ਸਿੱਖ ਧਾਰਮਿਕ ਅਸਥਾਨਾਂ ਦਾ ਹਾਲ ਅਤੇ ਬੇ-ਅਕਲੇ ਜੱਥੇਦਾਰ - ਗੁਰਚਰਨ ਸਿੰਘ ਜਿਉਣ ਵਾਲਾ
ਗੁਰੂ ਦੁਆਰੈ ਹੋਇ ਸੋਝੀ ਪਾਇਸੀ ॥ ਏਤੁ ਦੁਆਰੈ ਧੋਇ ਹਛਾ ਹੋਇਸੀ॥
ਅੱਜ-ਕੱਲ੍ਹ ਸਾਡੇ ਧਰਮ ਕਮਾਉਣ ਵਾਲੇ ਅਸਥਾਨ ਸੋਝੀ ਦੇਣ ਦੀ ਥਾਂ ਸਗੋਂ ਅਗਿਆਨਤਾ ਵੰਡ ਰਹੇ ਹਨ। ਇਹ ਅਸਥਾਨ ਹੁਣ ਸਮਾਜਕ ਰੀਤਾਂ-ਰਿਵਾਜ਼ਾਂ ਨਿਭਾਉਣ ਦੇ ਅਸਥਾਨ ਬਣ ਚੁੱਕੇ ਹਨ। ਜਿਵੇਂ ਵਿਆਹ ਦੀ ਰਸਮ, ਮਰਨੇ ਦੀ ਰਸਮ, ਜਨਮ ਤੋਂ ਬਾਅਦ ਨਾਮ ਕਰਨ ਦੀ ਰਸਮ ਅਤੇ ਸੁੱਖਣਾ ਸੁੱਖਣ ਦੀ ਥਾਂ ਅਤੇ ਸੁੱਖਣਾ ਪੂਰੀ ਹੋਣ ਤੇ ਚੜ੍ਹਾਵਾ ਚੜ੍ਹਾਉਣ ਦੀ ਥਾਂ, ਵਰ੍ਹੀਣੇ ਮਨਾਉਣ ਦੀ ਥਾਂ। ਜਿਨ੍ਹਾਂ ਰੀਤੀ-ਰਿਵਾਜਾਂ ਅਤੇ ਸਰਕਾਰੀ ਹੋਕਿਆਂ ਤੇ ਠੋਕਿਆਂ ਨੂੰ ਬਾਬਾ ਜੀ ਦੀਆਂ ਅੱਖਾਂ ਟਿਚ ਕਰਕੇ ਜਾਣਦੀਆਂ ਸਨ ਅੱਜ ਅਸੀਂ ਆਪ ਉਨ੍ਹਾਂ ਅੱਖਾਂ ਮੂਹਰੇ ਪਰਦਾ ਕਰਕੇ ਸਗੋਂ ਬਾਬਾ ਜੀ ਨੂੰ ਹੀ ਸ਼ੀਸ਼ਾ ਵਿਖਾਉਣ ਦਾ ਯਤਨ ਕਰ ਰਹੇ ਹਾਂ ਕਿ ਅਸੀਂ ਤੇਰੀ ਸਿੱਖੀ ਨੂੰ ਇਸ ਤਰ੍ਹਾਂ ਹੀ ਮੰਨਣਾ ਹੈ ਤੇ ਤੁਹਾਡੀ ਸਿਖਿਆ ਗਲਤ ਹੈ। ਇਹ ਹੈ ਪੰਡਿਤਵਾਦ-ਬ੍ਰਹਮਣਵਾਦ ਦੀ ਸੋਚ ਦਾ ਕਮਾਲ।
ਏਸ ਵਿਰੋਧਤਾ ਦੀ ਸ਼ੁਰੂਆਤ ਤਾਂ ਗੁਰੂ ਬਾਬਾ ਨਾਨਕ ਜੀ ਦੇ ਵੇਲੇ ਤੋਂ ਹੀ ਸ਼ੁਰੂ ਹੋ ਗਈ ਸੀ ਜਦੋਂ ਬਾਬਾ ਜੀ ਨੇ 13-14 ਸਾਲ ਦੀ ਉਮਰ ਵਿਚ ਜਨੇਊ ਪਾਉਣ ਤੋਂ ਇਨਕਾਰ ਕਰ ਦਿੱਤਾ ਸੀ। ਜਦੋਂ ਗੁਰੂ ਜੀ ਨੇ ਪੰਡਿਤ ਨੂੰ ਸਵਾਲ ਕੀਤਾ ਕਿ;
