ ਘਟਾਇਆ- ਡਾ.ਮਨਮੋਹਨ ਸਿੰਘ
ਕੀ ਕਰਨਾ ਕੱਪੜੇ ਰੰਗਿਆਂ ਨੂੰ, ਜੇ ਮਨ ਰੰਗਿਆ ਨਾ ਜਾਵੇ।
ਭਾਈ ਮਨਜੀਤ ਸਿੰਘ ਨੇ ਬਾਦਲ ਅਕਾਲੀ ਦਲ ਤੋਂ ਦਿਤਾ ਅਸਤੀਫ਼ਾ- ਇਕ ਖ਼ਬਰ
ਲੈ ਚਲ ਮਿੱਤਰਾ ਵੇ, ਮੈਂ ਨਾ ਨਾਨਕੇ ਰਹਿੰਦੀ।
ਪੰਜਾਬ ‘ਚ ਸਿਆਸੀ ਦ੍ਰਿਸ਼ ਤੋਂ ਅਸਲ ਮੁੱਦੇ ਗ਼ਾਇਬ- ਇਕ ਖ਼ਬਰ
ਟੁੱਟ ਪੈਣੇ ਦਰਜੀ ਨੇ, ਮੇਰੀ ਰੱਖ ਲਈ ਸੁੱਥਣ ‘ਚੋਂ ਟਾਕੀ।
ਰਿਸ਼ੀ ਸੁਨਕ ਦੀ ਪਾਰਟੀ ਦੇ 78 ਸੰਸਦ ਮੈਂਬਰਾਂ ਨੇ 4 ਜੁਲਾਈ ਦੀ ਚੋਣ ਲੜਨ ਤੋਂ ਕੀਤੀ ਤੌਬਾ- ਇਕ ਖ਼ਬਰ
ਜਿੰਨਾ ਨਹਾਤੀ, ਓਨਾ ਈ ਪੁੰਨ।
======================================================