ਸਲੋਕੁ ਮਃ ੧ ॥
ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ ॥
ਏਹੁ ਜਨੇਊ ਜੀਅ ਕਾ ਹਈ ਤਾ ਪਾਡੇ ਘਤੁ ॥
ਨਾ ਏਹੁ ਤੁਟੈ ਨ ਮਲੁ ਲਗੈ ਨਾ ਏਹੁ ਜਲੈ ਨ ਜਾਇ ॥
ਧੰਨੁ ਸੁ ਮਾਣਸ ਨਾਨਕਾ ਜੋ ਗਲਿ ਚਲੇ ਪਾਇ ॥
ਚਉਕੜਿ ਮੁਲਿ ਅਣਾਇਆ ਬਹਿ ਚਉਕੈ ਪਾਇਆ ॥
ਸਿਖਾ ਕੰਨਿ ਚੜਾਈਆ ਗੁਰੁ ਬ੍ਰਾਹਮਣੁ ਥਿਆ ॥
ਓਹੁ ਮੁਆ ਓਹੁ ਝੜਿ ਪਇਆ ਵੇਤਗਾ ਗਇਆ ॥੧॥ {ਪੰਨਾ 471}॥
ਆਹ ਚਾਰ ਕੌਡੀਆਂ ਦਾ ਧਾਗਾ ਮੁੱਲ ਲਿਆ ਕੇ, ਮੇਰੇ ਗਲ ਵਿਚ ਪਾ ਕੇ, ਕੰਨ ਵਿਚ ਉਪਦੇਸ਼ ਦਿੰਦਾ ਹੈਂ ਕਿ ਅੱਜ ਤੋਂ ਤੇਰਾ ਗੁਰੂ ਬ੍ਰਾਹਮਣ ਹੋਇਆ ਪਰ ਮੈਨੂੰ ਇਹ ਸਵੀਕਾਰ ਨਹੀਂ। ਮੈਨੂੰ ਤਾਂ ਦਇਆ, ਸੰਤੋਖ ਤੇ ਜਤ ਨਾਲ ਓਤ-ਪੋਤ ਜਨੇਊ ਚਾਹੀਦਾ ਹੈ ਜਿਹੜਾ ਨਾ ਟੁੱਟਦਾ ਹੈ ਨਾ ਮੈਲਾ ਹੁੰਦਾ ਹੈ, ਨਾ ਹੀ ਪੁਰਾਣਾ ਹੁੰਦਾ ਤੇ ਨਾ ਹੀ ਜਲਦਾ ਹੈ। ਐਸਾ ਜਨੇਊ ਜੇ ਤੇਰੇ ਕੋਲ ਹੈ ਤਾਂ ਮੇਰੇ ਗਲ ਪਾ। ਐਸੀ ਸਥਿਤੀ ਵਿਚ ਬ੍ਰਾਹਮਣ ਦੀ ਖਾਨਿਓ ਗਈ ਤੇ ਉਸ ਨੂੰ ਉਸੇ ਵਕਤ ਇਹ ਪਤਾ ਲੱਗ ਗਿਆ ਸੀ ਕਿ ਇਹ ਬਾਲਕ ਸਾਡੀਆਂ ਜੜ੍ਹਾਂ ਵੱਢੇਗਾ ਤੇ ਇਸਦਾ ਇਲਾਜ ਹੁਣੇ ਤੋਂ ਕਰਨਾ ਪਵੇਗਾ।
ਸ਼੍ਰੋ.ਗੁ.ਪ੍ਰ.ਕਮੇਟੀ ਅੰਮ੍ਰਿਤਸਰ ਬਣਾਈ ਤਾਂ ਸਿੱਖ ਪੰਥ ਦੇ ਨਿਆਰੇਪਨ ਨੂੰ ਬਚਾਉਣ ਲਈ ਸੀ ਪਰ 1925 ਵਿਚ ਗੁਰਦਵਾਰਾ ਐਕਟ ਬਣਦਿਆਂ ਸਾਰ ਹੀ ਇਸ ਨੂੰ ਕਾਬੂ ਕਰ ਲਿਆ ਗਿਆ। ਸਰਕਾਰੀ ਮਨਜ਼ੂਰੀ ਤੋਂ ਬਗੈਰ ਇਸ ਦੇ ਇਜਲਾਸ ਸੱਦਣੇ ਮਨਾਹ, ਇਸ ਦੀ ਚੋਣ ਕਰਾਉਣੀ ਮਨਾਹ, ਅਕਾਲ ਤਖਤ ਦੇ ਜੱਥੇਦਾਰ ਦੀ ਨਿਯੁਕਤੀ ਮਨਾਹ ਆਦਿ। ਸਿੱਖ ਧਰਮ ਨਾਲ ਸਬੰਧਿਤ ਪੁਸਤਕਾਂ ਵਿਚ ਹੀ ਸਿੱਖ ਧਰਮ ਦੇ ਉਲਟ ਯਾ ਕਹਿ ਲਓ ਗੁਰੂ ਸਹਿਬਾਨ ਦੀ ਨਿਖੇਧੀ ਕੀਤੀ ਗਈ ਜੋ ਇਨ੍ਹਾਂ ਸਰਬਰਾਹਾਂ ਦੇ ਧਿਆਨ ਵਿਚ ਲਿਆਉਣ ਦੇ ਬਾਵਜੂਦ ਵੀ ਧਿਆਨ ਵਿਚ ਨਹੀਂ ਆਉਂਦਾ ਤੇ ਕਿਸੇ ਦੇ ਕੰਨ ਤੇ ਜੂ ਨਹੀਂ ਸਰਕਦੀ। ਸਿੱਖ ਇਤਹਾਸ ਨਾਲ ਸਬੰਧਿਤ ਕਿਤਾਬਾਂ ਵਿਚ ਹੀ, ਸਿੱਖ ਗੁਰੂ ਸਹਿਬਾਨ ਦੀ ਵੀਚਾਰਧਾਰਾ ਦੇ ਉਲਟ ਲਿਖ ਕੇ ਅਤੇ ਗੁਰੂ ਸਹਿਬਾਨ ਨੂੰ ਹੀ ਚੋਰ-ਡਾਕੂ ਲਿਖ ਕੇ, ਅੰਮ੍ਰਿਤਸਰ ਕਮੇਟੀ ਵਲੋਂ ਹੀ ਛਾਪ ਕੇ ਵੰਡਿਆ ਗਿਆ ਇਤਹਾਸ, ਜੋ ਇਤਰਾਜ਼ ਹੋਣ ਤੇ ਫਿਰ ਵਾਪਸ ਵੀ ਲਿਆ ਗਿਆ ਪਰ ਜੋ ਕਿਸੇ ਦੇ ਹੱਥੀਂ ਲੱਗਾ ਉਹ ਵਾਪਸ ਕਿਵੇਂ ਲਿਆ ਜਾਵੇਗਾ? ਇਸੇ ਹੀ ਤਰ੍ਹਾਂ ਜੋਗਿੰਦਰ ਸਿੰਘ ਵੇਦਾਂਤੀ ਅਤੇ ਡਾ. ਅਮਰਜੀਤ ਸਿੰਘ ਵਲੋਂ ਗ੍ਰੰਥ, ਗੁਰਬਿਲਾਸ ਪਾਤਸ਼ਾਹੀ ਛੇਵੀਂ, ਗੋਲਕ ਦੀ ਮਾਇਆ ਨਾਲ ਛਾਪਿਆਂ ਗਿਆ, ਵੰਡਿਆ ਤੇ ਵੇਚਿਆ ਵੀ ਗਿਆ। ਸਿਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ ਦੇ ਲੇਖਾਂ ਨੇ, ਜੋ ਸਪੋਕਸਮੈਨ ਚੰਡੀਗੜ੍ਹ ਵਿਚ ਛਪੇ, ਇਸ ਕਿਤਾਬ ਦੀਆਂ ਧੱਜੀਆਂ ਉਡਾ ਦਿੱਤੀਆਂ। ਫਿਰ ਮਜਬੂਰਨ ਜੋਗਿੰਦਰ ਸਿੰਘ ਵੇਦਾਂਤੀ ਨੂੰ ਇਹ ਕਿਤਾਬ ਵਾਪਸ ਲੈਣੀ ਪਈ। ਪਰ ਅਫਸੋਸ ਇਸ ਗੱਲ ਦਾ ਕਿ ਪਹਿਲੇ ਕੁੱਝ ਪੰਨਿਆਂ ਦੀ ਬਦਲੀ ਕਰਕੇ ਮੁੜ ਤੋਂ ਇਹੀ ਸਿੱਖ ਫਲਸਫੇ ਦਾ ਘਾਤ ਕਰਨ ਵਾਲੀ ਕਿਤਾਬ ਸਿੱਖਾਂ ਦੇ ਘਰ-ਘਰ ਪਹੁੰਚਾ ਦਿੱਤੀ ਗਈ।
ਦੋ ਕੁ ਦਿਨ ਪਹਿਲਾਂ ਬਰੈਂਪਟਨ ਦੇ ਇਕ ਪੰਜਾਬੀ ਕੈਦੀ ਦਾ, ਜਿਸ ਨੂੰ ਸਿੰਘ ਸਭਾ ਇੰਟਰਨੈਸ਼ਨਲ ਬਰੈਂਪਟਨ ਕਿਤਾਬਾਂ ਭੇਜਦੀ ਰਹਿੰਦੀ ਹੈ, ਜੇਲ ਵਿਚੋਂ ਫੂਨ ਆਇਆ। ਜਿਸ ਨੇ ਦੱਸਿਆ ਕਿ ਓਨਟੈਰੀਓ ਦਾ ਕੋਈ ਇਕ ਵੀ ਐਸਾ ਗੁਰਦਵਾਰਾ ਐਸਾ ਨਹੀਂ ਜੋ ਸਾਨੂੰ ਕੈਦੀਆਂ ਨੂੰ, ਸਰਕਾਰੀ ਅਫਸਰਾਂ ਦੀ ਨਿਗਰਾਨੀ ਹੇਠ, ਮੱਥਾ ਟੇਕਣ ਆਉਣ ਦੀ ਇਜ਼ਾਜਤ ਦਿੰਦਾ ਹੋਵੇ ਸਿਵਾਏ ਰੈਕਸਡੇਲ ਗੁਰਦਵਾਰੇ ਦੇ ਜੋ ‘ਕਨੇਡੀਅਨ ਟਾਇਰ’ ਵਾਲੀ ਬਿਲਡਿੰਗ ਵਿਚ ਬਣਿਆ ਹੋਇਆ ਹੈ। ਕੀ ਗੁਰਦਵਾਰਿਆਂ ਨੂੰ ਚਲਾਉਣ ਵਾਲਿਆਂ ਦੀ ਇਹ ਸੋਚ ਗੁਰੂ ਨਾਨਕ ਪਾਤਸ਼ਾਹ ਦੇ ‘ਨਿਰਮਲ ਪੰਥ’ ਵਾਲੀ ਸੋਚ ਹੈ? ਜਦੋਂ ਕਿ ਗੁਰੂ ਨਾਨਕ ਪਾਤਸ਼ਾਹ ਤਾਂ ਜਾਂਦੇ ਹੀ ਚੋਰਾਂ-ਡਾਕੂਆਂ, ਪੰਡਿਤਾਂ, ਮੁੱਲਾਂ-ਮੌਲਾਣਿਆਂ, ਜੋਗੀਆਂ ਅਤੇ ਹੋਰ ਕਈ ਕਿਸਮ ਦੇ ਵਿਗੜੇ ਹੋਏ ਲੋਕਾਂ ਕੋਲ ਹਨ। ਜਿਸ ‘ਕੌਡੇ ਰਾਕਸ਼’ ਨੂੰ ਅਸੀਂ ਅੱਜ ਵੀ ‘ਕੌਡਾ ਰਾਕਸ਼’ ਕਰਕੇ ਪੁਕਾਰਦੇ ਹਾਂ ਉਹ ਗੁਰੂ ਨਾਨਕ ਪਿਤਾ ਦਾ ਪਹਿਲਾ ਸਿੱਖ ਪ੍ਰਚਾਰਕ ਹੋਇਆ ਹੈ। ਉਸਦਾ ਅਸਲ ਨਾਮ ਹੈ ਕੌਡਾ ਭੀਲ। ਭੂਮੀਆ ਚੋਰ, ਸੱਜਣ ਠੱਗ, ਭਾਈ ਬਿਧੀ ਚੰਦ ਅਤੇ ਹੋਰ ਅਨੇਕਾਂ ਜਿਹੜੇ ਸਮਾਜ ਲਈ ਕਲੰਕ ਸਨ ਉਹ, ਗੁਰੂ ਸਹਿਬਾਨ ਦੇ ਪ੍ਰਚਾਰ ਦੀ ਬਦੌਲਤ, ਸਮਾਜ ਸੁਧਾਰਕ ਹੋ ਨਿਬੜੇ। ਕਾਰਣ ਕਿਹੜੇ ਹੋ ਸਕਦੇ ਹਨ ਜਿਸ ਕਰਕੇ ਸਿੱਖਾਂ ਦੇ ਧਾਰਮਿਕ ਅਸਥਾਨ ਕੈਦੀਆਂ ਨੂੰ ਆਉਣ ਤੋਂ ਰੋਕਦੇ ਹਨ। ਕੈਦੀਆਂ ਕੋਲ ਖਾਲੀ ਬਟੂਆ ਅਤੇ ਵਰਦੀਧਾਰੀ ਪੁਲਸ ਕਰਮਚਾਰੀਆਂ ਦਾ ਗੁਰਦਵਾਰੇ ਵਿਚ ਆਉਣਾ ਹੀ ਪ੍ਰਬੰਧਕਾਂ ਨੂੰ ਮਸੀਬਤ ਲੱਗਦੀ ਹੈ ਜਦੋਂ ਕਿ ਇਹ ਕੇਂਦਰ ‘ਸੁਧਾਰ ਘਰ’ ਦਾ ਰੋਲ ਨਿਭਾਉਣ ਦੇ ਯੋਗ ਹਨ।
‘ਸੁਧਾਰ ਘਰ’ ਇਹ ਗੁਰਦਵਾਰੇ ਤਾਂ ਹੀ ਬਣਦੇ ਜੇ ਇਹ ਸਾਡੇ ਹੁੰਦੇ ਅਤੇ ਅੱਜ ਦੇ ਜੱਥੇਦਾਰ ਸਿਆਣੇ, ਯੋਗ ਤੇ ਇਮਾਨ ਵਾਲੇ ਹੁੰਦੇ। ਇਮਾਨ ਦੇ ਤਾਂ ਇਹ ਕੋਲ ਦੀ ਵੀ ਨਹੀਂ ਲੰਘਦੇ। ਮੁਕਤਸਰ ਵਿਚ ਧਾਰਮਿਕ ਸਮਾਗਮਾਂ ਵੇਲੇ ਮੰਜੇ ਤੇ ਕੜੇ-ਕਛਿਹਰੇ ਰੱਖ ਕੇ ਵੇਚਣ ਵਾਲਾ ਗੁਰਬਚਨ ਸਿੰਘ ਜੱਥੇਦਾਰ ਲੱਗੇਗਾ ਤਾਂ ਸਿੱਖ ਕੌਮ ਦਾ ਹਾਲ ਏਹੀ ਹੋਣਾ ਹੈ ਜੋ ਅੱਜ ਅਸੀਂ ਵੇਖ ਰਹੇ ਹਾਂ। ਉਂਝ ਉਹ ਆਪਣੇ ਆਪ ਨੂੰ ਸਰਬੋਤਮ ਮੰਨਦਾ ਏਹੀ ਕਹਿੰਦਾ ਹੈ ਕਿ ਮੈਂ ਕਿਸੇ ਸਰਕਾਰੀ ਤੰਤਰ ਦੇ ਪੇਸ਼ ਨਹੀਂ ਹੋਣਾ ਪਰ ਬੇਈਮਾਨੀ ਨਾਲ ਤਿੰਨ ਤਾਰਾ ਹੋਟਲ ਮੁਕਤਸਰ ‘ਚ ਜ਼ਰੂਰ ਉਸਾਰ ਸਕਦਾ ਹਾਂ। ਇਵੇਂ ਹੀ ਅੱਜ ਵਾਲਾ ਗਿਆਨੀ ਹਰਪ੍ਰੀਤ ਸਿੰਘ ਜੱਥੇਦਾਰ ਭਾਰਤ ਦੇ ਪ੍ਰਧਾਨ ਮੰਤਰੀ ਦੀ ਕਰੋੜਾਂ ਰੁਪੱਈਆਂ ਨਾਲ ਬਣਾਈ ਜਾਣ ਵਾਲੀ “ਹਵਾਈ ਰੱਸੀ”, ਜੋ ਹੇਮਕੁੰਟ ਨੂੰ ਜਾਣ ਵਾਲੇ ਰਸਤੇ ਨੂੰ ਸੁਖੱਲਾ ਬਣਾਵੇਗੀ, ਦੀ ਤਾਰੀਫ ਕਰਦਾ ਥੱਕਦਾ ਨਹੀਂ ਜਦੋਂ ਕਿ ਇਸ ‘ਹੇਮਕੁੰਟ’ ਨਾਲ ਸਿੱਖ ਗੁਰੂ ਸਾਹਿਬਾਨ ਦਾ ਦੂਰ ਦਾ ਵੀ ਵਾਸਤਾ ਨਹੀਂ। ਜੇ ਇਸਦਾ ਕੋਈ ਵਾਸਤਾ ਹੈ ਤਾਂ ਭਗਵਤ ਪੁਰਾਣ ਦੇ ਦਸਵੇਂ ਸਕੰਧ ਮੁਤਾਬਕ ਪਾਂਡਵ ਰਾਜਿਆਂ ਦਾ ਹੈ ਜਿਨ੍ਹਾਂ ਨੇ ਦੇਸ ਨਿਕਾਲੇ ਸਮੇਂ ਇਥੇ ਬੈਠ ਕੇ ਯੋਗ ਕਮਾਇਆ ਸੀ। ਇਹ ਸਾਰਾ ਬ੍ਰਿਤਾਂਤ ਭਗਵਤ ਪੁਰਾਣ ਵਿਚੋਂ ਲੈ ਕੇ ਬਚਿਤ੍ਰ ਨਾਟਕ ਗ੍ਰੰਥ ਵਿਚ ਦਰਜ ਕਰ ਲਿਆ ਗਿਆ ਤੇ ਹੌਲੀ-ਹੌਲੀ ਇਸੇ ਬਚਿਤ੍ਰ ਨਾਟਕ ਦਾ ਨਾਮ ਬਦਲ ਕੇ 1812 ਵਿਚ ਦਸਵੇਂ ਪਾਤਸ਼ਾਹ ਕਾ ਗ੍ਰੰਥ ਬਣਾ ਧਰਿਆ ਤੇ ਇਸੇ ਨੂੰ ਹੀ ਹੁਣ “ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ” ਬਣਾ ਦਿੱਤਾ ਗਿਆ ਹੈ। ਜੱਥੇਦਾਰ ਹਰਪ੍ਰੀਤ ਸਿੰਘ ਜੀ ਜਵਾਬ ਦੇਣ ਦੇ ਤਾਂ ਤੁਸੀਂ ਕਾਬਲ ਵੀ ਨਹੀਂ ਹੋ ਪਰ ਮੈਂ ਫਿਰ ਵੀ ਪੁੱਛ ਲੈਂਦਾ ਹਾਂ ਕਿ ਸਿੱਖ ਗੁਰੂ ਸਹਿਬਾਨ ਦੀ ਗੁਰਬਾਣੀ ਦੀ ਕਿਹੜੀ ਪੰਗਤੀ ਹੈ ਜੋ ਸਾਨੂੰ ‘ਹੇਮਕੁੰਟ” ਨਾਲ ਜੋੜਦੀ ਹੈ? ਯਾ ਕਿਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਇਸ ‘ਹੇਮਕੁੰਟ’ ਦੇ ਸਥਾਨ ਤੇ ਗਏ?ਯਾ ਗੁਰੂ ਗੋਬਿੰਦ ਸਿੰਘ ਜੀ ਨੇ ਜਿਉਂਦੇ ਜੀਅ ਕਿਸੇ ਆਪਣੇ ਸਿੱਖ ਨੂੰ ਇਹ ਦੱਸਿਆ ਸੀ ਕਿ ਮੈਂ ਫਲਾਣੇ ਪ੍ਰਬਤ ਤੇ ਫਲਾਣੇ ਸਮੇਂ ਤਪੱਸਿਆ ਕੀਤੀ ਸੀ, ਪਿਛਲੇ ਜਨਮ ‘ਚ? ਜਿਸ ਤਪੱਸਿਆ ਨੂੰ ਗੁਰਬਾਣੀ ਮੂਲੋਂ ਹੀ ਕੱਟਦੀ ਹੈ ਕੀ ਗੁਰੂ ਗੋਬਿੰਦ ਸਿੰਘ ਜੀ ਉਸ ਸਿਧਾਂਤ ਦੇ ਉਲਟ ਜਾ ਕੇ ਲੋਕਾਂ ਨੂੰ ਉਪਦੇਸ਼ ਦੇਣਗੇ? ਮੈਨੂੰ ਪਤਾ ਹੈ ਜਵਾਬ ਤਾਂ ਤੁਹਾਡੇ ਕੋਲ ਹੈ ਹੀ ਨਹੀਂ ਕਿਉਂਕਿ ਤੁਹਾਡੀ ਲਿਆਕਤ ਦਾ ਪਤਾ ਉਦੋਂ ਚੱਲ ਗਿਆ ਸੀ ਜਦੋਂ ਤੁਸੀਂ ‘ਕੁਰਾਨ ਸ਼ਰੀਫ’ ਦਾ ਉਲੱਥਾ ਕਰਦੇ ਸਮੇਂ ਇਸ ਦੇ ਨਾਮ ਨੂੰ ਹੀ ‘ ਪਵਿਤਰ ਕੁਰਆਨ’ ਬਦਲ ਛੱਡਿਆ। ਜਿਹੜਾ ਰਾਰੇ ਨੂੰ ਕੰਨਾ ਲੱਗਿਆ ਹੈ ਉਹ ਅੱਧੇ ਐੜੇ ਦੀ ਅਵਾਜ਼ ਕੱਢਦਾ ਹੈ। ਤੁਹਾਡਾ ਉਹ ਹਾਲ ਹੈ ਜਿਵੇਂ ਚੂਹੇ ਨੂੰ ਲੱਭੀ ਸੁੰਢ ਦੀ ਗੰਡੀ ਤੇ ਉਹ ਪਨਸਾਰੀ ਬਣ ਬੈਠਾ।
ਆਓ ਹੁਣ ਆਪਾਂ ਵੀਚਾਰੀਏ ਕਿ ਹੋਣਾ ਕੀ ਚਾਹੀਦਾ ਹੈ। “ ਗੁਰੂ ਕੀ ਗੋਲਕ ਗਰੀਬ ਦਾ ਮੂੰਹ” ਜੇਕਰ ਜਿਤਨੇ ਵੀ ਗੁਰਦਵਾਰੇ ਹਨ ਉਹ ਇਸ ਮੁਹਾਵਰੇ ਮੁਤਾਬਕ ਕੰਮ ਕਰਨਾ ਸ਼ੁਰੂ ਕਰ ਦੇਣ ਤਾਂ ਆਉਣ ਵਾਲੇ 10-20 ਸਾਲਾਂ ਵਿਚ ਜਿਤਨੇ ਵੀ ਗਰੀਬ ਸਿੱਖ ਹਨ ਅਤੇ ਲਾਲਚ ‘ਚ ਆ ਕੇ ਧਰਮ ਪ੍ਰੀਵਰਤਨ ਕਰ ਰਹੇ ਹਨ ਉਹ ਹਟ ਜਾਣਗੇ, ਸੰਭਲ ਜਾਣਗੇ ਅਤੇ ਗਰੀਬਾਂ ਦੀ ਗਰੀਬੀ ਖਤਮ ਹੋ ਜਾਵੇਗੀ। ਗਰੀਬੀ ਹੀ ਦੁਨੀਆਂ ‘ਚ ਤੋਂ ਵੱਡੀ ਬਿਮਾਰੀ ਹੈ। ਜੇਕਰ ਅਸੀਂ ਸਿੱਖ ਕੌਮ ਅਤੇ ਹੋਰ ਗਰੀਬਾਂ ਦੀ ਤੰਦਰੁਸਤੀ ਦੀ ਅਰਦਾਸ ਕਰਦੇ ਸਭ ਦਾ ਭਲਾ ਮੰਗਦੇ ਹਾਂ ਤਾਂ ਸਾਨੂੰ ਇਸ ਦਿਸ਼ਾ ਵੱਲ ਕਦਮ ਪੁੱਟਣੇ ਪੈਣਗੇ । ਭਲਾ ਮੰਗਣ ਨਾਲ ਭਲਾ ਨਹੀਂ ਹੋਣ ਲੱਗਾ ਤੇ ਕਿਸੇ ਦਾ ਬੁਰਾ ਮੰਗਿਆਂ ਵੀ ਬੁਰਾ ਨਹੀਂ ਹੁੰਦਾ ਤਾਂ ਸਾਨੂੰ ਭਲਾ ਕਰਨ ਵੱਲ ਵੱਧਣਾ ਚਾਹੀਦਾ ਹੈ। ਜਦੋਂ ਹੀ ਗੁਰੂ ਕੀ ਗੋਲਕ ਗਰੀਬ ਦਾ ਮੂੰਹ ਬਣ ਜਾਵੇਗੀ ਤਦੋਂ ਹੀ ਗੁਰਦਵਾਰਿਆਂ ਵਿਚ ਕੁਰਸੀ ਦੀ ਲੜਾਈ ਮੁੱਕ ਜਾਵੇਗੀ, ਚੌਧਰ ਦੀ ਭੁੱਖ ਵੀ ਮਿੱਟ ਜਾਵੇਗੀ। ਉਦੋਂ ਹੀ ਇਨ੍ਹਾਂ ਗੁਰਦਵਾਰਿਆਂ ਦੇ ਦਰਵਾਜ਼ੇ ਸਭ ਲਈ ਖੁਲ੍ਹ ਜਾਣਗੇ।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ #+1 647 966 3132